Share on Facebook

Main News Page

ਡੇਰੇਦਾਰੀ ਕਿਵੇਂ ਪੈਰ ਪਸਾਰ ਰਹੀ ਹੈ ਅਤੇ ਸਿੱਖ ਸਿਧਾਤਾਂ ਨੂੰ ਮਜ਼ਾਕ ਬਣਾਇਆ ਜਾ ਰਿਹਾ ਹੈ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਅੱਜਕੱਲ ਡੇਰੇਦਾਰੀ ਪੰਜਾਬ ਅੰਦਰ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ, ਇਹ ਸਭ ਕੁੱਝ ਸਿਖ ਸਿਧਾਂਤਾਂ ਨੂੰ ਚੈਲਿੰਜ ਕਰਨ ਅਤੇ ਸਿੱਖ ਧਰਮ ਦੀਆਂ ਜੜਾਂ ਨੂੰ ਖੋਖਲਾ ਕਰਨ ਵਾਸਤੇ ਕੀਤਾ ਜਾ ਰਿਹਾ। ਪਿਛਲੇ ਦਿਨੀ ਸੰਗਰੂਰ ਜਿਲੇ ਦੇ ਪਿੰਡ ਸਾਹੋਕੇ ਵਿਖੇ ਅਚਾਨਕ ਹੀ ਇੱਕ ਅਖੌਤੀ ਡੇਰੇਦਾਰ, ਜਿਹੜਾ ਆਪਣੇ ਆਪ ਨੂੰ ਨਾਨਕਸਰ ਸੰਪਰਦਾ ਦਾ ਅੰਗ ਦੱਸਦਾ ਹੈ, ਨੇ ਇੱਕ ਬੱਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਕਰਕੇ ਆਪਣੇ ਡੇਰੇ ਦੀ ਆਰੰਭਤਾ ਕੀਤੀ, ਸ਼ੁਰੂ ਸ਼ੁਰੂ ਵਿੱਚ ਡੇਰੇਦਾਰ ਸਾਬਕਾ ਫੌਜੀ ਸੁਰਿੰਦਰ ਸਿੰਘ ਉਰਫ ਫੌਜਾ ਸਿੰਘ ਦਿਨ ਵੇਲੇ ਅਲੋਪ ਰਹਿੰਦਾ ਸੀ, ਕਿਸੇ ਨੂੰ ਦਿਖਾਈ ਨਹੀਂ ਦਿੰਦਾ ਸੀ ਅਤੇ ਇਸ ਨੇ ਆਪਣੇ ਕੁੱਝ ਬੰਦਿਆਂ ਤੋਂ ਆਲੇ ਦੁਆਲੇ ਪ੍ਰਚਾਰ ਕਰਵਾਇਆ ਕਿ ਬੜੇ ਪਹੁੰਚੇ ਹੋਏ ਮਹਾਪੁਰਖ ਹਨ, ਕਿਸੇ ਨਾਲ ਬੋਲਦੇ ਨਹੀਂ, ਪਰ ਜੇ ਕੁੱਝ ਬੋਲ ਦੇਣ ਉਹ ਬਚਨ ਪੂਰੇ ਹੁੰਦੇ ਹਨ ਅਤੇ ਮਹਾਂਪੁਰਖ਼ ਸਿਰਫ ਰਾਤ ਨੂੰ ਬਾਰਾਂ ਵਜੇ ਹੀ ਦਰਸ਼ਨ ਦਿੰਦੇ ਹਨ। ਜਿਸ ਨਾਲ ਇਲਾਕੇ ਦੇ ਸਧਾਰਨ ਲੋਕ ਅਤੇ ਖਾਸ ਕਰਕੇ ਬੀਬੀਆਂ ਨੂੰ ਜਦੋ ਅਜਿਹੀ ਖਬਰ ਮਿਲੀ ਤਾਂ ਹਰ ਕੋਈ ਉਕਸੁਕਤਾ ਨਾਲ ਬਸ ਨੁਮਾਂ ਡੇਰੇ ਉੱਤੇ ਆਉਣਾ ਆਰੰਭ ਹੋ ਗਿਆ।

