Share on Facebook

Main News Page

ਸ. ਬਾਦਲ ਨੂੰ ਅਗਲੇ ਰਾਸ਼ਟਰਪਤੀ ਬਨਾਉਣ ਦੀ ਗਵਰਨਰ ਸੋਲੰਕੀ ਦੀ ਭਵਿੱਖਬਾਣੀ ਦੇ ਸੰਕੇਤ ਸਮਝੋ !!!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਪੁਰਾਣੇ ਬਜੁਰਗਾਂ ਦਾ ਕਹਿਣਾ ਅਤੇ ਧਰਮ ਗ੍ਰੰਥਾਂ ਵਿਚਲੇ ਸਾਰ ਤੋਂ ਸਪਸ਼ਟ ਹੈ ਕਿ ਪਦਵੀਆਂ ਜਾਂ ਰੁਤਬੇ ਭਾਗਾਂ ਨਾਲ ਹੀ ਨਸੀਬ ਹੁੰਦੇ ਹਨ। ਆਮ ਕਹਾਵਤ ਹੈ ਕਿ ਤਪੋ ਰਾਜ ਅਤੇ ਰਾਜੋਂ ਨਰਕ ਮਿਲਦਾ ਹੈ, ਲੇਕਿਨ ਇਸ ਵਿੱਚਲੇ ਰਹੱਸ ਨੂੰ ਜੇ ਵਿਚਾਰੀਏ ਅਤੇ ਸਮਝੀਏ ਤਾਂ ਇਹ ਇਹੀ ਸਮਝ ਆਉਂਦਾ ਹੈ ਕਿ ਜੇ ਕਿਸੇ ਨੇ ਪਿਛਲੇ ਜਨਮ ਵਿੱਚ ਕੋਈ ਭਗਤੀ ਕੀਤੀ ਹੋਵੇ ਤਾਂ ਉਹ ਰਾਜਭਾਗ ਦਾ ਮਾਲਿਕ ਬਣਦਾ ਹੈ ਅਤੇ ਜਦੋਂ ਉਸ ਦੇ ਰਾਜ ਵਿੱਚ ਲੋਕਾਂ ਨਾਲ ਅਨਿਆ ਹੁੰਦਾ ਹੈ, ਲੋਕਾਂ ਦੇ ਹੱਕ ਖੋਹੇ ਜਾਂਦੇ ਹਨ ਜਾਂ ਜਬਰ ਹੁੰਦਾ ਹੈ ਤਾਂ ਫਿਰ ਉਸ ਨੂੰ ਨਰਕਾਂ ਦਾ ਭਾਗੀ ਬਣਨਾ ਪੈਂਦਾ ਹੈ, ਲੇਕਿਨ ਇੱਥੇ ਇਹ ਵੀ ਸਮਝ ਆਉਂਦਾ ਹੈ ਕਿ ਕੁੱਝ ਲੋਕਾਂ ਨੂੰ ਤਾਂ ਰੁੱਤਬੇ ਮਿਲਦੇ ਹੀ ਇਸ ਕਰਕੇ ਹਨ, ਕਿ ਉਹ ਪਹਿਲਾਂ ਹੀ ਗਦਾਰੀਆਂ ਕਰਨ ਅਤੇ ਆਪਣਿਆਂ ਨਾਲ ਧੋਖੇ ਕਰਕੇ, ਗੈਰਾਂ ਨਾਲ ਆਪਣੀ ਵਫਾਦਾਰੀ ਵਿਖਾਉਂਦੇ ਹਨ। ਜਿਹਨਾਂ ਨੂੰ ਸਤਿਕਾਰ ਨਾਲ ਰੁੱਤਬੇ ਮਿਲਣ ਜਾਂ ਉਸ ਦੀ ਕੌਮ ਉਸ ਦੀਆਂ ਸੇਵਾਵਾਂ ਨੂੰ ਮੁੱਖ ਰੱਖਕੇ ਰੁੱਤਬੇ ਦੇਵੇ ਤਾਂ ਉਹ ਲੋਕ ਨਵਾਬ ਕਪੂਰ ਸਿੰਘ ਵਾਂਗੂੰ ਸ਼ਰਤਾਂ ਲਾਉਂਦੇ ਹਨ ਕਿ ਰੁੱਤਬਾ ਬੇਸ਼ੱਕ ਦੇ ਦਿਓ, ਪਰ ਲਿੱਦ ਚੁੱਕਣ ਦੀ ਸੇਵਾ ਮੇਰੇ ਤੋਂ ਵਾਪਿਸ ਨਹੀਂ ਲੈਣੀ, ਲੇਕਿਨ ਅੱਜ ਕੱਲ ਤਾਂ ਰੁੱਤਬੇ ਪੈਸੇ ਦੇ ਜੋਰ ਨਾਲ ਜਾਂ ਆਪਣਿਆਂ ਦੀਆਂ ਜੜਾਂ ਨੂੰ ਤੇਲ ਦੇ ਕੇ ਵੀ ਮਿਲ ਜਾਂਦੇ ਹਨ।

ਕੁੱਝ ਲੋਕ ਉਹ ਵੀ ਹੁੰਦੇ ਹਨ, ਜਿਹੜੇ ਆਪਣੀ ਕੌਮ ਵਾਸਤੇ ਕੁੱਝ ਕਰਦੇ ਹਨ, ਬੇਸ਼ੱਕ ਉਹਨਾਂ ਦਾ ਕੀਤਾ ਕਿਸੇ ਦੂਜੇ ਧਰਮ ਜਾਂ ਫਿਰਕੇ ਦੇ ਸਤਿਕਾਰ ਨੂੰ ਠੇਸ ਹੀ ਕਿਉਂ ਨਾ ਪਹੁੰਚਾਉਂਦਾ ਹੋਵੇ, ਪਰ ਈਰਖਾ ਦੀ ਅੱਗ ਵਿੱਚ ਸੜਦੇ ਲੋਕ, ਅਜਿਹੀਆਂ ਗੈਰ ਸਮਾਜਿਕ ਕਾਰਵਾਈਆਂ ਨੂੰ ਵੀ ਵੱਡੀ ਕੌਮੀ ਸੇਵਾ ਸਮਝਦੇ ਹਨ ਅਤੇ ਗਲਤੀ ਸੁਧਾਰਨ ਦੀ ਬਜਾਇ ਗਲਤੀ ਕਰਨ ਵਾਲੇ ਨੂੰ ਥਾਪੜਾ ਦਿੰਦੇ ਹਨ, ਜਾਂ ਅੱਗੋਂ ਉਹਨਾਂ ਦੀ ਸੰਤਾਨ ਨੂੰ ਵੱਡੇ ਰੁੱਤਬੇ ਬਖਸ਼ਦੇ ਹਨ। ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਲੇਕਿਨ ਹੁਣੇ ਤਾਜ਼ੀ ਇੱਕ ਉਧਾਰਨ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ, ਬੇਸ਼ੱਕ ਇਸ ਦਾ ਟੂਕ ਮਾਤਰ ਜ਼ਿਕਰ ਇੱਕ ਪਿਛਲੇ ਲੇਖ ਵਿੱਚ ਵੀ ਕੀਤਾ ਜਾ ਚੁੱਕਿਆ ਹੈ। ਸੰਸਾਰ ਉਤੇ ਇਹ ਕਪੱਤੀ ਰੀਤ ਮੁੱਢ ਕਦੀਮਾਂ ਤੋਂ ਹੀ ਚੱਲੀ ਆਉਂਦੀ ਹੈ ਕਿ ਕੁੱਝ ਲੋਕ ਆਪਣੇ ਧਰਮ ਵਿੱਚ ਏਨੇ ਕੱਟੜ ਹੋ ਜਾਂਦੇ ਹਨ ਕਿ ਦੂਜੇ ਦੇ ਧਰਮ ਨੂੰ ਬੁਰਾ ਕਹਿਣ ਵਿੱਚ ਆਪਣੀ ਧਾਰਮਿਕ ਸ਼ਰਧਾ ਦੀ ਪੂਰਤੀ ਸਮਝਦੇ ਹਨ। ਅਜਿਹਾ ਕੁੱਝ ਝਗੜਾ ਹਿੰਦੂ ਮੁਸਲਮਾਨਾ ਵਿੱਚ ਵੀ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ।

