Share on Facebook

Main News Page

ਇਟਲੀ ਵਿੱਚ ਜਨਤਕ ਥਾਂਵਾ 'ਤੇ ਕਿਰਪਾਨ ਪਹਿਨਣ ਦੀ ਇਜਾਜ਼ਤ ਬਹੁਤ ਜਲਦ ਮਿਲੇਗੀ

* ਸ: ਕਰਮਜੀਤ ਸਿੰਘ ਢਿੱਲੋਂ ਅਤੇ ਬਾਕੀ ਸਹਿਯੋਗੀਆਂ ਦੀ ਮਿਹਨਤ ਰੰਗ ਲਿਆਈ। ਸਮੁੱਚੀ ਸਿੱਖ ਕੌਮ ਲਈ ਖੁਸ਼ੀਆਂ ਵਾਲੀ ਘੜੀ।

ਰੋਮ (ਬਲਵਿੰਦਰ ਸਿੰਘ ਢਿੱਲੋਂ): ਸਮੁੱਚੀ ਸਿੱਖ ਕੌਮ ਲਈ ਇਹ ਫਖਰ ਤੇ ਮਾਣ ਵਾਲੀ ਗੱਲ ਹੈ, ਕਿ ਇਟਲੀ ਵਿੱਚ ਸਿੱਖ ਧਰਮ ਨੂੰ ਬਹੁਤ ਹੀ ਜਲਦ ਸਰਕਾਰੀ ਤੌਰ 'ਤੇ ਮਾਨਤਾ ਮਿਲਣ ਜਾ ਰਹੀ ਹੈ। ਧਰਮ ਨੂੰ ਮਾਨਤਾ ਮਿਲਣ ਦੇ ਨਾਲ਼ ਹੀ ਹੁਣ ਇਟਲੀ ਰਹਿੰਦੇ ਸਿੱਖ ਜਨਤਕ ਥਾਂਵਾ 'ਤੇ ਇੱਕ ਨਿਸਚਿਤ ਅਕਾਰ ਦੀ ਕਿਰਪਾਨ ਪਹਿਨ ਕੇ, ਆਮ ਤੁਰ-ਫਿਰ ਸਕਣਗੇ।

ਇਸ ਮਸਲੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ: ਕਰਮਜੀਤ ਸਿੰਘ ਢਿੱਲੋਂ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਇਟਲੀ ਵਸਦੀ ਸਿੱਖ ਕੌਮ ਲਈ ਇੱਕ ਨਵੀਂ ਖਬਰ ਬਹੁਤ ਜਲਦ ਮਿਲਣ ਵਾਲੀ ਹੈ, ਕਿਉਂਕਿ ਇਟਾਲੀਅਨ ਇੰਜਨੀਅਰ ਦੁਆਰਾ ਕ੍ਰਿਪਾਨ ਦਾ ਸਾਇਜ ਪਾਸ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਹੁਣ ਇਟਲੀ ਦੇ ਸਿੱਖ 6 ਸੈਂਟੀਮੀਟਰ ਵਾਲੀ ਅਤੇ 4 ਸੈਂਟੀਮੀਟਰ ਦੇ ਮੁੱਠੇ ਵਾਲੀ (ਕੁੱਲ ਮਿਲਾ ਕੇ 10 ਸੈਂਟੀਮੀਟਰ) ਵਾਲੀ ਕਿਰਪਾਨ ਜਨਤਕ ਥਾਂਵਾ 'ਤੇ ਵੀ ਪਹਿਨ ਸਕਣਗੇ। ਸ: ਢਿੱਲੋਂ ਨੇ ਇਸ ਦਿਸ਼ਾ ਵਿੱਚ ਬਾਕੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਕੁੱਝ ਪੰਥਕ ਸ਼ਖਸ਼ੀਅਤਾਂ ਦੁਆਰਾ ਦਿੱਤੇ ਜਾ ਰਹੇ ਵਡਮੁੱਲੇ ਸਹਿਯੋਗ ਲਈ, ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਹੈ।

