Share on Facebook

Main News Page

ਕੱਲ੍ਹ ਦੇ ਦਿਨ ਮੋਗਾ ਵਿਖੇ ਹੋਈ ਸੀ ਦਰਬਾਰ ਸਾਹਿਬ ਦੇ ਹਮਲੇ ਦੀ ਰਿਹਰਸਲ, ਗੁਰਦਵਾਰੇ ਵਿੱਚ ਅੱਠ ਸਿੰਘ ਸ਼ਹੀਦ ਕੀਤੇ ਗਏ ਸਨ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਜੂਨ 1984 ਦਾ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੋਈ ਅਚਾਨਕ ਵਾਪਰਿਆ ਹਾਦਸਾ ਨਹੀਂ ਸੀ, ਜਾਂ ਜਿਵੇ ਕਿ ਭਾਰਤੀ ਹਕੂਮਤ ਨੇ ਆਪਣੀ ਕਾਗਜ਼ੀ ਖਾਨਾ ਪੂਰਤੀ ਕੀਤੀ ਹੈ ਕਿ ਜੇ ਤਰੁੰਤ ਹਮਲਾ ਨਾ ਕੀਤਾ ਤਾਂ ਪਤਾ ਨਹੀਂ ਕਿਹੜੀ ਆਫਤ ਆਉਣ ਵਾਲੀ ਹੈ। ਸਰਕਾਰ ਨੇ ਵਿਦੇਸ਼ੀ ਅਤੇ ਦੇਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਇਹ ਵੀ ਪਰਚਾਰ ਕੀਤਾ, ਕਿ ਜੇ ਤਿੰਨ ਜੂਨ ਨੂੰ ਦਰਬਾਰ ਸਾਹਿਬ ਉੱਤੇ ਹਮਲਾ ਨਾ ਕੀਤਾ ਜਾਂਦਾ, ਤਾਂ ਦੇਸ਼ ਦੇ ਟੁਕੜੇ ਹੋ ਜਾਣੇ ਸਨ ਅਤੇ ਅਜਿਹਾ ਕਰਨ ਵਿੱਚ ਪਾਕਿਸਤਾਨ ਦਾ ਹੱਥ ਹੋਣ ਦੀ ਗੱਲ ਵੀ ਆਖੀ ਗਈ, ਪਰ ਹਮਲੇ ਦੀ ਤਿਆਰੀ ਤਾਂ ਬਹੁਤ ਪਹਿਲਾਂ ਤੋਂ, ਉੱਤਰ ਪ੍ਰਦੇਸ਼ ਵਿੱਚ ਕਿਸੇ ਗੁਪਤ ਜਗਾ ਉੱਤੇ ਦਰਬਾਰ ਸਾਹਿਬ ਦਾ ਮਾਡਲ ਬਣਾਕੇ, ਫੌਜੀਆਂ ਨੂੰ ਹਮਲੇ ਦੀ ਟਰੇਨਿੰਗ ਦਿੱਤੀ ਜਾ ਰਹੀ ਸੀ ਅਤੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਸਬੰਧੀ ਜਰਨਲ ਸਿਨਹਾ ਨੇ ਬਹੁਤ ਸਮਾਂ ਪਹਿਲਾਂ ਇੰਦਰਾ ਗਾਂਧੀ ਨੂੰ ਜਵਾਬ ਦੇ ਦਿੱਤਾ ਸੀ, ਕਿ ਇਹ ਹਮਲਾ ਬਹੁਤ ਗਲਤ ਹੈ ਅਤੇ ਇਨਸਾਨੀਅਤ ਤੋਂ ਗਿਰੀ ਹੋਈ ਕਰਤੂਤ ਹੈ। ਇਸ ਕਰਕੇ ਮੇਰੀ ਜਮੀਰ ਇਜ਼ਾਜਤ ਨਹੀਂ ਦਿੰਦੀ ਕਿ ਮੈਂ ਅਜਿਹਾ ਗੈਰ ਇਖਲਾਖੀ ਕੰਮ ਕਰਾਂ, ਜਿਸ ਨਾਲ ਮੇਰੀ ਸਾਰੀ ਜਿੰਦਗੀ ਦਾ ਚੈਨ ਹੀ ਖਤਮ ਹੋ ਜਾਵੇ

ਸਰਕਾਰ ਕੋਲ ਕਿਸੇ ਚੀਜ ਦੀ ਕਮੀ ਨਹੀਂ ਹੁੰਦੀ, ਇੱਕ ਨਹੀਂ ਹੋਰ ਕੋਈ ਦੂਜਾ ਤਿਆਰ ਹੋ ਜਾਂਦਾ ਹੈ, ਪਰ ਇਥੇ ਸਿਰਫ ਦਰਬਾਰ ਸਾਹਿਬ ਦੇ ਹਮਲੇ ਦੀ ਹੀ ਗੱਲ ਨਹੀਂ, ਸਗੋਂ ਸਰਕਾਰ ਦੀ ਨੀਅਤ ਅਤੇ ਨੀਤੀ ਨੂੰ ਸਮਝਣ ਦੀ ਲੋੜ ਹੈ। ਅਸੀਂ ਇੱਕ ਵੱਡੇ ਹਮਲੇ ਦਾ ਜ਼ਿਕਰ ਤਾਂ ਕਰਦੇ ਹਾ, ਪਰ ਉਸ ਨਾਲ ਜੁੜਦੀਆਂ ਕੜੀਆਂ ਨੂੰ ਕਦੇ ਨਹੀਂ ਵੇਖਦੇ, ਕਿ ਅਕਸਰ ਜੋ ਕੁੱਝ ਆਲੇ ਦੁਆਲੇ ਵਪਾਰਿਆਂ ਜਾਂ ਵਾਪਰਦਾ ਹੈ ਜਾਂ ਵਾਪਰੇਗਾ, ਉਸ ਦਾ ਸਿੱਖਾਂ ਦੀ ਬਰਬਾਦੀ ਨਾਲ ਕਿਵੇ ਸਬੰਧ ਜੁੜਿਆ ਹੋਇਆ ਹੈ। ਜੇ ਸਰਕਾਰ ਇਹ ਆਖੇ ਕਿ ਦਰਬਾਰ ਸਾਹਿਬ ਉੱਤੇ ਹਮਲਾ ਬਾਬਾ ਜਰਨੈਲ ਸਿੰਘ ਨੂੰ ਫੜ੍ਹਣ ਵਾਸਤੇ ਕੀਤਾ ਗਿਆ ਸੀ ਤਾਂ ਫਿਰ ਸਵਾਲ ਇਹ ਹੈ ਕਿ ਬਾਕੀ ਤਿੰਨ ਦਰਜਨਾਂ ਗੁਰਦਵਾਰਿਆਂ ਵਿੱਚੋਂ ਸਰਕਾਰ ਕੀਹ ਲੱਭਣਾ ਚਾਹੁੰਦੀ ਸੀ ਅਤੇ ਜੋ ਕੁੱਝ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਹੋਇਆ, ਫਿਰ ਉਹ ਕਿਸ ਵਾਸਤੇ ਸੀ?