ਹਿੰਦੂਆਂ ਦੀ ਇੱਕ ਜਮਾਤ ਆਰੀਆ ਸਮਾਜ ਨੇ ਵੀ ਬਹੁਤ ਵਾਰੀ ਮੁਸਲਮਾਨਾਂ ਜਾਂ ਸਿੱਖਾਂ ਨਾਲ ਬਿਨਾਂ ਵਜਾ ਧਾਰਮਿਕ ਕਜੀਏ ਕਲੇਸ ਖੜੇ ਕੀਤੇ ਹਨ। ਅਜਿਹੀ ਹੀ ਇੱਕ ਕਾਰਵਾਈ ਕਰਦਿਆਂ, ਇੱਕ ਆਰੀਆ ਸਮਾਜੀ ਕ੍ਰਿਸ਼ਨ ਪ੍ਰਸਾਦ ਨੇ ਹਜਰਤ ਮੁਹੰਮਦ ਸਾਹਿਬ ਦੇ ਜੀਵਨ ਉੱਤੇ ਬੜੇ ਹੀ ਘਟੀਆ ਕਿੰਤੂ ਕਰਦਿਆਂ, ਇੱਕ ਕਿਤਾਬ ‘‘ ਰੰਗੀਲਾ ਰਸੂਲ ’’ ਲਿਖ ਦਿੱਤੀ ਸੀ। ਜਿਸ ਦਾ ਬੜਾ ਜਿਆਦਾ ਰੌਲਾ ਪਿਆ, ਫਸਾਦ ਹੋਏ ਅਤੇ ਅਖੀਰ ਇਸ ਦੇ ਲੇਖਿਕ ਨੂੰ ਮੋਚੀਆਂ ਦੇ ਪਰਿਵਾਰ ਵਿੱਚ ਜਨਮੇ ਇੱਕ ਮੁਸਲਮਾਨ ਮੁੰਡੇ ਨੇ ਜੁਤੀਆਂ ਮੁਰੰਮਤ ਕਰਨ ਵਾਲੇ ਔਜ਼ਾਰ, ਆਰ ਮਾਰਕੇ ਕਤਲ ਕਰ ਦਿੱਤਾ। ਇਥੇ ਕਸੂਰ ਕਿਸਦਾ, ਕੋਈ ਕਾਤਲ ਕਿਉਂ ਬਣਿਆ, ਇਸ ਗੱਲ ਦਾ ਕੋਈ ਮਤਲਬ ਨਹੀਂ ਸੀ, ਸਿਰਫ ਇਹ ਹੀ ਮਾਮਲਾ ਸੀ ਕਿ ਸਾਡਾ ਇੱਕ ਆਰੀਆ ਸਮਾਜੀ ਵਰਕਰ ਮਾਰਿਆ ਗਿਆ ਹੈ। ਇਹ ਕਿਸੇ ਨਹੀਂ ਕਿਹਾ ਕਿ ਉਸ ਨੇ ਇੱਕ ਪੈਗੰਬਰ ਦੀ ਜਿੰਦਗੀ ਉੱਤੇ ਕੀਹ ਲਿਖਿਆ ਹੈ, ਕਿਉਂਕਿ ਮਸਲਾ ਧਰਮਾਂ ਅਤੇ ਵੱਖਰੀਆਂ ਕੌਮਾਂ ਦਾ ਸੀ, ਜਿੱਥੇ ਆ ਕੇ ਪੈਗੰਬਰ , ਅਵਤਾਰ, ਗੁਰੂ , ਰਹਿਬਰ ਆਦਿਕ ਸਭ ਦੇ ਅਰਥ ਸਾਡੀ ਧਾਰਮਿਕ ਮੰਦਬੁੱਧੀ ਦੀ ਲਪੇਟ ਵਿੱਚ ਆ ਜਾਂਦੇ ਹਨ।

ਜਦੋਂ ਭਾਰਤ ਅਜਾਦ ਹੋਇਆ ਤਾਂ ਵਲਭ ਭਾਈ ਪਟੇਲ, ਜਿਹੜੇ ਖੁਦ ਵੀ ਇੱਕ ਕੱਟੜਵਾਦੀ ਹਿੰਦੂ ਨੇਤਾ ਸਨ , ਨੇ ਇਹ ਸੋਚਿਆ ਕਿ ਸਾਨੂੰ ਆਪਣੇ ਆਰੀਆ ਸਮਾਜੀ ਵਰਕਰ ਦੇ ਪਰਿਵਾਰ ਨੂੰ ਸਤਿਕਾਰ ਦੇਣਾ ਚਾਹੀਦਾ ਹੈ ਤਾ ਰੰਗੀਲਾ ਰਸੂਲ ਦੇ ਲੇਖਕ ਦੇ ਸਪੁੱਤਰ ਸੁਰਿੰਦਰ ਨਾਥ ਨੂੰ ਡੀ.