Share on Facebook

Main News Page

ਕ੍ਰਿਸ਼ਨਾਵਤਾਰ’ ਅਤੇ ‘ਜਾਪੁ’ (ਨਿੱਤ-ਨੇਮ) ਇੱਕ ਅਧਿਐਨ
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ 'ਤੇ) - ਭਾਗ ਦੂਜਾ
-: ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ.

ਲੜੀ ਜੋੜਨ ਲਈ ਪਹਿਲਾ ਭਾਗ ਪੜ੍ਹੋ ਜੀ।

ਛੰਦ ਨੰਬਰ 432:
ਤੁਮੀ ਰਾਮ ਹ੍ਵੈ ਕੇ ਦਸਾਗ੍ਰੀਵ ਖੰਡਿਯੋ। ਤੁਮੌ ਕ੍ਰਿਸਨ ਹ੍ਵੈ ਕੰਸ ਕੇਸੀ ਬਿਹੰਡਿਯੋ। ਤੁਮੀ ਜਾਲਪਾ ਹੈ ਬਿੜਾਲਾਛ ਘਾਯੋ। ਤੁਮੀ ਸੁੰਭ ਨਿਸੁੰਭ ਦਾਨੋ ਖਪਾਯੋ।432।

ਅਰਥ- ਸਯਾਮ ਕਵੀ ਲਿਖਦਾ ਹੈ ਕਿ ਦੁਰਗਾ ਨੇ ਰਾਮ ਬਣ ਕੇ ਰਾਵਣ ਨੂੰ ਮਾਰਿਆ, ਦੁਰਗਾ ਨੇ ਕ੍ਰਿਸ਼ਨ ਬਣ ਕੇ ਕੰਸ ਤੇ ਕੇਸੀ ਪਹਿਲਵਾਨ ਨੂੰ ਮਾਰਿਆ, ਉਸੇ ਦੁਰਗਾ ਨੇ ਜਾਲਪਾ ਹੋ ਕੇ ਬਿੜਾਲਾਛ ਨੂੰ ਮਾਰਿਆ ਅਤੇ ਸੁੰਭ ਨਿਸੁੰਭ ਆਦਿਕ ਦੈਤਾਂ ਨੂੰ ਮਾਰਿਆ। ‘ਜਾਪੁ’ ਵਿੱਚ ਕੋਈ ਅਜਿਹਾ ਜ਼ਿਕਰ ਨਹੀਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਸੱਭ ਦੇਵੀ ਦੇਵਤਿਆਂ ਦੀ ਕਰਤਾ ਦੁਰਗਾ ਨਹੀਂ, ਸਗੋਂ ਰੱਬ ਆਪਿ ਹੈ । ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਨੂੰ ਦੁਰਗਾ ਦੇ ਅਧੀਨ ਦੱਸਣਾਂ ਗੁਰਬਾਣੀ ਨਹੀਂ ਮੰਨਦੀ, ਇਹ ਦੇਵਤੇ ਰੱਬ ਦੇ ਬਣਾਏ ਹੋਏ ਹਨ।


ਛੰਦ ਨੰਬਰ 433:
ਦਾਸ ਜਾਨ ਕਰਿ ਦਾਸ ਪਰਿ ਕੀਜੈ ਕ੍ਰਿਪਾ ਅਪਾਰ। ਆਪ ਹਾਥ ਦੇ ਰਾਖ ਮੁਹਿ ਮਨ ਕ੍ਰਮ ਬਚਨ ਬਿਚਾਰ।433।

ਅਰਥ- ਸਯਾਮ ਕਵੀ ਦੁਰਗਾ ਤੋਂ ਕਿਰਪਾ ਮੰਗਦਾ ਹੈ। ‘ਜਾਪੁ’ ਵਿੱਚ ਇਹ ਜ਼ਿਕਰ ਨਹੀਂ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਸਯਾਮ ਕਵੀ ਦਾ ਦੁਰਗਾ ਤੋਂ ਕਿਰਪਾ ਮੰਗਣੀ ਸਿੱਧ ਕਰਦਾ ਹੈ ਕਿ ਕਵੀ ਦੁਰਗਾ ਦਾ ਪੁਜਾਰੀ ਹੈ ,ਰੱਬ ਦਾ ਨਹੀਂ। ਕਵੀ ਨੂੰ ਦੁਰਗਾ ਤੋਂ ਤੋਂ ਪਰੇ ਕੋਈ ਰੱਬ ਨਹੀਂ ਦਿਸਦਾ।


