Share on Facebook

Main News Page

ਜਥੇਦਾਰ ਅਕਾਲ ਤਖਤ ਦੀ ਸੁਰੱਖਿਆ ਛੱਤਰੀ ਵਿੱਚ ਕਟੌਤੀ, ਸੁਰੱਖਿਆ ਵਹੀਕਲ ਲਿਆ ਵਾਪਸ

ਅੰਮ੍ਰਿਤਸਰ 19 ਮਾਰਚ (ਜਸਬੀਰ ਸਿੰਘ ਪੱਟੀ): ਗਿਆਨੀ ਗੁਰਬਚਨ ਸਿੰਘ ਦੀ ਸੁਰੱਖਿਆ ਛੱਤਰੀ ਤੇ ਪ੍ਰਸ਼ਨ ਚਿੰਨ ਲਗਾਉਦਿਆਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰ. ਪਰਤਾਪ ਸਿੰਘ ਨੇ ਜਥੇਦਾਰ ਦੀ ਇੱਕ ਸੁਰੱਖਿਆ ਵਾਲੀ ਗੱਡੀ ਵਾਪਸ ਲੈਣ ਦਾ ਪੱਤਰ ਜਾਰੀ ਕਰ ਦਿੱਤਾ ਹੈ, ਜਦ ਕਿ ਇਸ ਤੋਂ ਪਹਿਲਾਂ ਜਥੇਦਾਰ ਦੀ ਪੰਜਾਬ ਪੁਲੀਸ ਵੱਲੋ ਦਿੱਤੇ ਗਏ ਪੁਲੀਸ ਸੁਰੱਖਿਆ ਗਾਰਡਾਂ ਵਿੱਚ ਵੀ ਕਟੌਤੀ ਕੀਤੀ ਗਈ ਸੀ, ਪਰ ਅਖਬਾਰਾਂ ਵਿੱਚ ਸੁਰਖੀਆ ਛੱਪਣ ਤੋਂ ਬਾਅਦ ਸੁਰੱਖਿਆ ਜਵਾਨ ਵਾਪਸ ਭੇਜ ਦਿੱਤੇ ਗਏ ਸਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਤਿੰਨ ਮਾਰਚ ਨੂੰ ਹੋਈ ਮੀਟਿੰਗ ਵਿੱਚ ਵਿੱਚ ਇੱਕ ਮਤਾ ਲਆਂਦਾ ਗਿਆ ਸੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੀ ਸੁਰੱਖਿਆ ਛੱਤਰੀ ਵਿੱਚ ਕਟੌਤੀ ਕੀਤੀ ਜਾਵ। ਸੁਰੱਖਿਆ ਛੱਤਰੀ ਵਿੱਚ ਕਟੌਤੀ ਕਰਨ ਲਈ ਕਾਰਜਕਰਨੀ ਕਮੇਟੀ ਵਿੱਚ ਮਤਾ 1576 ਮਿਤੀ 3 ਮਾਰਚ 2015 ਪਾਸ ਕਰ ਦਿੱਤਾ ਗਿਆ ਕਿ ਜਥੇਦਾਰ ਕੋਲ ਸਿਰਫ ਇੱਕ ਪਾਇਲਟ ਤੇ ਇੱਕ ਹੋਰ ਗੱਡੀ ਹੀ ਨਾਲ ਚੱਲੇਗੀ, ਜਦ ਕਿ ਸੁਰੱਖਿਆ ਵਹੀਕਲ ਵਾਪਸ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਰਹੇ ਜਥੇਦਾਰਾਂ ਕੋਲ ਚਾਰ ਚਾਰ ਸੁਰੱਖਿਆ ਗੱਡੀਆਂ ਵੀ ਚੱਲਦੀਆਂ ਰਹੀਆਂ ਹਨ ਅਤੇ ਸਾਬਕਾ ਜਥੇਦਾਰਾਂ ਨੂੰ ਵੀ ਅੱਜ ਤੱਕ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਨੇ ਵਹੀਕਲ ਦਿੱਤੇ ਹੋਏ ਹਨ, ਜਦ ਕਿ ਗਿਆਨੀ ਗੁਰਬਚਨ ਸਿੰਘ ਕੋਲੋ ਸਾਜਿਸ਼ ਤਹਿਤ ਵਹੀਕਲ ਤੇ ਸੁਰੱਖਿਆ ਕਰਮਚਾਰੀ ਵਾਪਸ ਲੈ ਜਾ ਰਹੇ ਹਨ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਦੀ ਬਰਖਾਸਤਗੀ ਤੋਂ ਬਾਅਦ ਤਖਤਾਂ ਦੇ ਜਥੇਦਾਰ ਨੂੰ ਪੂਰੀ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਗੁਲਾਮ ਬਣਾਉਣ ਦੀ ਸ਼ੁਰੂ ਕੀਤੀ ਗਈ ਪ੍ਰੀਕਿਰਿਆ ਦੇ ਤਹਿਤ ਹੀ ਸੁਰੱਖਿਆ ਵਹੀਕਲ ਵਾਪਸ ਲੈ ਜਾ ਰਹੇ ਹਨ। ਇਸ ਤੋਂ ਪਹਿਲਾਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਇੱਕ ਸਰਕਾਰੀ ਜਿਪਸੀ ਵੀ ਮਿਲਦੀ ਸੀ, ਪਰ ਗਿਆਨੀ ਗੁਰਬਚਨ ਸਿੰਘ ਨੂੰ ਅੱਜ ਤੱਕ ਸਰਕਾਰੀ ਜਿਪਸੀ ਨਹੀਂ ਦਿੱਤੀ ਗਈ ਤੇ ਉਹ ਸ਼੍ਰੋਮਣੀ ਕਮੇਟੀ ਦੁਆਰਾ ਦਿੱਤੀ ਗਈ ਪਾਇਲਟ ਗੱਡੀ ਨਾਲ ਹੀ ਕੰਮ ਚਲਾਉਦੇ ਆ ਰਹੇ ਹਨ। ਜਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਵੇਲੇ ਨਾਨਕਸ਼ਾਹੀ ਕੈਲੰਡਰ ਤੇ ਹੋਰ ਪੰਥਕ ਮੁੱਦਿਆ ਨੂੰ ਲੈ ਕੇ ਕੱਟੜਪੰਥੀਆ ਤੇ ਸਿਰਸੇ ਵਾਲੇ ਬਾਬਾ ਰਾਮ ਰਹੀਮ ਦੇ ਚੇਲਿਆਂ ਦੀ ਹਿੱਟ ਲਿਸਟ 'ਤੇ ਹਨ।