ਐਸ.ਪੀ. ਭਰਤੀ ਕੀਤਾ ਗਿਆ ਅਤੇ ਥੋੜੇ ਸਮੇਂ ਵਿੱਚ ਹੀ ਉਸ ਨੂੰ ਐਸ.ਪੀ. ਰੋਹਤਕ ਲਾ ਦਿੱਤਾ ਗਿਆ, ਜਿੱਥੋਂ ਬੜੀ ਹੀ ਤੇਜੀ ਨਾਲ ਉਸ ਨੂੰ ਡੀ.ਆਈ.ਜੀ.ਬਣਾ ਕੇ ਕਸ਼ਮੀਰ ਭੇਜ ਦਿੱਤਾ। ਆਰੀਆ ਸਮਾਜ਼ ਵਾਲੇ ਪਿਛੋਕੜ ਅਤੇ ਰੰਗੀਲਾ ਰਸੂਲ ਲਿਖਣ ਪਿੱਛੇ, ਕਤਲ ਹੋਏ ਬਾਪੂ ਦਾ ਮੁੱਲ ਮੋੜਣ ਲਈ, ਤਰੱਕੀ ਤੇ ਤਰੱਕੀ ਮਿਲਦੀ ਗਈ, ਆਈ.ਜੀ. ਦੀ ਸਿਖਰਲੀ ਪੌੜੀ ਤੱਕ ਲਿਜਾ ਕੇ ਸਿੱਧਾ ਰਾਜਨੀਤਿਕ ਪਿੜ ਵਿੱਚ ਉਤਾਰ ਲਿਆ। ਜਿੱਥੇ ਉਸ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਗਿਆ ਅਤੇ ਉਸ ਨੂੰ ਮਨ ਮਾਨੀਆਂ ਦੀ ਪੂਰੀ ਖੁੱਲ ਦਿੱਤੀ ਗਈ। ਅਖੀਰ ਨੂੰ ਪੰਜਾਬ ਵਿੱਚ, ਜਦੋਂ ਸਿੱਖਾਂ ਉੱਤੇ ਜਬਰ ਸਿਖਰਾਂ ਉੱਤੇ ਸੀ ਤਾਂ ਉਸ ਨੂੰ ਪੰਜਾਬ ਦਾ ਗਵਰਨਰ ਲਗਾ ਦਿੱਤਾ ਗਿਆ। ਜਿਸ ਦਿਨ ਕੁੱਲੂ ਨੇੜੇ ਉਸ ਦਾ ਸਾਰਾ ਪਰਿਵਾਰ ਇੱਕ ਹਵਾਈ ਹਾਦਸੇ ਵਿੱਚ ਮਰਿਆ ਤਾਂ ਪਹਾੜੀਆਂ ਉੱਤੇ ਨੋਟਾਂ ਦਾ ਮੀਂਹ ਵਰ ਗਿਆ ਸੀ। ਇਹ ਸਾਰਾ ਪੈਸਾ ਉਸ ਨੇ ਪੰਜਾਬ ਨੂੰ ਲੁੱਟ ਕੇ ਇਕੱਠਾ ਕੀਤਾ ਸੀ, ਅਜਿਹੀ ਖੁੱਲ ਕਿਉਂ ਮਿਲੀ ਕਿਉਂਕਿ ਉਸ ਦੇ ਪਿਤਾ ਨੇ ਕਿਸੇ ਦੇ ਧਰਮ ਨੂੰ ਠੇਸ ਪਹੁੰਚਾਈ ਸੀ।

ਇਹ ਹਾਲ ਤਾਂ ਬਿਆਨ ਕੀਤਾ ਹੈ ਕਿ ਪਾਠਕ ਬਰੀਕੀ ਨਾਲ ਹਲਾਤਾਂ ਨੂੰ ਸਮਝ ਸਕਣ, ਹੁਣ ਆਉਂਦੇ ਹਾਂ ਅਸਲੀ ਮੁੱਦੇ ਵੱਲ ਨੂੰ ਕਿ ਸ. ਬਾਦਲ ਨੂੰ ਰਾਸ਼ਟਰਪਤੀ ਬਣਾ ਕੇ ਭਾਰਤੀ ਨਿਜ਼ਾਮ ਕੀਹ ਕਰਨ ਬਾਰੇ ਸੋਚਦਾ ਹੈ ਜਾਂ ਅਜਿਹੀ ਕਿਹੜੀ ਸੇਵਾ ਸ. ਬਾਦਲ ਨੇ ਕੀਤੀ ਹੈ, ਜਿਸ ਕਰਕੇ ਉਹ ਰਾਸ਼ਟਰਪਤੀ ਦੀ ਪਦਵੀ ਦੇ ਦਾਹਵੇਦਾਰ ਜਾਂ ਯੋਗ ਦਿੱਸਦੇ ਹੋਣ। ਥੋੜਾ ਜਿਹਾ ਪਿੱਛੇ ਵੱਲ ਨੂੰ ਝਾਤੀ ਮਾਰੋ, ਪੰਜਾਬ ਵਿੱਚ ਇੰਦਰਾ ਗਾਂਧੀ ਨੇ ਆਪਣੇ ਇੱਕ ਭਗਤ ਨੂੰ ਉਭਾਰਿਆ, ਪਹਿਲਾਂ ਮੁੱਖ ਮੰਤਰੀ, ਫਿਰ ਗ੍ਰਿਹ ਮੰਤਰੀ ਅਤੇ ਅਖੀਰ ਰਾਸ਼ਟਰਪਤੀ ਦੇ ਰੁੱਤਬੇ ਉੱਤੇ ਪਹੁੰਚਾਇਆ।

ਉਹ ਸ਼ਖਸ ਗਿਆਨੀ ਜ਼ੈਲ ਸਿਹੁੰ, ਜਿਹੜਾ ਵੇਖਣ ਤੋਂ ਸਿੱਖ ਪ੍ਰਤੀਤ ਹੁੰਦਾ ਸੀ ਅਤੇ ਲੋਕਾਚਾਰੀ ਪਾਠ ਵੀ ਕਰਦਾ ਸੀ, ਲੇਕਿਨ ਇੰਦਰਾ ਗਾਂਧੀ ਦੀ ਯੋਜਨਾ ਸੀ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰਨਾ ਹੈ, ਜਿਥੇ ਮੇਰੇ ਉੱਤੇ ਇਤਿਹਾਸਕਾਰ ਦੋਸ਼ ਲਾਉਣਗੇ, ਉਥੇ ਮੇਰੇ ਨਾਲ ਦੋ ਸਿੱਖ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਅਤੇ ਗ੍ਰਿਹ ਮੰਤਰੀ ਬੂਟਾ ਸਿੰਘ ਵਰਗੇ ਵੀ ਤਾਂ ਨਾਲ ਬਰਾਬਰ ਦੋਸ਼ੀ ਹੋਣਗੇ, ਜਿਸ ਕਰਕੇ ਮੇਰੀ ਇਹ ਕਾਲੀ ਕਰਤੂਤ ਸਹੀ ਸਾਬਿਤ ਹੋਵੇਗੀ ਕਿ ਸਿੱਖ ਵੀ ਤਾਂ ਹਮਲਾ ਚਾਹੁੰਦੇ ਹੀ ਸਨ। ਇੰਦਰਾ ਨੇ ਸਿੱਖ ਰਾਸ਼ਟਰਪਤੀ ਤੋਂ ਹੀ ਫੌਜੀ ਹਮਲੇ ਦੀ ਪ੍ਰਵਾਨਗੀ ਲਈ, ਬਾਅਦ ਵਿੱਚ ਬੇਸ਼ੱਕ ਕੋਈ ਸਫਾਈਆਂ ਦੇਈ ਜਾਵੇ, ਪਰ ਸਭ ਕੁੱਝ ਰੁਤਬੇ ਦੀ ਬਖਸ਼ਿਸ਼ ਦੇ ਪ੍ਰਭਾਵ ਅਧੀਨ ਹੀ ਹੋਇਆ। ਕੋਈ ਕੋਈ ਮਾਈ ਦਾ ਲਾਲ ਜੰਮਦਾ ਹੈ, ਜਿਹੜਾ ਜਰਨਲ ਸਿਨਹਾ ਵਾਂਗੂੰ ਰੁੱਤਬੇ ਦੀ ਪ੍ਰਵਾਹ ਨਾ ਕਰਕੇ, ਧਰਮ ਅਸਥਾਨ ਉੱਤੇ ਹਮਲੇ ਤੋਂ ਜਵਾਬ ਦੇ ਸਕੇ।

