Share on Facebook

Main News Page

ਅਖੌਤੀ ਸਤਿਕਾਰ ਕਮੇਟੀਆਂ, ਗਰੀਬ ਅਤੇ ਕਮਜ਼ੋਰ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਣ ਦੀ ਇੱਕ ਸੋਚੀ ਮਿਥੀ ਸਾਜਿਸ਼ ਹੈ
-: ਇੰਦਰਜੀਤ ਸਿੰਘ, ਕਾਨਪੁਰ

ਅਖੌਤੀ ਸਤਿਕਾਰ ਕਮੇਟੀ ਦੇ ਗੁੰਡਿਆਂ ਪਾਸੋਂ ਗਰੀਬ ਨਿਹੱਥੇ ਸਿੱਖਾਂ ਦੀ ਜੋ ਭੰਨ ਤੋੜ ਹੋਈ, ਉਸ ਬਾਰੇ ਹੱਲੀ ਵੀ ਬਹੁਤ ਛੋਟੀ ਸੋਚ ਕੰਮ ਕਰ ਰਹੀ ਹੈ। ਕੁਝ ਸਿੱਖਾਂ ਦਾ ਕਹਿਣਾਂ ਹੈ ਕਿ ਇਸ ਕਮੇਟੀ ਨੇ ਸਿੱਖਾਂ ਦੀ ਜੋ ਭੰਨ ਤੋੜ ਕੀਤੀ ਉਹ ਜਾਇਜ਼ ਸੀ। ਕੁਝ ਸਿੱਖਾਂ ਦਾ ਕਹਿਣਾਂ ਹੈ ਕਿ ਸਿੱਖਾਂ ਵਲੋਂ ਸਿੱਖਾਂ ਤੇ ਇਹ ਤਸ਼ਦਦ ਕਰਨ ਵਾਲੀ ਸੋਚ ਸਿੱਖੀ ਦੇ ਮੁੱਢਲੇ ਅਸੂਲਾਂ ਅਤੇ ਗੁਰਮਤਿ ਦੇ ਬਿਲਕੁਲ ਉਲਟ ਹੈ। ਲੇਕਿਨ ਜੋ ਸਚ ਹੈ ਉਸ ਵਲ ਤਾਂ ਕਿਸੇ ਦਾ ਧਿਆਨ ਜਾ ਹੀ ਨਹੀਂ ਰਿਹਾ ਹੈ। ਆਉ ਜਰਾ ਅਸਲੀਅਤ ਵੱਲ ਇੱਕ ਨਿਗਾਹ ਮਾਰ ਲਈਏ।

ਪਿਛਲੇ ਕੁੱਝ ਵਰ੍ਹਿਆਂ ਤੋ ਕੁਝ ਇਹੋ ਜਹੀਆ ਘਟਨਾਵਾਂ ਵਾਪਰ ਰਹੀਆਂ ਨੇ, ਜਿਨ੍ਹਾਂ ਨੂੰ ਆਪਸ ਵਿਚ ਜੋੜ ਕੇ ਵੇਖਣਾ ਬਹੁਤ ਜ਼ਰੂਰੀ ਹੈ, ਤਾਂਕਿ ਅਸਲੀ ਸਾਜਿਸ਼ ਨੂੰ ਸਮਝਿਆ ਜਾ ਸਕੇ। "ਗਉ" ਦੇ ਸਤਿਕਾਰ ਨੂੰ ਕਾਇਮ ਕਰਨ ਲਈ, ਕੁਝ ਕੱਟੜ ਹਿੰਦੂਵਾਦੀ ਸੰਗਠਨਾਂ ਨੇ ਵੀ ਇਹੋ ਜਹੀਆਂ ਭੰਨ ਤੋੜ ਕਮੇਟੀਆਂ ਬਣਾਈਆਂ ਹੋਈਆਂ ਹਨ। ਇਹ ਕਮੇਟੀਆਂ ਗਊ ਦੀ ਰਖਿਆ ਦੇ ਨਾਮ 'ਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਕੇ, ਸਿਧੇ ਸਾਧੇ ਬੰਦਿਆ 'ਤੇ ਤਸ਼ੱਦਦ ਕਰਦੀਆਂ ਹਨ ਅਤੇ ਪ੍ਰਸ਼ਾਸ਼ਨ ਵੀ ਇਨ੍ਹਾਂ ਦੇ ਨਾਲ ਰਲਿਆ ਹੁੰਦਾ ਹੈ।

