Share on Facebook

Main News Page

21 ਅਪ੍ਰੈਲ ਗਿਆਨੀ ਦਿੱਤ ਸਿੰਘ ਜੀ ਦੇ ਜਨਮ ਦਿਵਸ 'ਤੇ ਵਿਸ਼ੇਸ਼
ਦੇਖੋ ਮੂਰਖ ਦੇਸ਼ ਆਸਾਡਾ, ਕਿਕੁਰ ਡੁਬਦਾ ਜਾਂਦਾ !!!
-:
ਇਕਵਾਕ ਸਿੰਘ ਪੱਟੀ

 19ਵੀਂ ਸਦੀ ਦੇ ਦੂਜੇ ਅੱਧ ਵਿੱਚ ਜਦ ਇੰਗਲੈਂਡ ਦੀਆਂ ਅਖਬਾਰਾਂ ਨੇ ਇਹ ਛਾਪ ਦਿੱਤਾ ਕਿ ਆਉਣ ਵਾਲੇ 25 ਸਾਲਾਂ ਵਿੱਚ ਜੇ ਸਿੱਖਾਂ ਦੇ ਦਰਸ਼ਨ ਕਰਨੇ ਹੋਣ ਤਾਂ ਉਹ ਕੇਵਲ ਅਜਾਇਬ ਘਰਾਂ ਵਿੱਚ ਲੱਗੇ ਸਿੱਖਾਂ ਦੇ ਚਿੱਤਰਾਂ ਤੋਂ ਹੀ ਹੋਇਆ ਕਰਨਗੇ । ਕਿਉਂਕਿ ੧੮੮੧ ਈ: ਦੀ ਮਰਦਮ ਸ਼ੁਮਾਰੀ ਵਿੱਚ ਸਿਖਾਂ ਦੀ ਗਿਣਤੀ ਕਰੋੜਾਂ ਤੋਂ ਘੱਟ ਕੇ ੧੮ ਲੱਖ ਦੇ ਕਰੀਬ ਪੁੱਜ ਚੁੱਕੀ ਸੀ। ਐਸੇ ਸਮੇਂ ਵਿੱਚ ਜੇ ਕਿਸੇ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ, ਤਰਕ ਦਲੀਲ਼ ਪੂਰਵਕ ਗੁਰਮਤਿ ਸਿਧਾਂਤਾਂ 'ਤੇ ਪੂਰਨ ਰੂਪ ਵਿੱਚ ਪਹਿਰਾਂ ਦਿੰਦਿਆਂ ਹੋਇਆਂ, ਬਾਬਾ ਨਾਨਕ ਦੀ ਵੀਚਾਰਧਾਰਾ ਨੂੰ ਇੱਕ ਵਾਰ ਫਿਰ ਬੁਲੰਦੀਆਂ ਤੇ ਪਹੁੰਚਾ ਕੇ, ਲੋਕਾਈ ਵਿੱਚ ਗੁਰਮਤਿ, ਗੁਰਬਾਣੀ ਦੀ ਅਲਖ ਜਗਾਈ ਤਾਂ ਉਹ ਸੀ ਪਿਆਰੇ "ਦਿੱਤ ਸਿੰਘ ਜੀ ਗਿਆਨੀ" ਜਿਹਨਾਂ ਨੂੰ ਅੱਜ ਵੀ "ਸੁਤੀ ਕੌਮ ਜਗਾਉਣ ਵਾਲੇ" ਕਹਿ ਕੇ ਸਨਮਾਨ ਦਿੱਤਾ ਜਾਂਦਾ ਹੈ ।