ਅੱਜ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਧੜਾ ਧੜ ਸਨਮਾਨ ਮਿਲ ਰਹੇ ਹਨ ਅਤੇ ਇਹਨਾਂ ਸਾਰਿਆਂ ਪਿੱਛੇ ਸਿੱਧੇ, ਪਰ ਲੁੱਕਵੇਂ ਰੂਪ ਵਿੱਚ ਭਾਰਤੀ ਨਿਜ਼ਾਮ ਭਾਵ ਕੱਟੜਵਾਦੀ ਹਿੰਦੂ ਸਟੇਟ ਦਾ ਦਿਮਾਗ ਕੰਮ ਕਰਦਾ ਹੈ। ਸ. ਬਾਦਲ ਨੇ ਜੋ ਸਿੱਖੀ ਨੂੰ ਢਾਹ ਲਾਈ ਹੈ ਜਾਂ ਲਾ ਰਿਹਾ ਹੈ ਜਾਂ ਭਵਿੱਖ ਵਿਚ ਲਵਾਉਣੀ ਹੈ, ਉਸ ਨੂੰ ਮੁੱਖ ਰਖਕੇ ਹੀ ਅਜਿਹੇ ਸਨਮਾਨ ਦਿੱਤੇ ਜਾ ਰਹੇ ਹਨ। ਪਿਛਲੇ ਦਿਨੀ ਜਲੰਧਰ ਦੀ ਇੱਕ ਪ੍ਰਾਇਵੇਟ ਯੂਨਿਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਦੀ ਸਲਾਨਾ ਕਨਵੋਕੇਸ਼ਨ ਦੇ ਮੌਕੇ ਮੌਰਸ਼ਿਸ਼ ਦੇ ਰਾਸ਼ਟਰਪਤੀ, ਗਵਰਨਰ ਪੰਜਾਬ ਸ੍ਰੀ ਕਪਤਾਨ ਸਿੰਘ ਸੋਲੰਕੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਪਹੁੰਚੇ ਹੋਏ ਸਨ ,ਉਥੇ ਗਵਰਨਰ ਪੰਜਾਬ ਨੇ ਆਪਣੇ ਭਾਸ਼ਣ ਵਿੱਚ ਭਾਰਤ ਦੇ ਅਗਲੇ ਰਾਸ਼ਟਰਪਤੀ ਵਜੋਂ ਸ. ਬਾਦਲ ਦੇ ਨਾਮ ਦੀ ਪੋਸ਼ੀਨਗੋਈ ਕੀਤੀ ਹੈ। ਬਹੁਤ ਸਾਰੇ ਸੱਜਣ ਇਸ ਨੂੰ ਸੁਭਾਵਿਕ ਬਿਆਨ ਜਾਂ ਸ.ਬਾਦਲ ਦੀ ਪ੍ਰਸੰਸਾ ਵਜੋਂ ਲੈਂਦੇ ਹੋਣਗੇ, ਲੇਕਿਨ ਇਹ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਜਿਹੜੇ ਵੀ ਗਵਨਰ ਲਾਏ ਜਾ ਰਹੇ ਹਨ, ਇਹ ਸਭ ਆਰ.ਐਸ.ਐਸ. ਦੀ ਸਲਾਹ ਨਾਲ ਲੱਗ ਰਹੇ ਹਨ, ਜਿਸ ਦਾ ਮੁੱਖ ਏਜੰਡਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ।