ਸਿਅਸੀ ਲੋਕ ਆਪਣਾ ਕੰਮ ਸਾਰਨ ਲਈ ਇਨ੍ਹਾਂ ਗੂੰਡਿਆਂ ਦੀ ਫੌਜ ਨੂੰ ਬਚਾਉਦੀਆਂ ਅਤੇ ਵਰਤਦੀਆਂ ਹਨ। ਇਹੋ ਜਹੀਆਂ ਗੁੰਡਾ ਬ੍ਰਿਗੇਡਾਂ, ਇਲੈਕਸ਼ਨ ਵੇਲੇ ਸਿਆਸਤਦਾਨਾਂ ਦੇ ਬਹੁਤ ਕੰਮ ਆਂਉਦੀਆਂ ਹਨ। ਹੇਠ ਦਿੱਤੀ ਵੀਡੀਉ ਨੂੰ ਵੇਖ ਕੇ ਤੁਸੀਂ ਇਸ ਗਲ ਦਾ ਅੰਦਾਜਾ ਲਾ ਸਕਦੇ ਹੋ, ਕਿ ਕਾਨੂਨ ਵੀ ਇਨ੍ਹਾਂ ਦੇ ਹੱਥ ਵਿਚ ਹੈ, ਅਤੇ ਮਨੁੱਖੀ ਅਧਿਕਾਰਾਂ ਦਾ ਵੀ ਇਨ੍ਹਾਂ ਨੂੰ ਕੋਈ ਅਹਿਸਾਸ ਨਹੀਂ। ਇਹ ਸਿਆਸਤਦਾਨਾਂ ਦੇ ਹੱਥ ਠੋਕੇ ਗੁੰਡੇ, ਭੋਲੇ ਭਾਲੇ ਅਤੇ ਗਰੀਬ ਲੋਕਾਂ ਤੇ "ਗਊ ਦੀ ਰਖਿਆ" ਦੇ ਨਾਮ 'ਤੇ ਤਸ਼ਦਦ ਕਰਦੇ ਹਨ। ਆਪਣੀ ਦਹਿਸ਼ਤ ਅਤੇ ਦਬਦਬੇ ਨੂੰ ਕਾਇਮ ਰਖਣ ਲਈ, ਇਹ ਇਸ ਤਸ਼ਦਦ ਦੀਆਂ ਵੀਡੀਓ ਆਪ ਬਣਾਉਂਦੇ ਹਨ, ਅਤੇ ਆਪ ਹੀ ਉਨ੍ਹਾਂ ਨੂੰ ਜਨਤਕ ਕਰਦੇ ਹਨ।

Video

Posted by Gurph Canada Gangsar Jaitu on Saturday, April 25, 2015

ਇਸ ਵੀਡੀਓ ਨਾਲ ਪਿਛਲੇ ਦਿਨੀ ਵਾਪਰੀ ਘਟਨਾਂ ਦੀ ਵੀਡੀਉ ਰਲਾਉ ! ਤੁਹਾਨੂੰ ਕੋਈ ਫਰਕ ਨਜ਼ਰ ਨਹੀਂ ਆਵੇਗਾ।

ਹੁਣ ਤੁਸੀਂ ਕਹੋਗੇ ਕਿ ਇਨ੍ਹਾਂ "ਗਊ ਰਖਿਅਕ ਕਮੇਟੀਆਂ" ਦਾ ਅਖੌਤੀ ਸਤਿਕਾਰ ਕਮੇਟੀਆਂ ਨਾਲ ਕੀ ਸੰਬੰਧ ਹੈ ? ਬਿਲਕੁਲ ਸੰਬੰਧ ਹੈ। ਇਹੋ ਜਹੀਆਂ ਕਮੇਟੀਆਂ ਦਾ ਚਲਨ ਹਿੰਦੂ ਸੰਗਠਣਾਂ ਤੋਂ ਹੁੰਦਾ ਹੋਇਆ, ਹੁਣ ਸਿੱਖੀ ਦੇ ਵੇੜ੍ਹੇ ਵਿਚ ਵੀ ਆਣ ਪੁੱਜਾ ਹੈ।