ਸਿੱਖ ਵੀਚਾਰਧਾਰਾ ਨੂੰ ਪ੍ਰਚਾਰਣ ਹਿੱਤ ਆਪ ਜੀ ਵੱਲੋਂ ਦਿੱਤਾ ਗਿਆ ਯੋਗਦਾਨ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਨਾਲ ਲਿਖਿਆ ਪਿਆ ਹੈ । ਅੱਜ ਵੀ ਉਹਨਾਂ ਤੋਂ ਬਾਅਦ ਕੌਮ ਨੂੰ ਦੂਜਾ ਗਿਆਨੀ ਦਿੱਤ ਸਿੰਘ ਨਹੀਂ ਮਿਲ ਸਕਿਆ । ਸ਼ਾਇਦ ਇਹੀ ਕਾਰਣ ਸੀ ਕਿ ਆਪ ਜੀ ਦੇ ਅਕਾਲ ਚਲਾਣੇ ਤੋਂ ਬਾਅਦ "ਕੌਮ ਲੁੱਟੀ ਗਈ ਦਾ" ਨਾਅਰਾ ਗੂੰਜ ਉਠਿਆ ਸੀ । ਆਪ ਜੀ ਦਾ ਵੀਚਾਰ ਚਰਚਾ ਦੌਰਾਨ ਆਪ ਜੀ ਦੀਆਂ ਅਟੱਕ ਦਲੀਲਾਂ, ਤਰਕ ਭਰਪੂਰ ਵਿਖਿਆਨਾਂ ਅੱਗੇ ਆਰੀਆ ਸਮਾਜੀ ਸਵਾਮੀ ਦਇਆ ਨੰਦ ਤਿੰਨ ਵਾਰ ਹਾਰ ਖਾ ਕੇ ਆਪ ਜੀ ਦੀ ਬਿਬੇਕ ਬੁੱਧੀ ਅੱਗੇ ਆਪਣਾ ਸਿਰ ਝੁਕਾ ਕੇ ਗਿਆ । ਉਹ ਵੱਖਰੀ ਗੱਲ ਹੈ ਕਿ ਅੱਜ ਸਵਾਮੀ ਦਇਆ ਨੰਦ ਦੇ ਨਾਮ ਤੇ ਅਨੇਕਾ ਸਕੂਲ, ਕਾਲਜ, ਯੂਨੀਵਰਸਿਟੀਆਂ ਹੌਂਦ ਵਿੱਚ ਆ ਗਈਆਂ ਪਰ ਅੱਜ ਸਿੱਖਾਂ ਦੇ ਘਰ ਜੰਮਣ ਵਾਲੇ ਬਹਤਿਆਂ ਨੂੰ ਨਹੀਂ ਪਤਾ ਕਿ ਗਿਆਨੀ ਦਿੱਤ ਸਿੰਘ ਜੀ ਕੀ ਸਨ ।

ਪਿਛਲੇ ਸਾਲ ਇੱਕ ਪ੍ਰਚਾਰਕ (ਕਥਾ ਵਾਚਕ) ਕਹਾਉਂਦਾ ਵਿਅਕਤੀ ਇਲਾਕੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਲੈਟਰ ਹੈੱਡ ਦੇ ਆਪਣੇ ਵਿਦੇਸ਼ ਜਾਣ ਸਬੰਧੀ ਕਥਾ ਵਾਚਕ ਦਾ ਪ੍ਰਮਾਣ-ਪੱਤਰ  ਮੇਰੀ ਕੋਲੋਂ ਕੰਪਿਉਟਰ 'ਤੇ ਟਾਈਪ ਕਰਵਾਉਣ ਆਇਆ । ਜਦ ਗੱਲ ਬਾਤ ਦੀ ਸਾਂਝ ਹੋਈ ਤਾਂ ਜਦ ਮੈਂ ਜ਼ਿਕਰ ਕੀਤਾ ਕਿ ਪ੍ਰਚਾਰਕ ਹੋਵੇ ਤਾਂ ਗਿਆਨੀ ਦਿੱਤ ਸਿੰਘ ਜੀ ਵਰਗਾ । ਤਾਂ ਉਹ ਮੈਨੂੰ ਪੁੱਛਣ ਲੱਗਾ, "ਉਹ ਕੌਣ ਸੀ ?" ਮੈਂ ਕਦੇ ਉਸਦੇ ਲੈੱਟਰ ਹੈੱਡ ਵੱਲ ਵੇਖਾਂ ਤੇ ਕਦੇ ਉਹਦੇ ਮੂੰਹ ਵੱਲ । ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਜਿਸਨੂੰ ਭਾਈ ਦਿੱਤ ਸਿੰਘ ਜੀ ਦੇ ਜੀਵਣ ਬਾਰੇ ਹੀ ਨਾ ਪਤਾ ਹੋਵੇ ਕੀ ਉਹ ਵੀ ਸਿੱਖ ਕੌਮ ਦਾ ਪ੍ਰਚਾਰਕ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ ? ਬਲਕਿ ਮੈਂ ਤਾਂ ਇਹ ਕਹਾਂਗਾ ਕਿ ਪ੍ਰਚਾਰਕ ਹੋਣਾ ਹੀ ਭਾਈ ਦਿੱਤ ਸਿੰਘ ਜੀ ਵਰਗਾ ਚਾਹੀਦਾ ਹੈ ਨਹੀਂ ਤੇ ਫਿਰ ਨਾ ਹੋਵੇ ।

