Share on Facebook

Main News Page

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰੂਡੰਮ
-: ਰਜਿੰਦਰ ਸਿੰਘ ਪੁਰੇਵਾਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਪ੍ਰਚਾਰ ਤੇ ਪਾਸਾਰ ਲਈ ਹੋਂਦ ਵਿਚ ਆਈ ਸੀ, ਜਿਸ ਦਾ ਨਿਸ਼ਾਨਾ ਤੇ ਮੰਤਵ ਪੰਥਕ ਹਿੱਤਾਂ ‘ਤੇ ਪਹਿਰਾ ਦੇਣਾ ਤੇ ਸਿੱਖੀ ਦਾ ਵਿਕਾਸ ਕਰਨਾ ਸੀ। ਸਿੱਖ ਹਮੇਸ਼ਾ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈਂਦਾ ਰਿਹਾ ਹੈ ਤੇ ਗੁਰੂ ਗ੍ਰੰਥ ਸਾਹਿਬ ਹੀ ਦਸਾਂ ਗੁਰੂਆਂ ਦੀ ਜੋਤ ਹੈ। ਸਿੱਖ ਰਹਿਤ ਮਰਿਯਾਦਾ ਵਿਚ ਵੀ ਸਿੱਖ ਨੂੰ ਉਦੇਸ਼ ਹੈ ਕਿ ਉਹ ਗੁਰੂਡੰਮ੍ਹ ਨੂੰ ਨਾ ਮੰਨੇ ਤੇ ਨਾ ਹੀ ਸਰੀਰਕ ਗੁਰੂ ਵਿਚ ਵਿਸ਼ਵਾਸ ਰੱਖੇ। ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦਾ ਵਰਤਾਰਾ ਇਸ ਦੇ ਉਲਟ ਹੈ ਤੇ ਉਹ ਦੇਹਧਾਰੀ ਗੁਰੂ ਨੂੰ ਮਾਨਤਾ ਦੇ ਰਹੇ ਹਨ। ਇਹ ਵਰਤਾਰਾ ਇਸ ਲਈ ਜਾਰੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਥਕ ਵਰਤਾਰੇ ਤੋਂ ਉਲਟ ਦੇਹਧਾਰੀ ਗੁਰੂਆਂ ਨੂੰ ਇਸ ਲਈ ਮਾਨਤਾ ਦੇ ਰਹੇ ਹਨ ਤਾਂ ਜੋ ਉਨ੍ਹਾਂ ਦੇ ਵੋਟ ਬੈਂਕ ਵਿਚ ਇਜਾਫਾ ਹੋ ਸਕੇ। ਇਸੇ ਲਈ ਉਹ ਕਦੇ ਆਸ਼ੂਤੋਸ਼, ਕਦੇ ਸੌਦਾ ਸਾਧ, ਕਦੇ ਰਾਧਾ ਸੁਆਮੀ ਤੇ ਕਦੇ ਨਾਮਧਾਰੀਆਂ ਦੇ ਡੇਰਿਆਂ ਵਿਚ ਜਾ ਕੇ ਸਿਰ ਝੁਕਾਉਂਦੇ ਹਨ।

ਉਨ੍ਹਾਂ ਨੇ ਇਨ੍ਹਾਂ ਧਾਰਮਿਕ ਸੰਸਥਾਵਾਂ ਨੂੰ ਇਹੋ ਕੁਝ ਕਰਨ ਦੇ ਆਦੇਸ਼ ਦਿੱਤੇ ਹੋਏ ਹਨ। ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਜਿਸ ਕੋਲ ਧਰਮ ਪ੍ਰਚਾਰ ਦੀ ਵੀ ਜ਼ਿੰਮੇਵਾਰੀ ਹੈ, ਨੇ ਫਤਹਿ ਦਿਵਸ ਦੇ ਸਮਾਗਮ ਦੌਰਾਨ ਨਾਮਧਾਰੀ ਸੰਪਰਦਾ ਦੇ ਮੁਖੀ ਬਾਬਾ ਉਦੈ ਸਿੰਘ ਨੂੰ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਉਨ੍ਹਾਂ ਨੇ ਬਾਬਾ ਉਦੈ ਸਿੰਘ ਨੂੰ ਸਤਿਗੁਰੂ ਕਹਿ ਕੇ ਸੰਬੋਧਨ ਕੀਤਾ। ਉਸ ਸਮੇਂ ਤਖ਼ਤਾਂ ਦੇ ਜਥੇਦਾਰ ਵੀ ਉੱਥੇ ਮੌਜੂਦ ਸਨ। ਸੰਗਤਾਂ ਨੇ ਇਸ ਗੱਲ ਦਾ ਭਾਰੀ ਵਿਦਰੋਹ ਕੀਤਾ ਤਾਂ ਸਿੰਘ ਸਾਹਿਬਾਨਾਂ ਨੂੰ ਉਥੇ ਸਮਾਗਮ ਛੱਡ ਕੇ ਖਿਸਕਣਾ ਪਿਆ।

