ਮਾਨੋ!
ਲਿੱਖ ਲਿੱਖ ਕੇ ਕਲਮਾਂ ਦੀਆਂ ਜੀਭਾਂ ਸੁੱਕ ਗਈਆਂ ਹਨ। ਗੁਰਮਤਿ ਸਿਧਾਂਤਾਂ ਨੂੰ ਸਮਰਪਤ
ਸਿੱਖ ਪ੍ਰਚਾਰਕ, ਸਿੱਖਾਂ ਨੁੰ ਜਾਗ੍ਰਿਤ ਕਰਨ ਦੀ ਜਦੋਂ ਜਹਿਦ’ ਕਰਦੇ ਅਸਲੋਂ ਥੱਕ ਗਏ ਹਨ।
ਮਜ਼ਾਲ ਹੈ, ਕਿ ਕਿਸੇ ਭਦਰਪੁਰਸ਼ ਦੇ ਕੰਨ ਉੱਤੇ ਜੂੰ ਵੀ ਸਰਕੀ ਹੋਵੇ। ਜਾਪਦਾ ਹੈ, ਕਿ ਸਾਰਾ
ਸਿੱਖ ਪੰਥ ਕੁੰਭਕਰਨੀ ਨੀਂਦ’ਚ ਸੁੱਤਾ ਪਿਆ ਹੈ। ਸੁਥਰੇ ਸ਼ਾਹ ਦੀ ਕਹੀ ਹੋਈ ਗੱਲ ਬਿਲਕੁਲ
ਸੱਚ ਸਾਬਤ ਹੋ ਰਹੀ ਹੈ ਕਿ ‘ਕੋਈ ਮਰੇ, ਕੋਈ ਜੀਵੇ, ਸੁਥਰਾ ਘੋਲ ਪਤਾਸਾ ਪੀਵੇ’। ਤਖਤਾਂ
ਦੇ ਜਥੇਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ ਧੜੇ ਨੇ ਤਾਂ ਪੰਥ
ਦੇ ਦਰਦ ਨੂੰ ਦਰਦ ਹੀ ਨਹੀਂ ਸਮਝਿਆ ਹੋਇਆ।
ਚਲੋ! ‘ਨਾਨਕ ਸ਼ਾਹ ਫਕੀਰ’-ਫਿਲਮ ਦੀ ਹੀ ਗੱਲ ਛੋਹੀਏ,
ਫਿਲਮ ਦੇ ਨਿਰਮਾਤਾ ਦਾਹਵਾ ਕਰਦੇ ਹਨ ਕਿ ‘ਸ੍ਰੀ ਅਕਾਲ ਤਖਤ’ ਵਲੋਂ ਇਸ ਫਿਲਮ ਨੂੰ ਮਿਲੀ
ਪ੍ਰਵਾਨਗੀ ਦਾ ਪੱਤਰ ਉਨ੍ਹਾਂ ਕੋਲ ਮੌਜੂਦ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਜੀ ਆਖਦੇ ਹਨ ਕਿ ਉਨ੍ਹਾ ਨੇ ਕੋਈ ਪ੍ਰਵਾਨਗੀ ਨਹੀਂ ਦਿੱਤੀ।
ਝੂੱਠਾ ਕੌਣ? ਕਈ ਵੈਬ-ਸਾਈਟਾਂ ਉੱਤੇ ਤਾਂ ਸ੍ਰੀ ਅਕਾਲ
ਤਖਤ ਸਾਹਿਬ ਵਲੋਂ ਜਾਰੀ ਪੱਤਰ ਦੀਆਂ ਫੋਟੋਆਂ ਵੀ ਜਾਰੀ ਹੋ ਚੁੱਕੀਆਂ ਹਨ। ਇਸ ਤੋਂ ਵੀ
ਅਸਚਰਜ ਗੱਲ, ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇਸ ਫਿਲਮ ਦੀ ਪ੍ਰਦਸ਼ਨੀ ਉੱਤੇ
ਰੋਕ ਲਾਉਂਣ ਦੀ ਗੱਲ ਕਰਦਾ ਹੈ, ਜਦੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਫਿਲਮ
ਵਿਚਲੇ ਇਤਰਾਜਯੋਗ ਸੀਨ ਕੱਟਣ ਦੀ ਦਲੀਲ ਦੇ ਕੇ ਆਪਣਾ ਪਲੂ ਸਾਫ਼ ਰੱਖਣਾ ਚਾਹੁਂਦੇ ਹਨ। ਸ੍ਰੀ
ਗੁਰੂ ਨਾਨਕ ਸਾਹਿਬ ਦੇ ਕਿਰਦਾਰ ਨੂੰ ਨਿਭਾਉਂਣ ਵਾਲੇ ਵਿਅਕਤੀ ਦੀ ਜਥੇਦਾਰ ਜੀ ਅਸਲੋਂ ਗੱਲ
ਨਹੀਂ ਕਰਦੇ।
ਤੀਸਰੇ ਨਾਨਕਸ਼ਾਹੀ ਕੈਲੰਡਰ ਬਾਰੇ ਜੋ
ਨੌਟੰਕੀ ਹੋਈ ਹੈ, ਉਹ ਕਿਸੇ ਤੋਂ ਗੁੱਝੀ ਨਹੀਂ ਹੈ। ਬਾਰ੍ਹਾਂ ਸਾਲਾ ਦੇ ਅਰਸੇ
ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਹ ਡੰਗ-ਟਪਾਊ ਤੀਸਰਾ ਨਾਨਕਸ਼ਾਹੀ
ਕੈਲੰਡਰ ਜਾਰੀ ਹੋਇਆ ਹੈ। ਚਿਰ੍ਹਾਂ ਤੋਂ ਸਿੱਖ ਜਗਤ, ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ
ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਵੀਹ ਕੁ ਦਿਨਾਂ ਦੇ ਫਰਕ ਨਾਲ ਦਿਵਾਲੀ ਤੋਂ ਬਾਅਦ ਪੂਰਨਮਾਸ਼ੀ
ਨੂੰ ਮਨਾਉਂਦਾ ਚਲਿਆ ਆ ਰਿਹਾ ਹੈ। ਨਵੀਤਨ ਜਾਰੀ ਤੀਸਰੇ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ
ਸਾਹਿਬ ਦਾ ਜਨਮ ਦਿਨ ਵਿਸਾਖ ਦੀ ਪਹਿਲੀ ਤਰੀਕ ਨੂੰ ਨਿਸ਼ਚਿਤ ਕੀਤਾ ਗਿਆ ਹੈ। ਹੈ ਨਾ ‘ਪੜਿਆ
ਪੁਤ ਪੜ੍ਹਾਕੂ, ਸੋਲ੍ਹਾਂ ਦੂਣੀ ਅੱਠ’। ਸੱਚ ਇਹ ਹੈ ਕਿ ਸਾਧ ਲਾਣੇ ਦੀ ਦਾੜ੍ਹ ਥੱਲੇ ਆਇਆ
ਨਾ ਨਾਨਕਸ਼ਾਹੀ ਕੈਲੰਡਰ ਹੀ ਬਚਿਆ ਹੈ ਤੇ ਨਾ ਸਿੱਖ ਰਹਿਤ ਮਰਯਾਦਾ।
ਸਖ਼ਤ ਲੋੜ ਸੀ, ਕਿ ਸਿੱਖ ਜਗਤ ਦਾ ਜਾਗ੍ਰਿਤ ਵਰਗ ਐਸੀ ਪ੍ਰਭਾਵਸ਼ਾਲੀ
ਮੁਹਿੰਮ ਚਲਾਉਂਦਾ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇਸ਼ਾਂ, ਵਿਦੇਸ਼ਾਂ ਵਿੱਚ ਵੱਸਦੇ
ਸਿੱਖਾਂ ਨੂੰ ਲਾਮਬੰਦ ਕਰਕੇ, ਸਿੱਖੀ ਰਹੁ-ਰੀਤਾਂ ਦੇ ਮਹੱਤਵ ਨੂੰ ਰੌਸ਼ਨ ਕਰਦਾ। ਸਿੱਖ ਧਰਮ