ਜਿਸ ਢੰਗ ਨਾਲ ਉਹਨਾਂ ਨੇ ਦਿਸ਼ਾਹੀਣ ਹੋ ਚੁੱਕੀ ਕੌਮ ਵਿੱਚ ਨਵੀਂ ਰੂਹ ਫੂਕੀ। ਥਾਂ ਪੁਰ ਥਾਂ ਜਾ ਕੇ ਸਿੱਖੀ ਸਿਧਾਂਤਾਂ ਦੇ ਝੰਡੇ ਗੱਡੇ, ਜਾਤ-ਪਾਤ, ਵਹਿਮਾਂ-ਭਰਮਾਂ, ਨਕਲੀ ਪੀਰਾਂ, ਸਾਧਾਂ, ਡੇਰਿਆਂ ਦਾ ਪਰਦਾ ਫਾਸ਼ ਕਰਕੇ ਲੋਕਾਈ ਨੂੰ ਹਲੂਣਿਆ । ਕੌਮ ਨੂੰ ਵਿਦਿਆਵਾਣ ਬਣਾਉਣ ਲਈ ਵਿਦਿਅਕ ਅਦਾਰੇ ਕਾਇਮ ਕੀਤੇ ਗਏ, ਸਿੰਘ ਸਭਾ ਲਹਿਰ ਰਾਹੀਂ, ਖਾਲਸਾ ਅਖਬਾਰ ਰਾਹੀਂ, ਪ੍ਰੋ ਗੁਰਮੁੱਖ ਸਿੰਘ ਦੇ ਸਹਿਯੋਗ ਸਦਕਾ ਆਪ ਜੀ ਇੰਗਲੈਂਡ ਦੀਆਂ ਅਖਬਾਰਾਂ ਵਿੱਚ ਛਪੀਆਂ ਖਬਰਾਂ ਨੂੰ ਝੂਠਲਾ ਦਿੱਤਾ ਅਤੇ ਸਿੱਖੀ ਦੇ ਬਾਗ ਨੂੰ ਮੁੜ ਬਾਬੇ ਨਾਨਕ ਦੀ ਬਾਣੀ ਰੂਪੀ ਅੰਮਿਰਤ (ਵੀਚਾਰਧਾਰਾ ਦੇ ਪ੍ਰਚਾਰ ਸਦਕਾ) ਮੁੜ ਹਰਿਆ ਭਰਿਆ ਕਰ ਦਿੱਤਾ ।

