Share on Facebook

Main News Page

ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਨੰਦਗੜ੍ਹ 'ਤੇ ਵਿਸ਼ਵਾਸ਼ ਨਾ ਕਰੋ, ਲੇਕਿਨ ਜੋ ਸਵਾਲ ਇਸ ਕੋਲੋਂ ਪੁਛਣੇ ਚਾਹੀਦੇ ਹਨ, ਉਨ੍ਹਾਂ ਦਾ ਮਾਕੂਲ ਜਵਾਬ ਲੈਕੇ ਇਸਦਾ ਸਟੈਂਡ ਤਾਂ ਜਾਣ ਲਵੋ
-: ਇੰਦਰਜੀਤ ਸਿੰਘ, ਕਾਨਪੁਰ

ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ

ਇਕ ਸਿੱਖ ਦੀ ਸੇਧ ਗੁਰਬਾਣੀ ਹੈ। ਸਿੱਖ ਦਾ ਪੰਥ ਗੁਰਬਾਣੀ ਹੈ, ਤੇ ਸਿੱਖ ਦੀ ਟੇਕ ਵੀ ਗੁਰਬਾਣੀ ਹੀ ਹੈ। ਧੁਰ ਤੋਂ ਆਈ ਇਸ ਬਾਣੀ ਦੀਆਂ ਇਹ ਤੁਕਾਂ ਪੜ੍ਹਦਿਆਂ ਹੀ, ਧਿਆਨ ਕੌਮ ਦੇ ਉਨ੍ਹਾਂ ਅਖੌਤੀ ਆਗੂਆਂ ਵਲ ਤੁਰ ਜਾਂਦਾ ਹੈ, ਜੋ ਭੋਲੇ ਭਾਲੇ ਲੋਕਾਂ ਨੂੰ , ਆਪਣੀ ਤਲੀ 'ਤੇ ਸਰੋਂ ਉਗਾਣ ਦੇ ਸੁਪਨੇ ਵਖਾ ਕੇ, ਉਨ੍ਹਾਂ ਨੂੰ ਆਪਣੇ ਮਗਰ ਲਾਅ ਲੈਂਦੇ ਹਨ। ਬੇਸ਼ਕ ਉਨ੍ਹਾਂ ਸਿਧੇ ਸਾਧੇ ਲੋਕਾਂ ਦਾ ਵਿਵੇਕ ਅਤੇ ਬੁਧੀ ਉਸ ਵੇਲੇ ਕਮ ਨਹੀਂ ਕਰ ਰਹੀ ਹੁੰਦੀ, ਕੋਈ ਸਲਾਹ, ਕੋਈ ਮਸ਼ਵਰਾ ਉਨ੍ਹਾਂ 'ਤੇ ਅਸਰ ਨਹੀਂ ਕਰਦਾ, ਲੇਕਿਨ ਗੁਰਬਾਣੀ ਤਾਂ ਥਾਂ ਥਾਂ 'ਤੇ ਸਾਨੂੰ ਸੁਚੇਤ ਕਰਦੀ ਹੈ ਕਿ, ਭਲਿਆ, ਧੋਖੇ ਨਾ ਖਾਂਈ, ਹਮੇਸ਼ਾਂ ਸੁਚੇਤ ਰਹੀਂ। ਲੇਕਿਨ ਅਫਸੋਸ ਹੁੰਦਾ ਹੈ, ਜਦੋਂ ਮਨੁੱਖ ਆਪਣੇ ਅਧੂਰੇ ਵਿਵੇਕ ਅਤੇ ਬੁਧੀ ਨੂੰ ਹੀ ਅਖੀਰਲਾ ਸੱਚ ਸਮਝ ਲੈਂਦਾ ਹੈ। ਗੁਰੂ ਸ਼ਬਦ ਹਨ-

ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਅੰਕ ੧੪੧

ਇਨ੍ਹਾਂ ਤੁਕਾਂ ਦਾ ਭਾਵ ਹੈ ਕਿ ਵੱਡੀਆਂ ਵੱਡੀਆਂ ਗੱਲਾਂ ਨਾਲ ਸਵਰਗ, ਭਾਵ: ਸੁੱਖ ਦਾ ਅਸਥਾਨ ਪ੍ਰਾਪਤ ਨਹੀਂ ਹੁੰਦਾ। ਗਲ ਤਾਂ ਸੱਚ ਕਮਾਉਣ ਨਾਲ ਹੀ ਬਣਦੀ ਹੈ। ਖਾਣ ਦੀਆਂ, ਸੜੀਆਂ ਗਲੀਆਂ ਵਸਤੂਆਂ ਵਿੱਚ ਮਸਾਲੇ ਪਾਉਣ ਨਾਲ ਉਹ ਪਾਕ ਅਤੇ ਪਵਿਤ੍ਰ ਨਹੀਂ ਬਣ ਸਕਦੀਆਂ।

