Share on Facebook

Main News Page

ਅਗਰ ਤੁਹਾਡੀ ਜਮੀਰ ‘ਸਤਿ ਬਚਨ’ ਕਹਿਣ ਦੀ ਆਦੀ ਨਹੀਂ, ਤਾਂ ਵਰਤਮਾਨ ਦੇ ਸਮੇਂ ਅਨੁਸਾਰ ਤੁਸੀਂ ਪੰਥ ਦੋਖੀ ਹੋ ?
-: ਗਿਆਨੀ ਅਵਤਾਰ ਸਿੰਘ, ਮਿਸ਼ਨਰੀ ਸੇਧਾਂ

ਸਿੱਖ ਕੌਮ ਦੀ ਨੀਂਹ (ਬੁਨਿਆਦ) ਰੱਖਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਿਰ (ਧੱਕੇਬਾਜ਼) ਉਸ ਦੇ ਸਨਮੁਖ ਹੋ ਕੇ ਕਹਿਆ, ਅਜਿਹੀ ਦਿ੍ਰੜਤਾ ਦਾ ਸਿੱਖ ਇਤਿਹਾਸ ਵਿਚ ਅਨੇਕਾਂ ਵਾਰ ਜ਼ਿਕਰ ਆਉਂਦਾ ਹੈ। ਗੁਰੂ ਸਾਹਿਬਾਨ ਜੀ ਨੇ ਇਸ ਮਾਰਗ ’ਤੇ ਚੱਲਣ ਵਾਲਿਆਂ ਲਈ ਇੱਕੋ ਹੀ ਮੁੱਢਲੀ ਸ਼ਰਤ ਰੱਖੀ ਕਿ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ॥ ਇਤੁ ਮਾਰਗਿ, ਪੈਰੁ ਧਰੀਜੈ॥ ਸਿਰੁ ਦੀਜੈ, ਕਾਣਿ ਨ ਕੀਜੈ॥’’ (ਮ:੧/੧੪੧੨) ਇਸ ਭਾਵਨਾ ਦਾ ਹੀ ਨਤੀਜਾ ਸੀ ਕਿ 239 ਸਾਲ ਤੱਕ ਦਸੇ ਹੀ ਗੁਰੂ ਸਾਹਿਬਾਨ, ਦੁਨਿਆਵੀ ਦਿ੍ਰਸ਼ਟੀ ਨਾਲ ਵੇਖਿਆਂ ਕਿਸੇ ਨਾ ਕਿਸੇ ਮੁਸੀਬਤਾਂ (ਜੇਲਾਂ ਕੱਟਣੀਆਂ, ਤੱਤੀਆਂ ਤਵੀਆਂ ’ਤੇ ਬੈਠਣਾ, ਸੀਸ ਕਟਵਾਉਣੇ, ਸਰਬੰਸ ਦਾਨ ਕਰਵਾਉਣਾ ਆਦਿ।) ’ਚ ਹੀ ਆਪਣੀ ਸਾਰੀ ਦੁਨਿਆਵੀ ਉਮਰ ਭੋਗਦੇ ਰਹੇ। ਉਨ੍ਹਾਂ ਹੀ ਪੂਰਨਿਆਂ ’ਤੇ ਪਹਿਰਾ ਦਿੰਦਿਆਂ ਸਿੱਖ ਕੌਮ ਇਕ ਜੁਝਾਰੂ (ਛੋਟੇ-ਛੋਟੇ ਬੱਚੇ ਨੀਂਹਾਂ ’ਚ ਚਿਣ ਜਾਣੇ, ਸੀਸ ’ਤੇ ਆਰੇ ਚਲਵਾਉਣੇ, ਸਰੀਰ ਨੂੰ ਰੂੰਅ ’ਚ ਲਪੇਟ ਕੇ ਅੱਗ ਰਾਹੀਂ ਨਸ਼ਟ ਕਰਵਾਉਣਾ, ਬੰਦ-ਬੰਦ ਕਟਵਾ ਲੈਣਾ ਆਦਿ।) ਕੌਮ ਵਾਂਗ ਪ੍ਰਗਟ ਹੋਈ। ਬੇਸ਼ੱਕ ਇਸ ਕੌਮ ਨੇ ਜੰਗਲਾਂ ਨੂੰ ਹੀ ਆਪਣੇ ਆਸੀਆਨੇ ਬਣਾਏ ਪਰ ਨਬਾਬੀ ਲੈਂਦਿਆਂ ਵੀ ਘੋੜਿਆਂ ਦੀ ਲਿੱਦ ਚੁੱਕਣੀ ਨਹੀਂ ਛੱਡੀ।

