Share on Facebook

Main News Page

ਸਿੱਖ ਕੌਮ ਦੀ ਕੌਮੀਅਤ ਖਾਲਸਾ ਹੈ ਜਾਂ ਭਾਰਤੀ ?
- ਸ਼੍ਰੋਮਣੀ ਕਮੇਟੀ ਮਾਸਿਕ ਮੈਗਜ਼ੀਨ ‘ਗੁਰਮਤਿ ਪ੍ਰਕਾਸ਼’ ਨੂੰ ਲੈ ਕੇ ਯੂ.ਕੇ. ਵਾਸੀ ਸ੍ਰ. ਮਹਿੰਦਰ ਸਿੰਘ ਖਹਿਰਾ ਨੇ ਮੰਗਿਆ ਸਪਸ਼ਟੀਕਰਨ

ਅੰਮ੍ਰਿਤਸਰ (26 ਅਪ੍ਰੈਲ 2015): ਨਰਿੰਦਰ ਪਾਲ ਸਿੰਘ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਮਾਸਿਕ ਮੈਗਜ਼ੀਨ ‘ਗੁਰਮਤਿ ਪ੍ਰਕਾਸ਼’ ਵਿੱਚ ਸਿੱਖ ਕੌਮ ਦੀ ਖਾਲਸਾ ਕੌਮੀਅਤ ਨੂੰ ਭਾਰਤੀ ਕੌਮੀਅਤ ਨਾਲ ਮਿਲਗੋਭਾ ਕੀਤੇ ਜਾਣ ਨੂੰ ਲੈਕੇ ਇਕ ਵਿਦੇਸ਼ੀ ਗੁਰਸਿੱਖ ਨੇ ਸ਼ੰਕਾ ਨਿਵਾਰਨ ਕਰਨ ਦੀ ਮੰਗ ਕੀਤੀ ਹੈ।

ਮੈਗਜ਼ੀਨ ਦੇ ਪ੍ਰਕਾਸ਼ਕ ਅਤੇ ਕਮੇਟੀ ਸਕੱਤਰ ਸ੍ਰ੍ਰ. ਦਲਮੇਘ ਸਿੰਘ, ਸੰਪਾਦਕ ਸ੍ਰ ਸਿਮਰਜੀਤ ਸਿੰਘ ਦੇ ਨਾਮ ਲਿਖੇ ਇੱਕ ਪੱਤਰ ਵਿੱਚ ਯੂ.ਕੇ. ਵਾਸੀ ਸ੍ਰ. ਮਹਿੰਦਰ ਸਿੰਘ ਖਹਿਰਾ ਨੇ ਦੱਸਿਆ ਹੈ ਕਿ ਉਹ ਧਰਮ ਪ੍ਰਚਾਰ ਕਮੇਟੀ ਦਾ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਪਿਛਲੇ ਦਸ ਸਾਲ ਤੋਂ ਨਿਰੰਤਰ ਪੜ੍ਹਦੇ ਆ ਰਹੇ ਹਨ ਅਤੇ ਹੁਣ ਇਸ ਦੇ ਲਾਈਫ ਮੈਂਬਰ ਵੀ ਹਨ।

ਉਨ੍ਹਾਂ ਲਿਖਿਆ ਹੈ ਕਿ ਇਸ ਮਹੀਨੇ ਅਪ੍ਰੈਲ 2015 ਗੁਰਮਤਿ ਪ੍ਰਕਾਸ਼ ਦੇ ਪੰਨਾ 7 ਉਤੇ ਆਪ ਜੀ (ਪ੍ਰਕਾਸ਼ਕ ਅਤੇ ਸੰਪਾਦਕ ਗੁਰਮਤਿ ਪ੍ਰਕਾਸ਼) ਲਿਖਦੇ ਹੋ ਕਿ “ਸਿੱਖ ਕੌਮ ਆਰੰਭ ਤੋਂ ਹੀ ਅਤਿ ਨਾਜੁਕ ਦੌਰਾਂ ਵਿਚੋਂ ਦੀ ਗੁਜਰਦੀ ਆਈ ਹੈ ਅਤੇ ਵਿਕਸਤ ਹੁੰਦੀ ਗਈ ਹੈ। ਹਰ ਮੁਸ਼ਕਲ ਸਮੇਂ ਕੌਮੀ ਰੰਗਤ ਵਿਚ ਨਿਖਾਰ ਆਇਆ ਹੈ। ਆਉਣ ਵਾਲਾ ਸਮਾਂ ਵੀ ਸਿੱਖਾਂ ਲਈ ਕੋਈ ਜਿਆਦਾ ਸੁਖਮਈ ਪ੍ਰਤੀਤ ਨਹੀਂ ਹੁੰਦਾ। ਸਾਨੂੰ ਆਪਣੇ ਮਨ ਨੂੰ ਬਲਵਾਨ ਬਣਾਉਣ ਲਈ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ। ਕੌਮੀ ਵਿਰਾਸਤ ਨੂੰ ਕਾਇਮ ਰੱਖਣ ਲਈ ਹਰ ਸਿੱਖ ਲਈ ਰਹਿਤ ਵਿਚ ਪ੍ਰਪੱਕਤਾ ਲਿਆਉਣੀ ਬਹੁਤ ਜ਼ਰੂਰੀ ਹੈ।