ਕੁਝ ਦਿਨ ਪਹਿਲਾਂ ਭਾਈ ਗੁਰਬਖਸ਼ ਸਿੰਘ ਦੇ ਮਗਰ ਵੀ ਭੋਲੀ ਭਾਲੀ ਕੌਮ ਇਸੇ ਤਰ੍ਹਾਂ ਤੁਰ ਪਈ ਸੀ, ਕਿ ਜਿਵੇ ਭਾਈ ਗੁਰਬਖਸ਼ ਸਿੰਘ ਨੇ ਹੀ ਹੁਣ ਕੌਮ ਦਾ ਬੇੜਾ ਕੰਡੇ ਲਾਅ ਦੇਣਾ ਹੈ। ਖੌਰੇ, ਭਾਈ ਗੁਰਬਖਸ਼ ਸਿੰਘ ਦੀ ਸ਼ਹਾਦਤ ਨਾਲ ਹੀ "ਸਕੱਤਰੇਤ" ਵਿੱਚ ਬੈਠੀਆਂ ਸਿਆਸਤਦਾਨ ਦੀਆਂ ਪਾਲਤੂ ਰਖੈਲਾਂ ਦਾ ਜਮੀਰ ਜਾਗ ਪਵੇ। ਸਿੱਖਾਂ ਦੇ ਸਾਰੇ ਮਸਲੇ ਭਾਈ ਗੁਰਬਖਸ਼ ਸਿੰਘ ਦੀ ਸ਼ਹਾਦਤ ਨਾਲ ਹੀ ਹਲ ਹੋ ਜਾਣੇ ਹਨ ? ਪਤਾ ਉਸ ਵੇਲੇ ਲੱਗਾ, ਜਦੋਂ ਭਾਈ ਗੁਰਬਖਸ਼ ਸਿੰਘ, ਮੌਤ ਨੂੰ ਆਉਦਿਆਂ ਵੇਖ ਕੇ ਆਪ ਹੀ ਹਸਪਤਾਲ ਵਲ ਭੱਜ ਖਲੋਤਾ। ਨਮੋਸ਼ੀ ਉਨ੍ਹਾਂ ਨੂੰ ਵੱਧ ਹੋਈ, ਜਿਨ੍ਹਾਂ ਨੂੰ ਉਸ ਬੰਦੇ ਵਿਚ ਕੌਮ ਦਾ ਇਕ ਮਹਾਨ ਸ਼ਹੀਦ ਵਖਾਈ ਪੈ ਰਿਹਾ ਸੀ, ਅਤੇ ਵਾਰ ਵਾਰ ਉਸ ਦੇ ਗੋਡੇ ਘੁਟਣ ਉਸ ਕੋਲ ਪੁਜ ਜਾਂਦੇ ਸਨ। ਵਿਚਾਰਿਆਂ ਨੇ ਨਾ ਚਾਹੁੰਦਿਆ ਹੋਇਆਂ ਵੀ ਪਤਾ ਨਹੀ "ਚੌਪਈ" ਦੇ ਕਿੰਨੇ ਕੁ ਪਾਠ ਉਥੇ ਪੜ੍ਹ ਦਿਤੇ ਹੋਣੇ ਹਨ ?

ਕੌਮ ਬਹੁਤ ਭੋਲੀ ਹੈ, ਜੋ ਇਹੋ ਜਹੇ ਅਖੌਤੀ ਆਗੂਆਂ, ਪ੍ਰਚਾਰਕਾਂ ਅਤੇ ਜੱਥੇਦਾਰਾਂ ਦੇ ਮਗਰ ਮਗਰ ਤੁਰਨ ਲਗ ਪੈਂਦੀ ਹੈ। ਕੌਮ ਤਾਂ ਅਪਣੇ ਆਪ ਨੂੰ ਝੂਠੇ ਸਿਆਸਤਦਾਨਾਂ ਅਤੇ ਅਖੌਤੀ ਆਗੂਆਂ ਦੇ ਹਥੀਂ ਠੱਗੀ ਅਤੇ ਲੁੱਟੀ ਹੋਈ ਮਹਿਸੂਸ ਕਰ ਰਹੀ ਹੈ। ਇਹ ਸਿਆਸਤਦਾਨ ਉਨ੍ਹਾਂ ਤਾਕਤਾਂ ਦੇ ਭਾਈਵਾਲ ਬਣ ਕੇ ਉਨ੍ਹਾਂ ਦਾ ਹੀ ਅਜੈਂਡਾ ਲਾਗੂ ਕਰ ਰਹੇ ਨੇ, ਜੇੜ੍ਹੀਆਂ ਤਾਕਤਾਂ ਸਿੱਖੀ ਨੂੰ ਅਪਣੇ ਵੱਡੇ ਢਿੱਡ ਵਿੱਚ ਸਮਾ ਲੈਣਾ ਚਾਹੁੰਦੀਆਂ ਹਨ। ਕੌਮ ਦਿਸ਼ਾ ਹੀਨ ਹੋਈ ਪਈ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪਰਸਤੀ ਅਤੇ ਜੱਥੇਦਾਰੀ ਤੋਂ ਟੁੱਟੀ ਹੋਈ, ਕਿਸੇ ਮਨੁਖ ਦੀ ਜੱਥੇਦਾਰੀ ਭਾਲ ਰਹੀ ਹੈ। ਕਿ ਕਾਸ਼ ਕੋਈ ਐਸਾ ਆਗੂ ਉੱਠ ਖਲੋਏ ਜੋ, ਸਾਡੀ ਵਿਗੜੀ ਨੂੰ ਸਵਾਰ ਸਕੇ।