ਸਿੱਖ ਵੀ ਕਿਸੇ ਇੱਕ ਜਿਹੜੀ ਘਟਨਾ ਨੂੰ ਫੜ੍ਹ ਲੈਣ, ਉਸ ਦੀ ਚਰਚਾ ਤਾਂ ਰੋਜ਼ ਕਰਨਗੇ, ਪਰ ਕਦੇ ਸੰਜੀਦਗੀ ਨਾਲ ਇਹ ਵਿਚਾਰ ਨਹੀਂ ਕਰਦੇ ਕਿ ਜੋ ਕੁੱਝ ਵੀ ਆਲੇ ਦੁਆਲੇ ਵਾਪਰ ਰਿਹਾ ਹੈ, ਇਹ ਕਿਉਂ ਅਤੇ ਕਿਵੇਂ ਵਾਪਰਿਆ। ਬਹੁਤ ਸਾਰੀਆਂ ਘਟਨਾਵਾਂ ਅਤੇ ਉਹਨਾਂ ਘਟਨਾਵਾਂ ਵਿੱਚ ਸ਼ਹਾਦਤਾਂ ਦੇਣ ਵਾਲੇ ਸਿਰਫ ਤਿੰਨ ਦਹਾਕਿਆਂ ਵਿੱਚ ਹੀ ਵਿਸਰ ਗਏ ਹਨ। ਹਾਲੇ ਕੋਈ ਬਹੁਤਾ ਸਮਾਂ ਨਹੀਂ ਹੋਇਆ, ਪਰ ਜਦੋਂ ਕੌਮ ਦੇ ਆਗੂ ਜਾਂ ਸੰਸਥਾਵਾ ਹੀ ਕੌਮ ਵਾਸਤੇ ਮਰ ਮਿਟਣ ਵਾਲੇ ਲੋਕਾਂ ਦਾ ਗੌਗਾ ਕਰਨਾ ਛੱਡ ਦੇਣ ਤਾਂ ਫਿਰ ਪਰਿਵਾਰ ਵੀ, ਜਿਹੜਾ ਪਹਿਲਾਂ ਹੀ ਕਾਫੀ ਨੁਕਸਾਨ ਝੱਲ ਕੇ ਭਾਣਾ ਮੰਨੀ ਬੈਠਾ ਹੁੰਦਾ ਹੈ, ਪਿੱਛੇ ਹਟ ਜਾਂਦਾ ਹੈ, ਕਿ ਚੱਲੋ ਜਿਹਨਾਂ ਦਾ ਮਰਿਆ ਸੀ, ਉਹਨਾਂ ਨੇ ਰੋ ਖਪ ਲਿਆ, ਹੁਣ ਕਿਹੜਾ ਉਸ ਨੇ ਮੁੜ ਆਉਣਾ ਹੈ। ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਵਿਚ ਬਹੁਤ ਕੁੱਝ ਵਾਪਰਿਆ ਪਰ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ। ਨਵੀ ਪੀੜ੍ਹੀ ਨੂੰ ਤਾਂ ਹੋਣਾ ਹੀ ਕਿੱਥੋਂ ਹੈ, ਉਹਨਾਂ ਦੇ ਨਾਲਦਿਆਂ ਨੂੰ ਵੀ ਕਦੇ ਯਾਦ ਨਹੀਂ ਆਉਂਦੀ, ਪਰ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਜਾਂ ਆਪਣੇ ਨਾਲ ਹੋਈਆਂ ਵਧੀਕੀਆਂ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਵਿਸਾਰ ਦੇਵੇ, ਫਿਰ ਉਸ ਦਾ ਖਵਾਰੀਆਂ ਦੇ ਸਾਗਰ ਵਿੱਚ ਡੁੱਬਣਾ ਕੁਦਰਤੀ ਹੈ।