ਇਸ ਸਬੰਧੀ ਜਦੋ ਸ਼੍ਰੋਮਣੀ ਕਮੇਟੀ ਦੇ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਨਿੱਜੀ ਸਹਾਇਕ ਸਤਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਵਿੱਚ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਕਿਸੇ ਵੀ ਵੀ.ਆਈ. ਪੀ ਨਾਲ ਸਿਰਫ ਦੋ ਹੀ ਗੱਡੀਆਂ ਚੱਲਣਗੀਆਂ ਹਨ, ਉਹ ਭਾਂਵੇ ਇੱਕ ਗੱਡੀ ਨੂੰ ਪਾਇਲਟ ਬਣਾ ਲਵੇ ਜਾਂ ਫਿਰ ਸੁਰੱਖਿਆ ਵਹੀਕਲ ਬਣਾ ਲਵੇ ਇਹ ਉਸ ਦੀ ਮਰਜੀ ਹੈ। ਉਹਨਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਦਾ ਫੈਸਲਾ ਨਹੀਂ ਹੈ, ਸਗੋ ਸ਼੍ਰੋਮਣੀ ਕਮੇਟੀ ਦੀ ਇੱਕ ਸੰਵਿਧਾਨਕ ਬਾਡੀ ਕਾਰਜਕਰਨੀ ਕਮੇਟੀ ਦਾ ਫੈਸਲਾ ਹੈ। ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨਾਲ ਅੱਜ ਵੀ ਤਿੰਨ ਵਹੀਕਲ ਚੱਲਦੇ ਹਨ ਤੇ ਇੱਕ ਨਵੀ ਗੱਡੀ ਹਮੇਸ਼ਾਂ ਹੀ ਉਹਨਾਂ ਲਈ ਰਾਖਵੀ ਰੱਖੀ ਜਾਂਦੀ ਹੈ ਉਹ ਜਦੋ ਵੀ ਚਾਹੁਣ ਲਿਜਾ ਸਕਦੇ ਹਨ ਪਰ ਜਥੇਦਾਰ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਦੋ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਇੱਕ ਮੈਂਬਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਮਤਾ ਲਿਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਜਥੇਦਾਰ ਅਕਾਲ ਤਖਤ ਦੀ ਕੋਈ ਗੱਡੀ ਵਾਪਸ ਲੈਣ ਲਈ ਨਹੀਂ ਸਗੋ ਇਕ ਮਤਾ ਆਇਆ ਸੀ ਕਿ ਜਥੇਦਾਰ ਅਕਾਲ ਤਖਤ ਨਾਲ ਸਿਰਫ ਇੱਕ ਪਾਇਲਾਟ ਤੇ ਇੱਕ ਉਹਨਾਂ ਦੀ ਆਪਣੀ ਗੱਡੀ ਹੀ ਚੱਲੇਗੀ। ਉਹਨਾਂ ਕਿਹਾ ਕਿ ਜੇਕਰ ਕੋਈ ਹੋਰ ਅਧਿਕਾਰੀ ਵੀ ਦੋ ਤੋਂ ਵੱਧ ਗੱਡੀਆ ਰੱਖਦਾ ਹੈ ਤਾਂ ਉਸ ਦੀਆ ਗੱਡੀਆ ਵੀ ਵਾਪਸ ਹੋਣੀਆ ਚਾਹੀਦੀ ਹੈ ਸ਼ਾਇਦ ਉਹਨਾਂ ਦਾ ਇਸ਼ਾਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲ ਸੀ। ਉਹਨਾਂ ਕਿਹਾ ਕਿ ਉਹ ਜਲਦੀ ਹੀ ਹੋਰ ਮੁੱਦੇ ਵੀ ਅਗਲੀ ਮੀਟਿੰਗ ਵਿੱਚ ਉਠਾਉਣਗੇ ਤਾਂ ਕਿ ਗੁਰੂ ਦੀ ਗੋਲਕ ਦਾ ਬੋਝ ਘਟਾਇਆ ਜਾ ਸਕੇ।