ਕੁਝ ਵਰ੍ਹੇ ਪਹਿਲਾਂ ਕੁਝ ਸਿੱਖਾਂ ਨੇ ਬਲਜੀਤ ਸਿੰਘ ਦਾਦੂਵਾਲ ਨਾਮ ਦਾ ਇਕ ਆਗੂ ਲਭ ਗਿਆ ਸੀ, ਜਿਸਤੇ ਲੋਕਾਂ ਨੇ ਥੋੜਾ ਬਹੁਤ ਭਰੋਸਾ ਕਰ ਲਿਆ ਸੀ। ਲੇਕਿਨ ਜਦੋਂ ਉਸ ਦੀ ਪੋਲ ਖੁੱਲੀ ਤਾਂ, ਉਨ੍ਹਾਂ ਸਿੱਖਾਂ ਨੂੰ ਬਹੁਤ ਹੀ ਵੱਡੀ ਨਮੋਸ਼ੀ ਦਾ ਸਾਮ੍ਹਣਾ ਕਰਣਾ ਪੈ ਗਿਆ। ਕਿਸ ਕਿਸ ਦਾ ਨਾਮ ਲਵਾਂ? ਕੋਈ ਇਕ ਹੋਵੇ ਤਾਂ ਕਹਾਂ ਕਿ ਕੌਮ ਨੂੰ ਕਿਸ ਕਿਸ ਨੇ ਸਬਜ਼ ਬਾਗ ਵਖਾ ਵਖਾ ਕੇ ਧੋਖੇ ਦਿੱਤੇ।

ਹੁਣ ਉਹ ਹੀ ਭੁੱਲ ਕੌਮ ਦੇ ਬਹੁਤ ਸਾਰੇ ਸਿੱਖਾਂ ਨੇ ਖਾਸ ਕਰਕੇ ਕੈਨੇਡਾ ਦੇ ਕੁੱਝ ਸਿੱਖਾਂ ਨੇ ਅਖੌਤੀ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ 'ਤੇ ਭਰੋਸਾ ਕਰਕੇ ਕੀਤੀ ਹੈ। ਹਾਸਿਲ ਕੁੱਝ ਨਹੀਂ ਹੋਣਾ। ਉਸਤੇ ਮੁਕਦਮੇ ਦਰਜ ਹੋਏ, ਹਟ ਗਏ, ਸੌਦਾ ਹੋਇਆ ਜਾਂ ਨਹੀਂ ਹੋਇਆ? ਇਸ ਬਾਰੇ ਕਿਸੇ ਨੇ ਤਫਸ਼ੀਸ਼ ਨਹੀਂ ਕੀਤੀ। ਬਸ ਉਸਨੇ ਨਾਨਕ ਸ਼ਾਹੀ ਕੈਲੰਡਰ ਬਾਰੇ ਕੁੱਝ ਕਹਿ ਕੀ ਦਿੱਤਾ, ਉਸ ਨੂੰ ਸਿਰ 'ਤੇ ਚੁਕ ਲਿਆ ਗਿਆ। ਜੇ ਇਨ੍ਹਾਂ ਦੀ ਜ਼ਮੀਰ ਜਾਗਦੀ ਹੁੰਦੀ ਤਾਂ ਅੱਜ ਤੋਂ ਪੰਜ ਵਰ੍ਹੇ ਪਹਿਲਾਂ ਰੌਲਾ ਪਾਂਉਦੇ, ਜਦੋਂ ਨਾਨਕ ਸ਼ਾਹੀ ਕੈਲੰਡਰ ਦਾ ਕਤਲ ਹੋ ਰਿਹਾ ਸੀ। ਮੈਂ ਤਾਂ ਕਈ ਵਾਰ ਕਹਿੰਦਾ ਹਾਂ ਕਿ, "ਵੇਲੇ ਨਾਲ ਨਾ ਬੋਲਿਆ ਗਿਆ ਸੱਚ, ਤਾਂ ਸੌ ਝੂਠ ਬੋਲਣ ਤੋਂ ਵੀ ਮਾੜਾ ਹੁੰਦਾ ਹੈ।" ਇਨ੍ਹਾਂ ਨੇ ਉਸ ਵੇਲੇ ਤਾਂ ਚੁੱਪ ਵੱਟੀ ਰੱਖੀ, ਹੁਣ ਰੌਲਾ ਪਾਉਣ ਨਾਲ ਕੀ ਹੋਣਾ ਹੈ ?