ਸਮਾਜ ’ਚ ਵਰਤਮਾਨ ਦੇ ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਿੱਖ ਕੌਮ, ਆਪਣੇ ਸੁਨਿਹਰੇ (ਮਾਨਮੱਤੇ) ਇਤਿਹਾਸ ਨੂੰ ਇੱਕ ਬਹੁਤ ਹੀ ਅੰਧਕਾਰ ਵੱਲ ਲੈ ਕੇ ਜਾ ਰਹੀ ਹੈ। ਜਿਸ ਰਾਹੀਂ ਬਾਬਰ ਦੇ ਸਨਮੁਖ ਹੋ ਕੇ ਜਾਬਿਰ ਕਹਿਣ ਵਾਲੀ ਸੋਚ ਨੂੰ ਹੀ ਸ਼ਹੀਦ ਕੀਤਾ ਜਾ ਰਿਹਾ ਹੈ। ਇਸ ਦੀ ਇਕ ਤਾਜਾ ਮਿਸਾਲ ਹੈ ‘ਦਮਦਮਾ ਸਾਹਿਬ (ਤਲਵੰਡੀ ਸਾਬੋ) ਤਖ਼ਤ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ’ਤੇ ਅਸਤੀਫਾ ਦੇਣ ਲਈ ਮਾਨਸਿਕ ਦਵਾਬ ਬਣਾਉਣਾਕਿਉਂਕਿ ਉਹ ਹੋਰਾਂ ਗੁਲਾਮਾਂ ਵਾਂਗ ਉਪਰੋਂ ਆ ਰਹੇ ਪੰਥ ਦੇ ਸੁਨਿਹਰੇ ਇਤਿਹਾਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਦੇਸ ਦੇ ਸਨਮੁਖ ਹੋ ਕੇ ‘ਸਤਿ ਬਚਨ’ ਨਹੀਂ ਬੋਲ ਰਹੇ ਹਨ। ਇੱਥੇ ਇਹ ਵੀ ਵੀਚਾਰਨ ਦਾ ਵਿਸ਼ਾ ਹੈ ਕਿ ਆਖ਼ਿਰ ਉਨ੍ਹਾਂ ਨੇ ਕਿਹਾ ਕੀ ਹੈ? ਜਿਸ ਰਾਹੀਂ ਅਜਿਹੀ ਸਥਿਤੀ ਬਣ ਗਈ।

ਦਰਅਸਲ, ਜੂਨ 2014 ’ਚ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ, ਸਿੱਖ ਸਮਾਜ 1 ਜੂਨ 2014 ਨੂੰ ਮਨਾ ਰਿਹਾ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ 2014 ਨੂੰ ਮਨਾਇਆ ਸੀ। ਜਾਗਰੂਕ ਸਿੱਖ ਸਮਾਜ ਇਹ ਸਵਾਲ ਪੁੱਛਦਾ ਰਿਹਾ ਕਿ 1 ਜੂਨ ਤੋਂ 11 ਜੂਨ ਤੱਕ ਸਿੱਖ ਕੌਮ ਦਾ ਸਰੀਰਕ ਰੂਪ ’ਚ ਗੁਰੂ ਕੌਣ ਸੀ? ਅਤੇ 11 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਕਿਸ ਨੇ ਦਿੱਤੀ ਜਦਕਿ ਗੁਰੂ ਅਰਜੁਨ ਸਾਹਿਬ ਜੀ ਤਾਂ ਤੁਹਾਡੇ ਅਨੁਸਾਰ 1 ਜੂਨ ਨੂੰ ਹੀ ਤੱਤੀ ਤਵੀ ’ਤੇ ਬਿਠਾ ਕੇ ਸ਼ਹੀਦ ਕਰ ਦਿੱਤੇ ਗਏ ਸਨ? ਇਸ ਵਿਗਿਆਨਕ (ਖੋਜ ਭਰਪੂਰ) ਯੁਗ ਵਿੱਚ ਇਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਮੇਰੇ ਵਰਗੇ ‘ਸਤਿ ਬਚਨ’ ’ਤੇ ਪਹਿਰਾ ਦੇਣ ਵਾਲੇ ਸਿੱਖ ਕੌਮ ਨੂੰ ਬਦਨਾਮ ਤਾਂ ਕਰਵਾ ਗਏ ਪਰ ਆਪਣੇ ਆਕਾਵਾਂ ਦੇ ਹੁਕਮਾਂ ’ਤੇ ਫੁਲ ਹੀ ਚੜਾਉਂਦੇ ਰਹੇ। ਇਸ ਦੇ ਨਾਲ-2 ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੇ ਵਾਂਗ ‘ਸਤਿ ਬਚਨ’ ਸ਼ਬਦ ਦਿ੍ਰੜ ਕਰਵਾਉਣ ਲਈ ਯਤਨ ਕਰਦੇ ਰਹੇ। ਇਹ ਤਾਂ ਭਲਾ ਹੋਵੇ ਪਾਕਿਸਤਾਨੀ ਜਾਗਰੂਕ ਸਿੱਖਾਂ ਦਾ, ਜਿਨ੍ਹਾਂ ਦੀ ਜਮੀਰ (ਅੰਤਹਕਰਣ ਦੀ ਵਿਵੇਕ ਸ਼ਕਤੀ) ਇਸ ਲਈ ਤਿਆਰ ਨਹੀਂ ਹੋਈ।