ਛੰਦ ਨੰਬਰ 434:
ਮੈ ਨ ਗਨੇਸਹਿ ਪ੍ਰਿਥਮ ਮਨਾਊ। ਕਿਸਨ ਬਿਸਨ ਕਬਹੂੰ ਨ ਧਿਆਊ।
ਕਾਨਿ ਸੁਨੇ ਪਹਿਚਾਨ ਨ ਤਿਨ ਸੋ। ਲਿਵ ਲਾਗੀ ਮੇਰੀ ਪਗ ਇਨ ਸੋ
।434।

ਅਰਥ- ਕਵੀ ਸਯਾਮ ਕਹਿੰਦਾ ਹੈ – ਮੈਂ ਗਣੇਸ਼, ਸ੍ਰੀ ਕ੍ਰਿਸ਼ਨ ਤੇ ਵਿਸ਼ਣੂ ਨੂੰ ਨਹੀਂ ਮੰਨਦਾ। ਮੇਰੇ ਕੰਨਾਂ ਨੇ ਤਾਂ ਇਨ੍ਹਾਂ ਦੇਵਤਿਆਂ ਦੀ ਚਰਚਾ ਸੁਣੀ ਹੈ ਪਰ ਮੈਨੂੰ ਇਨ੍ਹਾਂ ਦੀ ਕੋਈ ਪਛਾਣ ਨਹੀਂ ਹੈ ਕਿ ਇਹ ਕੌਣ ਹਨ। ਮੇਰੀ ਤਾਂ ਲਿਵ ਦੁਰਗਾ ਦੇ ਚਰਨਾਂ ਵਿੱਚ ਹੀ ਲੱਗ ਰਹੀ ਹੈ। ‘ਜਾਪੁ’ ਵਿੱਚ ਇਹ ਵਿਚਾਰ ਲਿਖਣੇ ਛੱਡ ਦਿੱਤੇ ਗਏ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਕਵੀ ਸ਼ਯਾਮ ਦਾ ਕਪਟ ਇਸ ਛੰਦ ਤੋਂ ਪਤਾ ਲੱਗ ਜਾਂਦਾ ਹੈ। ਕਵੀ ਕਿੱਡੀ ਵੱਡੀ ਗੱਪ ਮਾਰ ਕੇ ਕਹਿੰਦਾ ਹੈ ਕਿ ਉਸ ਨੂੰ ਕ੍ਰਿਸ਼ਨ ਦੀ ਪਛਾਣ ਨਹੀਂ ਕਿ ਉਹ ਕੌਣ ਹੈ। ਇੱਕ ਪਾਸੇ ਤਾਂ ਉਹ ਕ੍ਰਿਸ਼ਨ ਲੀਲਾ ਦੇ ਲੰਬੇ ਚੌੜੇ ਬਿਰਤਾਂਤ ਲਿਖ ਰਿਹਾ ਹੈ ਤੇ ਦੂਜੇ ਪਾਸੇ ਕਹਿੰਦਾ ਹੈ ਕਿ ਉਹ ਕ੍ਰਿਸ਼ਨ ਨੂੰ ਜਾਣਦਾ ਤਕ ਨਹੀਂ ।ਸ਼ਯਾਮ ਕਵੀ ਦੀ ਨੀਯਤ ਕੀ ਹੈ ਪਾਠਕ ਭਲੀ ਭਾਂਤਿ ਸਮਝ ਸਕਦੇ ਹਨ {ਸਚਾਈ ਛਿਪ ਨਹੀਂ ਸਕਤੀ ਬਣਾਵਟ ਕੇ ਅਸੂਲੋਂ ਸੇ। ਖ਼ੁਸ਼ਬੂ ਆ ਨਹੀਂ ਸਕਤੀ ਕਾਗਜ਼ ਕੇ ਫੂਲੋਂ ਸੇ}

ਗੁਰਬਾਣੀ ਆਖਦੀ ਹੈ-
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥-(ਅੰਕ 953)


ਛੰਦ ਨੰਬਰ 435:
ਮਹਾਕਾਲ ਰਖਵਾਰ ਹਮਾਰੋ। ਮਹਾ ਲੋਹ ਮੈ ਕਿੰਕਰ ਥਾਰੋ।
ਅਪੁਨਾ ਜਾਨਿ ਕਰੋ ਰਖਵਾਰ। ਬਾਹ ਗਹੇ ਕੀ ਲਾਜ ਬਿਚਾਰ।

ਅਰਥ:- ਕਵੀ ਸ਼ਯਾਮ ਆਖਦਾ ਹੈ- ਮੇਰਾ ਰਾਖਾ ਮਹਾਕਾਲ { ਮਹਾਕਾਲ -ਇਹ ਸ਼ਿਵ ਜੀ ਦਾ 12 ਵਿੱਚੋਂ ਇੱਕ ਜੋਤ੍ਰਿਲਿੰਗਮ ਹੈ ਜਿਸ ਦਾ ਮੰਦਰ ਉਜੈਨ ਵਿੱਚ ਹੈ} ਹੈ। ਮੈਂ ਮਹਾਕਾਲ/ਮਹਾਲੋਹ ਦਾ ਦਾਸ ਹਾਂ। ਮੈਨੂੰ ਆਪਣਾ ਸਮਝ ਕੇ ਮੇਰੀ ਰੱਖਿਆ ਕਰੋ ਤੇ ਮੇਰੀ ਬਾਂਹ ਫੜੀ ਦੀ ਲਾਜ ਰੱਖੋ। ‘ਜਾਪੁ’ ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਵਿਚਾਰ ਅਧੀਨ ਛੰਦ ਲਿਖਣ ਤੋਂ ਪਹਿਲਾਂ ਕਵੀ ਸ਼ਯਾਮ ਨੇ ਲਿਖਿਆ ਸੀ- ‘ਅਥ ਦੇਵੀ ਜੂ ਕੀ ਉਸਤਤ ਕਥਨੰ’।

ਹੈਰਾਨੀ ਦੀ ਗੱਲ ਹੈ ਕਿ ਕਵੀ ਇਸ ਛੰਦ ਵਿੱਚ ‘ਦੇਵੀ ਜੂ ਕੀ ਉਸਤਤ’ ਨਹੀਂ ਲਿਖ ਰਿਹਾ ਸਗੋਂ ‘ਮਹਾਕਾਲ’ ਦੀ ਉਸਤਤ ਲਿਖ ਰਿਹਾ ਹੈ । ਕਵੀ ਦੇ ਹੱਡਾਂ ਵਿੱਚ ਦੁਰਗਾ ਤੇ ਮਹਾਕਾਲ਼ ਦੋਵੇਂ ਰਚੇ ਹੋਏ ਹਨ, ਜਿਵੇਂ, ਤ੍ਰਿਆਚਰਿਤ੍ਰ’ ਨੰਬਰ 404 ਵਿੱਚ ਕਵੀ ਨੇ ਮਹਾਕਾਲ ਅੱਗੇ ਲੇਲ੍ਹੜੀਆਂ ਕੱਢੀਆਂ ਹਨ ਤੇ ‘ਕਬਿਯੋ ਬਾਚ ਬੇਨਤੀ ਚੌਪਈ’ ਮਹਾਕਾਲ ਨੂੰ ਸੰਬੋਧਨ ਕਰ ਕੇ ਲਿਖੀ ਹੈ ਕਿਉਂਕਿ ਮਹਾਕਾਲ ਦੀ, ਸੁਆਸ ਬੀਰਜ ਦੈਂਤ ਦੇ ਮਾਰੇ ਜਾਣ ਤੇ, ਜਿੱਤ ਹੋ ਜਾਂਦੀ ਹੈ ਤੇ ਮਹਾਂਕਾਲ਼ ਦਾ ਦੂਲਹ ਦੇਈ ਨਾਲ਼ ਵਿਆਹ ਕਰਨ ਦਾ ਰਾਹ ਪੱਧਰਾ ਹੋ ਜਾਂਦਾ ਹੈ। ‘ਕ੍ਰਿਸ਼ਨਾਵਤਾਰ’ ਵਿੱਚ ਕਵੀ ਦਾ ਮੁੱਦਾਅ ਤਾਂ ‘ਦੇਵੀ ਜੂ ਕੀ ਉਸਤਤ’ ਲਿਖਣ ਦਾ ਸੀ ਪਰ ਉਹ ਦੂਜੇ ਇਸ਼ਟ ਮਹਾਕਾਲ ਦੀ ਸ਼ਰਨ ਵਿੱਚ ਪੁੱਜ ਗਿਆ ਹੈ।