ਕੁਝ ਤਾਂ ਕਹਿੰਦੇ ਨੇ ਤੁਸੀਂ ਟੰਗਾਂ ਹੀ ਖਿਚਣਾ ਜਾਂਣਦੇ ਹੋ, ਹੋਰ ਕੁਝ ਵੀ ਨਹੀਂ ਕਰ ਸਕਦੇ। ਸ਼ਾਇਦ ਉਹ ਵੀਰ ਵੀ ਸੱਚ ਹੀ ਕਹਿੰਦੇ ਹਨ। ਅਸੀਂ ਟੰਗਾਂ ਤਾਂ ਜ਼ਰੂਰ ਖਿਚਣ ਵਾਲੇ ਹਾਂ, ਪਰ ਕਿਸੇ ਪੰਥ ਦਰਦੀ ਅਤੇ ਕੌਮ ਦੇ ਹੇਤੂ ਦੀਆਂ ਟੰਗਾਂ ਨਹੀਂ, ਬਲਕਿ ਉਨ੍ਹਾਂ ਅਖੌਤੀ ਪ੍ਰਚਾਰਕਾਂ, ਜੱਥੇਦਾਰਾਂ ਅਤੇ ਆਗੂਆਂ ਦੀਆਂ ਹੀ ਟੰਗਾਂ ਖਿਚਦੇ ਹਾਂ, ਅਤੇ ਖਿਚਦੇ ਰਹਾਂਗੇ, ਜੋ ਕੋਮ ਦੀ ਬੇੜੀ ਵਿਚ ਵੱਟੇ ਪਾ ਰਹੇ ਹਨ।

ਅਖੌਤੀ ਜੱਥੇਦਾਰ ਨੰਦਗੜ੍ਹ ਬਾਰੇ ਬਹੁਤ ਕੁੱਝ ਕਹਿਣ ਦੀ ਮੈਂ ਲੋੜ ਨਹੀਂ ਸਮਝਦਾ, ਕਿਉਂਕਿ ਕਲ ਇਕ ਵੇਬਸਾਈਟ ਦੇ ਸੰਪਾਦਕ ਵੀਰ ਨੇ ਅਪਣੇ ਸੰਪਾਦਕੀ ਲੇਖ ਵਿਚ ਇਸ ਅਖੌਤੀ ਜੱਥੇਦਾਰ ਨੂੰ ਅਪਣੇ ਲੇਖ ਰਾਂਹੀ ਸ਼ੀਸ਼ਾ ਵਖਾ ਦਿਤਾ ਹੈ। ਅਤੇ ਉਨ੍ਹਾਂ ਨੂੰ ਵੀ ਸੁਚੇਤ ਕਰ ਦਿਤਾ ਹੈ, ਜੋ ਇਸ ਤੇ ਬਹੁਤ ਜਿਆਦਾ ਭਰੋਸਾ ਕਰ ਰਹੇ ਨੇ। ਇਹ ਜੱਥੇਦਾਰ ਵੀ ਉਸ ਜੁੰਡਲੀ ਦਾ ਹੀ ਹਿੱਸਾ ਰਿਹਾ ਹੈ, ਜਿਸਨੇ ਕੌਮ ਦੇ ਮਹਾਨ ਵਿਦਵਾਨ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਅਤੇ ਪ੍ਰੋ. ਦਰਸ਼ਨ ਸਿੰਘ ਵਰਗੀਆਂ ਸ਼ਖਸ਼ੀਅਤਾਂ ਨੂੰ ਬਿਨਾਂ ਕਿਸੇ ਸੁਣਵਾਈ ਦੇ ਹੀ ਪੰਥ ਤੋਂ ਛੇਕ ਦਿਤਾ ਸੀ।

ਹੁਣ ਤਾਨ੍ਹਿਆਂ ਦੀ ਡਾਂਗ ਤਾਂ ਫਿਰ ਸਾਡੇ ਸਿਰ ਹੀ ਪੈਣੀ ਹੈ ਕਿ, ਅਸੀ ਤਾਂ ਪ੍ਰੋਫੇਸਰ ਦਰਸ਼ਨ ਸਿੰਘ ਦੇ ਸਮਰਥਕ ਹਾਂ, ਸ਼ਾਇਦ ਇਸ ਲਈ ਇਸਦੀ ਵੀ ਟੰਗ ਖਿਚ ਰਹੇ ਹਾਂ। ਇਹ ਤਾਂ ਵਕਤ ਹੀ ਦੱਸੇਗਾ ਕਿ, ਇਹ ਬੰਦਾ ਠੀਕ ਹੈ ਕਿ ਨਹੀਂ, ਲੇਕਿਨ ਇਸ ਤੋਂ ਇਨਾਂ ਤਾਂ ਪੁਛ ਲੈਣਾ ਬਣਦਾ ਹੈ ਕਿ ਇਨ੍ਹਾਂ ਦੋ ਵਿਦਵਾਨਾਂ ਨੇ ਕੀ ਗਲਤੀ ਕੀਤੀ ਸੀ ? ਅਤੇ ਪੰਥ ਵਿਰੋਧੀ ਕੇੜ੍ਹਾ ਕੰਮ ਕੀਤਾ ਸੀ ? ਜਿਸਦੀ ਵਜਿਹ ਨਾਲ ਇਸਨੇ ਉਨ੍ਹਾਂ ਦੋਹਾਂ ਨੂੰ ਪੰਥ ਤੋਂ ਛੇਕ ਦਿਤਾ।