ਜਦੋਂ ਸੰਗਤ ਆਉਣੀ ਆਰੰਭ ਹੋ ਗਈ ਅਤੇ ਇਹ ਯਕੀਨ ਹੋ ਗਿਆ ਕਿ ਹੁਣ ਦੁਕਾਨ ਚੱਲ ਪਵੇਗੀ ਤਾਂ ਫਿਰ ਉਕਤ ਬਾਬਾ ਜੀ ਨੇ ਬਚਨ ਦੇਣੇ ਸ਼ੁਰੂ ਕਰ ਦਿੱਤੇ ਕਿ ਤੁਹਾਡਾ ਬੱਚਾ ਵਿਦੇਸ਼ ਚਲਾ ਜਾਵੇਗਾ, ਰਿਸ਼ਤਾ ਚੰਗੇ ਘਰ ਹੋ ਜਾਵੇਗਾ, ਮੁਕੱਦਮੇ ਵਿੱਚ ਜਿੱਤ ਮਿਲੇਗੀ, ਬਿਮਾਰੀ ਦੂਰ ਹੋ ਜਾਵੇਗੀ ਅਤੇ ਬੇ ਔਲਾਦੇ ਨੂੰ ਔਲਾਦ ਦੀ ਪ੍ਰਾਪਤੀ ਹੋ ਜਾਵੇਗੀ, ਲੇਕਿਨ ਇਸ ਵਾਸਤੇ ਬਾਬਿਆਂ ਤੋਂ ਡੇਰੇ ਦੀ ਮਰਿਯਾਦਾ ਨਾਲ ਅਖੰਡ ਪਾਠ ਕਰਵਾਉਣਾ ਪਵੇਗਾ। ਬਸ ਫਿਰ ਕੀਹ ਪੰਜ ਪੰਜ ਅਖੰਡ ਪਾਠ ਇਕੱਠੇ ਹੋਣ ਲੱਗ ਪਏ ਅਤੇ ਲੋਕਾਂ ਨੇ ਲਾਰਾ ਬੰਨ ਲਿਆ। ਸ਼ਰਧਾ ਵੱਸ ਲੋਕ ਰਸਦਾਂ ਅਤੇ ਹੋਰ ਵਸਤਾਂ ਦੀ ਲੁੱਟ ਕਰਵਾਉਣ ਵਾਸਤੇ ਇੱਕ ਦੂਜੇ ਤੋਂ ਅੱਗੇ ਹੋ ਨਿਕਲੇ। ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਅਖੌਤੀ ਡੇਰੇਦਾਰ ਨੇ ਜੰਗਲਾਤ ਮਹਿਕਮੇ ਦੀ ਜਗਾ ਉੱਤੇ ਇਹ ਪ੍ਰਪੰਚ ਰਚਨ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਲਿਖਤੀ ਮਨਜੂਰੀ ਵੀ ਪ੍ਰਾਪਤ ਕੀਤੀ ਹੋਈ ਸੀ।

ਇਸ ਡੇਰੇਦਾਰ ਵੱਲੋਂ ਸਿੱਖ ਭਾਵਨਾਵਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਾਸਤੇ ਅੰਮ੍ਰਿਤ ਸੰਚਾਰ ਵੀ ਕਰਵਾਏ, ਲੇਕਿਨ ਉਸ ਵਿਚ ਖੰਡੇ ਬਾਟੇ ਦੀ ਪਾਹੁਲ ਲੈਣ ਵਾਲੇ ਬੰਦੇ ਬਹੁਗਿਣਤੀ ਬਾਹਰਲੇ ਇਲਾਕੇ ਤੋਂ ਹੀ ਆਉਂਦੇ ਸਨ, ਪਰ ਜਿਹੜੇ ਪੰਜ ਸਿੰਘ ਅੰਮ੍ਰਿਤ ਸੰਚਾਰ ਦੀ ਸੇਵਾ ਕਰਦਿਆਂ ਖੰਡੇ ਬਾਟੇ ਦੀ ਪਾਹੁਲ ਦਿੰਦੇ ਸਨ, ਉਹਨਾਂ ਹੀ ਪੰਜ ਪਿਆਰਿਆਂ ਤੋਂ ਬਾਅਦ ਵਿੱਚ, ਜਿਹੜੀਆਂ ਬੀਬੀਆਂ ਔਲਾਦ ਦੀਆਂ ਚਾਹਵਾਨ ਸਨ, ਉਹਨਾਂ ਦੀ ਝੋਲੀ ਵਿੱਚ ਫਲ ਪਵਾ ਕੇ ਕਰਮ ਕਾਂਡ ਕਰਵਾਇਆ ਜਾਂਦਾ ਸੀ। ਇਸ ਕੋਝੀ ਹਰਕਤ ਤੋਂ ਇਲਾਕੇ ਦੇ ਕੁੱਝ ਜਾਗਰੂਕ ਸਿੱਖ ਹਰਕਤ ਵਿੱਚ ਆਏ ਅਤੇ ਪਹਿਲਾਂ ਤਾਂ ਇਸ ਡੇਰੇਦਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਿਖੀ ਸਿਧਾਂਤਾਂ ਤੋਂ ਉਲਟ ਕਰਮਕਾਂਡ ਤੁਰੰਤ ਬੰਦ ਕੀਤਾ ਜਾਵੇ, ਲੇਕਿਨ ਜਦੋ ਕੋਈ ਅਸਰ ਨਾ ਹੋਇਆ ਤਾਂ ਇਲਾਕੇ ਦੇ ਕਈ ਪਿੰਡਾਂ ਦੇ ਸਿੱਖ ਇਕਠੇ ਹੋ ਕੇ ਤਖਤ ਦਮਦਮਾ ਸਾਹਿਬ ਦੇ ਆਰਜ਼ੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਕੋਲ ਗਏ ਕਿ ਇਸ ਪਖੰਡ ਨੂੰ ਰੋਕ ਕੇ ਸਿੱਖ ਸਿਧਾਂਤਾਂ ਦੀ ਰਾਖੀ ਕੀਤੀ ਜਾਵੇ ਅਤੇ ਦੋਸ਼ੀ ਡੇਰੇਦਾਰ ਨੂੰ ਧਾਰਮਿਕ ਸਜ਼ਾ ਵੀ ਦਿਤੀ ਜਾਵੇ।