ਇਸਦਾ ਸਿੱਧਾ ਅਤੇ ਸਪਸ਼ਟ ਕਾਰਣ ਇਹ ਹੈ ਕਿ ਹਿੰਦੂਵਾਦੀ ਸੰਗਠਨਾਂ ਦਾ ਪੰਜਾਬ ਵਿਚ ਬੋਲ ਬਾਲਾ ਹੈ, ਕਿਉਂਕਿ ਪੰਜਾਬ ਦੀ ਸਿਆਸਤ ਹਿੰਦੂਵਾਦੀ ਸੰਗਠਣਾਂ ਦੀ ਰਖੈਲ ਬਣ ਕੇ ਰਹਿ ਗਈ ਹੈ। ਸਿਆਸਤਦਾਨ ਅਤੇ ਧਰਮ ਮਾਫੀਆ ਇਨ੍ਹਾਂ ਨੂੰ ਵਰਤਦਾ ਹੈ, ਇਹ ਕਮੇਟੀਆਂ ਬਿਲਕੁਲ ਉਹ ਹੀ ਕੰਮ ਕਰ ਰਹੀਆਂ ਨੇ। ਜ਼ਰਾ ਅਪਣੀ ਯਾਦਾਸ਼ਤ 'ਤੇ ਥੋੜਾ ਜੋਰ ਮਾਰੋ, ਤਾਂ ਕੁਝ ਘਟਨਾਵਾਂ ਤੁਹਾਨੂੰ ਯਾਦ ਆ ਜਾਣਗੀਆਂ।

ਕੁੱਝ ਦਿਨ ਪਹਿਲਾਂ ਅਕਾਲ ਤਖਤ 'ਤੇ ਵੀ ਇਹੋ ਜਹੀਆਂ ਕਮੇਟੀਆਂ ਦੀ ਵਰਤੋਂ ਹੋਈ। ਅਕਾਲ ਤਖਤ 'ਤੇ ਸਿੱਖਾਂ ਨੇ ਹੀ ਸਿੱਖਾਂ 'ਤੇ ਕਿਰਪਾਨਾਂ, ਡਾਂਗਾਂ ਅਤੇ ਬਰਛੇ ਚਲਾਏ। ਹਰਿਆਣਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਦਿਆਂ ਹੀ ਪੰਜਾਬ ਤੋਂ ਇਹੋ ਜਹੀਆਂ ਹਜ਼ਾਰਾਂ ਸਤਿਕਾਰ ਕਮੇਟੀਆਂ ਹਰਿਆਣਾ ਦੇ ਗੁਰਦੁਆਰਿਆਂ ਦੀਆਂ ਗੋਲਕਾਂ 'ਤੇ ਕਬਜ਼ਾ ਕਰਣ ਲਈ ਕੂਚ ਕਰ ਗਈਆਂ, ਤੇ ਉਥੇ ਇਨ੍ਹਾਂ ਨੇ ਜੋ ਗੁੰਡਾ ਗਰਦੀ ਪ੍ਰਸ਼ਾਸ਼ਨ ਦੀ ਨਕ ਹੇਠਾਂ ਕੀਤੀ, ਉਸ ਤੋਂ ਆਪ ਸਾਰੇ ਚੰਗੀ ਤਰ੍ਹਾਂ ਵਾਕਿਫ ਹੋ। ਇਨ੍ਹਾਂ ਕਮੇਟੀਆਂ ਨੂੰ ਹਰਿਆਣੇ ਕਿਸ ਨੇ ਭੇਜਿਆ ਸੀ, ਇਹ ਵੀ ਤੁਸੀ ਚੰਗੀ ਤਰ੍ਹਾਂ ਜਾਂਣਦੇ ਹੋ ।