ਅਜਿਹਾ ਬਿਆਨ ਕਦੇ ਕਿਸੇ ਸੂਬੇ ਦੇ ਗਵਨਰ ਨੂੰ ਦੇਣ ਦੀ ਇਜਾਜ਼ਤ ਨਹੀਂ ਹੁੰਦੀ, ਕਿ ਦੇਸ਼ ਦੇ ਵੱਡੇ ਰੁਤਬਿਆਂ ਬਾਰੇ ਕਿਸੇ ਦੇ ਨਾਮ ਦੀ ਜਨਤਕ ਤੌਰ ਉੱਤੇ ਸਿਫਾਰਿਸ਼ ਕਰੇ। ਦੂਸਰੀ ਗੱਲ ਇਹ ਵੀ ਹੈ ਕਿ ਜੇ ਸ੍ਰੀ ਸੋਲੰਕੀ ਅਜਿਹਾ ਬਿਆਨ ਦੇ ਰਹੇ ਹਨ ਤਾਂ ਇਹ ਸਭ ਕੁੱਝ ਆਰ.ਐਸ.ਐਸ. ਦੀ ਸਲਾਹ ਨਾਲ ਹੋ ਰਿਹਾ ਹੈ, ਜਿਸ ਤੋਂ ਸਪਸ਼ਟ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਵਿੱਚ ਫਿਰ ਕੋਈ ਵੱਡੀ ਅਲਾਮਤ ਸਿੱਖਾਂ ਦੇ ਗਲ ਪੈਣ ਵਾਲੀ ਹੈ ਕਿਉਂਕਿ ਜੇ ਇੰਦਰਾ ਨੂੰ ਸਿੱਖਾਂ ਦਾ ਘਾਣ ਕਰਨ ਵਾਸਤੇ ਕਿਸੇ ਜੈਲ ਸਿਹੁੰ ਜਾਂ ਬੂਟਾ ਸਿਹੁੰ ਦੀ ਲੋੜ ਸੀ ਤਾਂ ਫਿਰ ਸਿੱਖਾਂ ਦੀ ਨਸਲਕੁਸ਼ੀ ਦੇ ਅਗਲੇ ਕਦਮ ਨੂੰ ਅੰਜਾਮ ਦੇ ਲਈ ਆਰ.ਐਸ.ਐਸ. ਜਾਂ ਨਰਿੰਦਰ ਮੋਦੀ ਨੂੰ ਵੀ ਤਾਂ ਕਿਸੇ ਜ਼ੈਲ ਸਿਹੁੰ (ਪ੍ਰਕਾਸ਼ ਸਿਹੁੰ) ਦੀ ਲੋੜ ਹੈ?

ਇਸ ਵਾਸਤੇ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਬਿਨਾਂ ਕਾਬਲੀਅਤ ਅਤੇ ਬਗੈਰ ਕੌਮੀ ਸਹਿਮਤੀ ਤੋਂ ਜਦੋਂ ਕਿਸੇ ਆਗੂ ਨੂੰ ਵੱਡੇ ਰੁੱਤਬੇ ਕਿਸੇ ਨਿਜ਼ਾਮ ਵਲੋਂ ਮਿਲ ਰਹੇ ਹੋਣ, ਤਾਂ ਕੌਮ ਵਾਸਤੇ ਖਤਰੇ ਦੇ ਬੱਦਲਾਂ ਦੀ ਨਿਸ਼ਾਨੀ ਹੈ। ਇਸ ਲਈ ਸਿੱਖਾਂ ਨੂੰ ਆਪਣੇ ਆਗੂਆਂ ਦੇ ਕਿਰਦਾਰ ਅਤੇ ਉਹਨਾਂ ਦੀ ਕਾਰਜਸ਼ੈਲੀ ਨੂੰ ਧਿਆਨ ਵਿੱਚ ਰਖਦਿਆਂ, ਸਾਨੂੰ ਨਿਗਲਨ ਵਾਸਤੇ ਸਾਜਿਸ਼ਾਂ ਰਚਨ ਵਾਲਿਆਂ ਦੀਆਂ ਚਾਲਾਂ ਉੱਤੇ ਬਾਜ਼ ਅੱਖ ਰੱਖਣ ਦੀ ਲੋੜ ਹੈ।

ਅੱਗੇ ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top