Share on Facebook

Main News Page

ਜਦੋਂ ਬੰਦੇ ਕੋਲ ਦਲੀਲ ਮੁੱਕ ਜਾਂਦੀ ਹੈ, ਤਾਂ ਉਹ ਗੁੱਸੇ ‘ਚ ਗਿੱਦੜ ਭੱਬਕੀਆਂ 'ਤੇ ਉੱਤਰ ਆਉਂਦਾ ਹੈ
-: ਅਵਤਾਰ ਸਿੰਘ ਪੰਜਤੂਰ ਮੋ: +91-99144-69939

(ਪ੍ਰਚਾਰਕ ਨੂੰ ਸਵਾਲ ਕਰਨ 'ਤੇ FIR ਦੀ ਧਮਕੀ)

ਪਿਛਲੇ ਦਿਨੀਂ ਅਸੀਂ ਫੇਸਬੁੱਕ ਤੇ ਜਾਂ ਹੋਰ ਹੋਰ ਸਾਧਨਾਂ ਰਾਹੀਂ ਦੇਖਿਆ ਕਿ ਨੰਦਸਰੀਆਂ ਦੇ ਇੱਕ ਸਾਧ ਜਿਹਨੂੰ ਉਹ ਬ੍ਰਹਮਗਿਆਨੀ ਵੀ ਕਹਿੰਦੇ ਹੋਣਗੇ, ਨਾਲੇ ਸੁਖਮਨੀ ਸਾਹਿਬ ਦੀ ਬਾਣੀ ਦੇ ਵੀ ਸਾਰਿਆਂ ਨਾਲੋਂ ਵੱਧ ਰੱਟੇ ਘੋਟੇ ਲਾਉਂਦੇ ਹੋਣਗੇ, ਕਿ “ਬ੍ਰਹਮਗਿਆਨੀ ਸਦ ਜੀਵੈ ਨਹੀ ਮਰਤਾ” ਤੇ ਉਹ ਬ੍ਰਹਮਗਿਆਨੀ ਆਪਣੇ ਚੇਲਿਆਂ ਨੂੰ ਵਿਛੋੜਾ ਦੇ ਗਿਆ। ਉਨ੍ਹਾਂ ਦੇ ਚੇਲਿਆਂ ਵੱਲੋਂ ਉਸਦੀ ਦੇਹ ਨੂੰ ਫੁੱਲਾਂ ਨਾਲ ਸਜਾ ਕੇ ਮੱਥੇ ਟਿਕਵਾਏ ਤੇ ਚੌਰ ਕਰਵਾਏ ਗਏ। ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਨ ਤੇ ਚੌਰ ਕਰਦੇ ਹਨ। ਇਸਦਾ ਮਤਲਬ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਉਸ ਸਾਧ ਵਿੱਚ ਕੋਈ ਫਰਕ ਨਹੀਂ ਸਮਝਿਆ। ਨਾਨਕਸਰ ਕਲੇਰਾਂ ਨਾਂ ਦਾ ਇੱਕ ਗਰੁੱਪ ਫੇਸਬੁੱਕ ਤੇ ਬਣਿਆ ਹੈ। ਉਸ ਗਰੁੱਪ 'ਤੇ ਉਸ ਸਾਧ ਦੀਆਂ ਉਹਦੇ ਚੇਲਿਆਂ ਵੱਲੋਂ ਚੌਰ ਕਰਦਿਆਂ ਦੀਆਂ ਫੋਟੋਆਂ ਦੇਖੀਆਂ ਤਾਂ ਬੜਾ ਦੁੱਖ ਹੋਇਆ। ਮੇਰੇ ਵੱਲੋਂ ਉਨ੍ਹਾਂ ਫੋਟੋਆਂ ਤੇ ਇਹ ਕੁਮੈਂਟ ਪਾਇਆ ਗਿਆ ਕਿ ਗੁਰਬਾਣੀ ਤਾਂ ਆ ਕਹਿੰਦੀ ਹੈ:

ਜੇ ਮਿਰਤਕ ਕਉ ਚੰਦਨੁ ਚੜਾਵੈ ਉਸ ਤੇ ਕਹਹੁ ਕਵਨ ਫਲ ਪਾਵੈ
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ (ਪੰਨਾ 1160)