ਦਾ ਬੁੱਧੀਜੀਵੀ ਵਰਗ ਤੇ ਪੰਥ-ਦਰਦੀ ਘਰ੍ਹਾਂ ਵਿੱਚ ਦੜ੍ਹ-ਵੱਟ ਕੇ ਬਹਿ ਗਏ ਹਨ। ਕਦੋਂ ਕਿ
ਕਲਮਾਂ ਨੇ ਸਿੱਖ ਨਿਜਾਮ’ਚ ਪੈਰ-ਪੈਰ ਤੇ ਵਾਪਰ-ਰਹੀਆਂ ਨਿਸ਼ਿਧ ਘਟਨਾਵਾਂ ਬਾਰੇ ਰੋ ਰੋ ਕੇ
ਲਹੂ ਦੀਆਂ ਨਦੀਆਂ ਵਹਾ ਛੱਡੀਆਂ ਹਨ। ਇਤਿਹਾਸਕ ਕਿਤਾਬਾਂ ਵਿੱਚ ਇਹੋ ਪੜ੍ਹਿਆ ਸੀ ਕਿ ਮੁਗਲ
ਬਾਦਸ਼ਾਹਾਂ ਨੇ “ਸੱਚ ਦੀ ਆਵਾਜ” ਸੁਣਨ ਵਾਲਿਆਂ, ਖਾਸ ਕਰਕੇ ਹਿੰਦੂਆਂ ਦੇ ਕੰਨ੍ਹਾਂ ਵਿੱਚ
ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ।ਫਿਰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ
ਨੇ ਬੁਲੰਦ ਆਵਾਜ ਵਿੱਚ ਇੱਕ ਹੋਕਾ ਦਿੱਤਾ ਕਿ ‘ਹਿੰਦੂ ਅੰਨ੍ਹਾਂ,
ਤੁਰਕੂ ਕਾਣਾ”। ਉਸ ਵਕਤ ਖਲੱਕਤ ਨੂੰ ਜ਼ੁਲਮ ਦੇ ਜੰਜਾਲ’ਚੋਂ ਬਾਹਰ ਕੱਢਣ ਲਈ ਦਸਵੇਂ
ਜਾਮੇਂ ਵਿੱਚ‘ਖਾਲਸਾ ਪੰਥ’ਦੀ ਸਾਜਣਾ ਕੀਤੀ। ਸਿੱਖਾਂ ਨੇ ਸਮੇਂ ਦੀ ਹਕੂਮਤ ਦੇ ਤਸੀਹੇ ਤਾਂ
ਬਹੁਤ ਝੱਲੇ, ਪਰ ਸਰਹੰਦ ਦੀ ਇੱਕ ਨਾਲ ਇੱਕ ਖੜਕਾ ਦਿੱਤੀ ਸੀ। 21ਵੀ ਸਦੀ ਦੇ ‘ਖਾਲਸਾ
ਪੰਥ’ਦੀ ਹੋਂਦ, ਚੰਦ ਇੱਕ ਰਾਜਸੀ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ।
ਸਿੱਖਾਂ ਦੇ ਧਾਰਮਿਕ ਆਗੂਆਂ ਵਿੱਚ ਜਿਵੇਂ ਸਾਹ-ਸਤ ਹੀ ਨਹੀਂ ਰਿਹਾ। ਅਕਾਲੀ ਫੂਲਾ ਸਿੰਘ
ਦੇ ਪੰਥਕ ਫੈਸਲੇ ਸਟੇਜਾਂ ਤੋਂ ਸੁਣ ਕੇ, ਅਜ ਦੇ ਪੰਥਕ ਹਾਲਾਤਾਂ ਨਾਲ ਤੁਲਨਾਤਮਿਕ ਮੇਲ
ਕਰੀਏ, ਤਾਂ ਇੰਵ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਅਸੀਂ ਕੋਈ ਸੁਨਿਹਰੀ ਸੁਪਨਾ ਵੇਖ ਰਹੇ
ਹਾਂ।
ਕੀ ਆਪਣੇ-ਆਪ ਨੂੰ ‘ਸ਼ੇਰ’ ਅਖਵਾਉਂਣ ਵਾਲਾ ਸਿੰਘ ਇਤਨਾ ਡਰ ਗਿਆ ਹੈ