ਸਿੱਖ ਕੌਮ ਨੂੰ ਬਦਨਾਮ ਕਰਵਾਉਣ ਵਾਲੀ ਦੂਸਰੀ ਘਟਨਾ ਉਸ ਸਮੇਂ ਆਰੰਭ ਹੋਈ ਜਦ 28 ਦਸੰਬਰ 2014 ਨੂੰ ਅੱਧੀ ਸਿੱਖ ਕੌਮ ਛੋਟੇ ਸਾਹਿਬਜ਼ਾਦਿਆਂ ( 5 ਤੇ 7 ਸਾਲ) ਨੂੰ ਜੀਵਦਿਆਂ ਨੀਂਹਾਂ ’ਚ ਚਿਣਨ ਦੀਆਂ ਸ਼ਹੀਦੀਆਂ ਨੂੰ ਮੁਖ ਰੱਖ ਕੇ ਆਪਣੇ ਘਰਾਂ ’ਚ ਸੋਗ ਮਨਾ ਰਹੀ ਸੀ, ਜਦਕਿ ਅੱਧੀ ਸਿੱਖ ਕੌਮ ਉਸ ਦਿਨ ਹੀ ਸਰਬੰਸਦਾਨੀ ਗੁਰੂ ਗੋਵਿੰਦ ਸਿੰਘ ਜੀ ਦੇ ਪ੍ਰਕਾਸ ਉਤਸਵ ਦੀ ਖੁਸ਼ੀ ’ਚ ਮਠਿਆਈਆਂ ਵੰਡ ਰਹੀ ਸੀ। ਇੱਥੇ ਇਹ ਵੀ ਵੀਚਾਰਨ ਦਾ ਵਿਸ਼ਾ ਹੈ ਕਿ 2015 ਵਿਚ ਗੁਰੂ ਗੋਵਿੰਦ ਸਿੰਘ ਜੀ ਦਾ ਕੋਈ ਵੀ ਪ੍ਰਕਾਸ਼ ਉਤਸਵ ਨਹੀਂ ਆਉਣ ਵਾਲਾ ਜਦਕਿ 2016 ’ਚ 5 ਜਨਵਰੀ ਨੂੰ ਆਵੇਗਾ ਭਾਵ 28 ਦਸੰਬਰ 2014 ਤੋਂ ਉਪਰੰਤ ਗੁਰੂ ਗੋਵਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ 2016 ਨੂੰ 373 ਦਿਨ ਬਾਅਦ ਆਵੇਗਾ, ਜਦਕਿ ਸਾਲ ਦੀ ਲੰਬਾਈ ਵੱਧ ਤੋਂ ਵੱਧ 365 ਦਿਨ ਹੀ ਹੁੰਦੀ ਹੈ। ਇਸ ਜੱਗ ਹਸਾਈ ਲਈ ‘ਸਤਿ ਬਚਨ’ ’ਤੇ ਪਹਿਰਾ ਦੇਣ ਵਾਲੇ ਇਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਆਪਣੇ ਹੀ ਆਕਾਵਾਂ ਅੱਗੇ ਸਿੱਖ ਕੌਮ ਨੂੰ ਹੋਰ ਬਦਨਾਮ ਕਰਵਾਉਣ ਵਾਲੇ ਅਗਲੇ ਅਦੇਸ ਲਈ ਹੱਥ ਜੋੜ ਕੇ ਖੜ੍ਹੇ ਰਹੇ ਪਰ ਗੁਰਬਾਣੀ ਦੇ ਪਾਵਨ ਵਾਕ ‘‘ਦਾਵਾ ਅਗਨਿ ਬਹੁਤੁ ਤਿ੍ਰਣ ਜਾਲੇ, ਕੋਈ ਹਰਿਆ ਬੂਟੁ ਰਹਿਓ ਰੀ॥’’ (ਮ:੫/੩੮੪) ਅਨੁਸਾਰ ‘ਨੰਦਗੜ੍ਹ’ ਦੀ ਜਮੀਰ (ਅੰਤਹਕਰਣ ਦੀ ਵਿਵੇਕ ਸ਼ਕਤੀ) ਇਹ ਕਹਿ ਉੱਠੀ ਕਿ ‘ਸਤਿ ਬਚਨ’ ਕਹਿਣ ਵਾਲੇ ਆਰ. ਐਸ.ਐਸ. ਦੇ ਏਜੰਟ ਹਨ।

‘‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’’ ਵਾਲੀ ਸੋਚ ਨੂੰ ਸਦੀਵੀ ਰਸਤੇ ’ਚੋਂ ਹਟਾਉਣ ਲਈ ‘ਸਤਿ ਬਚਨ’ ’ਤੇ ਪਹਿਰਾ ਦੇਣ ਵਾਲਿਆਂ ਰਾਹੀਂ ‘ਸਤਿ ਬਚਨ’ ’ਤੇ ਪਹਿਰਾ ਨਾ ਦੇਣ ਵਾਲੀ ਰੁਕਾਵਟ ਨੂੰ ਰਸਤੇ ਵਿੱਚੋਂ ਹਟਾਉਣ ਦੇ ਅਦੇਸ ਉਪਰੋਂ ਫਿਰ ਆ ਗਏ।

