Share on Facebook

Main News Page

ਅੱਜ ਦਾ ਸਿੱਖ ਲੜ੍ਹਨਾ ਤੇ ਪੜ੍ਹਨਾ ਤਾਂ ਜਾਣਦਾ ਹੈ, ਪਰ ਸਮਝਣਾ ਬਿਲਕੁਲ ਨਹੀਂ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਖ਼ਾਲਸਾ ਨਿਊਜ਼ (25 ਅਪ੍ਰੈਲ 2015): ਪਿਛਲੇ ਪੂਰੇ ਹਫਤੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ 'ਚ ਗੁਰਮਤਿ ਸਮਾਗਮ ਕਰਨ ਤੋਂ ਬਾਅਦ ਵਾਪਸ ਕੈਨੇਡਾ ਪਰਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਅੱਜ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਬਾਰੇ ਵੀਚਾਰ ਕਰਨ ਲਈ ਉਨ੍ਹਾਂ ਨੇ

ਸਲੋਕ ਮ: ੩ ॥ ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥ {ਪੰਨਾ 589}

ਸ਼ਬਦ ਦਾ ਗਾਇਨ ਕੀਤਾ ਅਤੇ ਕਿਹਾ ਕਿ ਗੁਰੂ ਸਬਦ ਹੀ ਰਤਨ ਹੈ, ਜਿਸ ਨੂੰ ਪਾਰਖੂ ਸਿੱਖ ਹੀ ਪਛਾਣ ਸਕਦਾ ਹੈ। ਹੀਰੇ ਨੂੰ ਪਛਾਨਣ ਲਈ ਪਾਰਖੂ ਨਜ਼ਰ ਦੀ ਲੋੜ੍ਹ ਹੈ, ਨਹੀਂ ਤਾਂ ਬੇਪਛਾਣ ਲੋਕ ਹੀਰੇ ਨੂੰ ਕੌਡੀਆਂ ਦੇ ਭਾਅ ਵੇਚ / ਖਰੀਦ ਸਕਦੇ ਹਨ।

ਅੱਜ ਦੇ ਜਮਾਨੇ 'ਚ ਹੀਰੇ ਵਰਗੇ ਹੀ ਨਕਲੀ (Artificial) ਗਹਿਣੇ ਵੀ ਵਿਕਦੇ ਹਨ, ਜੋ ਕਈ ਵਾਰੀ ਹੀਰੇ ਨਾਲੋਂ ਵੀ ਜ਼ਿਆਦਾ ਚਮਕਦੇ ਹਨ, ਪਰ ਪਾਰਖੂ ਲਈ ਪਛਾਣ ਕਰਨੀ ਸੌਖੀ ਹੈ, ਪਰ ਬੇਛਾਣ ਲੋਕ ਨਕਲੀ ਗਹਿਣਿਆਂ ਨੂੰ ਵੀ ਅਸਲੀ ਸਮਝ ਲੈਂਦੇ ਨੇ। ਇਸੇ ਤਰ੍ਹਾਂ ਅੱਜ ਧਰਮ ਦੀ ਦੁਨੀਆਂ ਵਿੱਚ ਹੋ ਰਿਹਾ ਹੈ, ਹੀਰੇ ਰੂਪੀ ਗੁਰੂ ਦੇ ਬਰਾਬਰ ਨਕਲੀ ਗ੍ਰੰਥ ਲਿਆ ਕੇ ਰੱਖ ਦਿੱਤਾ ਗਿਆ ਹੈ, ਤੇ ਬੇਛਾਣ ਲੋਕ ਇਸ ਨੂੰ ਗੁਰੂ ਮੰਨੀ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਗੁਰੂ ਅਮਰਦਾਸ ਜੀ ਨੇ ਸਪਸ਼ਟ ਕਿਹਾ ਕਿ

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥ {ਪੰਨਾ 920}

ਤੇ ਨਾਲ ਹੀ ਕੱਚੀ ਬਾਣੀ ਬਾਰੇ ਸੁਚੇਤ ਵੀ ਕੀਤਾ ਹੈ:

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920}

ਪਰ ਬੇਪਛਾਣ ਲੋਕ ਹਾਲੇ ਵੀ ਹੋਰ ਹੋਰ ਗ੍ਰੰਥਾਂ ਨੂੰ ਗੁਰੂ ਦੇ ਬਰਾਬਰ ਰੱਖਣ ਨੂੰ ਕਾਹਲੇ ਹਨ।

ਉਨ੍ਹਾਂ ਨੇ ਕਿਹਾ ਕਿ ਅੱਜ ਦਾ ਸਿੱਖ ਸੋਨੇ ਦੀ ਪਾਲਕੀ ਤਾਂ ਤਿਆਰ ਕਰ ਸਕਦਾ ਹੈ, ਪਰ ਗੁਰੂ ਨੂੰ ਆਪਣੇ ਹਿਰਦੇ 'ਚ ਥਾਂ ਨਹੀਂ ਦੇ ਰਿਹਾ। ਉਹ ਲੜ੍ਹਨਾ ਤੇ ਪੜ੍ਹਨਾ ਤਾਂ ਜਾਣਦਾ ਹੈ, ਪਰ ਸਮਝਣਾ ਬਿਲਕੁਲ ਨਹੀਂ। ਇਸੇ ਨਾਸਮਝੀ ਅਧੀਨ ਉਹ ਬੇਪਛਾਣ ਹੋ ਰਿਹਾ ਹੈ।

ਉਨ੍ਹਾਂ ਨੇ ਭਾਈ ਗੁਰਦਾਸ ਜੀ ਦੇ ਕਬਿੱਤ

ਜੈਸੇ ਅਨਚਰ ਨਰਪਤ ਕੀ ਪਛਾਨੈਂ ਭਾਖਾ, ਬੋਲਤ ਬਚਨ ਖਿਨ ਬੂਝ ਬਿਨ ਦੇਖ ਹੀ
ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ, ਦੇਖਤ ਹੀ ਕਹੈ ਖਰੌ ਖੋਟੋ ਰੂਪ ਰੇਖ ਹੀ
ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ, ਰਾਖੀਐ ਮਿਲਾਇ ਭਿੰਨ ਭਿੰਨ ਕੈ ਸਰੇਖ ਹੀ
ਤੈਸੇ ਗੁਰ ਸਬਦ ਸੁਨਤ ਪਹਿਚਾਨੈ ਸਿਖ, ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ ॥੫੭੦॥