'ਗੁੱਗਾ ਗਪੋੜਾ ਸੁਲਤਾਨ ਪੁਆੜਾ', 'ਨਕਲੀ ਸਿੱਖ ਪ੍ਰਬੋਧ', ਖਾਲਸਾ ਅਖਬਾਰ ਰਾਹੀਂ ਲਿਖੀਆਂ ਸੰਪਾਦਕੀਆਂ ਅਤੇ ਗੁਰਮਤਿ ਲੇਖਾਂ ਸਦਕਾ ਕੌਮ ਵਿੱਚ ਜਾਗ੍ਰਿਤੀ ਆਈ । ਭਾਈ ਦਿੱਤ ਸਿੰਘ ਗਿਆਨੀ ਕੌਮ ਦੇ ਕੋਹਿਨੂਰ ਹੀਰੇ ਸਨ । ਅੱਜ ਵੀ ਜਦ ਉਹਨਾਂ ਦੀਆਂ ਲਿਖਤਾਂ ਪੜੀਏ ਤਾਂ ਪਤਾ ਲੱਗਦਾ ਹੈ ਕਿ ਉਸ ਸਮੇਂ ਕੌਮ ਵਿੱਚ ਕਿਸ ਪੱਧਰ ਤੇ ਅੰਧ ਵਿਸ਼ਵਾਸ਼, ਕਰਮਕਾਂਡ, ਬ੍ਰਹਾਮਣਵਾਦ ਭਾਰੂ ਹੋ ਚੁੱਕਿਆ ਸੀ, ਪਰ ਉਦੋਂ ਹੈਰਾਨੀ ਹੋਰ ਵੀ ਵੱਧ ਜਾਂਦੀ ਹੈ ਜਦ ਉਹਨਾਂ ਦੀਆਂ ੧੧੧ ਸਾਲ ਪਹਿਲਾਂ ਲਿਖੀਆਂ ਹੋਈਆਂ ਲਿਖਤਾਂ ਨੂੰ ਪੜ੍ਹਦਿਆਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹ ਗੱਲ ਕੋਈ ੧੦੦ ਸਾਲ ਪੁਰਾਣੀ ਨਹੀਂ ਇਹ ਤਾਂ ਅੱਜ ਦਾ ਵਾਕਿਆ ਹੈ । ਬਤੌਰ ਸਬੂਤ ਪਾਠਕ ਜਨ ਭਾਈ ਦਿੱਤ ਸਿੰਘ ਜੀ ਦੀ ਕੋਈ ਵੀ ਪੁਰਾਣੀ ਲਿਖਤ ਅੱਜ ਪੜ੍ਹ ਕੇ ਵੇਖ ਲੈਣ ਤਾਂ ਪਤਾ ਲੱਗ ਜਾਵੇਗਾ ਕਿ ਸਾਡੀ ਕੌਮ ਦੀ ਹਾਲਤ ਕਿੰਨੀ ਬੌਣੀ ਹੋ ਚੁੱਕੀ ਹੈ ।

ਅੰਮ੍ਰਿਤ ਛੱਕਣ ਤੋਂ ਬਾਅਦ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਉਹਨਾਂ ਸਿੱਖਾਂ ਬਾਰੇ ਜੋ ਅੱਜ ਵੀ ਜਾਤ-ਪਾਤ ਵਿੱਚ ਫਸੇ ਪਏ ਹਨ ਬਾਰੇ ਆਪ ਜੀ ਨੇ ਵਿਅੰਗ ਕੱਸਦਿਆਂ ਕਿਹਾ:

ਕੌਣ ਸਿੱਖ ਹੁੰਦੇ ਹੋ ਭਾਈ? ਮੈਂ ਅਰੋੜਾ ਇਹ ਹੈ ਨਾਈ ।
ਤੇਰੀ ਸਿੰਘਾ ਕੀ ਹੈ ਜਾਤਿ ? ਨਾਈਂ, ਛੀਬਾ, ਬੰਸੀ ਭਰਾਤ ।

ਅੱਜ ਵੀ ਪਿੰਡਾਂ ਵਿੱਚ ਥਾਂ ਪੁਰ ਥਾਂ ਛੱਤੀ ਪ੍ਰਕਾਰ ਦੇ ਪੀਰਾਂ ਦੀਆਂ ਕਬਰਾਂ, ਮੜ੍ਹੀਆਂ-ਮਸਾਣਾ ਜਿਹਨਾਂ ਦਾ ਕੋਈ ਇਤਹਾਸ ਵੀ ਨਹੀਂ ਪਤਾ (ਇਤਿਹਾਸ ਤਾਂ ਹੈ ਹੀ ਨਹੀਂ) ਦੀ ਪੂਜਾ ਹੋ ਰਹੀ ਹੈ । ਆਪ ਜੀ ਦੀ ਪੁੱਸਤਕ 'ਗੁੱਗਾ ਗਪੌੜਾ-ਸੁਲਤਾਨ ਪੁਆੜਾ' ਵਿੱਚ ਕਾਵਿ ਬੰਦ ਯਾਦ ਆ ਰਿਹਾ ਹੈ ਜੋ ਅੱਜ ਤੋਂ ੧੦੦ ਸਾਲ ਪਹਿਲਾਂ ਲਿਖਿਆ ਹੋ ਕੇ ਵੀ ਅੱਜ ਦੇ ਸਾਮਾਜ ਦੀ ਹਾਲਤ ਬਿਆਨ ਕਰਦਾ ਹੈ:

ਦੇਖੋ ਮੂਰਖ ਦੇਸ਼ ਆਸਾਡਾ, ਕਿਕੁਰ ਡੁਬਦਾ ਜਾਂਦਾ।
ਸੱਪਾਂ, ਕੁਤਿਆਂ, ਬਿੱਲੀਆਂ, ਕਾਵਾਂ, ਆਪਣੇ ਪੀਰ ਬਣਾਂਦਾ।

ਦਿੱਤ ਸਿੰਘ ਜੀਉ! ਜਿਸ ਹਾਲਤ ਵਿੱਚੋਂ ਤੁਸੀਂ ਕੌਮ ਨੂੰ ਕੱਢਿਆ ਸੀ, ਉਸਤੇ ਸਾਰਾ ਪਾਣੀ ਫਿਰ ਗਿਆ ਹੈ । ਤੁਹਾਡੀਆਂ ਲਿਖਤਾਂ ਪੜ੍ਹਨ ਤੋਂ ਬਆਦ ਮੈਨੂੰ ਇਹ ਕਹਿਣ ਵਿੱਚ ਸ਼ਰਮ ਤਾਂ ਮਹਿਸੂਸ ਹੋ ਹੀ ਹੈ ਕਿ ਹਰ ਦੇਸ਼, ਕੌਮ ਜਾਂ ਧਰਮ ਸਮੇਂ ਦੇ ਨਾਲ ਤਰੱਕੀ ਕਰਦਾ ਹੈ, ਪਰ ਸਾਡੀ ਕੌਮ ਜੇ ਕਹਿ ਦੇਵਾਂ ਤਾ ਮੁਆਫ ਕਰਨਾ ਭਾਈ ਦਿੱਤ ਸਿੰਘ ਜੀਉ ! ਅੱਜ ਵੀ ਉੱਥੇ ਜਾ ਕੇ ਖੜ੍ਹ ਗਈ ਹੈ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ ।