ਗੁਰਬਾਣੀ ਤਾਂ ਕਹਿ ਰਹੀ ਆ ਕੇ ਮਰੇ ਬੰਦੇ ਨੂੰ ਚਾਹੇ ਮਿਟੀ 'ਚ ਨਪ ਦੋ, ਚਾਹੇ ਚੰਦਨ ਦਾ ਲੇਪ ਕਰ ਦਵੋ, ਉਸਨੂੰ ਕੋਈ ਫਰਕ ਨਹੀ ਪੈਣਾ, ਪਰ ਇਥੇ ਤਾਂ ਨਾਨਕਸਰੀਏ ਤਾਂ ਗੁਰੂ ਤੋਂ ਸਿਆਣੇ ਬਣੀ ਬੈਠੇ ਨੇ.. ਸ਼ਾਇਦ ਅਸੀਂ ਗੁਰੂ ਨਾਲੋਂ ਜ਼ਿਆਦਾ ਸਿਆਣੇ ਹੋ ਗਏ ਹਾਂ। ਫਿਰ ਜਦੋਂ ਬੰਦੇ ਕੋਲ ਦਲੀਲ ਮੁੱਕ ਜਾਂਦੀ ਹੈ ਤਾਂ ਉਹ ਗਿੱਦੜ ਧਮਕੀਆਂ 'ਤੇ ਉੱਤਰ ਆਉਂਦਾ ਹੈ। ਮੈਨੂੰ ਕਈ ਮੈਸਿਜ਼ ਆਏ ਕਿ ਉਸ ਪੋਸਟ ਨੂੰ ਰਿਮੂਵ ਕਰੋ। ਫਿਰ ਉਨ੍ਹਾਂ ਵੱਲੋਂ ਉਸ ਕੁਮੈਂਟ ਨੂੰ ਡਲੀਟ ਕਰ ਦਿੱਤਾ ਗਿਆ ਤੇ ਮੈਨੂੰ ਉਸ ਗਰੁੱਪ ਚੋਂ ਬਲੌਕ ਕਰ ਦਿੱਤਾ ਗਿਆ। ਮੈਨੂੰ ਉਨ੍ਹਾਂ ਨੇ ਡਰਾਉਣ ਲਈ ਫੇਸਬੁੱਕ 'ਤੇ ਮੇਰੇ ਇਨਬਾਕਸ ਵਿੱਚ ਮੈਸਿਜ਼ ਪਾਇਆ ਕਿ ਤੇਰੇ 'ਤੇ ਢ੍ਰੀ ਕਰਵਾ ਦਿਆਂਗੇ। ਤੁਸੀਂ ਮਿਸ਼ਨਰੀ ਗੱਪੀ ਹੁੰਦੇ ਹੋ, ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ।

ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰੀਏ ਤੇ ਅਸੀਂ ਗੱਪੀ ਹੋ ਗਏ। ਸਭ ਤੋਂ ਵੱਧ ਬੇੜਾ ਗਰਕ ਤਾਂ ਇਸ ਚਿੱਟੀ ਸਿਉਂਕ ਨੇ ਕੀਤਾ ਹੈ, ਜੋ ਅੰਦਰੋਂ ਅੰਦਰੀ ਸਿੱਖੀ ਨੂੰ ਖਾ ਗਏ। ਤੁਸੀਂ ਭਾਵੇਂ ਲੋਕਾਂ ਕੋਲੋਂ ਜੁੱਤੀਆਂ ਦੇ ਅੱਗੇ ਮੱਥੇ ਟਿਕਵਾਉ, ਮਰੇ ਸਾਧਾਂ ਦੀਆਂ ਖੂੰਡੀਆਂ ਨੂੰ, ਕੱਪੜਿਆਂ ਨੂੰ, ਟਾਇਲਟਾਂ ਨੂੰ, ਰੰਗ ਬਿਰੰਗੀਆਂ ਫੋਟੋਆਂ ਅੱਗੇ ਮੱਥੇ ਟਿਕਵਾਉ, ਗੁਰੂ ਗਰੰਥ ਸਾਹਿਬ ਜੀ ਦੀ ਮੂਰਤੀ ਵਾਂਗ ਪੂਜਾ ਕਰੋ, ਬਾਣੀ ਦੀ ਤੋੜ-ਮਰੋੜ ਕਰਕੇ ਸੰਪਟ ਪਾਠ ਕਰੋ, ਉਹ ਸਭ ਜ਼ਾਇਜ਼ ਹੈ!!! ਮੈਂ ਵੈਸੇ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਗੁਰੂ ਨਾਨਕ ਸਾਹਿਬ ਸੰਸਾਰ ਤੋਂ ਸਰੀਰ ਰੂਪੀ ਚੋਲਾ ਤਿਆਗ ਕੇ ਗਏ, ਕੀ ਉਨ੍ਹਾਂ ਨੇ ਗੁਰੂ ਅੰਗਦ ਸਾਹਿਬ ਨੂੰ ਇਹ ਕਿਹਾ ਸੀ ਕਿ ਮੇਰੇ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਕੱਪੜੇ ਸੰਭਾਲ ਕੇ ਰੱਖਿਉ, ਜੋੜੇ ਸੰਭਾਲ ਕੇ ਰੱਖਿਉ, ਉਨ੍ਹਾਂ ਨੂੰ ਪੂਜਿਉ। ਉਨ੍ਹਾਂ ਨੇ ਸ਼ਬਦ ਦੀ ਸੰਭਾਲ ਕਰਨ ਲਈ ਕਿਹਾ ਸੀ। ਕਿਸੇ ਵੀ ਗੁਰੂ ਸਾਹਿਬ ਨਾਲ ਸੰਬੰਧਿਤ ਕਿਸੇ ਵੀ ਗੁਰੂ ਸਾਹਿਬ ਵੱਲੋਂ ਪੂਜਾ ਨਹੀਂ ਕਰਵਾਈ ਗਈ। ਉਨ੍ਹਾਂ ਦੀ ਬਾਣੀ ਨੂੰ ਸੰਭਾਲਿਆ ਗਿਆ। ਸਾਨੂੰ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ।