ਇਨ੍ਹਾਂ ਦੋ ਘਟਨਾਵਾਂ ਦੇ ਨਾਲ ਹੀ ਨਾਲ ਇਕ ਹੋਰ ਸਤਿਕਾਰ ਕਮੇਟੀ ਪੰਜਾਬ ਤੋਂ ਆਸਨਸੋਲ ਵੀ ਭੇਜੀ ਗਈ ਸੀ, ਜਿਸਨੇ ਕੌਮ ਦੀ ਮਹਾਨ ਸ਼ਖਸ਼ਿਅਤ ਪ੍ਰੋਫੇਸਰ ਦਰਸ਼ਨ ਸਿੰਘ ਜੀ ਤੇ ਜਾਨਲੇਵਾ ਹਮਲਾ ਕੀਤਾ। ਪੰਜਾਬ ਦੀਆਂ ਗੱਡੀਆਂ ਦੇ ਨੰਬਰ ਵੀ ਉਥੇ ਨੋਟ ਕੀਤੇ ਗਏ। 5 ਦਿਸੰਬਰ 2009 ਨੂੰ ਪ੍ਰੋਫੇਸਰ ਦਰਸ਼ਨ ਸਿੰਘ ਦੀ ਅਕਾਲ ਤਖਤ 'ਤੇ ਪੇਸ਼ੀ ਦੇ ਦੌਰਾਨ, ਜਿਥੇ ਦਾਸ ਆਪ ਮੌਜੂਦ ਸੀ, ਇਹ ਵੇਖ ਕੇ ਹੈਰਾਨ ਹੋ ਗਇਆ ਕਿ "ਸਕੱਤਰੇਤ ਜੁੰਡਲੀ" ਕੋਲ ਵੀ ਇਕ ਬਹੁਤ ਵੱਡੀ ਸਤਿਕਾਰ ਕਮੇਟੀ (ਟਾਸਕ ਫੋਰਸ ) ਮੌਜੂਦ ਹੈ। ਜਿਵੇਂ ਹੀ ਦਾਸ ਅਕਾਲ ਤਖਤ ਉੱਤੇ ਮੱਥਾ ਟੇਕਣ ਗਿਆ, ਅੰਦਰ ਦਾ ਹਾਲ ਅਤੇ ਬਾਹਰ ਦਾ ਵੇੜ੍ਹਾ ਲਗਭਗ ਦੋ ਹਜਾਰ, ਹਥਿਆਰ ਬੰਦ ਸਿੱਖਾਂ ਦੀ ਸਤਿਕਾਰ ਕਮੇਟੀ ਨਾਲ ਖਚਾ ਖਚ ਭਰਿਆ ਪਿਆ ਸੀ, ਜੋ ਹਰ ਤਰੀਕੇ ਦਾ ਸਤਿਕਾਰ ਕਰਨ ਲਈ ਤਿਆਰ ਬਰ ਤਿਆਰ ਬੈਠਾ ਸੀ। ਇਨ੍ਹਾਂ ਸਤਿਕਾਰ ਕਮੇਟੀਆਂ ਨੂੰ ਇਨ੍ਹਾਂ ਨੇ "ਟਾਸਕ ਫੋਰਸ" ਦਾ ਨਾਮ ਵੀ ਦਿਤਾ ਹੋਇਆ ਹੈ। ਜਿਥੇ ਲੋੜ ਪੈਂਦੀ ਹੈ, ਇਨ੍ਹਾਂ ਨੂੰ ਲਾ ਦਿਤਾ ਜਾਂਦਾ ਹੈ, ਜੋ ਇਨ੍ਹਾਂ ਦੇ ਉੱਲੂ ਵੀ ਸਿੱਧੇ ਕਰਦੀਆਂ ਹਨ, ਅਤੇ ਆਪਣੇ ਢਿੱਡ ਵੀ ਭਰਦੀਆਂ ਹਨ (ਵੀਰ ਗੁਰਿੰਦਰ ਪਾਲ ਸਿੰਘ ਧਨੌਲਾ ਜੀ ਦੇ ਕਲ ਛਪੇ ਇਕ ਲੇਖ ਤੋਂ ਇਹ ਗਲ ਸਪੱਸ਼ਟ ਹੋ ਜਾਂਦੀ ਹੈ, ਕਿ ਚੋਰ ਅਤੇ ਕੁੱਤੀ ਦੋਵੇਂ ਰਲੇ ਹੋਏ ਹਨ।)