ਹੁਣ ਤਾਂ ਹੋਰ ਵੀ ਥਲੇ ਵਾਲੇ ਪਾਸੇ ਤੋਂ ਕਈ ਮੱਲਾਂ ਮਾਰ ਲਈਆਂ ਨੇ । ਪੁਜਾਰੀ ਤਾਂ ਉਹ ਤੁਹਾਡੇ ਸਮੇਂ ਵਾਲੇ ਹੀ ਨੇ, ਹੁਣ ਵੀ ਉਸ ਤਰ੍ਹਾਂ ਹੀ ਮਰਜੀਨਾਮੇ (ਅਖੌਤੀ ਹੁਕਮਨਾਮੇ) ਗੁਰਮਤਿ ਸਿਧਾਂਤਾਂ ਦੀ ਗੱਲ ਕਰਨ ਵਾਲੇ ਵਿਰੁੱਧ ਜਾਰੀ ਹੁੰਦੇ ਹਨ । ਹੁਣ ਤਾਂ ਸਰਕਾਰ ਤੋਂ ਦਬਾਅ ਪੁਆ ਕੇ ਹੁਕਮਨਾਮਾ ਜਾਰੀ ਕਰਨ ਤੋਂ ਬਾਅਦ ਕਾਨੂੰਨੀ ਦਾਅ ਪੇਚ ਖੇਡਣ ਦੇ ਨਾਲ ਨਾਲ ਗੁਰਮਤਿ ਪ੍ਰਚਾਰਕਾਂ ਤੇ ਹਮਲੇ ਵੀ ਕਰਵਾ ਦਿੱਤੇ ਜਾਂਦੇ ਹਨ ਤਾ ਕਿ ਇਸ ਦਾ ਫਸਤਾ ਹੀ ਵੱਢ ਦਿੱਤਾ ਜਾਵੇ । ਬ੍ਰਹਾਮਣਵਾਦ, ਕਰਮਕਾਂਡ, ਅੰਧਵਿਸ਼ਵਾਸ਼ ਨੂੰ ਪ੍ਰਚਾਰਣ ਦਾ ਬਹੁੱਤਾ ਕੰਮ ਹੁਣ ਪੰਥ ਵਿਰੋਧੀ ਨਹੀਂ ਕਰਦੇ, ਹੁਣ ਇਹ ਕੰਮ ਸਾਡੀਆਂ ਟਕਸਾਲਾਂ, ਡੇਰੇ, ਅਣ-ਟਰੇਂਡ ਰਾਗੀ, ਢਾਡੀ, ਪ੍ਰਚਾਰਕ, ਕਥਾ ਵਾਚਕ, ਸਿੱਖ ਸਰੂਪ ਵਿੱਚ ਵਿਚਰਦੇ ਚੁੰਚ ਗਿਆਨੀ ਹੀ ਕਰੀ ਜਾ ਰਹੇ ਹਨ। ਤੁਹਾਡੇ ਜਾਣ ਮਗਰੋਂ ਕੌਮ ਵਿੱਚ ਜੋ ਜਾਗ੍ਰਿਤੀ ਪੈਦਾ ਹੋਈ ਸੀ ਉਸਦੇ ਫਲਸਰੂਪ ਕਈ ਨਵੀਆਂ ਲਹਿਰਾਂ ਅਤੇ ਜਥੇਬੰਦੀਆਂ ਹੌਂਦ ਵਿੱਚ ਆਈਆਂ ਸਨ, ਜਿਹਨਾਂ ਵਿੱਚੋਂ ਇੱਕ ਸੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸਦਾ ਕੰਮ ਸਮੂਹ ਗੁਰਦੁਆਰਿਆਂ ਵਿੱਚ ਸੁਧਾਰ ਲਿਆਉਣਾ, ਗੁਰਦੁਆਰਾ ਪ੍ਰਬੰਧ ਨੂੰ ਵਧੀਆ ਬਣਾਉਣਾ, ਅਤੇ ਗੁਰਮਤਿ ਲਾਗੂ ਕਰਨਾ ਸੀ ਤਾਂ ਕਿ ਬਾਬੇ ਨਾਨਕ ਦੀ ਵੀਚਾਰਧਾਰਾ ਸੰਸਾਰ ਪੱਧਰ ਵਿੱਚ ਤੇਜੀ ਨਾਲ ਫੈਲ ਸਕੇ ਪਰ ਅੱਜ ਇਹ ਕਮੇਟੀ ਨੇ ਸਿੱਖ ਇਹਿਤਾਸ ਨਾਮੀ ਹਿੰਦੀ ਦੀ ਪੁਸਤਕ, ਗੁਰ-ਬਿਲਾਸ ਪਾ ੬ਵੀਂ,  ਗੋਲਕ ਦੇ ਪੈਸੇ ਵਿੱਚੋਂ ਛਾਪ ਕੇ ਬਾਬੇ ਨਾਨਕ ਦੀ ਵੀਚਾਰਧਾਰਾ ਦਾ ਕਤਲ ਹੀ ਨਹੀਂ ਕੀਤਾ, ਸਗੋਂ ਸਾਡੇ ਗੁਰੂਆਂ ਨੂੰ ਵੀ ਚੋਰ ਲੁਟੇਰੇ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ।