ਇੱਕ ਗੱਲ ਹੋਰ ਜੋ ਇੱਥੇ ਧਿਆਨ ਮੰਗਦੀ ਹੈ ਕਿ ਪਟਨਾ ਸਹਿਬ (ਬਿਹਾਰ) ਦੇ ਜਥੇਦਾਰ ਗਿਆਨੀ ਇਕਬਲ ਸਿੰਘ ਵਿਰੁਧ ਉਨ੍ਹਾਂ ਦੀ ਹੀ ਤੀਸਰੀ ਪਤਨੀ? ਨੇ ਗੰਭੀਰ ਆਰੋਪ ਲਗਾਏ ਹਨ ਅਤੇ ਉਨ੍ਹਾਂ ਦੇ ਆਰ. ਐਸ. ਐਸ. ਨਾਲ ਕਰੀਬੀ ਰਿਸਤੇ ਵੀ ਪੂਰੀ ਸਿੱਖ ਕੌਮ ਬਾਖ਼ੂਬੀ ਜਾਣਦੀ ਹੈ ਫਿਰ ਉਨ੍ਹਾਂ ਵਿਰੁਧ ਇਨ੍ਹਾਂ ‘ਸਤਿ ਬਚਨ’ ਵਾਲਿਆਂ ਨੂੰ ਕਿਉਂ ਨਹੀਂ ਇਸਤੇਮਾਲ ਕੀਤਾ ਜਾਂਦਾ?

(ਨੋਟ: ਯਾਦ ਰਹੇ ਕਿ ਭਾਰਤ ਦੇ ਪ੍ਰਧਾਨ ਮੰਤ੍ਰੀ ਰਹੇ ਸ੍ਰੀ ਅਟਲ ਬਿਹਾਰੀ ਵਾਜਪਈ ਜੀ ਨੇ ਸੰਨ 1992 ’ਚ ਲੋਕ ਸਭਾ ਸੈਸਨ ਦੌਰਾਨ ਆਪਣੇ ਭਾਸਨ ’ਚ ਇਕ ਵਾਰ ਇਉਂ ਕਿਹਾ ਸੀ ਕਿ "ਪਹਿਰੇਦਾਰ ਪਾਲਤੂ ਕੁੱਤਾ; ਚੋਰਾਂ ਦੇ ਆਉਣ ’ਤੇ ਅਗਰ ਨਹੀਂ ਭੌਂਕਦਾ, ਤਾਂ ਉਹ ਕੁੱਤਾ ਜਾਂ ਤਾਂ ਚੋਰਾਂ ਨੂੰ ਜਾਣਦਾ ਹੈ ਜਾਂ ਚੋਰਾਂ ਨਾਲ ਮਿਲਿਆ ਹੋਇਆ ਹੈ।")

ਮਿਤੀ 1 ਜਨਵਰੀ 2015 ਨੂੰ ‘ਸਤਿ ਬਚਨ’ ਵਾਲਿਆਂ ਅੱਗੇ ‘ਸਤਿ ਬਚਨ’ ਨਾ ਮੰਨਣ ਵਾਲਿਆਂ ਦੀ ਭਾਵਨਾ ਗੁਰਮਤਿ ਅਨੁਸਾਰੀ ਹੈ, ਕਹਿਣ ਲਈ ਸਿੱਖ ਕੌਮ ਨੇ ਦਰਬਾਰ ਸਾਹਿਬ (ਅੰਮਿ੍ਰਤਸਰ) ਵਿਖੇ ਬਹੁ ਗਿਣਤੀ ’ਚ ਰੋਸ ਪ੍ਰਗਟ ਕੀਤਾ, ਜਿਸ ਤੋਂ ਪਤਾ ਲਗਦਾ ਹੈ ਕਿ ‘ਸਤਿ ਬਚਨ’ ਮੰਨਣ ਵਾਲਿਆਂ ਪ੍ਰਤੀ ਸਿੱਖ ਕੌਮ ’ਚ ਭਾਰੀ ਰੋਸ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਗੱਲ ਵੇਖਣ ਵਿੱਚ ਵੀ ਆਈ ਹੈ। ਇਸ ਦੇ ਬਾਵਜੂਦ ਵੀ ਅਗਰ ਕੋਈ ਸਿੱਖ ਕੌਮ ਨੂੰ ਆਪਣੀ ਜਾਗੀਰ ਸਮਝਦਾ ਹੈ ਤਾਂ ਇਹ ਉਸ ਦਾ ਬਹੁਤ ਵੱਡਾ ਭੁਲੇਖਾ ਹੈ, ਕਿਉਂਕਿ ਸਿੱਖ ਕੌਮ ’ਚ ਕੇਵਲ ਇਕ ‘ਨੰਦਗੜ੍ਹ’ ਨਹੀਂ, ਨਾ ਹੀ ਰਹੇਗਾ।