ਮੇਰੇ ਵੀਰੋ, ਹਰ ਗਲ 'ਤੇ ਆਪਸ ਵਿਚ ਹੀ ਨਾ ਲੜਨ ਲਗ ਪਿਆ ਕਰੋ। ਕੰਧ ਦੇ ਪਿਛੇ, ਸਿੱਖੀ ਦੇ ਖਿਲਾਫ ਕੀ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ ਉਨ੍ਹਾਂ ਨੂੰ ਜ਼ਰਾ ਦੂਰਦਰਸ਼ੀ ਬਣ ਕੇ ਪਰਖਿਆ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਬਹਾਨੇ ਇਹ ਅਖੌਤੀ ਸਤਿਕਾਰ ਕਮੇਟੀਆਂ, ਹਿੰਦੂਵਾਦੀ ਸੰਗਠਨਾਂ ਦਾ ਹੀ ਅਜੈਂਡਾ ਪੂਰ ਰਹੀਆਂ ਨੇ। ਜਦੋਂ ਇਕ ਸਿੱਖ ਦੂਜੇ 'ਤੇ ਤਸ਼ਦਦ ਕਰੇਗਾ, ਤਾਂ ਭੋਲੇਭਾਲੇ ਸਿੱਖਾਂ ਦਾ ਵਿਸ਼ਵਾਸ਼ ਸਿੱਖੀ ਤੋਂ ਉਠ ਜਾਏਗਾ, ਤੇ ਉਹ ਧਰਮ ਪਰਿਵਰਤਨ ਦੇ ਰਾਹ 'ਤੇ ਤੁਰ ਪਵੇਗਾ। ਦਾਸ ਨੇ ਕਲ ਵੀ ਆਪਣੇ ਲੇਖ ਵਿਚ ਲਿਖਿਆ ਸੀ ਕਿ ਉਹ ਗਰੀਬ ਸਿੱਖ ਇਹ ਸੋਚਣ ਲਗ ਪਵੇਗਾ ਕਿ, ਕੀ ਇਹ ਹੀ ਹੈ ਸਿੱਖੀ ? ਮੈ ਇਸਤੋਂ ਕੀ ਲੈਣਾਂ ਹੈ ? ਤੇ ਉਹ ਸਿੱਖੀ ਤੋਂ ਟੁੱਟ ਜਾਵੇਗਾ।

ਵੀਰੋ ਹੋਸ਼ ਵਿਚ ਆਉ!!! ਇਹ ਗੁੰਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕੀ ਕਰਣਗੇ ? ਜਿਨ੍ਹਾਂ ਦੇ ਆਕਾ ਤੇ ਆਪ ਡੇਰਿਆਂ ਤੇ ਬਾਬਿਆ ਦੀਆਂ ਬਰਸੀਆਂ 'ਤੇ ਖੇਹ ਖਾਂਦੇ ਫਿਰਦੇ ਨੇ, ਤੇ ਉਨ੍ਹਾਂ ਡੇਰੇਦਾਰਾਂ ਦੇ ਡੇਰਿਆਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਪਤੀ ਵਿੱਚ ਇਹ ਆਪ ਸ਼ਾਮਿਲ ਹੁੰਦੇ ਨੇ।

ਬੰਦ ਕਰੋ ਇਹ ਨਾਟਕ ਬਾਜ਼ੀ। ਜੇ ਗਰੀਬ ਸਿੱਖਾਂ ਦਾ ਭਲਾ ਨਹੀਂ ਕਰ ਸਕਦੇ, ਉਨ੍ਹਾਂ ਦੀ ਮਦਦ ਨਹੀਂ ਕਰ ਸਕਦੇ, ਤਾਂ ਉਨ੍ਹਾਂ ਨੂੰ ਸਿੱਖੀ ਤੋਂ ਤੇ ਨਾਂ ਟੁੱਟਣ ਦਿਉ! ਇਹ ਅਖੌਤੀ ਸਤਿਕਾਰ ਕਮੇਟੀ, ਗਰੀਬ ਅਤੇ ਕਮਜ਼ੋਰ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਣ ਦੀ ਇਕ ਸੋਚੀ ਮਿਥੀ ਸਾਜਿਸ਼ ਤੋਂ ਅਲਾਵਾ ਹੋਰ ਕੁੱਝ ਵੀ ਨਹੀਂ। ਇਹ ਸਿਆਸਤਦਾਨਾਂ ਅਤੇ ਧਰਮ ਮਾਫੀਆ ਦੇ ਗੁੰਡਿਆਂ ਦੀ ਟਾਸਕ ਫੋਰਸ ਹੈ, ਹੋਰ ਕੁੱਝ ਵੀ ਨਹੀਂ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top