ਕਹਿਣ ਤੋਂ ਭਾਵ ਕਿ ਅੱਜ ਫਿਰ ਇੱਕ ਦਿੱਤ ਸਿੰਘ ਜੀ ਦੀ ਲੋੜ ਹੈ । ਆਪ ਜੀ ਨੇ ਬਹੁੱਤ ਥੌੜੇ ਸਮੇਂ ਵਿੱਚ (੨੧ ਅਪ੍ਰੈਲ ੧੮੫੨- ੬ ਸਤੰਬਰ ੧੯੦੧) ਹੀ ਕੌਮ ਨੂੰ ਇੱਕ ਨਵੀਂ ਸੇਧ ਦਿੱਤੀ ਸੀ । ਪਰ ਅੱਜ ਕੌਮ ਫਿਰ ਉੱਥੇ ਦੀ ਉੱਥੇ ਜਾ ਖੜ੍ਹੀ ਹੈ ਅਤੇ ਗੁਰੁਬਾਣੀ, ਗੁਰ-ਇਤਿਹਾਸ ਤੋਂ ਕੋਹਾਂ ਦੂਰ ਹੋ ਕੇ ਗਿਣਤੀਆਂ ਮਿਣਤੀਆਂ ਦੇ ਪਾਠਾਂ, ਦੁਪਿਹਰੇ ਚੌਪਹਿਰੇ ਸਮਾਗਮਾਂ, ਕੀਰਤਨ ਦਰਬਾਰਾਂ, ਨਗਰ ਕੀਰਤਨਾਂ, ਜਾਗ੍ਰਿਤੀ ਯਾਤਰਾਵਾਂ, ਅਖੰਡਪਾਠਾਂ ਦੀਆਂ ਲੜੀਆਂ ਵਿੱਚ ਇੰਨੀ ਜਿਆਦਾ ਉਲਝ ਗਈ ਹੈ ਕਿ ਗੁਰਬਾਣੀ ਨੂੰ ਪੜ੍ਹਨ, ਸਮਝਣ ਦੀ ਥਾਂ ਤੇ ਇਹ ਵੀ ਕਿਸੇ ਕੋਲੋਂ ਠੇਕੇ ਤੇ ਹੀ ਪੜ੍ਹਾ ਲਈ ਜਾਂਦੀ ਹੈ ।

ਅੰਤ ਵਿੱਚ ਸਮੁੱਚੀ ਕੌਮ ਨੂੰ ਇੱਕ ਵਾਰ ਮੁੜ ਅਪੀਲ ਕਰਨੀ ਚਾਹਵਾਂਗਾ ਕਿ ਆਉ! ਗੁਰਬਾਣੀ ਖੁੱਦ ਪੜ੍ਹੀਏ, ਸਮਝੀਏ ਤੇ ਅਮਲ ਕਰੀਏ । ਵਹਿਮਾਂ ਭਰਮਾਂ, ਪਾਖੰਡਵਾਦ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਦੀ ਵੀਚਾਰਧਾਰਾ ਨਾਲ ਜੁੜੀਏ । ਨਾਲ ਹੀ ਸਿੱਖ ਕੌਮ ਦੇ ਇਸ ਮਹਾਨ ਵਿਦਵਾਨ "ਭਾਈ ਦਿੱਤ ਸਿੰਘ ਗਿਆਨੀ" ਜੀ ਦੇ ਜੀਵਣ ਤੋਂ ਸਿੱਖੀਏ ਤਾਂ ਕਿ ਅਸੀਂ ਖੁੱਦ ਪ੍ਰਚਾਰਕ ਬਣ ਕੇ ਲੋਕਾਈ ਨੂੰ ਵਹਿਮਾਂ ਭਰਮਾ ਤੋਂ ਸੁਚੇਤ ਕਰਕੇ ਗੁਰੂ ਗੰਥ ਸਾਹਿਬ ਜੀ ਦੀ ਸਿੱਖਿਆ ਨਾਲ ਜੋੜ ਸਕੀਏ । ਅੱਜ ਉਨਾਂ ਨੂੰ ਯਾਦ ਕਰਦਿਆਂ ਹੋਇਆ ਉਹਨਾਂ ਦੀ ਲਿਖੀ ਕਿਸੇ ਵੀ ਪੁਸਤੱਕ ਘਰ ਲਿਆ ਕੇ ਪੜ੍ਹੀਏ ਤੇ ਪੜ੍ਹਾਈਏ । 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top