ਛੰਦ ਨੰਬਰ 436:
ਅਪੁਨਾ ਜਾਨਿ ਮੁਝੈ ਪ੍ਰਤਿਪਰੀਐ। ਚੁਨਿ ਚੁਨਿ ਸਤ੍ਰ ਹਮਾਰੇ ਮਰੀਐ।
ਦੇਗ ਤੇਗ ਜਗ ਮੈ ਦੋਊ ਚਲੈ। ਰਾਖੁ ਆਪਿ ਮੁਹਿ ਅਉਰ ਨ ਦਲੈ
।436।

ਅਰਥ- ਇਹ ਛੰਦ ਮਹਾਕਾਲ ਦੀ ਉਸਤਤ ਵਿੱਚ ਲਿਖਿਆ ਗਿਆ ਹੈ ਜਿਵੇਂ ਕਿ ਛੰਦ ਨੰਬਰ 35 ਤੋਂ ਸਪੱਸ਼ਟ ਹੈ। ਕਵੀ ਸਯਾਮ ਕਹਿੰਦਾ ਹੈ ਕਿ ਉਸ ਨੂੰ ਬਚਾਓ ਤੇ ਉਸ ਦੇ ਦੁਸ਼ਮਣਾਂ ਦਾ ਚੁਣ-ਚੁਣ ਕੇ ਨਾਸ਼ ਕਰ ਦਿੱਤਾ ਜਾਵੇ। ਕਵੀ ਸਯਾਮ ਕਹਿੰਦਾ ਹੈ ਕਿ ਦੇਗ ਅਤੇ ਤੇਗ਼ ਜੱਗ ਵਿੱਚ ਚੱਲਣ। ਕਵੀ ਡਰਦਾ ਹੋਇਆ ਪੁਕਾਰਦਾ ਹੈ ਕਿ ਉਸ ਨੂੰ ਕੋਈ ਹੋਰ ਨ ਮਾਰ ਦੇਵੇ। ‘ਜਾਪੁ’ ਵਿੱਚ ਅਜਿਹੀਆਂ ਬੇਨਤੀਆਂ ਛੱਡ ਦਿੱਤੀਆਂ ਗਈਆਂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਇਹ ਤੱਥ ਤਾਂ ਸਪੱਸ਼ਟ ਹੋ ਗਿਆ ਹੈ ਕਿ ਕਵੀ ਨੇ ਮਹਾਕਾਲ ਅੱਗੇ ਬੇਨਤੀ ਕੀਤੀ ਹੈ। ਇਸੇ ਕਵੀ ਨੇ ਤ੍ਰਿਅਚਰਿਤ੍ਰ ਨੰਬਰ 404 ਵਿੱਚ ਵੀ ਇਸੇ ਛੰਦ ਦੀ ਸ਼ਬਦਾਵਲੀ ਵਰਤੀ ਹੈ ਕਿਉਂਕਿ ਓਥੇ ਵੀ ਕਵੀ ਮਹਾਕਾਲ ਅੱਗੇ ਹੀ ਬੇਨਤੀ ਕਰਦਾ ਹੈ ਤੇ ਛੰਦ ਵੀ ‘ਚੌਪਈ’ ਹੀ ਦੋਵੇਂ ਥਾਵਾਂ ਤੇ ਵਰਤਿਆ ਹੈ। ਮਹਾਕਾਲ ਅੱਗੇ ਹੀ ਕੀਤੀ ਗਈ ‘ਕਬਿਯੋ ਬਾਚ ਬੇਨਤੀ ਚੌਪਈ’ ਵਿੱਚ ਇਸ ਛੰਦ ਵਾਲ਼ੀ ਸ਼ਬਦਾਵਲੀ ਦਾ ਨਮੂਨਾ ਦੇਖੋ-