ਕੱਲ੍ਹ ਦੇ ਦਿਨ ਭਾਵ 26 ਅਪ੍ਰੈਲ 1984 ਨੂੰ ਵੀ ਇੱਕ ਬੜਾ ਵੱਡਾ ਦੁਖਾਂਤ ਮੋਗਾ ਸ਼ਹਿਰ ਵਿਖੇ ਵਾਪਰਿਆ ਸੀ, ਜਦੋਂ ਬੀ.ਐਸ.ਐਫ. ਨੇ ਅੱਠ ਨਿਹੱਥੇ ਸਿੱਖਾਂ ਨੂੰ ਗੁਰਦਵਾਰੇ ਦੇ ਦਰਵਾਜ਼ੇ ਵਿੱਚ ਹੀ ਅੰਨੇਵਾਹ ਗੋਲੀਆਂ ਮਾਰਕੇ ਸ਼ਹੀਦ ਕੀਤਾ ਸੀ, ਬਾਰੇ ਜਿਹੜੇ ਪਿੰਡਾ ਦੇ ਮਰਜੀਵੜੇ ਸ਼ਹੀਦ ਹੋਏ ਸਨ, ਉਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਵੀ ਕੋਈ ਪਤਾ ਨਹੀਂ ਹੈ ਕਿ ਸਾਡੇ ਪਿੰਡ ਦਾ ਫਲਾਨਾ ਸਿੰਘ ਕਿਸ ਦਿਨ, ਕਿੱਥੇ ਗੋਲੀ ਨਾਲ ਕਿਉਂ ਮਾਰਿਆ ਗਿਆ ਸੀ। ਜੇ ਕਿਸੇ ਨੂੰ ਪੁੱਛੋਂ ਤਾਂ ਇਹ ਹੀ ਜਵਾਬ ਹੈ, ਹਾ ਜੀ ਓਦੋ ਰੌਲੇ ਰੱਪੇ ਜਿਹੇ ‘ਚ ਫਲਾਣਿਆਂ ਦਾ ਵੀ ਇੱਕ ਮੁੰਡਾ ਸੁਣਿਆ ਮਾਰਿਆ ਗਿਆ ਸੀ, ਪਰ ਉਸਦਾ ਕਸੂਰ ਕੀਹ ਸੀ ਜਾਂ ਬੇਕਸੂਰ ਹੀ ਮਾਰ ਦਿੱਤਾ, ਇਸ ਦੀ ਜਵਾਬ ਇਹ ਹੁੰਦਾ ਹੈ, ਅਸੀਂ ਤਾਂ ਜੀ ਅਨਪੜ੍ਹ ਜਿਹੇ ਬੰਦੇ ਹਾ ਬਹੁਤਾ ਨਹੀਂ ਪਤਾ।

ਅਪ੍ਰੈਲ 1984 ਵਿੱਚ ਮੋਗਾ ਵਿਖੇ ਬਾਬਾ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਭਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਜਿਸ ਕਰਕੇ ਸਾਰੇ ਪਾਸੇ ਇਸ ਨਜਾਇਜ ਗ੍ਰਿਫਤਾਰੀ ਦੇ ਖਿਲਾਫ਼ ਰੋਹ ਫੈਲ ਗਿਆ ਅਤੇ ਜਿਲਾ ਫਰੀਦਕੋਟ ਦੇ ਅਕਾਲੀ ਦਲ ਅਤੇ ਹੋਰ ਜਥੇਬੰਦੀਆਂ ਨੇ ਮੋਗਾ ਵਿਚ ਧਰਨਾ ਦੇਣ ਦਾ ਫੈਸਲਾ ਕੀਤਾ ਤਾਂ ਉਥੇ ਪ੍ਰਸਾਸ਼ਨ ਦੀ ਕਿਆਸੀ ਗਿਣਤੀ ਤੋਂ ਕਈ ਗੁਣਾਂ ਵਧੇਰੇ ਸਿੱਖ ਸੰਗਤਾਂ ਪਹੁੰਚੀਆਂ, ਜਿਸ ਕਰਕੇ ਪ੍ਰਸਾਸ਼ਨ ਨੇ ਮੋਗਾ ਵਿੱਚ ਕਰਫਿਊ ਲਗਾ ਦਿੱਤਾ। ਪਿੰਡਾਂ ਤੋਂ ਆਏ ਬਹੁਤੇ ਪੰਥਕ ਵਰਕਰ ਸ਼ਹਿਰ ਵਿੱਚ ਹੀ ਫਸ ਗਏ, ਜਿਸ ਕਰਕੇ ਸ਼ਹਿਰ ਦੇ ਗੁਰਦਵਾਰਿਆਂ ਵਿੱਚ ਟਿਕਾਣਾ ਕਰਨ ਤੋਂ ਸਿਵਾ ਕੋਈ ਹੋਰ ਚਾਰਾ ਹੀ ਨਹੀਂ ਸੀ, ਕਿਉਂਕਿ ਕਰਫਿਊ ਲੱਗਿਆ ਹੋਣ ਕਰਕੇ, ਬਾਹਰ ਨਿਕਲਣ ਉੱਤੇ ਗੋਲੀ ਮਾਰਨ ਦਾ ਡਰ ਸੀ। ਇਹ ਕਰਫਿਊ ਬਹੁਤ ਦਿਨਾਂ ਤੱਕ ਜਾਰੀ ਰਿਹਾ। ਪ੍ਰਸਾਸ਼ਨ ਨੇ ਬਾਹਰਲੇ ਇਲਾਕਿਆਂ ਵਿੱਚ ਤਾਂ ਢਿੱਲ ਦੇ ਦੇਣੀ, ਪਰ ਗੁਰਦਵਾਰਿਆਂ ਵਾਲੇ ਪਾਸੇ ਢਿੱਲ ਤਾਂ ਕੀਹ ਦੇਣੀ ਸੀ, ਸਗੋਂ ਹੋਰ ਸਖਤੀ ਵਰਤੀ ਜਾ ਰਹੀ ਸੀ। ਬਹੁਤੇ ਅਕਾਲੀ ਜਾਂ ਪੰਥਕ ਵਰਕਰ ਗੁਰਦਵਾਰਾ ਬੀਬੀ ਕਾਹਨ ਕੌਰ ਅਤੇ ਗੁਰਦਵਾਰਾ ਸਿੰਘ ਸਭਾ ਵਿੱਚ ਹੀ ਸਨ। ਇਸ ਕਰਕੇ ਇਹਨਾਂ ਦੋਹਾਂ ਗੁਰਦਵਾਰਿਆਂ ਉੱਤੇ ਪੁਲਿਸ ਦੀ ਕਰੜੀ ਨਿਗਾਹ ਰੱਖੀ ਹੋਈ ਸੀ।

ਸਰਕਾਰ ਨੇ ਬਜਾਇ ਮਾਮਲਾ ਠੰਡਾ ਕਰਨ ਦੇ ਹਮੇਸ਼ਾ ਸਿੱਖਾਂ ਨੂੰ ਸਬਕ ਸਿਖਾਉਣ ਦਾ ਹੀ ਯਤਨ ਕੀਤਾ ਹੈ, ਜਦੋਂ ਕਈ ਦਿਨ ਇੰਜ ਹੀ ਲੰਘੇ ਤਾਂ ਇੱਕ ਅਕਾਲੀ ਵਰਕਰ ਮੌਕਾ ਤਕਾਕੇ ਗੁਰਦਵਾਰੇ ਤੋਂ ਬਾਹਰ ਨਿਕਲਿਆ, ਤਾਂ ਉਸ ਨੂੰ ਬੀ.ਐਸ.ਐਫ ਨੇ ਉਥੇ ਹੀ ਦਬੋਚ ਲਿਆ ਅਤੇ ਇਸ ਗ੍ਰਿਫਤਾਰੀ ਦੀ ਖਬਰ ਗੁਰਦਵਾਰਾ ਸਾਹਿਬ ਦੇ ਅੰਦਰ ਵੀ ਪਹੁੰਚੀ । ਪਿੰਡ ਅਜੀਤਵਾਲ ਦੇ ਸਰਪੰਚ ਭਾਈ ਗੁਰਮੇਲ ਸਿੰਘ, ਜਿਹੜੇ ਕਿ ਇਸ ਇਲਾਕੇ ਦੇ ਧੜ੍ਹਲੇਦਾਰ ਆਗੂ ਵਜੋਂ ਜਾਣੇ ਜਾਂਦੇ ਸਨ, ਨੇ ਇਸ ਗ੍ਰਿਫਤਾਰੀ ਦਾ ਵਿਰੋਧ ਕਰਨ ਵਾਸਤੇ ਗੁਰਦਵਾਰਾ ਸਾਹਿਬ ਦੇ ਦਰਵਾਜ਼ੇ ਉੱਤੇ ਆ ਕੇ ਰੋਸ ਜ਼ਾਹਿਰ ਕੀਤਾ ਤਾਂ ਉਥੇ ਮੌਜੂਦ ਐਸ.ਡੀ.ਐਮ. ਅਮਰਜੀਤ ਸਿੰਘ ਦੀ ਅਗਵਾਈ ਵਿੱਚ ਬੀ.ਐਸ.