ਕਲ ਮੇਰੇ ਇਕ ਬਹੁਤ ਹੀ ਵਿਦਵਾਨ ਮਿੱਤਰ ਨੇ ਫੇਸਬੁਕ 'ਤੇ ਇਹ ਲਿਖ ਦਿਤਾ ਕਿ ਪ੍ਰੋਫੇਸਰ ਦਰਸ਼ਨ ਸਿੰਘ ਵੀ ਤਾਂ ਉਸ ਵਿਵਸਥਾ ਦਾ ਇਕ ਹਿੱਸਾ ਰਹੇ ਹਨ। ਉਨ੍ਹਾਂ ਕੋਲੋਂ ਮੈਂ ਅਪਣੇ ਰੇਡੀਉ 'ਤੇ ਵੀ ਇਹੋ ਜਹੇ ਸਵਾਲ ਪੁੱਛਾਂਗਾ। ਮੈਂ ਉਸ ਵਿਦਵਾਨ ਮਿਤਰ ਦਾ ਬਹੁਤ ਸਤਕਾਰ ਕਰਦਾ ਹਾਂ। ਉਨ੍ਹਾਂ ਨੂੰ ਮੈਂ ਸਿਰਫ ਦੋ ਗੱਲਾਂ ਹੀ ਕਹਿਣਾ ਚਾਂਉਦਾ ਹਾਂ:

  1. ਪਹਿਲੀ ਗਲ ਇਹ ਕਿ ਸਵਾਲਾਂ ਤੋਂ ਉਹ ਡਰਦੇ ਹਨ, ਜੋ ਝੂਠੇ ਹੂੰਦੇ ਹਨ ਅਤੇ ਜਿਨ੍ਹਾਂ ਕੋਲ ਜਵਾਬ ਨਹੀਂ ਹੁੰਦੇ।

  2. ਦੂਜਾ ਪ੍ਰੋਫੇਸਰ ਦਰਸ਼ਨ ਸਿੰਘ ਉਸ ਵਿਵਸਥਾ ਦਾ ਹਿੱਸਾ ਨਹੀਂ ਸਨ, ਜੋ ਕੌਮ ਦਾ ਬੇੜਾ ਗਰਕ ਕਰਨ ਵਾਲੇ ਸਿਆਸਤ ਦਾਨ ਨੂੰ "ਫਖਰੇ ਕੌਮ " ਦਾ ਅਵਾਰਡ ਦਿੰਦੇ ਹੋਣ ਅਤੇ ਇਕ ਹਜਾਰ ਤੋਂ ਵੱਧ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਤਕਾਰਦੇ ਹੋਣ। ਉਹ ਤਾਂ ਉਸ ਵਿਵਸਥਾ ਦੇ ਉਲਟ ਉਹ ਸੇਵਾਦਾਰ ਰਹੇ, ਜਿਨ੍ਹਾਂ ਨੇ ਪੰਥ ਵਿਰੋਧੀ ਕੰਮ ਕਰਨ ਵਾਲੇ ਮੁਖ ਮੰਤਰੀ ਨੂੰ ਕੌਮ ਦੇ ਵਿਹੜੇ ਵਿਚ ਲਿਆ ਕੇ ਖੜਾ ਕਰ ਦਿਤਾ ਸੀ। ਪ੍ਰੋਫੇਸਰ ਦਰਸ਼ਨ ਸਿੰਘ ਕਿਸੇ ਸਿਆਸਤਦਾਨ ਦੀ ਬਣਾਈ ਰਬੜ ਦੀ ਮੋਹਰ ਹੁੰਦੇ, ਤਾਂ "ਬੂਟਾ ਸਿੰਘ" ਅਤੇ "ਸੁਰਜੀਤ ਸਿੰਘ ਬਰਨਾਲੇ" ਨੂੰ ਕੌਮ ਦੀ ਕਚਹਿਰੀ ਵਿੱਚ ਖੜਾ ਕਰਨ ਦੀ ਬਜਾਏ, ਉਨ੍ਹਾਂ ਨੂੰ ਵੀ "ਫਖਰੇ ਕੌਮ" ਦਾ ਅਵਾਰਡ ਵੰਡਦੇ ਤੇ ਉਨ੍ਹਾਂ ਦੀ ਖੁਸ਼ਾਮਦ ਕਰਦੇ ਤੇ "ਗੁਰਮਤ ਮਾਰਤੰਡ" ਦੀ ਉਪਾਧੀ ਨਾਲ ਨਵਾਜੇ ਜਾਂਦੇ।