ਦੱਸਿਆ ਜਾਂਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਸੁਖਬੀਰ ਸਿੰਘ ਬਾਦਲ ਦੇ ਕਾਫੀ ਨੇੜੇ ਹਨ। ਜਦੋਂ ਮਨਜਿੰਦਰ ਸਿੰਘ ਸਿਰਸਾ ਨੂੰ ਸੰਗਤ ਦੇ ਵਿਦਰੋਹ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਨੇ ਝਟਪਟ ਮਾਫੀ ਮੰਗ ਲਈ। ਬਹਾਨਾ ਇਹ ਬਣਾਇਆ ਗਿਆ ਕਿ ਉਸ ਕੋਲ ਜਾਣੇ ਅਣਜਾਣੇ ਵਿਚ ਭੁੱਲ ਹੋਈ ਹੈ। ਕਿਸੇ ਨੇ ਉਨ੍ਹਾਂ ਨੂੰ ਪਿੱਛੋ ਪਰਚੀ ਦਿੱਤੀ ਸੀ ਜਿਹੜੀ ਜਲਦੀ ਵਿਚ ਪੜ੍ਹ ਦਿੱਤੀ ਗਈ ਤੇ ਨਾਮਧਾਰੀ ਬਾਬੇ ਦੇ ਨਾਮ ਨਾਲ ਸਤਿਗੁਰੂ ਜੋੜ ਕੇ ਪੜ੍ਹ ਦਿੱਤਾ ਗਿਆ। ਜਦੋਂ ਦਮਦਮਾ ਸਾਹਿਬ ਦੇ ਜਥੇਦਾਰ ਗੁਰਮੁਖ ਸਿੰਘ ਨੇ ਇਸ ਪ੍ਰਤੀ ਗੁੱਸਾ ਜ਼ਾਹਿਰ ਕੀਤਾ ਤਾਂ ਉਨ੍ਹਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ। ਇਸ ਸਮੁੱਚੇ ਵਰਤਾਰੇ ਪ੍ਰਤੀ ਸਿੰਘ ਸਾਹਿਬਾਨ ਹਾਲੇ ਤੱਕ ਚੁੱਪ ਧਾਰੀ ਬੈਠੇ ਹਨ ਤੇ ਉਨ੍ਹਾਂ ਨੇ ਏਨਾ ਤੇ ਕਿਹਾ ਹੈ ਕਿ ਇਸ ਮੁੱਦੇ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿਚ ਵਿਚਾਰਨਗੇ। ਪਰ ਇਹ ਮੀਟਿੰਗ ਕਦੋ ਹੋਵੇਗੀ, ਕੀ ਇਸ ਦਾ ਉਦੇਸ਼ ਬਾਦਲ ਪਰਿਵਾਰ ਤੋਂ ਲਿਆ ਜਾਵੇਗਾ? ਸਿੰਘ ਸਾਹਿਬਾਨ ਬਾਦਲ ਵਿਰੋਧੀਆਂ ਨੂੰ ਤਾਂ ਝਟਪਟ ਨਿੱਕੀ ਜਿਹੀ ਗਲਤੀ ‘ਤੇ ਝਾੜਾਂ ਪਾ ਦਿੰਦੇ ਹਨ, ਤੇ ਅਖਬਾਰਾਂ ਵਿਚ ਵੱਡੇ ਵੱਡੇ ਬਿਆਨ ਦੇ ਕੇ ਇੰਝ ਦਾਅਵਾ ਕਰਦੇ ਹਨ ਕਿ ਜਿਵੇਂ ਵੱਡਾ ਅਪਰਾਧ ਹੋ ਗਿਆ ਹੋਵੇ, ਪਰ ਇਸ ਮਾਮਲੇ ‘ਤੇ ਸਾਜ਼ਿਸ਼ੀ ਚੁੱਪੀ ਕਿਉਂ ਹੈ?