ਦਾ ਪ੍ਰਮਾਣ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਇੱਕ ਰਾਜੇ ਦਾ ਅਰਦਲੀ ਰਾਜੇ ਦੇ ਪਿਛੇ ਹੁੰਦਿਆਂ ਹੋਇਆਂ ਵੀ ਆਪਣੇ ਰਾਜੇ ਦੀ ਆਵਾਜ਼ ਪਛਾਣਦਾ ਹੈ..., ਜਿਸ ਤਰ੍ਹਾਂ ਜੌਹਰੀ ਰਤਨ ਨੂੰ ਦੇਖ ਹੀ ਪਛਾਣ ਜਾਂਦਾ ਹੈ ਕਿ ਕਿਹੜਾ ਖਰਾ ਹੈ ਤੇ ਕਿਹੜਾ ਖੋਟਾ ਹੈ..., ਜਿਸ ਤਰ੍ਹਾਂ ਹੰਸ ਦੁੱਧ ਅਤੇ ਪਾਣੀ ਨੂੰ ਵੱਖ ਕਰ ਦਿੰਦਾ ਹੈ..., ਉਸੇ ਤਰ੍ਹਾਂ ਸਿੱਖ ਆਪਣੇ ਗੁਰੂ ਦੀ ਬਾਣੀ ਪਛਾਣਦਾ ਹੈ, ਕਿ ਕਿਹੜੀ ਨਕਲੀ ਹੈ ਤੇ ਕਿਹੜੀ ਗੁਰਬਾਣੀ ਹੈ, ਤੇ ਕੱਚੀ ਬਾਣੀ ਨੂੰ ਗੁਰਬਾਣੀ ਨਾਲੋਂ ਨਿਖੇੜ ਦਿੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਹੌਲੀ ਹੌਲੀ ਜਾਗਰਤੀ ਆ ਰਹੀ। ਹੁਣੇ ਜਿਹੇ ਭਾਰਤ ਦੇ ਵੱਖ ਵੱਖ ਸ਼ਹਿਰਾਂ ਅਤੇ ਅਮਰੀਕਾ ਦੇ ਕਈ ਸ਼ਹਿਰਾਂ 'ਚ ਹੋਏ ਗੁਰਮਤਿ ਸਮਾਗਮਾਂ 'ਚ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਿੱਖ ਗੁਰਬਾਣੀ ਦੀ ਪਛਾਣ ਕਰਨ ਲੱਗ ਪਏ ਹਨ। ਉਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲੱਗ ਰਹੇ ਹਨ। ਕਈ ਗੁਰਦੁਆਰਿਆਂ 'ਚ ਅਰਦਾਸ 'ਚ ਸ਼ਾਮਿਲ ਕੀਤੀ "ਭਗੌਤੀ" ਦਾ ਵੀ ਤਿਆਗ ਕਰ ਦਿੱਤਾ ਗਿਆ ਹੈ, ਅਤੇ ਸਿਰਫ "ਅਕਾਲ ਪੁਰਖ" ਅੱਗੇ ਹੀ ਅਰਦਾਸ ਕੀਤੀ ਜਾ ਰਹੀ ਹੈ, ਨਾ ਕਿ ਗੁਰੂ ਸਾਹਿਬ ਤੋਂ ਪਹਿਲਾਂ "ਭਗੌਤੀ" ਨੂੰ ਸਿਮਰਿਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਨਿਤਨੇਮ 'ਚ ਵੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਜਾਵੇ। ਸਵੇਰੇ "ਜਪੁ", ਸ਼ਾਮ ਨੂੰ "ਸੋਦਰ", ਰਾਤ ਨੂੰ "ਸੋਹਿਲਾ"। ਗੁਰਬਾਣੀ ਦਾ ਜਿਨ੍ਹਾਂ ਵੀ ਪਾਠ ਕਰ ਸਕੋ, ਭਾਂਵੇਂ ਪੰਜ ਬਾਣੀਆਂ, ਭਾਂਵੇਂ ਸੱਤ, ਭਾਂਵੇਂ ਦੱਸ... ਗੁਰਬਾਣੀ ਜਿੰਨੀ ਵੀ ਪੜ੍ਹੀ ਤੇ ਸਮਝੀ ਜਾਵੇ ਚੰਗਾ ਹੈ, ਪਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ... ਨਾ ਕਿ ਕਿਸੇ ਹੋਰ ਗ੍ਰੰਥ 'ਚੋਂ 1940 'ਚ ਸ਼ਾਮਿਲ ਕੀਤੀਆਂ ਲਿਖਤਾਂ।

ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਕੀਤੀ ਅਖੌਤੀ ਸਤਿਕਾਰ ਕਮੇਟੀ ਵਲੋਂ ਸਤਿਕਾਰ ਦੇ ਨਾਮ 'ਤੇ ਕੀਤੀ ਕੁੱਟਮਾਰ ਦੀ ਵੀ ਨਿਖੇਦੀ ਕੀਤੀ।


ਨੋਟ: ਅੱਜ ਦੇ ਸਮਾਗਮ ਦੀ ਵੀਡੀਓ ਕੱਲ ਤੱਕ ਅਪਲੋਡ ਕਰ ਦਿੱਤੀ ਜਾਵੇਗੀ।


ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤੀ ਜਾਣ ਵਾਲੀ ਅਰਦਾਸ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top