ਇਹ ਉਪਰੋਕਤ ਜ਼ਮੀਨੀ ਹਾਲਾਤ ਸਿੱਖ ਕੌਮ ਲਈ ਬਣੇ ਕਿਵੇਂ? ਇਹ ਵੀ ਵੀਚਾਰਨ ਦਾ ਵਿਸ਼ਾ ਹੈ।

ਦਰਅਸਲ, ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੀਆਂ ਤਮਾਮ ਜਥੇਬੰਦੀਆਂ ’ਚ ਸਭ ਤੋਂ ਪਹਿਲਾਂ ਫੁਟ ਪਾਈ ਗਈ, ਲੜਾਈਆਂ ਕਰਵਾਈਆਂ ਗਈਆਂ। ਜਮੀਰ ਵਾਲਿਆਂ ਨੂੰ ਪਿੱਛੇ ਕਰਕੇ ‘ਸਤਿ ਬਚਨ’ ਵਾਲਿਆਂ ਨੂੰ ਅੱਗੇ ਲਿਆਂਦਾ ਗਿਆ। ਕੀ ਟਕਸਾਲੀ? ਕੀ ਨਿਹੰਗ ਜਥੇਬੰਦੀਆਂ? ਕੀ ਅਖੰਡ ਕੀਰਤਨੀਏ? ਕੀ ਮਿਸ਼ਨਰੀ? ਆਦਿ ਸਭ ਨੂੰ ‘ਚੀਫ ਖ਼ਾਲਸਾ ਦੀਵਾਨ’ ਵਾਂਗ ‘ਸਤਿ ਬਚਨ’ ਕਹਿਣ ਦਾ ਪਾਠ ਪੜ੍ਹਾਇਆ ਗਿਆ। ਜਿਸ ਜਥੇਬੰਦੀ (ਸੰਤ ਸਮਾਜ ਆਦਿ) ਨੇ ਅੱਧੇ ਭਰੇ ਗ਼ਲਾਸ ਤੱਕ ਹੀ ਆਪਣੀ ਸੋਚ ਸੀਮਤ ਰੱਖਣੀ, ਮੰਨ ਲਈ ਉਹ ਜਥੇਬੰਦੀ ਟੁੱਟਣ ਤੋਂ ਬਚ ਗਈ ਪਰ ਜਿਸ ਜਥੇਬੰਦੀ ਨੇ ਅੱਧੇ ਖ਼ਾਲੀ ਪਏ ਗ਼ਲਾਸ ਨੂੰ ਸਿੱਖ ਸਮਾਜ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਉਸ ਦਾ ਹਾਲ ‘ਨੰਦਗੜ੍ਹ’ ਸਾਹਿਬ ਵਾਲਾ ਹੀ ਹੋ ਗਿਆ।