ਅੱਜ ਵੈਸੇ ਕਾਨੂੰਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਬਾਰੇ ਸਾਨੂੰ ਸੋਚਣਾ ਪਵੇਗਾ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਕਹਿ ਕੇ ਅੰਨ੍ਹੇ ਕਾਨੂੰਨ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਪਿਛਲੇ ਸਮੇਂ ਇੱਕ ਸਿੱਖ ਵਿਦਵਾਨ ਵੱਲੋਂ ਰੱਖੜੀ ਬਾਰੇ ਪੂਰੀਆਂ ਦਲੀਲਾਂ ਤੇ ਹਵਾਲਿਆਂ ਸਹਿਤ ਲਿਖਿਆ ਗਿਆ। ਕਾਨੂੰਨ ਦਾ ਸਹਾਰਾ ਲੈਂਦਿਆ ਕੱਚੇ ਧਗਿਆਂ ਵਿੱਚ ਵਿਸ਼ਵਾਸ ਰੱਖਣ ਵਾਲਿਆ ਵੱਲੋਂ ਕਾਨੰਨ ਦਾ ਸਹਾਰਾ ਲੈ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਕਹਿ ਕੇ ਝੂਠਾ ਕੇਸ ਪਾ ਦਿੱਤਾ ਗਿਆ। ਇੱਕ ਹੋਰ ਸਿੱਖ ਪ੍ਰਚਾਰਕ ਨੂੰ ਬਾਲੇ ਦੇ ਲੇਖ ਬਾਰੇ ਉਸ ਨੂੰ ਡਰਾਇਆ ਧਮਕਾਇਆ ਗਿਆ। ਸਾਨੂੰ ਇਸ ਦਾ ਕੋਈ ਨਾ ਕੋਈ ਬਦਲ ਲੱਭਣਾ ਪਵੇਗਾ। ਢ੍ਰੀ ਤਾਂ ਸਾਨੂੰ ਤੁਹਾਡੇ 'ਤੇ ਕਰਨੀ ਚਾਹੀਦੀ ਹੈ। ਬਾਕੀ ਮੇਰੀ ਗੱਲ ਰਹੀ ਮੈਂ ਇਸੇ ਤਰ੍ਹਾਂ ਗੁਰੂ ਤੇ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦਾ ਹੋਇਆ ਸੱਚ ਲਿਖਦਾ ਰਹਾਂਗਾ ਤੇ ਬੋਲਦਾ ਰਹਾਂਗਾ। ਇਹੋ ਜਿਹੀਆਂ ਗਿੱਦੜ ਭਬਕੀਆਂ ਤੋਂ ਡਰਾਂਗਾ ਨਹੀਂ। ਜੇ ਇਨ੍ਹਾਂ ਵਿੱਚੋ ਕਿਸੇ ‘ਚ ਹਿੰਮਤ ਹੈ ਤਾਂ ਦਲੀਲ ਨਾਲ ਗੱਲ ਕਰੇ, ਫਿਰ ਦੱਸ ਦਿਆਂਗੇ ਕਿ ਮਿਸ਼ਨਰੀ ਗੱਪੀ ਹੁੰਦੇ ਆ ਕਿ ਕੀ ਹੁੰਦੇ ਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top