ਕੋਈ ਨਹੀਂ!! ਇਹ ਤਾਂ ਸਾਡੀ ਕੌਮ ਦੀ ਤ੍ਰਾਸਦੀ ਰਹੀ ਹੈ ਕਿ ਗਿਆਨੀ ਗੁਰਮੁਖ ਸਿੰਘ ਵਰਗੀਆਂ ਸ਼ਖਸ਼ੀਅਤਾਂ ਨੂੰ ਇਹ "ਜੁੰਡਲੀ" ਕੌਮ ਤੋਂ ਹਮੇਸ਼ਾਂ ਛੇਕਦੀ ਰਹੀ ਹੈ, ਅਤੇ ਜਨਰਲ ਡਾਇਰ ਵਰਗੇ ਲੋਕਾਂ ਨੂੰ ਸਿਰੋਪੇ ਦੇ ਦੇ ਕੇ ਨਿਵਾਜਦੀ ਰਹੀ ਹੈ। ਮੌਜੂਦਾ ਸਮੇਂ 'ਚ ਇਕ ਪ੍ਰੋਫੇਸਰ ਦਰਸ਼ਨ ਸਿੰਘ ਹੀ ਗੁਰੂ ਘਰ ਦਾ ਐਸਾ ਸੇਵਾਦਾਰ ਹੋਇਆ ਹੈ ਜਿਸਨੇ ਇਸ ਵਿਵਸਥਾ ਨੂੰ ਉਲਟ ਕੇ ਰੱਖ ਦਿੱਤਾ।

ਮੇਰੇ ਵੀਰੋ, ਦਾਸ ਇਹ ਨਹੀਂ ਕਹਿੰਦਾ ਕਿ ਤੁਸੀਂ ਨੰਦਗੜ੍ਹ 'ਤੇ ਵਿਸ਼ਵਾਸ਼ ਨਾ ਕਰੋ, ਲੇਕਿਨ ਜੋ ਸਵਾਲ ਇਸ ਕੋਲੋਂ ਪੁਛਣੇ ਚਾਹੀਦੇ ਹਨ, ਉਨ੍ਹਾਂ ਦਾ ਮਾਕੂਲ ਜਵਾਬ ਲੈਕੇ ਇਸਦਾ ਸਟੈਂਡ ਤਾਂ ਜਾਂਣ ਲਵੋ। ਕਿਧਰੇ ਤੁਹਾਨੂੰ ਭਾਈ ਗੁਰਬਖਸ਼ ਸਿੰਘ ਅਤੇ ਬਾਬਾ ਦਾਦੂਵਾਲ ਵਾਂਗ ਇਹ ਬੰਦਾ ਵੀ ਤੁਹਾਡੀਆਂ ਉਮੀਦਾਂ 'ਤੇ ਪਾਣੀ ਨਾ ਫੇਰ ਦੇਵੇ।

ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ ਜੀ।

 

 

ਉਪਰਲੀਆਂ ਤਸਵੀਰਾਂ ਸਾਫ ਦਸਦੀਆਂ ਹਨ ਕਿ ਇਹ ਫਰਕ ਹੈ ਪ੍ਰੋ. ਦਰਸ਼ਨ ਸਿੰਘ 'ਚ ਅਤੇ ਅੱਜ ਦੇ ਅਖੌਤੀ ਜਤੇਦਾਰਾਂ 'ਚ। ਪ੍ਰੋ. ਦਰਸ਼ਨ ਸਿੰਘ ਨੇ ੳਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬੀਨਟ ਮੰਤ੍ਰੀ ਨੂੰ ਕੌਮ ਦੇ ਸਾਹਮਣੇ ਸਜ਼ਾ ਸੁਣਾਈ, ਅਤੇ ਅੱਜ ਦੇ ਅਖੌਤੀ ਜਥੇਦਾਰ ਕੌਮੀ ਗੱਦਾਰ ਨੂੰ "ਫਖਰ-ਏ-ਕੌਮ" ਅਤੇ "ਪੰਥ ਰਤਨ" ਅਵਾਰਡ ਨਾਲ ਸਨਮਾਨਿਤ ਕਰ ਰਹੇ ਹਨ... ਅਤੇ ਵਿਦਵਾਨਾਂ ਨੂੰ ਛੇਕਦੇ ਹਨ।

ਅੱਖਾਂ ਖੋਲ ਕੇ ਦੇਖ ਲੈਣ ੳਹ ਲੋਕ, ਜਿਹੜੇ ਬੇਸਿਰਪੈਰ ਦੀਆਂ ਗੱਲਾਂ ਕਰਦੇ ਹਨ, ਅਤੇ ਰੇਡਿਓ 'ਤੇ ਸਵਾਲ ਪੁੱਛਣ ਦਾ ਡਰਾਵਾ ਦਿੰਦੇ ਹਨ...

ਇਹ ਹੈ ਉਹ "ਹੁਕਮਨਾਮਾ" ਜਿਹੜਾ ਕਿ ਗੱਦਾਰ ਧੁੰਮਾ ਦੇ ਕਹਿਣ 'ਤੇ ਮੂਲ ਨਾਨਕਸ਼ਾਹੀ ਕੈਲੰਡਰ 'ਚ ਅਖੌਤੀ ਸੋਧਾਂ ਕੀਤੀਆਂ ਗਈਆਂ, ਜਿਸ ਵਿੱਚ ਗਿਆਨੀ ਨੰਦਗੜ੍ਹ ਦੇ ਹਸਤਾਖਰ ਹਨ... ਕੀ ਜਵਾਬ ਹੈ ਇਸਦਾ?