ਗੱਡੀਆਂ ਵਾਪਸ ਲੈਣ ਬਾਰੇ ਜਦੋ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਜਿਸ ਦਿਨ ਤੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਤੋਂ ਫਖਰੇ-ਏ-ਕੌਮ ਦਾ ਖਿਤਾਬ ਦਿੱਤਾ ਗਿਆ ਸੀ, ਉਸੇ ਦਿਨ ਤੋਂ ਹੀ ਸ਼੍ਰੋਮਣੀ ਕਮੇਟੀ ਪਰਧਾਨ ਨੇ ਵੀ ਜਥੇਦਾਰ ਅਕਾਲ ਤਖਤ ‘ਤੇ ਦਬਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਉਸ ਨੂੰ ‘‘ਸ਼੍ਰੋਮਣੀ ਸੇਵਕ’’ ਦਾ ਅਵਾਰਡ ਦਿੱਤਾ ਜਾਵੇ, ਪਰ ਅਜਿਹਾ ਕਰਕੇ ਜਥੇਦਾਰ ਕੋਈ ਨਵੀ ਚਰਚਾ ਨਹੀਂ ਛੇੜਣਾ ਚਾਹੁੰਦੇ ਸਨ ਜਿਸ ਦੇ ਸਿੱਟੇ ਵਜੋ ਮੱਕੜ ਜਥੇਦਾਰ ਨੂੰ ਲਾਹ ਤਾਂ ਨਹੀਂ ਸਕਿਆ ਪਰ ਆਪਣਾ ਗੁੱਸਾ ਉਸ ਨੇ ਜਥੇਦਾਰ ‘ਤੇ ਉਹਨਾਂ ਦੀ ਸੁਰੱਖਿਆ ਵਹੀਕਲ ਵਾਪਸ ਲੈਣ ਦਾ ਆਦੇਸ਼ ਜਾਰੀ ਕਰਕੇ ਕੱਢਿਆ ਹੈ। 9 ਮਾਰਚ ਦੀ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਭਾਂਵੇ ਸ੍ਰੀ ਮੱਕੜ ਨੂੰ ‘ਸ਼੍ਰੋਮਣੀ ਸੇਵਕ’ ਦਾ ਅਵਾਰਡ ਦੇਣ ਦਾ ਭਾਂਵੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਐਲਾਨ ਕਰ ਦਿੱਤਾ, ਪਰ ਫਿਰ ਵੀ ਮੱਕੜ ਨੇ ਆਪਣਾ ਗੁੱਸਾ ਜਥੇਦਾਰ 'ਤੇ ਕੱਢਦਿਆਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਕੋਲੋ ਜਥੇਦਾਰ ਦੇ ਕਾਫਲੇ ਦਾ ਇੱਕ ਵਹੀਕਲ ਵਾਪਸ ਲੈਣ ਦਾ ਪੱਤਰ ਜਾਰੀ ਕਰਵਾ ਦਿੱਤਾ।