ਸ੍ਰ. ਮਹਿੰਦਰ ਸਿੰਘ ਖਹਿਰਾ ਨੇ ਲਿਖਿਆ ਹੈ ਕਿ ਇਸੇ ਹੀ ਪੰਨੇ 7 ਦੇ ਹੇਠਾਂ, ਫਾਰਮ 4 ਰੂਲ 8 ਅਨੁਸਾਰ ਇਕ ਹਲਫੀਆ ਬਿਆਨ ਛਪਿਆ ਹੈ ਜਿਸ ਅਨੁਸਾਰ ਸਕੱਤਰ ਅਤੇ ਪ੍ਰਕਾਸ਼ਕ ਸ੍ਰ. ਦਲਮੇਘ ਸਿੰਘ ਅਤੇ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਸ੍ਰ. ਸਿਮਰਜੀਤ ਸਿੰਘ ਨੇ ਖੁਦ ਦੀ ਕੌਮੀਅਤ ਭਾਰਤੀ ਐਲਾਨੀ ਹੈ

ਸ੍ਰ. ਮਹਿੰਦਰ ਸਿੰਘ ਖਹਿਰਾ ਨੇ ਲਿਖਿਆ ਹੈ ਕਿ ‘ਆਪ ਜੀ ਨੇ ਕੌਮੀ ਵਿਰਾਸਤ ਨੂੰ ਕਾਇਮ ਰੱਖਣ ਲਈ ਹਰ ਸਿੱਖ ਨੂੰ ਰਹਿਤ ਵਿਚ ਪ੍ਰਪੱਕਤਾ ਲਿਆਉਣ ਦਾ ਸੰਦੇਸ਼ ਦਿੱਤਾ ਹੈ। ਕਿਰਪਾ ਕਰਕੇ ਗੁਰਮਤਿ ਪ੍ਰਕਾਸ਼ ਦੇ ਅਗਲੇ ਮਈ ਮਹੀਨੇ ਦੇ ਅੰਕ ਵਿਚ ਇਹ ਗੱਲ ਸਪੱਸ਼ਟ ਕਰਨ ਦੀ ਕ੍ਰਿਪਾਲਤਾ ਕਰਨੀ ਕਿ ਆਪ ਜੀ ਨੇ ਸਿੱਖ ਇਕ ਵਖਰੀ ਕੌਮ ਦੀ ਵਿਲੱਖਣ, ਅਡਰੀ ਤੇ ਸੁਤੰਤਰ ਹਸਤੀ ਦੀ ਕੌਮੀ ਵਿਰਾਸਤ ਨੂੰ ਕਾਇਮ ਰੱਖਣ ਲਈ ਹਰ ਸਿੱਖ ਨੂੰ ਸੰਦੇਸ਼ ਦਿੱਤਾ ਹੈ ਜਾਂ ਭਾਰਤੀ ਕੌਮੀਅਤ ਦੀ ਕੌਮੀ ਵਿਰਾਸਤ ਨੂੰ ਕਾਇਮ ਰੱਖਣ ਲਈ ਹਰ ਸਿੱਖ ਨੂੰ ਸੰਦੇਸ਼ ਦਿੱਤਾ ਹੈ? ਕਿਉਂਕਿ ਸਿੱਖ ਇੱਕ ਵਖਰੀ ਕੌਮ ਦੀ ਭਾਵਨਾ ਸਮੂਹ ਖਾਲਸਾ ਪੰਥ (ਸਿੱਖ ਕੌਮ) ਦੇ ਹਿਰਦਿਆਂ ਉਤੇ ਉਕਰੀ ਹੋਈ ਹੈ, ਅਤੇ ਸਮੂਹ ਖਾਲਸਾ ਪੰਥ ਦਸਮੇਸ਼ ਪਿਤਾ ਦੇ ਬਖਸ਼ਿਸ਼ ਕੀਤੇ ਵਿਧਾਨ ਗੁਰੂ ਗ੍ਰੰਥ, ਗੁਰੂ ਪੰਥ ਨੂੰ ਸਮਰਪਿਤ ਹੈ। ਗੁਰੂ ਪੰਥ ਹਿੰਦੂ, ਮੁਸਲਿਮ ਤੋਂ ਵਖਰਾ ਤੇ ਨਿਆਰਾ ਤੀਸਰਾ ਪੰਥ ਹੈ ਅਤੇ ਸਿੱਖ ਰਹਿਤ ਮਰਯਾਦਾ ਦੇ ਪੰਨਾ 27 ਉਤੇ ਗੁਰੂ ਪੰਥ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੋਈ ਹੈ ਕਿ ਗੁਰੂ ਪੰਥ- “ਤਿਆਰ-ਬਰ-ਤਿਆਰ ਸਿੱਘਾਂ ਦੇ ਸਮੁਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ। ਇਸ ਦੀ ਤਿਆਰੀ ਦਸ ਗੁਰੁ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਿਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ” ਸਿੱਖ ਕੌਮ ਦਾ ਕੌਮੀ ਸਰੂਪ ਖਾਲਸਾ ਹੈ ਅਤੇ ਖਾਲਸਾ ਇਕ ਇਕਾਈ ਹੈ।