ਸਾਡਾ ਗਿਆਨੀ ਨੰਦਗੜ੍ਹ ਨਾਲ ਕੋਈ ਜ਼ਾਤੀ ਤੌਰ 'ਤੇ ਵਿਰੋਧ ਨਹੀਂ, ਸਗੋਂ ਅਸੀਂ ਉਨ੍ਹਾਂ ਦਾ ਨਾਨਕਸ਼ਾਹੀ ਕੈਲੰਡਰ ਦੇ ਸੰਬੰਧ 'ਚ ਦੇਰ ਨਾਲ ਲਏ ਗਏ ਸਟੈਂਡ ਦਾ ਸਮਰਥਨ ਕੀਤਾ ਅਤੇ ਕਰਦੇ ਹਾਂ, ਪਰ ਇਸ ਨਾਲ ਉਨ੍ਹਾਂ ਵਲੋਂ ਕੀਤੇ ਗਏ ਗਲਤ ਫੈਸਲਿਆਂ ਬਾਰੇ ਅੱਖਾਂ ਬੰਦ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਇਹ ਗਲਤ ਫੈਸਲੇ ਕਿਉਂ ਕੀਤੇ, ਅਤੇ ਕੀ ਹੁਣ ਉਹ ਇਸਦਾ ਸਪਸ਼ਟੀਕਰਣ ਦੇਣਗੇ?

ਅਸੀਂ ਕਿਸੇ ਦੇ ਪਿੱਛਲੱਗੂ ਨਹੀਂ, ਸਿਰਫ ਅੱਖਾਂ ਖੋਲ ਕੇ ਤੇ ਠੋਕ ਵਜਾ ਕੇ ਹਰ ਚੀਜ਼ ਨੂੰ ਪਰਖਣ ਦੀ ਆਦਤ ਹੈ... ਕਈ ਵੀਰ ਇਸ ਨੂੰ ਉਨ੍ਹਾਂ ਦਾ ਵਿਰੋਧ ਸਮਝ ਕੇ ਬੇਸਿਰਪੈਰ ਦੀਆਂ ਗੱਲਾਂ ਕਰ ਰਹੇ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਪਹਿਲਾਂ ਸਵਾਲ ਪੜ੍ਹ ਲੈਣ, ਬੰਦੇ ਨੂੰ ਪਰਖ ਲੈਣ, ਕਿ ਹਰ ਵਾਰੀ ਥੁੱਕ ਕੇ ਹੀ ਚੱਟਣ 'ਚ ਸਵਾਦ ਆਉਂਦਾ ਹੈ?

- ਸੰਪਾਦਕ ਖ਼ਾਲਸਾ ਨਿਊਜ਼

ਇਹ ਹਨ ਉਹ 8 ਕੂੜਨਾਮੇ ਜਿਨ੍ਹਾਂ 'ਤੇ ਗਿਆਨੀ ਨੰਦਗੜ੍ਹ ਨੇ ਹਸਤਾਖਰ ਕੀਤੇ। ਜਿਹੜੇ ਲੋਕ ਇਹ ਸਮਝਦੇ ਹਨ, ਕਿ ਅਸੀਂ ਟਿੰਡ 'ਚ ਕਾਨਾ ਪਾਉਂਦੇ ਹਾਂ, ਤਾਂ ਉਹ ਲੋਕ ਵੀ ਇੱਕ ਵਾਰੀ ਧਿਆਨ ਨਾਲ ਇਹ ਸਾਰਾ ਲੇਖ ਅਤੇ ਸੁਆਲ ਪੜ੍ਹਨ, ਅਤੇ ਸੋਚਣ ਕੀ ਇਹ ਟਿੰਡ 'ਚ ਕਾਨਾ ਪਉਣਾ ਹੈ, ਜਾਂ ਅੱਖਾਂ ਖੋਲ ਕੇ ਟਿੰਡ 'ਚ ਝਾਂਕਣਾ ਹੈ, ਭਾਈ ਇਹ ਟਿੰਡ ਵੀ ਕਿਤੇ ਵਿੰਗੀ ਚਿੱਬੀ ਤਾਂ ਨਹੀਂ, ਜਾਂ ਇਸ 'ਚ ਮੋਰ੍ਹੀ ਤਾਂ ਨਹੀਂ!!! ਬਾਅਦ 'ਚ ਅੱਖਾਂ 'ਚ ਘਸੁੰਨ ਦੇ ਕੇ ਰੋਣ ਨਾਲੋਂ, ਪਹਿਲਾਂ ਠੋਕ ਵਜਾ ਕੇ ਚੈਕ ਕਰ ਲਓ, ਇਸ ਵਿੱਚ ਹੀ ਭਲਾਈ ਹੈ। ਬਾਕੀ ਹਰ ਕਿਸੇ ਨੂੰ ਆਜ਼ਾਦੀ ਹੈ ਉਹ ਕਿਸ ਤਰ੍ਹਾਂ ਸੋਚਦਾ ਹੈ, ਖ਼ਾਲਸਾ ਨਿਊਜ਼ ਤਾਂ ਇਹ ਸਵਾਲ ਪਾਠਕਾਂ ਤੱਕ ਪਹੁੰਚਾਏਗੀ ਹੀ, ਜੇ ਕਿਸੇ ਨੂੰ ਬੁਰਾ ਲਗਦਾ ਹੈ, ਲਗਦਾ ਰਵੇ।

 ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਸਮੇਂ ਹੋਏ ਹੁਕਮਨਾਮਿਆਂ 'ਤੇ ਨਿਗ੍ਹਾ ਮਾਰੀਏ ਤਾਂ:

* ਸੱਭ ਤੋਂ ਪਹਿਲਾ ਹੁਕਮਨਾਮਾ 10 ਜੁਲਾਈ 2003 ਨੂੰ ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੂੰ ਛੇਕਣ ਦਾ ਹੋਇਆ ਸੀ।

* ਇਸ ਤੋਂ ਬਾਅਦ 10 ਮਾਰਚ ਨੂੰ ਪੰਥ ਦੀ ਆਵਾਜ਼ ਮੰਨੇ ਜਾਂਦੇ 'ਰੋਜ਼ਾਨਾ ਸਪੋਕਸਮੈਨ' ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਨੂੰ ਪੰਥ 'ਚੋਂ ਛੇਕਣ ਦਾ ਹੁਕਮ ਹੋਇਆ ਸੀ, ਜਿਸ ਨੂੰ ਸਿੱਖ ਕੌਮ ਨੇ ਮੁੱਢੋਂ ਹੀ ਨਕਾਰ ਦਿਤਾ ਸੀ ਅਤੇ ਇਹ ਸੱਭ ਨੂੰ ਪਤਾ ਹੈ ਕਿ ਇਹ ਹੁਕਮਨਾਮਾ ਵੀ ਕਿਸ ਦੇ ਕਹਿਣ 'ਤੇ ਹੋਇਆ ਸੀ?

* ਇਸੇ ਤਰ੍ਹਾਂ 17 ਨਵੰਬਰ 2009 ਨੂੰ ਜਗਦੀਸ਼ ਸਿੰਘ ਝੀਂਡਾ ਅਤੇ ਉਸ ਦੇ ਚਾਰ ਸਾਥੀਆਂ ਨੂੰ ਵੀ ਪੰਥ ਵਿਚੋਂ ਛੇਕ ਦਿਤਾ ਗਿਆ।

* ਫਿਰ ਪ੍ਰੋ. ਦਰਸ਼ਨ ਸਿੰਘ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ, ਨੂੰ 5 ਦਸੰਬਰ 2009 ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ ਅਤੇ 29 ਜਨਵਰੀ 2010 ਨੂੰ ਪੰਥ ਵਿਚੋਂ ਛੇਕ ਦਿਤੇ ਗਏ।

* ਇਥੇ ਹੀ ਬਸ ਨਹੀਂ, 24 ਜੁਲਾਈ 2003 ਨੂੰ ਮਹਿੰਦਰ ਸਿੰਘ ਰੁਮਾਣਾ ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ।

* 14 ਦਸੰਬਰ ਨੂੰ ਗਿਆਨੀ ਗੁਰਦਿਤ ਸਿੰਘ ਨੂੰ ਮੁੰਦਾਵਣੀ ਪੁਸਤਕ ਕਾਰਨ ਤਨਖ਼ਾਹੀਆ ਕਰਾਰ ਦਿਤਾ ਗਿਆ।

* 2 ਜੁਲਾਈ 2006 ਨੂੰ ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਮਾਨ ਦੇ ਅਹੁਦੇਦਾਰਾਂ ਉਤੇ ਗੁਰਦਵਾਰਿਆਂ ਵਿਚ ਬੋਲਣ ਦੀ ਪਾਬੰਦੀ ਲਗਾਈ ਜਦਕਿ 18 ਜੁਲਾਈ ਨੂੰ ਹੀ ਇਨ੍ਹਾਂ ਵਲੋਂ ਮੁਆਫ਼ੀ ਮੰਗ ਲਈ ਗਈ।

ਨਾਲੇ ਉਸ ਇਕਰਾਰ ਦਾ ਕੀ ਬਣਿਆ, ਜਿਸ ਵਿੱਚ ਉਹ ਕਿਹਾ ਕਰਦੇ ਸਨ, ਕਿ ਉਹ ਕਿਰਪਾਨ ਲਾਹ ਕੇ ਹਵਾਈ ਸਫਰ ਨਹੀਂ ਕਰਣਗੇ। ਕੀ ਹੁਣ ਉਹ ਕਿਰਪਾਨ ਪਾ ਕੇ ਆਏ ਹਨ?

ਕੀ ਗਿਆਨੀ ਨੰਦਗੜ੍ਹ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਗੇ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top