ਅਪਨਾ ਜਾਨਿ ਕਰੋ ਪ੍ਰਤਿਪਾਰਾ। ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ।

ਉਸਤਤ ਕਰਦਾ ਕਰਦਾ ਕਵੀ ਬੇਨਤੀ ਵਲ ਨੂੰ ਹੋ ਤੁਰਿਆ ਹੈ, ਜਿਸ ਦਾ ਉਸ ਨੇ ‘ਕ੍ਰਿਸ਼ਨਤਵਤਾਰ’ ਦੀ ‘ਚੌਪਈ’ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਸੰਕੇਤ ਨਹੀਂ ਦਿੱਤਾ।

ਸਯਾਮ ਕਵੀ ‘ਦੇਗ ਤੇਗ਼’ ਚੱਲਣ ਦੀ ਗੱਲ ਕਰ ਕੇ ਜੱਗ ਵਿੱਚ ਤਲਵਾਰ ਚਲਦੀ ਰਹਿਣ ਭਾਵ ਜੰਗ ਹੁੰਦੇ ਰਹਿਣ ਤੇ ਮਨੁਖਤਾ ਦੇ ਖ਼ੂਨ ਦੇ ਦਰਿਆ ਵਗਦੇ ਰਹਿਣ ਦੀ ਕਾਮਨਾ ਕਰਦਾ ਹੈ। ਕੋਈ ਵੀ ਸ਼ਾਂਤੀ-ਪਸੰਦ ਵਿਅੱਕਤੀ ਨਹੀਂ ਚਾਹੇਗਾ, ਕਿ ਦੁਨੀਆਂ ਵਿੱਚ ਰਾਜੇ ਜਾਂ ਲੋਕ ਤਲਵਾਰ ਚਲਾਉਂਦੇ ਰਹਿਣ। ਕਿਸੇ ਗੁਰੂ ਸਾਹਿਬ ਨੇ ਆਪ ਕਿਸੇ ਤੇ ਤੇਗ਼ ਚਲਾਉਣ ਦੀ ਪਹਿਲ ਨਹੀਂ ਕੀਤੀ, ਕੇਵਲ ਹਮਲਾ-ਆਵਰਾਂ ਤੋਂ ਸਵੈ-ਰੱਖਿਆ ਵਜੋਂ ਹੀ ਤੇਗ਼ ਫੜੀ ਹੈ। ਗੁਰੂ ਜੀ ਨਹੀਂ ਚਾਹੁੰਦੇ ਕਿ ਜੰਗ ਹੁੰਦੇ ਰਹਿਣ ਜਾਂ ਖ਼ੂਨ ਖ਼ਰਾਬਾ ਹੁੰਦਾ ਰਹੇ। ‘ਦੇਗ ਤੇਗ਼ ਫਤੇ’ ਦਾ ਨਾਹਰਾ ਸਯਾਮ ਕਵੀ ਦੀ ਹੀ ਦੇਣ ਹੈ, ਕਿਸੇ ਗੁਰੂ ਸਾਹਿਬ ਦੀ ਨਹੀਂ। ਜਿੱਥੋਂ ਤਕ ਦੇਗ ਦੀ ਗੱਲ ਹੈ, ਪ੍ਰਭੂ ਨੇ ਹਰ ਜੀਵ ਵਾਸਤੇ ਸਦਾ ਲਈ ਭੰਡਾਰੇ ਭਰ ਦਿੱਤੇ ਹੋਏ ਹਨ।

ਗੁਰਬਾਣੀ ਦੱਸਦੀ ਹੈ- ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੋ ਏਕਾ ਵਾਰ॥--(ਜਪੁ॥)

ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥-(ਅੰਕ ਗਗਸ 10)। ਪਹਿਲੋ ਦੇ ਤੈਂ ਰਿਜਕੁ ਸੰਬਾਹਾ ਪਿਛੋ ਦੇ ਤੈਂ ਜੰਤੁ ਉਪਾਹਾ॥ ਤੁਧੁ ਜੇਵਡੁ ਦਾਤਾ ਅਵਰੁ ਨ ਕੋਈ ਲਵੈ ਨ ਕੋਈ ਲਾਵਣਿਆ॥-(ਅੰਕ ਗਗਸ 130)

ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥-(ਅੰਕ ਗਗਸ 955)


