Share on Facebook

Main News Page

...ਤੇ ਹੁਣ ਦਿੱਲੀ ਗੁ: ਪ੍ਰ: ਕਮੇਟੀ ਨੇ ਪਾਈ ਸਿੱਖ ਰਹਿਤ ਮਰਿਆਦਾ ਸਿਵਿਆਂ ਦੇ ਰਾਹ

* ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ- ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ 22 ਮਾਰਚ (ਜਸਬੀਰ ਸਿੰਘ ਪੱਟੀ) ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਮਨਾਏ ਗਏ ਫਤਹਿ ਦਿਵਸ ਸਮਾਗਮ ਨੂੰ ਉਸ ਵੇਲੇ ਮਰਿਆਦਾ ਦੀ ਉਲੰਘਣਾ ਕਰਨ ਦਾ ਗ੍ਰਹਿ ਲੱਗ ਗਿਆ ਜਦੋਂ ਤਖਤਾਂ ਦੇ ਜਥੇਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਇੱਕ ਸੰਪਰਦਾ ਦੇ ਮੁੱਖੀ ਨੂੰ ਸਤਿਗੁਰੂ ਕਹਿਣ ਤੋਂ ਖੱਫਾ ਹੋ ਕੇ ਸਟੇਜ ਤੋਂ ਉੱਠ ਕੇ ਚਲੇ ਗਏ ਜਿਹੜੇ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਮਾਗਮ ਵਿੱਚ ਵਾਪਸ ਨਾ ਆਏ।

ਦਿੱਲੀ ਕਮੇਟੀ ਵੱਲੋ ਬੀਤੇ ਕਲ ਫਤਹਿ ਦਿਵਸ ਦੇ ਸਬੰਧ ਵਿੱਚ ਪਹਿਲੇ ਦਿਨ ਕਰਵਾਏ ਗਏ ਸਮਾਗਮਾਂ ਦਾ ਰੰਗ ਉਸ ਵੇਲੇ ਫਿੱਕਾ ਪੈ ਗਿਆ ਜਦੋਂ ਨਾਮਧਾਰੀ ਸੰਪਰਦਾ ਨਾਲ ਸਬੰਧਿਤ ਦਿੱਲੀ ਕਮੇਟੀ ਵਿੱਚ ਦੋ ਮੈਬਰ ਸੱਤਪਾਲ ਸਿੰਘ ਮੀਤ ਪ੍ਰਧਾਨ ਦਿੱਲੀ ਕਮੇਟੀ ਤੇ ਤਨਵੰਤ ਸਿੰਘ ਸਾਬਕਾ ਮੀਤ ਪ੍ਰਧਾਨ ਨਾਮਧਾਰੀ ਸੰਪਰਦਾ ਦੇ ਦੋ ਧੜਿਆਂ ਨੂੰ ਵਾਰੀ ਵਾਰੀ ਸਮਾਗਮ ਵਿੱਚ ਲੈ ਕੇ ਆਏ। ਜਿਉ ਤਨਵੰਤ ਸਿੰਘ ਨਾਮਧਾਰੀ ਬਾਬਾ ਦਲੀਪ ਸਿੰਘ ਧੜੇ ਦੇ ਮੁੱਖੀ ਬਾਬਾ ਦਲੀਪ ਸਿੰਘ ਨੂੰ ਲੈ ਕੇ ਆਇਆ ਤਾਂ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਠਾਕੁਰ ਦਲੀਪ ਸਿੰਘ ਵੀ ਸਮਾਗਮ ਵਿੱਚ ਪੁੱਜ ਗਏ ਹਨ ਅਤੇ ਉਹਨਾਂ ਨੂੰ ਸਤਿਗੁਰੂ ਨਾ ਕਹਿਣ ਦੇ ਰੋਸ ਵਜੋ ਉਹ ਸਟੇਜ 'ਤੇ ਬੈਠਣ ਦੀ ਬਜਾਏ ਥੱਲੇ ਸੰਗਤਾਂ ਵਿੱਚ ਹੀ ਬੈਠ ਗਏ