1699 ਦੀ ਵੈਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਸਮੇਂ ਤੋਂ ਹੀ ਸਿੱਖ ਇਤਿਹਾਸਕ ਤੌਰ ਤੇ ਇੱਕ ਰਾਜਨੀਤਕ ਕੌਮ ਵਜੋਂ ਤਸਲੀਮ ਕੀਤੇ ਗਏ ਹਨ। ਸਿੱਖ ਇੱਕ ਵਖਰੀ ਕੌਮ ਦਾ ਇਹ ਰੁਤਬਾ ਕੌਮਾਂਤਰੀ ਪੱਧਰ ਤੇ ਯੂਰਪ ਅਤੇ ਏਸ਼ੀਆ ਦੀਆਂ ਪ੍ਰਮੁਖ ਸ਼ਕਤੀਆਂ ਜਿਵੇਂ ਕਿ ਫਰਾਂਸ, ਇੰਗਲੈਂਡ, ਇਟਲੀ, ਰੂਸ, ਚੀਨ, ਤਿੱਬਤ, ਪਰਸ਼ੀਆ (ਈਰਾਨ) ਅਫਗਾਨਿਸਤਾਨ, ਨੇਪਾਲ ਅਤੇ ਕੰਪਨੀ ਬਹਾਦਰ ਫੋਰਟ ਵਿਲੀਅਮ ਕਲਕੱਤਾ ਵਲੋਂ 19 ਵੀਂ ਸਦੀ ਦੇ ਅੱਧ ਤੱਕ ਅਤੇ ਫਿਰ ਮੁਲਕ ਛੱਡਕੇ ਜਾਂਦੇ ਫਿਰੰਗੀ, ਹਿੰਦੂ ਕਾਂਗਰਸ ਅਤੇ ਭਾਰਤੀ ਮੁਸਲਿਮ ਲੀਗ ਵਲੋਂ 20 ਵੀਂ ਸਦੀ ਦੇ ਅੱਧ ਵਿਚ ਤਸਲੀਮ ਕੀਤਾ ਅਤੇ ਕਬੂਲਿਆ ਜਾ ਚੁੱਕਾ ਹੈ” 25 ਮਾਰਚ 1981 ਨੂੰ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੇ ਵੀ ਸਿੱਖ ਇੱਕ ਵਖਰੀ ਕੌਮ ਦਾ ਮਤਾ ਪਾਸ ਕੀਤਾ ਹੋਇਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ 11 ਮਈ 1981 ਨੂੰ ਆਪਣੇ ਮਤੇ ਰਾਹੀਂ ਇਸ ਦੀ ਪ੍ਰੋੜਤਾ ਕੀਤੀ ਹੋਈ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top