ਛੰਦ ਨੰਬਰ 437:
ਤੁਮ ਮਮ ਕਰਹੁ ਸਦਾ ਪ੍ਰਤਿਪਾਰਾ।ਤੁਮ ਸਾਹਿਬ ਮੈ ਦਾਸ ਤਿਹਾਰਾ।
ਜਾਨਿ ਆਪਨਾ ਮੁਝੈ ਨਿਵਾਜ।ਆਪਿ ਕਰਹੁ ਹਮਰੇ ਸਭ ਕਾਜ।

ਅਰਥ- ਇਹ ਛੰਦ ਵੀ ਨਵੀ ਨੇ ‘ਦੇਵੀ ਜੂ ਕੀ ਉਸਤਤ’ ਦੀ ਥਾਂ ਮਹਾਕਾਲ ਅੱਗੇ ਬੇਨਤੀ ਕਰਨ ਲਈ ਹੀ ਲਿਖਿਆ ਹੈ। ਕਵੀ ਕਹਿੰਦਾ ਹੈ ਕਿ ਉਸ ਦੇ ਸਾਰੇ ਕੰਮ ਮਹਾਕਾਲ ਆਪ ਕਰੇ। ਸਯਾਮ ਮਹਾਕਾਲ ਨੂੰ ਸਾਹਿਬ ਤੇ ਆਪ ਨੂੰ ਦਾਸ ਲਿਖਦਾ ਹੈ। ‘ਜਾਪੁ’ ਵਿੱਚ ਅਜਿਹੀ ਕੋਈ ਬੇਨਤੀ ਨਹੀਂ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਸਯਾਮ ਕਵੀ ਨੇ ‘ਦੇਵੀ ਜੂ ਕੀ ਉਸਤਤ ਕਥਨੰ’ ਦਾ ਖ਼ੁਦ ਸੰਕੇਤ ਦੇ ਕੇ ਦੁਰਗਾ ਦੀ ਉਸਤਤ ਦੀ ਥਾਂ ਮਹਾਕਾਲ ਅੱਗੇ ਬੇਨਤੀਆਂ ਕੀਤੀਆਂ ਹਨ। ਇਹ ਬੇਨਤੀਆਂ ਉਸੇ ਤਰ੍ਹਾਂ ਦੀਆਂ ਹਨ ਜਿਸ ਤਰ੍ਹਾਂ ਦੀਆਂ ਮਹਾਕਾਲ ਅੱਗੇ ‘ਕਬਿਯੋ ਬਾਚ ਬੇਨਤੀ ਚੌਪਈ’ (ਨਿੱਤ-ਨੇਮ ਵਿੱਚ ਧੱਕੇ ਨਾਲ਼ ਜੋੜੇ ਜਾਣ ਵਾਲ਼ੀ) ਵਿੱਚ ਕੀਤੀਆਂ ਗਈਆਂ ਹਨ।


ਛੰਦ ਨੰਬਰ 438:
ਤੁ ਹੋ ਸਭ ਰਾਜਨ ਕੇ ਰਾਜਾ। ਆਪੇ ਆਪੁ ਗਰੀਬ ਨਿਵਾਜਾ।
ਦਾਸ ਜਾਨ ਕਰਿ ਕ੍ਰਿਪਾ ਕਰਹੁ ਮੁਹਿ।ਹਾਰਿ ਪਰਾ ਮੈ ਆਨਿ ਦਵਾਰਿ ਤੁਹਿ
।438।

ਅਰਥ- ਮਹਾਕਾਲ ਨੂੰ ਸਯਾਮ ਕਵੀ ਰਾਜਿਆਂ ਦਾ ਰਾਜਾ ਤੇ ਆਪੂੰ ਬਣਿਆਂ ਗ਼ਰੀਬ ਨਿਵਾਜ ਲਿਖਦਾ ਹੈ। ਹਾਰ ਕੇ ਕਵੀ ਮਹਾਕਾਲ ਦੀ ਸ਼ਰਨ ਵਿੱਚ ਪਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਗੁਰਬਾਣੀ ਕਹਿੰਦੀ ਹੈ ਕਿ ਰੱਬ ਦੇ ਬਰਾਬਰ ਹੋਰ ਕੋਈ ਰਾਜਾ ਨਹੀਂ ਹੈ, ਜਿਵੇਂ-
ਕੋਊ ਹਰਿ ਸਮਾਨਿ ਨਹੀਂ ਰਾਜਾ॥ ਇਹ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ॥- (ਅੰਕ ਗਗਸ 856)