ਉਹਨਾਂ ਤੋਂ ਬਾਅਦ ਨਾਮਧਾਰੀ ਸੰਪਰਦਾ ਦੇ ਦੂਸਰੇ ਮੁੱਖੀ ਬਾਬਾ ਉਦੈ ਸਿੰਘ ਦੇ ਚੇਲੇ ਜਦੋਂ ਸਮਾਗਮ ਵਿੱਚ ਪੁੱਜੇ ਤਾਂ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਉਹਨਾਂ ਨੂੰ "ਸਤਿਗੁਰੂ ਉਦੈ ਸਿੰਘ" ਕਹਿ ਕੇ ਜਦੋਂ ਵਡਿਆਈ ਕੀਤੀ ਤਾਂ ਸਟੇਜ 'ਤੇ ਬੈਠੇ ਤਖਤਾਂ ਦੇ ਜਥੇਦਾਰ ਮਰਿਆਦਾ ਦੀ ਉਲੰਘਣਾ ਕਰਨ ਨੂੰ ਲੈ ਕੇ ਉਥੋ ਖਿਸਕਣੇ ਸ਼ੁਰੂ ਹੋ ਗਏ। ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਤੇ ਤਖਤ ਸ੍ਰੀ ਦਮਾਦਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਸਭ ਤੋਂ ਪਹਿਲਾਂ ਇਹ ਕਹਿ ਕੇ ਉੱਠ ਕੇ ਚੱਲਦੇ ਬਣੇ ਕਿ ਸਿੱਖ ਪੰਥ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੋਰ ਕੋਈ ਸਰਵ ਉੱਚ ਨਹੀਂ ਹੋ ਸਕਦਾ ਤੇ ਕਿਸੇ ਵਿਅਕਤੀ ਨੂੰ ਗੁਰੂ ਸਾਹਿਬ ਦੀ ਹਜੂਰੀ ਵਿੱਚ ਸਤਿਗੁਰੂ ਕਹਿਣ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਦੇ ਪਿੱਛੇ ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਸ੍ਰੀ ਹਜੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਵੀ ਉੱਠ ਕੇ ਚੱਲੇ ਗਏ। ਇਹਨਾਂ ਜਥੇਦਾਰਾਂ ਨੂੰ ਮਨਾਉਣ ਲਈ ਸ੍ਰ ਮਨਜਿੰਦਰ ਸਿੰਘ ਸਿਰਸਾ ਨੰਗੇ ਪੈਰੀ ਉਹਨਾਂ ਦੇ ਪਿੱਛੇ ਦੌੜ ਕੇ ਗਏ, ਪਰ ਇੱਕ ਘੰਟੇ ਦੀ ਕੜੀ ਮਿਹਨਤ ਤੋਂ ਬਾਅਦ ਵੀ ਕੋਈ ਜਥੇਦਾਰ ਵਾਪਸ ਨਹੀਂ ਆਇਆ।

ਇਹ ਪਤਾ ਲੱਗਾ ਹੈ ਕਿ ਗਿਆਨੀ ਗੁਰਮੁੱਖ ਸਿੰਘ ਨੇ ਤਲਖ ਰੁੱਖ ਅਖਤਿਆਰ ਕਰਦਿਆ ਸਿਰਸੇ ਨੂੰ ਉਸ ਵੱਲੋ ਕੀਤੀ ਗਈ ਬੱਜਰ ਗਲਤੀ ਕਰਨ ਦਾ ਖਮਿਆਜ਼ਾ ਵੀ ਭੁਗਤਣ ਦੀ ਚਿਤਵਾਨੀ ਦਿੱਤੀ ਪਰ ਇਸ ਚਿਤਾਵਨੀ ਦੀ ਫੂਕ ਉਸ ਵੇਲੇ ਨਿਕਲ ਗਈ ਜਦੋਂ ਹਾਈ ਕਮਾਂਡ ਦੇ ਦਬਕੇ ਤੇ ਗਿਆਨੀ ਗੁਰਮੁੱਖ ਸਿੰਘ ਦੋਸ਼ੀ ਮਨਜਿੰਦਰ ਸਿੰਘ ਸਿਰਸੇ ਦੇ ਘਰ ਪ੍ਰਸ਼ਾਦਾ ਛੱਕਣ ਲਈ ਪੁੱਜ ਗਏ ਤੇ ਸਿਰਸੇ ਨੂੰ ਪਲੋਸ ਕੇ ਆਪਣੀ ਕੁਰਸੀ ਦੇ ਹਿਲਦੇ ਪਾਵਿਆ ਨੂੰ ਠੁੰਮਣਾ ਦਿੱਤਾ।