ਪੰਜਾਬ ਦੀ ਜਨਤਾ ਅਤੇ ਪੰਜਾਬ ਗਰੀਬੀ ਦੇ ਹੇਠਲੇ ਪੱਧਰ ਨੂੰ ਛੂਹ ਰਿਹਾ ਹੈ ਜਿਸ ਕਾਰਨ ਸਭ ਕੁਝ ਗੁਰਮਤਿ ਵਿਰੋਧੀ ਹੋ ਰਿਹਾ ਹੈ ਜਦਕਿ ਰਾਜਨੀਤਿਕ ਲੋਕ ਦਿਨ-ਰਾਤ ਅਰਬਾਂ-ਖਰਬਾਂ ਪਤੀ ਬਣ ਰਹੇ ਹਨ। ਹਰ ਵਿਅਕਤੀ ਨੂੰ ਆਪਣੇ ਸੂਬੇ ਦੀ ਰਾਜਧਾਨੀ ਤੱਕ ਨਿਆ ਪਾਉਣ ਲਈ ਸਸਤਾ ਸਾਧਨ ਉਪਲੱਭਦ ਕਰਵਾਉਣਾ ਉਸ ਸੂਬੇ ਦੀ ਸਰਕਾਰ ਦਾ ਮੁੱਢਲਾ ਫ਼ਰਜ ਹੁੰਦਾ ਹੈ ਪਰ ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਪੰਜਾਬ ਨੂੰ ਮਿਲ ਰਹੀਆਂ 300 ਬੱਸਾਂ ਵਾਪਸ ਕਰ ਦਿੱਤੀਆਂ ਤਾਂ ਜੋ ਇਨ੍ਹਾਂ ਦੀਆਂ ਨਿਜੀ ਬੱਸਾਂ ਦੀ ਆਮਦਨ ਨੂੰ ਨੁਕਸਾਨ ਨਾ ਪਹੁੰਚੇ ਜਦਕਿ ਪੰਜਾਬ ਦੇ ਬਾਕੀ ਗੁਆਢੀ ਸੂਬਿਆਂ ਨੇ ਇਹ ਸੁਵਿਧਾ ਬਹੁਤ ਪਹਿਲਾਂ ਹੀ ਲੈ ਰੱਖੀ ਹੈ। ਪੰਜਾਬ ਦੇ ਹਰ ਜਿਲ੍ਹੇ ਦਾ ਰੇਲ ਸੰਪਰਕ ਚੰਡੀਗੜ੍ਹ ਨਾਲ ਹੋਣਾ ਜ਼ਰੂਰੀ ਸੀ ਤਾਂ ਜੋ ਸਸਤੀ ਯਾਤ੍ਰਾ ਮਿਲ ਸਕੇ ਪਰ ਕੇਵਲ ਅੰਮਿ੍ਰਤਸਰ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਸਿੰਗਲ ਟ੍ਰੇਨ ਨੂੰ ਵੀ ਕਿਤੇ ਰੁਕਣ ਨਹੀਂ ਦਿੱਤਾ ਜਾ ਰਿਹਾ ਹੈ। ਹਰ ਵਾਪਾਰਕ ਨਿਤੀ ’ਤੇ ਰਾਜਨੀਤਿਕ ਬੰਦਿਆਂ ਦਾ ਕਬਜਾ ਹੈ। ਅਗਰ ਭਾਰਤ ਦੇ ਤਮਾਮ ਰਾਜਨੀਤਿਕ ਲੋਕ ਪਰਿਵਾਰਵਾਦ ਨੂੰ ਹੀ ਬਢਾਵਾ ਦੇ ਰਹੇ ਹਨ ਤਾਂ ਗੁਰੂ ਨਗਰੀ ਪੰਜਾਬ ’ਚ ਅਜਿਹਾ ਕੀ ਵਿਸ਼ੇਸ਼ ਹੋ ਰਿਹਾ ਹੈ ਤਾਂ ਜੋ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਸਕੇ। 33% ਔਰਤਾਂ ਨੂੰ ਹਰ ਵਰਗ ’ਚ ਕੋਟਾ ਭਾਰਤ ਸਰਕਾਰ ਦੇ ਸਕਦੀ ਹੈ ਪਰ ਪੰਜਾਬ ਸਰਕਾਰ ਨਹੀਂ, ਸ਼੍ਰੋਮਣੀ ਕਮੇਟੀ ਵੀ ਨਹੀਂ ਜਦਕਿ ਗੁਰੂ ਨਾਨਕ ਸਾਹਿਬ ਜੀ ਔਰਤਾਂ ਲਈ ਦਿਨ ਰਾਤ ਦਰਬਾਰ ਸਾਹਿਬ (ਅੰਮਿ੍ਰਤਸਰ) ’ਚ ਹੀ ਕਹਿ ਰਹੇ ਹਨ ‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥’’ (ਮ:੧/੪੭੩) ਜਿਸ ਵਰਗ ਨੇ ਇਹ ਪਾਵਨ ਉਪਦੇਸ ’ਤੇ ਆਪ ਪਹਿਰਾ ਦੇ ਕੇ ਸਮਾਜ ’ਚ ਇਕ ਨਿਵੇਕਲੀ ਸੋਚ ਸਥਾਪਤ ਕਰਨੀ ਸੀ ਤਾਂ ਜੋ ਗੁਰੂ ਸੋਚ ਦਾ ਸਮਾਜ ’ਚ ਅਹਿਸਾਸ ਕਰਵਾਇਆ ਜਾ ਸਕੇ ਉਹੀ ਵਰਗ ‘ਸਤਿ ਬਚਨ’ ਰੂਪੀ ਬਿਮਾਰ ਮਾਨਸਿਕਤਾ ਦਾ ਸਿਕਾਰ ਹੋਇਆ ਪਿਆ ਹੈ ਕਿਉਂਕਿ ਉਨ੍ਹਾਂ ਨੂੰ ਵੀ ‘ਸਤਿ ਬਚਨ’ ਕਹਿਣ ਨਾਲ ਨਿਜੀ ਆਰਥਿਕ ਲਾਭ ਮਿਲ ਰਿਹਾ ਹੈ।

ਮਿਤੀ 19 ਦਸੰਬਰ 2014 ਨੂੰ ਸਮੂਹ ਮਿਸ਼ਨਰੀ ਜਥੇਬੰਦੀਆਂ ਵੱਲੋਂ ਜਲੰਧਰ ਵਿੱਖੇ ਲਿਆ ਗਿਆ ਇਹ ਫੈਸਲਾ ਕਿ ਅਗਾਂਹ ਵਾਸਤੇ ਸਾਰੇ ਹੀ ਮਿਸ਼ਨਰੀ ਕਾਲਜ ਆਪਣੇ ਮਾਸਿਕ ਪੱਤ੍ਰਕਾ (ਮੈਗਜ਼ੀਨਾਂ) ਵਿੱਚ ਸਾਰੇ ਹੀ ਮਾਸਿਕ ਇਤਿਹਾਸਕ ਦਿਹਾੜੇ ਮੂਲ ਨਾਨਕਸਾਹੀ ਕੈਲੰਡਰ 2003 ਅਨੁਸਾਰ ਹੀ ਦਰਜ ਕਰਿਆ ਕਰਨਗੇ, ਸਲਾਹੁਣ ਯੋਗ ਫੈਸਲਾ ਹੈ।