ਨਵਜੰਮੇ ਡੇਰੇ ਦੇ ਡੇਰੇਦਾਰ ਸੁਰਿੰਦਰ ਸਿੰਘ ਨੂੰ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਗਿਆ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਉਸ ਨੂੰ ਕੀਹ ਧਾਰਮਿਕ ਸਜ਼ਾ ਲਾਈ ਗਈ ਕਿਉਂਕਿ ਮਾਲਵੇ ਦਾ ਇੱਕ ਹੋਰ ਸੰਤ ਉਸ ਨੂੰ ਦਮਦਮਾ ਸਾਹਿਬ ਲੈ ਕੇ ਗਿਆ ਸੀ ਅਤੇ ਉਸ ਸੰਤ ਦੀ ਗਿਆਨੀ ਗੁਰਮੁਖ ਸਿੰਘ ਨਾਲ ਬੜੀ ਨੇੜਤਾ ਦੱਸੀ ਜਾਂਦੀ ਹੈ।

ਇਥੇ ਇਹ ਵੀ ਵਰਨਣਯੋਗ ਹੈ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਕਿਸੇ ਵੀ ਖੁੱਲੀ ਜਗਾ ਉੱਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਕੀਤੇ ਜਾ ਸਕਦੇ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਬੂਟਾ ਸਿੰਘ ਗੁੜਥੜੀ ਨੂੰ ਤਖਤ ਦਮਦਮਾ ਸਾਹਿਬ ਵਿਖੇ ਖੁੱਲੇ ਪੰਡਾਲ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ 'ਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਨੇ ਤਲਬ ਕੀਤਾ ਸੀ ਅਤੇ ਧਾਰਮਿਕ ਸੇਵਾ ਵੀ ਲਾਈ ਸੀ।

ਇਸ ਤਰ੍ਹਾਂ ਹੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਵਿਸਾਖੀ ਦੇ ਜੋੜ ਮੇਲੇ ਉੱਤੇ ਖੁੱਲੇ ਪੰਡਾਲ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨ ਦਿੱਤਾ ਗਿਆ ਸੀ, ਪਰ ਸੁਰਿੰਦਰ ਸਿੰਘ ਉਰਫ ਫੌਜਾ ਸਿੰਘ ਡੇਰੇਦਾਰ ਨੇ ਤਾਂ ਪੰਜ ਪਿਆਰਿਆਂ ਦੇ ਹੱਥੋਂ ਕਰਮ ਕਾਂਡ ਵੀ ਕਰਵਾਇਆ ਹੈ, ਲੇਕਿਨ ਉਸ ਨੂੰ ਕੀਹ ਸਜ਼ਾ ਦਿਤੀ ਹੈ, ਇਸ ਦਾ ਵੇਰਵਾ ਕਿਸੇ ਅਖਬਾਰ ਜਾਂ ਮੀਡੀਆ ਵਿੱਚ ਨਹੀਂ ਆਇਆ।