ਇਸੇ ਤਰ੍ਹਾਂ ਜਦੋਂ ਤਖਤ ਸਾਹਿਾਬਨਾਂ ਦੇ ਜਥੇਦਾਰਾਂ ਨੂੰ ਸਨਮਾਨਿਤ ਕਰਨ ਦੀ ਵਾਰੀ ਆਈ ਤਾਂ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਪਰਮਜੀਤ ਸਿੰਘ ਰਾਣਾ ਨੇ ਵੀ ਬੱਜਰ ਗਲਤੀ ਕਰਦਿਆਂ ਚਾਰ ਤਖਤਾਂ ਦੇ ਨਾਲ ਹੀ ਸ਼੍ਰੋਮਣੀ ਬੁੱਢਾ ਦਲ ਚੱਲਦਾ ਵਹੀਰ ਚੱਕਰਵਰਤੀ (ਪੰਜਵਾਂ ਤਖਤ) ਦੇ ਮੁੱਖੀ ਬਾਬਾ ਬਲਬੀਰ ਸਿੰਘ ਨੂੰ ਵੀ ਪੰਜਵੇ ਤਖਤ ਦੇ ਮਾਲਕ ਦੱਸਦਿਆਂ ਸਟੇਜ ‘ਤੇ ਜਥੇਦਾਰਾਂ ਦੇ ਨਾਲ ਹੀ ਬੁਲਾਇਆ ਤਾਂ ਵੀ ਕਈ ਜਾਗਰੂਕ ਸੰਗਤਾਂ ਨੇ ਇਸ ਦਾ ਵਿਰੋਧ ਕੀਤਾ ਕਿ ਬੁੱਢਾ ਦਲ ਨੂੰ ਪੰਜਵਾਂ ਤਖਤ ਵਜੋ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਮਾਨਤਾ ਪ੍ਰਾਪਤ ਨਹੀਂ ਹੈ। ਇਸੇ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਵੱਲੋ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਬਣਾਏ ਜਾ ਰਹੇ ਇੰਦਰਜੀਤ ਸਿੰਘ ਮੌਂਟੀ ਨੇ ਬੱਜਰ ਗਲਤੀ ਉਸ ਵੇਲੇ ਕੀਤੀ ਜਦੋਂ ਰਹਿਰਾਸ ਦਾ ਪਾਠ ਹੋ ਰਿਹਾ ਸੀ ਤਾਂ ਉਸ ਵੇਲੇ ਉਹ ਤਾਬਿਆ ਵਿੱਚ ਬੈਠੇ ਗੰਥੀ ਨੂੰ ਹੀ ਫੋਟੋ ਖਿਚਵਾਉਣ ਦੀ ਆੜ ਵਿੱਚ ਚੌਰ ਸਾਹਿਬ ਕਰਦਾ ਰਿਹਾ ਜਦ ਕਿ ਆਮ ਤੌਰ ਤੇ ਰਹਿਰਾਸ ਦੇ ਪਾਠ ਸਮੇਂ ਚੌਰ ਸਾਹਿਬ ਨਹੀਂ ਕੀਤਾ ਜਾਂਦਾ।

ਫਤਹਿ ਦਿਵਸ ਦੇ ਸਮਾਗਮਾਂ ਵਿੱਚ ਸਭਿਆਚਾਰਕ ਪ੍ਰੋਗਾਰਮ ਨੂੰ ਵੀ ਸ਼ਾਮਲ ਕੀਤਾ ਗਿਆ ਜਿਸ ਵਿੱਚ ਖਾਲਸਾ ਕਾਲਜ ਦੀਆਂ ਲੜਕੀਆਂ ਵੱਲੋ ਗਿੱਧਾ ਤੇ ਮੁੰਡਿਆਂ ਵੱਲੋ ਭੰਗੜਾ ਵੀ ਪੇਸ਼ ਕੀਤਾ ਜਾਣਾ ਸੀ। ਰਾਤ ਸਮੇਂ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਆਪਣਾ ਕੀਰਤਨ ਕਰਨ ਤੋਂ ਪਹਿਲਾਂ ਸਮਾਗਮ ਦੌਰਾਨ ਹੋ ਰਹੀ ਅਵੱਗਿਆ ਸਬੰਧੀ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਤੇ ਉਹਨਾਂ ਨੇ ਸੂਫੀ ਗਾਇਕ ਤੇ ਹੀਰ ਰਾਂਝਿਆਂ ਦੇ ਕਿਸੇ ਗਾਇਨ ਕਰਨ ਵਾਲਿਆ ਵਡਾਲੀ ਭਰਾਵਾਂ ਦੇ ਪ੍ਰੋਗਰਾਮ ਤੇ ਭਾਰੀ ਰੋਸ ਜਿਤਾਇਆ ਤੇ ਇਹ ਵੀ ਕਿਹਾ ਕਿ ਸਿੱਖ ਪੰਥ ਦਾ ਸਭਿਆਚਾਰ ਸਿਰਫ ਗੁਰਬਾਣੀ ਨਾਲ ਜੁੜਿਆ ਹੋਇਆ ਹੈ, ਇਸ ਲਈ ਅਜਿਹੇ ਵਿਅਕਤੀਆਂ ਨੂੰ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਕਰਨਾ ਬੱਜਰ ਗਲਤੀ ਹੋਵੇਗਾ। ਉਹਨਾਂ ਸਿੱਖ ਪੰਥ ਵਿੱਚ ਧਰਮ ਤੇ ਸਿਆਸਤ ਨੂੰ ਇਕੱਠਾ ਦੱਸਦਿਆ ਕਿਹਾ ਕਿ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੀਆ ਦੋ ਕਿਰਪਾਨਾਂ ਪਹਿਨ ਕੇ ਪੰਥ ਦੇ ਵਿਰਸੇ ਨਾਲ ਧਰਮ ਤੇ ਸਿਆਸਤ ਨੂੰ ਜੋੜ ਗਏ ਹਨ ਅਤੇ ਦੋਹਾਂ ਨੂੰ ਕਦੇ ਵੀ ਅਲੱਗ ਨਹੀਂ ਕੀਤਾ ਜਾ ਸਕਦਾ।