ਸ: ਢਿੱਲੋਂ ਨੇ ਅੱਗੇ ਕਿਹਾ ਕਿ "ਸੱਚੇ ਪਾਤਸ਼ਾਹ ਦੀ ਅਪਾਰ ਕ੍ਰਿਪਾ ਤੇ ਮਿਹਰ ਸਦਕਾ, ਅੱਜ ਇਟਲੀ ਦੀ ਸਿੱਖ ਕੌੰਮ ਉਸ ਮਹਾਨ ਕਾਰਜ ਨੂੰ ਫਤਿਹ ਕਰਨ ਜਾ ਰਹੀ ਹੈ, ਜਿਸ ਦੀ ਸਿੱਖ ਸੰਗਤਾਂ ਨੂੰ ਲੰਬੇ ਸਮੇਂ ਤੋਂ ਉਡੀਕ ਸੀ। ਉਨਾਂ ਇਟਲੀ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਲਈ ਕਿਹਾ ਹੈ, ਤਾਂ ਜੋ ਕੌੰਮ ਦੀ ਇਸ ਇਤਿਹਾਸਕ ਜਿੱਤ ਦੌਰਾਨ ਸਿੱਖ ਧਰਮ ਦੇ ਏਕਤਾ ਦੇ ਸਿਧਾਂਤ 'ਤੇ ਵੀ ਪੂਰਨ ਰੂਪ ਵਿੱਚ ਪਹਿਰਾ ਦਿੱਤਾ ਜਾ ਸਕੇ, ਅਤੇ ਸਾਰੀ ਕੌਮ ਰਲ-ਮਿਲ ਕੇ ਇਹ ਖੁਸ਼ੀ ਸਾਂਝੀ ਕਰ ਸਕੇ। ਉਨ੍ਹਾਂ ਦੱਸਿਆ ਕਿ ਇਸੇ ਸਬੰਧ ਵਿੱਚ ਹੋਰ ਵਿਚਾਰ ਵਟਾਂਦਰੇ ਕਰਨ ਦੇ ਲਈ ਭਾਈ ਬਲਬੀਰ ਸਿੰਘ ਲੱਲ੍ਹ ਦੇ ਉਪਰਾਲੇ ਸਦਕਾ ਇਟਲੀ ਦੀਆਂ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਇਕ ਅਹਿਮ ਮੀਟਿੰਗ ਮਿਤੀ 21 ਅਪ੍ਰੈਲ ਨੂੰ ਸ਼ਾਮ 7 ਵਜੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰੋਮ ਵਿਖੇ ਰੱਖੀ ਗਈ ਹੈ।

ਸ: ਢਿੱਲੋਂ ਨੇ ਇਟਲੀ ਦੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਇਸ ਮੀਟਿੰਗ ਵਿੱਚ ਵਧ-ਚੜ ਕੇ ਪਹੁੰਚਣ ਲਈ ਨਿਮਰਤਾ ਸਾਹਿਤ ਪੁਰਜੋਰ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਦੇ ਲਈ ਵੱਖ ਵੱਖ ਜਥੇਬੰਦੀਆਾਂ ਆਪੋ ਆਪਣੇ ਪੱਧਰ 'ਤੇ ਚਿਰੋਕਣੀ ਯਤਨ ਕਰਦੀਆਂ ਆ ਰਹੀਆਂ ਹਨ। ਕੁੱਝ ਸਮਾਂ ਪਹਿਲਾ ਇਟਲੀ ਦੀ ਅਦਾਲਤ ਵੱਲੋਂ ਇਸ ਕੇਸ ਵਿੱਚ ਹਾਰ ਦਿੱਤੀ ਗਈ। ਪ੍ਰੰਤੂ ਸ:ਕਰਮਜੀਤ ਸਿੰਘ ਢਿੱਲੋਂ ਨੇ ਦੂਰ-ਅੰਦੇਸ਼ੀ ਤੇ ਸੂਝਵਾਨਤਾ ਦਾ ਸਬੂਤ ਦਿੰਦੇ ਹੋਇਆਂ ਬਾਕੀ ਸ਼ਖਸ਼ੀਅਤਾਂ ਦੇ ਸਹਿਯੋਗ ਦੇ ਨਾਲ਼ ਇਕ ਵਾਰ ਫੇਰ ਤੋਂ ਇਹ ਮੁੱਦਾ ਇਟਾਲੀਅਨ ਮਨਿਸਟਰੀ ਕੋਲ ਪ੍ਰਭਾਵਸ਼ਾਲੀ ਢੰਗ ਦੇ ਨਾਲ਼ ਉਠਾ ਕੇ, ਸਿੱਖਾਂ ਦੀਆਂ ਭਾਵਨਾਵਾਂ ਨੂੰ ਸਤਿਕਾਰ ਦਿਵਾਉਣ ਦੇ ਲਈ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top