ਇਸ ਪੰਥ ਦੋਖੀ ਤੇ ਭਰਾ ਮਾਰੂ ਸਮੱਸਿਆ ਦਾ ਸਦੀਵੀ ਹੱਲ ਕੀ ਹੈ? ਤਾਂ ਜੋ ਸੁਆਰਥੀ ਲੋਕ ਸਿੱਖ ਸਮਾਜ ਦੀ ਸ਼ਕਤੀ ਨੂੰ ਆਪਣੇ ਹੱਕ ’ਚ ਨਾ ਭੁਗਤਾ ਸਕਣ? ਇਹ ਸਵਾਲ ਜਾਗਰੂਕ ਅਖਵਾਉਣ ਵਾਲੀਆਂ ਪੰਥ ਦਰਦੀ ਜਥੇਬੰਦੀਆਂ ਸਾਹਮਣੇ ਹਮੇਸ਼ਾਂ ਹੀ ਬਣਿਆ ਰਿਹਾ ਹੈ ਅਤੇ ਬਣਿਆ ਰਹੇਗਾ। ਉਦਾਹਰਨ ਲਈ 31 ਮਾਰਚ 2012 ’ਚ ਸ. ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਮਾਫ਼ ਕਰਵਾਉਣ ਲਈ ਪੰਜਾਬ ’ਚ ਇਕ ਪੰਥਕ ਲਹਿਰ ਪੈਦਾ ਹੋਈ। ਉਸ ਸ਼ਕਤੀ ਦਾ ਅਸਲ ਲਾਭ ਕਿਸ ਨੂੰ ਮਿਲਿਆ? ਰਾਜੋਆਣਾ ਦੀ ਭੈਣ ਨੂੰ ਪਟਿਆਲਾ ਤੋਂ ਅਜ਼ਾਦ ਮੈਬਰ ਕਿਸ ਦੀ ਵੋਟ ਤੋੜਨ ਲਈ ਖੜ੍ਹਾ ਕੀਤਾ ਗਿਆ ਸੀ? ਇਸ ਬਾਰੇ ਸਭ ਜਾਣਦੇ ਹਨ। ਮਿਤੀ 14 ਨਵੰਬਰ 2013 ਤੋਂ ਗੁਰਦੁਆਰਾ ਅੰਬ ਸਾਹਿਬ (ਮੋਹਾਲੀ) ਵਿਖੇ ਭਾਈ ਗੁਰਬਖਸ ਸਿੰਘ ਖ਼ਾਲਸਾ ਜੀ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਲਈ ਰੱਖੇ ਗਏ ਮਰਨ ਬ੍ਰਤ ਤੋਂ ਉਪਰੰਤ ਪੰਥਕ ਲਹਿਰ ਪੈਦਾ ਹੋਈ, ਇਸ ਦਾ ਕੀ ਹਸਰ ਹੋਇਆ? ਅਤੇ ਲਾਭ ਕੌਣ ਲੈ ਗਿਆ? ਇਨ੍ਹਾਂ ਤਮਾਮ ਸਮੱਸਿਆਵਾਂ ਦਾ ਕੋਈ ਯੋਗ ਤਰੀਕਾ ਜਾਗਰੂਕ ਅਖਵਾਉਣ ਵਾਲੀਆਂ ਜਥੇਬੰਦੀਆਂ ਨੂੰ ਮਿਲ ਬੈਠ ਕੇ ਲੱਭਣਾ ਪਵੇਗਾ। ਮੈ ਆਪਣੀ ਸੋਚ ਅਨੁਸਾਰ ਇਸ ਸਮੱਸਿਆ ਲਈ ਜਾਗਰੂਕ ਵਰਗ ਨੂੰ ਵਧੇਰੇ ਦੋਸ਼ੀ ਮੰਨਦਾ ਹਾਂ ਕਿਉਂਕਿ ਸੁਆਰਥੀ ਲੋਕ ਤਾਂ ਹਮੇਸ਼ਾਂ ਹੀ ਉਹੀ ਚਾਹੁੰਦੇ ਹਨ ਜੋ ਅਸੀਂ ਵੇਖ ਰਹੇ ਹਾਂ।

ਸਦੀਵੀ ਹੱਲ ਲਈ ਕੁਝ ਵਿਸ਼ੇਸ਼ ਨੁਕਤੇ-

(1). ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਅਰਥ, ਭਾਵ ਅਰਥ ਕਿਸੇ ਵਿਗਿਆਨਿਕ ਦਿ੍ਰਸ਼ਟੀ ਜਾਂ ਮਿਥਿਹਾਸਕ ਸੋਚ ਰਾਹੀਂ ਨਾ ਕਰਕੇ ਗੁਰਬਾਣੀ ਦੀ ਲਿਖਤ ਅਨੁਸਾਰ ਕੀਤੇ ਜਾਣ ਤਾਂ ਜੋ ਜਾਗਰੂਕ ਪੰਥ ਦਰਦੀਆਂ ’ਚ ਸਦੀਵੀ ਏਕਤਾ ਬਣੀ ਰਹੇ।