ਉਹਨਾਂ ਸਪੱਸ਼ਟ ਕੀਤਾ ਕਿ ਧਰਮ ਸਾਡੀ ਦਸਤਾਰ ਤੇ ਸਿਆਸਤ ਸਾਡੀ ਜੁੱਤੀ ਹੈ ਜਿਹਨਾਂ ਨੂੰ ਆਪਣੀ ਆਪਣੀ ਜਗਾ 'ਤੇ ਹੀ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਧਾਰਮਿਕ ਸਮਾਗਮਾਂ ਵਿੱਚ ਚਾਪਲੂਸੀ ਤੇ ਨਿੱਜਵਾਦ ਵਾਲੀ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ ਪਰ ਉਹਨਾਂ ਨੂੰ ਅਫਸੋਸ ਹੈ ਕਿ ਇਸ ਸਟੇਜ ਤੋਂ ਅਜਿਹਾ ਕੁਝ ਹੋ ਰਿਹਾ ਹੈ ਜੋ ਮਰਿਆਦਾ ਦੀ ਉਲੰਘਣਾ ਦੀ ਬੱਜਰ ਗਲਤੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ ਕੇ ਨੇ ਭਾਈ ਵਡਾਲਾ ਵੱਲੋ ਉਠਾਏ ਗਏ ਸਵਾਲਾਂ ਨੂੰ ਲੈ ਕੇ ਹੋਈ ਮਰਿਆਦਾ ਦੀ ਉਲੰਘਣਾ ਦੀ ਸੰਗਤਾਂ ਕੋਲੋ ਮੁਆਫੀ ਮੰਗਦਿਆ ਇਹ ਵੀ ਐਲਾਨ ਕਰ ਦਿੱਤਾ ਕਿ ਕਿਸੇ ਵੀ ਕਿਸਮ ਦਾ ਸਭਿਆਚਾਰਕ ਪ੍ਰੋਗਾਰਮ ਪੇਸ਼ ਨਹੀਂ ਕੀਤਾ ਜਾਵੇਗਾ ਤੇ ਪੰਥਕ ਮਰਿਆਦਾ ਅਨੁਸਾਰ ਬਾਕੀ ਦੇ ਪ੍ਰੋਗਰਾਮ ਜਾਰੀ ਰਹਿਣਗੇ। ਉਹਨਾਂ ਨੇ ਵਡਾਲੀ ਭਰਾਵਾਂ ਦੀ ਸ਼ਮੂਲੀਅਤ ਤੇ ਵੀ ਰੋਕ ਲਗਾ ਦਿੱਤੀ।

ਇਸੇ ਤਰ੍ਹਾਂ ਸਿਰਸਾ ਨੇ ਵੀ ਆਪਣੀ ਗਲਤੀ ਨੂੰ ਤਸਲੀਮ ਕਰਦਿਆਂ ਸੰਗਤਾਂ ਕੋਲੋ ਮੁਆਫੀ ਮੰਗਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਉਹਨਾਂ ਨੇ ਇੱਕ ਵਿਅਕਤੀ ਨੂੰ ਸਤਿਗੂਰੂ ਕਹਿ ਕੇ ਗਲਤੀ ਕੀਤੀ ਹੈ, ਜਿਸ ਦੀ ਉਹ ਮੁਆਫੀ ਚਾਹੁੰਦੇ ਸਨ, ਪਰ ਦਿੱਲੀ ਦੀਆਂ ਜਾਗਰੂਕ ਸੰਗਤਾਂ ਵਿੱਚ ਇਹਨਾਂ ਮਾਮਲਿਆਂ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਤੇ ਉਹ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਤਨਖਾਹ ਲਗਾਉਣ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਭਾਂਵੇ ਆਪਣੀ ਗਲਤੀ ਦੀ ਪ੍ਰਬੰਧਕਾਂ ਨੇ ਮੁਆਫੀ ਮੰਗ ਲਈ ਹੈ, ਪਰ ਮਾਮਲਾ ਸੰਗੀਨ ਹੈ ਤੇ ਉਹ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਨਗੇ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top