ਐਫ. ਦੇ ਅਫਸਰ ਯਾਦਵ ਨੇ ਗੁਰਦਵਾਰਾ ਸਾਹਿਬ ਦੇ ਦਰਵਾਜ਼ੇ ਅੱਗੇ ਆਏ ਸਿੱਖਾਂ ਉੱਤੇ ਗੋਲੀਆਂ ਚਲਾਉਣੀਆ ਆਰੰਭ ਕਰ ਦਿੱਤੀਆਂ ਤਾਂ ਆਪਣੇ ਨਾਲ ਦੇ ਸਾਥੀਆਂ ਨੂੰ ਸ਼ਹੀਦ ਹੁੰਦਾ ਵੇਖ ਕੇ, ਸਰਪੰਚ ਗੁਰਮੇਲ ਸਿੰਘ ਨੇ ਆਪਣਾ ਕੁੜਤਾ ਦੋਹਾਂ ਹੱਥਾਂ ਨਾਲ ਪਾੜ ਕੇ, ਆਪਣੀ ਛਾਤੀ ਨੰਗੀ ਕਰਕੇ, ਗੋਲੀਆਂ ਚਲਾ ਰਹੀ ਬੀ.ਐਸ.ਐਫ ਨੂੰ ਲਲਕਾਰਿਆ ਕਿ ਨਿਹੱਥੇ ਲੋਕਾਂ ਨੂੰ ਸ਼ਹੀਦ ਨਾ ਕਰੋ, ਮਾਰਨਾ ਹੈ ਤਾਂ ਮੈਨੂੰ ਮਾਰੋ! ਜਿਸ ਨੇ ਇਹਨਾਂ ਨੂੰ ਇੱਥੇ ਇਕੱਠੇ ਕੀਤਾ ਸੀ, ਤਾਂ ਕਾੜ ਕਾੜ ਕਰਦੀਆਂ ਕਈ ਗੋਲੀਆਂ, ਉਸ ਮਰਦ ਦਲੇਰ ਦੀ ਛਾਤੀ ਨੂੰ ਚੀਰ ਗਈਆਂ ਅਤੇ ਭਾਈ ਗੁਰਮੇਲ ਸਿੰਘ ਵੀ ਸੂਰਮਗਤੀ ਨੂੰ ਪ੍ਰਾਪਤ ਕਰ ਗਿਆ।

ਇਸ ਗੋਲੀ ਕਾਂਡ ਵਿੱਚ ਪਿੰਡ ਅਜੀਤਵਾਲ ਦੇ ਸਰਪੰਚ ਭਾਈ ਗੁਰਮੇਲ ਸਿੰਘ ਅਤੇ ਭਾਈ ਬਲਜੀਤ ਸਿੰਘ, ਪਿੰਡ ਢੁੱਡੀਕੇ ਦੇ ਭਾਈ ਮਲਕੀਤ ਸਿੰਘ ਮੱਲ (ਪਹਿਲਵਾਨ), ਪਿੰਡ ਧਰਮਕੋਟ ਤੋਂ ਭਾਈ ਬਲਜਿੰਦਰ ਸਿੰਘ, ਮਹੇਸ਼ਰੀ ਤੋਂ ਭਾਈ ਗੁਰਮੇਲ ਸਿੰਘ ਅਤੇ ਭਾਈ ਬਲਬੀਰ ਸਿੰਘ, ਰਾਇ ਕਾ ਕੋਟਲਾ ਤੋਂ ਭਾਈ ਕੁਲਦੀਪ ਸਿੰਘ ਅਤੇ ਇੱਕ ਸਿੰਘ ਪਿੰਡ ਮਾਹਲਾ ਭਰੂਰ ਦਾ ਵੀ ਸ਼ਹੀਦੀ ਪਾ ਗਿਆ ਅਤੇ ਅਨੇਕਾ ਹੋਰ ਜਖਮੀ ਵੀ ਹੋਏ। ਸਰਕਾਰ ਨੇ ਇਥੇ ਵੀ ਬੱਸ ਨਹੀਂ ਕੀਤੀ, ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਵੀ ਕਬਜ਼ੇ ਵਿੱਚ ਲੈ ਕੇ, ਬੀ.ਐਸ.ਐਫ. ਨੇ ਹੀ ਬਿਨ੍ਹਾਂ ਕੋਈ ਧਾਰਮਿਕ ਜਾਂ ਸਮਾਜਿਕ ਰਸਮ ਤੋਂ, ਸੰਸਕਾਰ ਕਰ ਦਿੱਤਾ। ਜਦੋਂ ਇਹ ਖ਼ਬਰ ਦਰਬਾਰ ਸਾਹਿਬ ਪਹੁੰਚੀ ਤਾਂ ਬਾਬਾ ਜਰਨੈਲ ਸਿੰਘ ਅਤੇ ਅਕਾਲੀ ਲੀਡਰਾਂ ਦੇ ਕਹਿਣ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ.ਬਲਵਿੰਦਰ ਸਿੰਘ ਭੂੰਦੜ, ਸ. ਗੁਰਦੇਵ ਸਿੰਘ ਬਾਦਲ ਅਤੇ ਸ. ਤੋਤਾ ਸਿੰਘ ਤੇ ਅਧਾਰਤ ਇੱਕ ਕਮੇਟੀ ਭੇਜ ਕੇ, ਉਹਨਾਂ ਦੀ ਅਸਥੀਆਂ ਪ੍ਰਸਾਸ਼ਨ ਤੋਂ ਪ੍ਰਾਪਤ ਕਰਕੇ, ਜਲ ਪ੍ਰਵਾਹ ਕੀਤੀਆਂ ਅਤੇ ਸ਼ਹਿਰ ਦੇ ਵੱਖ ਵੱਖ ਗੁਰਦਵਾਰਿਆਂ ਵਿੱਚ ਫਸੇ ਸਿੰਘਾਂ ਨੂੰ ਬੱਸਾਂ ਰਾਹੀ ਮੋਗੇ ਤੋਂ ਬਾਹਰ ਕੱਢਿਆ ਸੀ।

ਇਹਨਾਂ ਸਿੰਘਾਂ ਦੀ ਯਾਦ ਵਿੱਚ ਦੋ ਸੌ ਦੇ ਕਰੀਬ ਪਿੰਡਾਂ ਵਿਚ, ਉਸ ਸਮੇਂ ਅਖੰਡ ਪਾਠਾਂ ਦੇ ਭੋਗ ਪਾਏ ਗਏ, ਪਰ ਤਿੰਨ ਦਹਾਕਿਆਂ ਵਿੱਚ ਹੀ ਅੱਜ ਸਭ ਕੁੱਝ ਭੁੱਲ ਗਿਆ ਜਾਪਦਾ ਹੈ। ਧਰਮਯੁੱਧ ਮੋਰਚੇ ਜਾਂ ਅਕਾਲੀ ਸੰਘਰਸ਼ ਵਿੱਚ ਸ਼ਹੀਦ ਹੋਏ ਸਿੰਘਾਂ ਮਰਜੀਵੜਿਆਂ ਨੂੰ ਉਹਨਾਂ ਦੇ ਪਰਿਵਾਰਾਂ ਵਾਲੇ ਤਾਂ ਯਾਦ ਕਰਦੇ ਹਨ, ਜਿਵੇ ਪਿਛਲੇ ਮਹੀਨੇ 29 ਤਰੀਕ ਨੂੰ ਇੱਕ ਸਾਂਝਾ ਸ਼ਹੀਦੀ ਸਮਾਗਮ ਕੀਤਾ ਗਿਆ, ਪਰ ਉਹ ਵੀ ਬੜੇ ਛੋਟੇ ਪੱਧਰ ਉੱਤੇ, ਜਿਸ ਦੀ ਕੋਈ ਚਰਚਾ ਨਹੀਂ ਹੋਈ ਅਤੇ ਭਾਈ ਗੁਰਮੇਲ ਸਿੰਘ ਦੇ ਭਰਾ ਅਜੀਤਵਾਲ ਦੇ ਸਰਪੰਚ ਭਾਈ ਇੰਦਰਜੀਤ ਸਿੰਘ ਰਾਜਾ ਨੇ ਆਪਣੇ ਘਰ ਵੀ ਭਾਈ ਗੁਰਮੇਲ ਸਿੰਘ ਦੀ ਯਾਦ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਕੱਲ੍ਹ ਭੋਗ ਪਾਇਆ ਹੈ, ਪਰ ਉਹਨਾਂ ਮਰਜੀਵੜਿਆਂ ਦੇ ਸਿਵਿਆਂ ਉੱਤੇ ਕੁਰਸੀਆਂ ਢਾਹਕੇ ਬੈਠੀ, ਨੀਲੀ ਭਗਵੀ ਸਰਕਾਰ ਨੂੰ ਕਿਉਂ ਚੇਤਾ ਨਹੀਂ ਆਉਂਦਾ, ਕਿ ਜਿਹੜੇ ਰਾਜ ਤਖਤ ਉੱਤੇ ਬੈਠੇ, ਤੁਸੀਂ ਸ਼ਹੀਦਾਂ ਨੂੰ ਭੁੱਲ ਚੁੱਕੇ ਹੋ, ਇਸ ਦੇ ਪਾਵੇ ਸ਼ਹੀਦਾਂ ਦੀਆ ਹੱਡੀਆ ਤੋਂ ਬਣੇ ਹਨ ਅਤੇ ਇਸ ਦਾ ਵਾਣ ਸ਼ਹੀਦਾਂ ਦੀ ਅੰਤੜੀਆਂ ਤੋਂ ਬਣਿਆ ਹੈ, ਪਰ ਉਹਨਾਂ ਦੀ ਯਾਦ ਕਿੱਥੇ ਗਈ?