ਸਯਾਮ ਕਵੀ ਦੁਰਗਾ ਨੂੰ ਵੀ ‘ਭੂਪ ਭੂਪੇ’ ਮੰਨਦਾ ਹੈ ਤੇ ਮਹਾਕਾਲ ਨੂੰ ਵੀ ‘ਰਾਜਿਆਂ ਦਾ ਰਾਜਾ’ ਲਿਖਦਾ ਹੈ। ਸਪੱਸ਼ਟ ਹੈ ਕਿ ਸਯਾਮ ਕਵੀ ਦੁਰਗਾ ਤੇ ਮਹਾਕਾਲ ਨੂੰ ਹੀ ਆਪਣੇ ਇਸ਼ਟ ਮੰਨਦਾ ਹੈ ਰੱਬ ਨੂੰ ਨਹੀਂ, ਪਰ ਗੁਰਬਾਣੀ ਇਸ ਨਾਲ਼ ਸਹਿਮਤ ਨਹੀਂ ਹੈ।

ਨੋਟ: ਇਨ੍ਹਾਂ ਰਚਨਾਵਾਂ ਨੂੰ ਮੁਕੰਮਲ ਰੂਪ ਵਿੱਚ ਪੜ੍ਹਨ ਤੇ ਅਰਥ ਸਮਝਣ ਤੋਂ ਆਲਸੀ ਤੇ ਅਗਿਆਨੀ ਕਈ ਰਾਗੀ ਜਥੇ ਅਜਿਹੇ ਛੰਦਾਂ ਨੂੰ ਸਾਧ ਸੰਗਤਿ ਵਿੱਚ ਪੜ੍ਹ ਗਾ ਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ’ ਮਹਾਕਾਲ ਹੀ ਬਣਾ ਰਹੇ ਹਨ ਤੇ ਸੰਗਤਾਂ ਨੂੰ ਯੋਗ ਅਗਵਾਈ ਦੇਣ ਦੀ ਥਾਂ ਹਿੰਦੂ ਮੱਤ ਵਿੱਚ ਪੱਕੇ ਕਰ ਰਹੇ ਹਨ। ਇਸ ਤਰ੍ਹਾਂ ਕਰਕੇ ਉਹ ਸਿੱਖ ਕੌਮ ਦੀ ਬੇੜੀ ਨੂੰ ਵੱਡੇ ਵੱਡੇ ਮਨਮਤਿ ਦੇ ਪੱਥਰਾਂ ਨਾਲ਼ ਲੱਦ ਕੇ ਹਿੰਦੂ ਮੱਤ ਦੇ ਡੂੰਘੇ ਦਰਿਆ ਵਿੱਚ ਡੋਬ ਦੇਣ ਦੇ ਅਪਰਾਧੀ ਬਣ ਰਹੇ ਹਨ।


ਛੰਦ ਨੰਬਰ 439:
ਅਪੁਨਾ ਜਾਨਿ ਕਰੋ ਪ੍ਰਤਿਪਾਰਾ। ਤੁਮ ਸਾਹਿਬ ਮੈ ਕਿੰਕਰ ਥਾਰਾ।
ਦਾਸ ਜਾਨਿ ਕੈ ਹਾਥਿ ਉਬਾਰੋ। ਹਮਰੇ ਸਭ ਬੈਰੀਅਨ ਸੰਘਾਰ
ੋ।439।