(2). ਸਿੱਖ ਕੌਮ ’ਚ ਆਪਸੀ ਫੁਟ ਪਾ ਕੇ ਜ਼ਮੀਨੀ ਹਾਲਾਤ ’ਚ ਪਹੁੰਚਾਇਆ ਗਿਆ ਨੁਕਸਾਨ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਬੋਧ ਸਮਾਗਮ ਜਗ੍ਹਾ-ਜਗ੍ਹਾ ਵੱਡੇ ਪੱਧਰ ’ਤੇ ਕਰਵਾ ਕੇ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ ਅਤੇ ਵਿਵਾਦਤ ਮੁੱਦੇ ਯੋਗ ਥਾਂਵਾਂ ’ਤੇ ਹੀ ਉਠਾਏ ਜਾਣ ਨਾ ਕਿ ਸਰਬ ਜਨਕ ਕੀਤੇ ਜਾਣ। ਇਨ੍ਹਾਂ ਪਾਠ ਬੋਧ ਸਮਾਗਮਾਂ ’ਚ ਤਮਾਮ ਪੰਥਕ ਜਥੇਬੰਦੀਆਂ ਵਿੱਚੋਂ ਯੋਗ (ਨਿਰਲੇਪ) ਭਾਵਨਾ ਵਾਲੇ ਪੰਥ ਦਰਦੀਆਂ ਦੀ ਮਦਦ ਲਈ ਜਾਵੇ।

(3). ਹਰ ਉਸ ਸਟੇਜ ’ਤੇ ਗੁਰਮਤਿ ਸਿਧਾਂਤਾਂ ’ਤੇ ਪਹਿਰਾ ਦੇਣ ਵਾਲੀ ਉਸ ਜਥੇਬੰਦੀ ਦੇ ਵਿਦਵਾਨਾਂ ਨੂੰ ਬੋਲਣ ਦਾ ਸਮਾਂ ਉਪਲੱਭਦ ਕਰਵਾਇਆ ਜਾਵੇ ਜੋ ਉਸ ਜਗ੍ਹਾ ਤੋਂ ਪ੍ਰਾਪਤ ਕੀਤੀ ਗਈ ਮਾਯਾ ਨੂੰ ਸਮਾਜ ਦੇ ਸੁਨਿਹਰੇ ਭਵਿੱਖ ਲਈ ਤਿਆਰ ਹੋ ਰਹੀ ਪਨੀਰੀ ਤੱਕ ਲਾਭ ਪਹੁੰਚਾਵੇ ਕਿਉਂਕਿ ਵੇਖਣ ਵਿੱਚ ਆ ਰਿਹਾ ਹੈ ਕਿ ਪ੍ਰਚਾਰਕ ਤਿਆਰ ਕਰਨ ਵਾਲੇ ਵਿਦਵਾਨ ਤਾਂ ਸਾਇਕਲ ਜਾਂ ਮੋਟਰ ਸਾਇਕਲਾਂ ’ਤੇ ਅੱਜ ਵੀ ਵੇਖੇ ਜਾ ਸਕਦੇ ਹਨ, ਪਰ ਉੱਥੋਂ ਪੜ੍ਹੇ ਲਿਖੇ ਪ੍ਰਚਾਰਕ ਕ੍ਰੋੜ ਪਤੀ ਜਾਂ ਅਰਬਾਂ ਪਤੀ ਤੱਕ ਬਣ ਗਏ ਹਨ। ਆਦਿ।

ਇਸ ਤਰ੍ਹਾਂ ਯੋਗ ਕਦਮ ਪੁੱਟਣ ਨਾਲ ਯੋਗ ਪੰਥਕ ਸੰਸਥਾਵਾਂ, ਮਜਬੂਰੀਵਸ ਇਨ੍ਹਾਂ ਸੁਆਰਥੀ ਲੋਕਾਂ ਦੇ ਬਹੁਤਾ ਪ੍ਰਭਾਵ ਹੇਠ ਨਹੀਂ ਆ ਸਕਣਗੀਆਂ ਅਤੇ ਗੁਰਮਤਿ ਨੂੰ ਨੁਕਸਾਨ ਪਹੁੰਚਾ ਰਹੀ ‘ਸਤਿ ਬਚਨ’ ਮਾਨਸਿਕਤਾ ਵਿਰੁਧ ਆਪਣੇ ਵੀਚਾਰ ਖੁਲ੍ਹ ਕੇ ਰੱਖ ਸਕਣਗੀਆਂ।

(ਨੋਟ: ਵੈੱਬ ਸਾਇਟ ‘www.gurparsad.com’ ਇਸ ਮਕਸਦ ਨੂੰ ਮੁਖ ਰੱਖ ਕੇ ਹੀ ਆਰੰਭ ਕੀਤੀ ਗਈ ਹੈ।)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top