ਅਤੇ ਘਬਰਾ ਕੇ ਆਪਣੀ ਜੁਬਾਨ ਹੀ ਗੁਵਾ ਬੈਠਾ ਹੈ।ਠੀਕ ਹੈ, ਕਿ ਸਿੱਖੀ-ਮਾਰੂ ਵਿਰੋਧੀ ਤਾਕਤਾਂ
ਦੀ ਚੜ੍ਹਤ ਹੈ। ਸੰਤਰੀ ਰੰਗ, ਭਗਵਾ ਹੋ ਗਿਆ ਹੈ। ਸ੍ਰੀ ਦਰਬਾਰ ਸਾਹਿਬ ਵਿੱਚ ਵੀ
ਨੀਲੇ-ਪੀਲੇ ਮਨੁੱਖ ਦੀ ਪਹਿਚਾਣ ਕਰਕੇ ਸਿਰੋਪਾਉ ਦਿੱਤੇ ਜਾਂਦੇ ਹਨ। ਸਰਸਰੀ ਨਜ਼ਰ ਦੌੜਾਇਆਂ
ਇਹੋ ਦਿਸਦਾ ਹੈ ਰਾਜਸੀ ਪ੍ਰਭਾਵ ਥੱਲੇ ਸਿੱਖ ਪੰਥ ਵਿੱਚ ਇੱਕ ਖ਼ਤਰਨਾਕ ਲਕੀਰ ਖਿਚ ਦਿੱਤੀ
ਗਈ ਹੈ। ਵਿਦੇਸ਼ੀ ਸੂਤਰਾਂ ਤੋਂ ਖ਼ਬਰ ਹੈ ਕਿ ਪੰਜਾਬ ਵਿੱਚ ਸਿੱਖਾਂ ਦਾ ਰਿਫਰੈਂਡਮ ਕਰਵਾਇਆ
ਜਾਏ? ਭਲਿਉ! ਪੰਜਾਬ’ਚ ਉਨ੍ਹਾਂ ਤੁਹਾਡਾ ਕੋਈ ਸਿੱਖ, ਸਿੱਖ ਹੀ ਨਹੀਂ ਰਹਿਣ ਦੇਣਾ? ਪਿੰਡਾਂ
ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਰ ਲਿਆਉਂਣ ਲਈ ਮਰਯਾਦਾ ਅਨੁਸਾਰ ਪੰਜ
ਸਿੰਘ ਨਹੀਂ ਲੱਭਦੇ, ਤੁਸੀਂ ਰਿਫਰੈਂਡਮ ਭਾਲਦੇ ਹੋ?
ਖੈਰ! ਸਭ ਤੋਂ ਪਹਿਲਾਂ ਸਿੱਖੀ ਤੇ ਸਿੱਖ ਨੂੰ ਕਾਇਮ ਰੱਖਣਾ ਜਰੂਰੀ
ਹੈ। ਸੋ, ਹਾਲ ਦੀ ਘੜੀ ਇਸ ਲਕੀਰ ਨੂੰ ਹੋਰ ਡੂੰਘਿਆਂ ਹੋਣ ਰੋਕਣ ਲਈ ਘਰੀਂ ਬੈਠੇ ਸਾਬਕਾ
ਜਥੇਦਾਰਾਂ ਦੀ ਫੌਜ ਸਾਕਾ ਨੀਲਾ ਤਾਰਾ ਤੋਂ ਬਾਅਦ ਦੀ ਤਰਜ ਤੇ ਪਿੰਡਾਂ/ਸ਼ਹਿਰਾਂ ਵਿੱਚ ਵਸਦੇ
ਸਾਧਾਰਨ ਸਿੱਖਾਂ ਨੂੰ ਲਾਮਬੰਦ ਕਰਨ ਲਈ ਧਾਰਮਿਕ ਸਮਾਗਮਾਂ ਦੀ ਇੱਕ ਇਨਕਲਾਬੀ ਲਹਿਰ ਦਾ
ਆਯੋਜਨ ਕਰੇ। ਸਿੱਖੀ ਦਾ ਉਸਾਰੂ ਸਾਹਿਤ ਵੰਡਿਆ ਜਾਏ। ਵੇਖਣਾ! ਉਹ ਦਿਨ ਦੂਰ ਨਹੀਂ, ਜਿਸ
ਦਿਨ ਅਜ ਦੇ ਕਾਬਜ ਹਾਕਮ, ਡੇਰੇ ਅਤੇ ਡੇਰੇਦਾਰ ਭੋਰਿਆਂ’ਚ ਵੜ੍ਹ ਕੇ ਮਾਲਾ ਫੇਰਨ ਜੋਗੇ ਵੀ
ਨਹੀਂ ਰਹਿਣਗੇ। ਦੇਰ ਹੁੰਦੀ ਗਈ ਤਾਂ ਗੁਰੂ ਸਾਹਿਬਾਨ ਦੀ ਨਜ਼ਰ ਵਿੱਚ, ਹੋਰ ਕੋਈ ਨਹੀਂ,
ਦੋਸ਼ੀ ਕੇਵਲ ਪੰਥ ਦਰਦੀ ਹੋਵਣਗੇ?