ਹੁਣ ਇਹ ਪਤਾ ਲੱਗਿਆ ਹੈ ਕਿ ਉਹ ਹੀ ਡੇਰੇਦਾਰ ਹੁਣ ਤਖਤ ਦਮਦਮਾ ਸਾਹਿਬ ਦੇ ਆਰਜ਼ੀ ਜਥੇਦਾਰ ਦੀ ਫੋਟੋ ਵਾਲਾ ਇਸਤਿਹਾਰ ਛਪਵਾਕੇ, ਫਿਰ ਉਸ ਜਗਾ ਉੱਤੇ ਹੀ ਅੰਮ੍ਰਿਤ ਸੰਚਾਰ ਕਰਵਾਉਣ ਦੀ ਤਿਆਰੀ ਵਿੱਚ ਜੁਟ ਗਿਆ ਹੈ। ਜਿਸ ਨਾਲ ਇਲਾਕੇ ਦੀਆਂ ਸੰਗਤਾਂ ਵਿੱਚ ਬੜੀ ਹੈਰਾਨੀ ਪਾਈ ਜਾ ਰਹੀ ਹੈ ਕਿ ਹਾਲੇ ਤੱਕ ਤਾਂ ਇਹ ਹੀ ਨਹੀਂ ਪਤਾ ਲੱਗਿਆ ਕਿ ਉਸ ਨੂੰ ਪਹਿਲਾਂ ਕੀਤੀ ਗਲਤੀ ਦੀ ਕਿਹੜੀ ਸਜ਼ਾ ਦਿੱਤੀ ਗਈ ਹੈ, ਪਰ ਹੁਣ ਦਮਦਮਾ ਸਾਹਿਬ ਦੇ ਆਰਜ਼ੀ ਜਥੇਦਾਰ ਡੇਰੇ ਨੂੰ ਮਾਨਤਾ ਦੇਣ ਵਾਸਤੇ ਖੁਦ ਉਸ ਪਖੰਡੀ ਦੇ ਸਮਾਗਮ ਵਿੱਚ ਸ਼ਾਮਲ ਹੋ ਰਹੇ ਹਨ।

ਇਥੇ ਬੱਸ ਨਹੀਂ ਡੇਰੇਦਾਰ ਵੱਲੋਂ ਜਾਰੀ ਇਸ਼ਤਿਹਾਰ ਵਿੱਚ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਸੇਵਾ ਨਿਭਾ ਰਹੇ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਿਚੋ, ਭਾਈ ਦਿਲਬਾਗ ਸਿੰਘ ਨੂੰ ਪੰਜ ਪਿਆਰਿਆਂ ਦਾ ਮੁਖੀ ਲਿਖ ਕੇ ਗੁਰੂ ਸਾਹਿਬ ਵੱਲੋਂ ਸਾਜੇ ਪੰਜ ਪਿਆਰਿਆਂ ਦੀ ਬਰਾਬਰਤਾ ਅਤੇ ਪੰਚ ਪ੍ਰਧਾਨੀ ਪ੍ਰਥਾ ਦਾ ਸਿੱਧਾ ਅਪਮਾਨ ਕੀਤਾ ਗਿਆ ਹੈ।

ਇਥੇ ਵਰਨਣਯੋਗ ਹੈ ਕਿ ਪਹਿਲਾਂ ਵੀ ਪਹਿਰੇਦਾਰ ਅਖਬਾਰ ਨੇ ਪਹਿਰੇਦਾਰੀ ਕਰਦਿਆਂ, ਇਸ ਪਖੰਡ ਨੂੰ ਨੰਗਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਲਾਕੇ ਦੇ ਲੋਕ ਸੁਚੇਤ ਹੋ ਗਏ ਹਨ। ਹੁਣ ਇਲਾਕੇ ਦੇ ਲੋਕਾਂ ਵਿੱਚ ਪਖੰਡ ਅਤੇ ਗੁਰੂ ਸਿਧਾਂਤਾਂ ਦਾ ਨਿਰਾਦਰ ਕਰਨ ਕਰ ਕੇ ਆਪਣੀ ਡਿੱਗੀ ਸ਼ਾਖ ਨੂੰ ਬਹਾਲ ਕਰਨ ਵਾਸਤੇ, ਤਖਤ ਦਮਦਮਾ ਸਾਹਿਬ ਦੇ ਆਰਜ਼ੀ ਜਥੇਦਾਰ ਨੂੰ ਬੁਲਾਇਆ ਜਾ ਰਿਹਾ ਹੈ ਤਾਂ ਕਿ ਡੇਰੇ ਨੂੰ ਇੱਕ ਤਖਤ ਦੀ ਮਾਨਤਾ ਮਿਲ ਜਾਵੇ ਤਾਂ ਕੂੜ ਦੀ ਦੁਕਾਨ ਫਿਰ ਤੋਂ ਚੰਗੀ ਤਰ੍ਹਾਂ ਆਰੰਭ ਕੀਤੀ ਜਾ ਸਕੇ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਕੀਹ ਕਰਦੀ ਹੈ। ਜੇ ਇਸ ਡੇਰੇਦਾਰ ਨੂੰ ਜਬਰਦਸਤੀ ਇਲਾਕੇ ਵਿੱਚ ਜਮਾਉਣ ਦੀ ਕੋਸ਼ਿਸ਼ ਹੋਈ ਤਾਂ ਕਿਸੇ ਸਮੇਂ ਇੱਥੇ ਵੱਡਾ ਟਕਰਾਓ ਪੈਦਾ ਹੋਣ ਦੀ ਸੰਭਾਵਨਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਗੁਰੂ ਰਾਖਾ!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top