ਜਥੇਦਾਰਾਂ ਨੇ ਇਸ ਸਮਾਗਮ ਦਾ ਉਸ ਸਮੇਂ ਬਾਈਕਾਟ ਕਿਉਂ ਨਾ ਕੀਤਾ, ਜਦੋਂ ਨਾਮਧਾਰੀ ਬਾਬੇ ਦੀ ਇਸ ਸਮਾਗਮ ਵਿਚ ਸ਼ਾਮਲ ਹੋਏ ਹਨ। ਜਦ ਉਹ ਸਿੱਖ ਮਰਿਯਾਦਾ ਨੂੰ ਮਾਨਤਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਗੁਰਮਤਿ ਸਮਾਗਮ ਵਿਚ ਸੱਦਣ ਦਾ ਕੀ ਉਦੇਸ਼ ਹੈ? ਇਹੋ ਜਿਹੀਆਂ ਗੱਲਾਂ ਨਾਲ ਸਿੱਖ ਪੰਥ ਵਿਚ ਭੰਬਲਭੂਸਾ ਪੈਦਾ ਹੋ ਰਿਹਾ ਹੈ, ਜਿਸ ਦੀ ਜ਼ਿੰਮੇਵਾਰੀ ਸਿੱਧੀ ਸਿੰਘ ਸਾਹਿਬਾਨਾਂ ‘ਤੇ ਆਉਂਦੀ ਹੈ ਕਿ ਉਹ ਪੰਥਕ ਹਿੱਤਾਂ ‘ਤੇ ਪਹਿਰਾ ਦੇਣ ਤੋਂ ਅਸਮਰੱਥ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਇਸ ਗਲਤੀ ਦੇ ਲਈ ਜਿੱਥੇ ਜਥੇਦਾਰ ਸਿਰਸਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਉੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੂੰ ਵੀ ਬਰਾਬਰ ਦਾ ਦੋਸ਼ੀ ਠਹਿਰਾਇਆ ਹੈ ਤੇ ਉਨ੍ਹਾਂ ਦੇ ਅਸਤੀਫਾ ਦੇ ਵੀ ਮੰਗ ਕੀਤੀ ਹੈ।

ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਇਸ ਸੰਬੰਧ ਵਿਚ ਸਿਰ ਜੋੜ ਕੇ ਫੈਸਲਾ ਲੈਣ ਦੀ ਲੋੜ ਹੈ ਤੇ ਗੁਰੂ ਘਰ ਦੇ ਸਮਾਗਮਾਂ ਵਿਚ ਕਿਸੇ ਵੀ ਤਰ੍ਹਾਂ ਦੇਹਧਾਰੀ ਗੁਰੂਆਂ ਨੂੰ ਤੇ ਪਾਖੰਡੀ ਸਾਧਾਂ ਨੂੰ ਨਾ ਸੱਦਿਆ ਜਾਵੇ। ਇਹ ਗੁਰੂ ਗ੍ਰੰਥ ਤੇ ਪੰਥ ਦੀ ਤੌਹੀਨ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਮਾਮਲੇ ਬਾਰੇ ਸੁਚੇਤ ਹੋਣ ਦੀ ਲੋੜ ਹੈ ਕਿ ਉਹ ਪੰਥ ਵਿਚ ਦਖਲਅੰਦਾਜ਼ੀ ਨਾ ਦੇਣ ਤੇ ਨਾ ਹੀ ਰਹਿਤ ਮਰਿਯਾਦਾ ਦੇ ਉਲਟ ਕੋਈ ਕਾਰਜ ਕਰਨ, ਜਿਸ ਨਾਲ ਉਹ ਪੰਥ ਤੋਂ ਅਕਾਲੀ ਦਲ ਨੂੰ ਦੂਰ ਕਰ ਦੇਣ। ਜੇਕਰ ਅਜਿਹੀ ਸੋਚ ਜਾਰੀ ਰਹੀ ਤਾਂ ਪੰਥ ਸਦਾ ਦੇ ਲਈ ਅਕਾਲੀ ਦਲ ਤੋਂ ਦੂਰ ਹੋ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top