ਇਹ ਵੀ ਗੱਲ ਨਹੀਂ ਸਿਰਫ ਕਿ ਸਿੱਖ ਸ਼ਹੀਦ ਹੋਏ ਜਾਂ ਅਕਾਲੀ ਸਰਕਾਰ ਯਾਦ ਨਹੀਂ ਕਰਦੀ, ਸਗੋਂ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਵੀ ਸਿੱਖਾਂ ਉੱਤੇ, ਅਜਿਹੀ ਹੀ ਕਰੋਪੀ ਕਿਉਂ ਸੀ, ਅੱਜ ਬਾਅਦ ਵਿੱਚ ਵੀ ਜੇ ਕਿਤੇ ਕੋਈ ਗੋਲੀ ਚੱਲੇ ਤਾਂ ਉਹ ਸਿੱਖਾਂ ਦੇ ਹਿਰਦੇ ਵਿੱਚ ਹੀ ਕਿਉਂ ਵੱਜਦੀ ਹੈ? ਕਰਫਿਊ ਤਾਂ ਡੇਰਾ ਬੱਲਾਂ ਦੇ ਮੁਖੀ ਦੇ ਕਤਲ ਉਪਰੰਤ ਦੁਆਬੇ ਵਿੱਚ ਵੀ ਲੱਗਿਆ, ਲੁਧਿਆਣਾ ਵਿੱਚ ਵੀ ਲੱਗਿਆ, ਮਲੇਰਕੋਟਲਾ ਵਿੱਚ ਤਾਂ ਹਾੜੀ ਸਾਉਣੀ ਇੱਕ ਵਾਰ ਲੱਗ ਹੀ ਜਾਂਦਾ ਹੈ, ਪਰ ਉਥੇ ਕਦੇ ਕਿਸੇ ਨੂੰ ਗੋਲੀਆਂ ਨਹੀਂ ਮਾਰੀਆਂ ਜਾਂਦੀਆਂ, ਲੇਕਿਨ ਸਿੱਖਾਂ ਨੂੰ ਹੀ ਕਰਫਿਊ ਵਿੱਚ ਗੋਲੀ ਕਿਉਂ ਵੱਜਦੀ ਹੈ, ਇਹ ਸਵਾਲ ਮੇਰੀ ਕੌਮ ਦੇ ਸਾਹਮਣੇ ਹੈ।

ਜਦੋਂ ਅਸੀਂ ਸ਼ਹੀਦਾਂ ਨੂੰ ਯਾਦ ਰੱਖਣ ਲੱਗ ਪਏ ਅਤੇ ਘਟਨਾਵਾਂ ਨੂੰ ਸੰਜੀਦਗੀ ਨਾਲ ਪੜਚੋਲਣ ਲੱਗ ਪਏ ਤਾਂ ਫਿਰ ਸਾਨੂੰ ਆਪਣੇ ਹੱਕਾਂ ਅਤੇ ਹੁੰਦੇ ਵਿਤਕਰਿਆਂ ਦੀ ਸਮਝ ਆ ਜਾਵੇਗੀ ਤੇ ਅਸੀਂ ਭਵਿੱਖ ਬਾਰੇ ਸੋਚਣਾ ਆਰੰਭ ਕਰ ਦੇਵਾਂਗੇ, ਫਿਰ ਕੁੱਝ ਚੰਗੇ ਦਿਨਾਂ ਦੀ ਆਸ ਨਜਰ ਆਵੇਗੀ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top