ਇਹ ਵੀ ਪਤਾ ਲੱਗਾ ਹੈ ਕਿ ਨਵਾਂ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਤੋਂ ਪਹਿਲਾਂ ਮੱਕੜ ਤੇ ਜਥੇਦਾਰ ਵਿਚਕਾਰ "ਸ਼੍ਰੋਮਣੀ ਸੇਵਕ" ਅਵਾਰਡ ਨੂੰ ਲੈ ਕੇ ਨੋਕ ਝੋਕ ਵੀ ਹੋਈ ਸੀ, ਪਰ ਜਥੇਦਾਰ ਅਖਬਾਰਾਂ ਵਿੱਚ ਹੋ ਰਹੀ ਵਿਰੋਧਤਾ ਕਾਰਨ ਮੱਕੜ ਨੂੰ ਹਾਲੇ ਸ਼੍ਰੋਮਣੀ ਸੇਵਕ ਦਾ ਅਵਾਰਡ ਦੇਣ ਲਈ ਤਿਆਰ ਨਹੀਂ ਸੀ, ਜਿਸ ਕਰਕੇ ਜਥੇਦਾਰ ਦੇ ਖਿਲਾਫ ਉਸ ਦੀ ਸੁਰੱਖਿਆ ਵਿੱਚ ਕਟੌਤੀ ਦਾ ਕੁਹਾੜਾ ਚੱਲਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਸਬੰਧੀ ਜਥੇਦਾਰ ਅਕਾਲ ਤਖਤ ਨਾਲ ਗੱਲ ਨਹੀਂ ਹੋ ਸਕੀ ਕਿਉਕਿ ਉਹਨਾਂ ਦਾ ਮੋਬਾਇਲ ਫੋਨ ਰੇਂਜ ਤੋਂ ਬਾਹਰ ਆ ਰਿਹਾ ਸੀ।

ਗਿਆਨੀ ਗੁਰਬਚਨ ਸਿੰਘ ਜਿਹੜੇ ਪਹਿਲਾਂ ਹੀ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿੱਚ ਤਬਦੀਲ ਕਰਨ ਲਈ ਕੱਟੜ ਪੰਥੀਆਂ ਤੇ ਹੋਰ ਖਾੜਕੂ ਜਥੇਬੰਦੀਆਂ ਦੀ ਹਿੱਟ ਲਿਸਟ ‘ਤੇ ਹਨ ਦੀ ਸੁਰੱਖਿਆ ਵਿੱਚ ਇਸ ਮੌਕੇ ਕਟੌਤੀ ਕਰਨੀ ਕਿਸੇ ਵੀ ਨਵੇ ਖਤਰੇ ਨੂੰ ਸੱਦਾ ਦੇਣਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋ ਜਥੇਦਾਰ ਦੀ ਸੁਰੱਖਿਆ ਛੱਤਰੀ ਵਿੱਚ ਰੰਜਿਸ਼ ਤਹਿਤ ਕਟੌਤੀ ਕਰਨ ਨਾਲ ਜੇਕਰ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ, ਤਾਂ ਉਸ ਲਈ ਸ਼੍ਰੋਮਣੀ ਕਮੇਟੀ ਪਰਧਾਨ ਤੇ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top