ਅਰਥ:- ਸਯਾਮ ਕਵੀ ਬੇਨਤੀ ਕਰਦਾ ਹੈ- ਮੈਨੂੰ ਆਪਨਾ ਜਾਣ ਕੇ ਪਾਲਣਾ ਕਰੋ, ਮੈਂ ਦਾਸ ਹਾਂ ਤੇ ਤੁਸੀਂ ਮਹਾਕਾਲ ਜੀ! ਮਾਲਿਕ ਹੋ, ਹੱਥ ਦੇ ਕੇ ਬਚਾਓ ਤੇ ਮੇਰੇ ਸਾਰੇ ਦੁਸ਼ਮਣ ਮਾਰ ਦਿਓ। ‘ਜਾਪੁ’ ਵਿੱਚ ਬੇਨਤੀ ਨਹੀਂ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਅਗਵਾਈ: ਸਯਾਮ ਕਵੀ ਮਹਾਕਾਲ ਤੋਂ ਹੀ ਸਭ ਦਾਤਾਂ ਮੰਗ ਰਿਹਾ ਹੈ। ਗੁਰਬਾਣੀ ਅਨੁਸਾਰ ਰੱਬ ਹੀ ਸੱਭ ਦਾ ਦਾਤਾ ਹੈ ਤੇ ਸਿੱਖ ਕਿਸੇ ਦੇਵੀ ਦੇਵਤੇ ਦਾ ਮੁਥਾਜ ਨਹੀਂ ਹੈ। ਜੇ ਕੋਈ ਰੱਬ ਤੋਂ ਬਿਨਾਂ ਦਾਤਾ ਬਣਦਾ ਵੀ ਹੈ ਤਾਂ ਗੁਰਬਾਣੀ ਉਸ ਨੂੰ ਮੂਰਖ ਸਮਝਦੀ ਹੈ, ਜਿਵੇਂ-

ਜੇ ਕੋ ਹੋਇ ਬਹੈ ਦਾਤਾਰੁ॥ ਤਿਸੁ ਦੇਨਹਾਰੁ ਜਾਨੈ ਗਾਵਾਰੁ॥-- (ਸੁਖਮਨੀ)
ਮਹਾਕਾਲ ਰੱਬ ਨਹੀਂ ਹੈ, ਭਾਵੇਂ ਸਯਾਮ ਕਵੀ ਮੰਨਦਾ ਹੋਵੇ।


ਛੰਦ ਨੰਬਰ 440:
ਪ੍ਰਥਮ ਧਰੋ ਭਗਵਤ ਕੋ ਧਿਆਨਾ। ਬਹੁਰਿ ਕਰੋ ਕਬਿਤਾ ਬਿਧਿ ਨਾਨਾ।
ਕ੍ਰਿਸਨ ਜਥਾ ਮਤਿ ਚਰਿਤ੍ਰ ਉਚਾਰੋ। ਚੂਕ ਹੋਇ ਕਬਿ ਲੇਹੁ ਸੁਧਾਰੋ।440।

ਅਰਥ:- ਕਵੀ ਸਯਾਮ ਆਖਦਾ ਹੈ- ਪਹਿਲਾਂ ਮੈਂ ਦੁਰਗਾ ਦੇਵੀ ਦਾ ਧਿਆਨ ਧਰਦਾ ਹਾਂ ਤੇ ਫਿਰ ਕਵਿਤਾ ਲਿਖਦਾ ਹਾਂ। ਜਿਹੋ ਜਿਹੀ ਬੁੱਧੀ ਹੈ ਉਸ ਅਨੁਸਾਰ ਸ੍ਰੀ ਕ੍ਰਿਸ਼ਨ ਦੀ ਲੀਲ੍ਹਾ ਬਿਆਨ ਕਰਦਾ ਹਾਂ। ਹੇ ਕਵੀਓ! ਕਵਿਤਾ ਲਿਖਣ ਵਿੱਚ ਗ਼ਲਤ਼ੀਆਂ ਦੇਖ ਦੇ ਮੇਰੀ ਲਿਖੀ ਕਵਿਤਾ ਵਿੱਚ ਆਪ ਹੀ ਸੁਧਾਰ ਕਰ ਲਿਓ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸੇਧ: ਗੁਰਬਾਣੀ ਲਿਖਣ ਵਾਲ਼ਿਆਂ ਨੇ ਮੰਗਲਾਚਰਣ ਕੇਵਲ ਅਕਾਲ ਪੁਰਖ ਦਾ ਕੀਤਾ ਹੈ, ਕਿਸੇ ਦੇਵੀ ਜਾਂ ਦੇਵਤੇ ਦਾ ਨਹੀਂ।ਸ਼ੁਰੂ ਵਿੱਚ ਸਯਾਮ ਨੇ ‘ਦੇਵੀ ਜੂ ਕੀ ਉਸਤਤ ਕਥਨੰ’ ਲਿਖ ਕੇ ਦੁਰਗਾ ਮਾਈ ਦੀ ਸਿਫ਼ਤ ਕੇਵਲ ਛੰਦ ਨੰਬਰ 421 ਤੋਂ 432 ਤਕ ਲਿਖ ਕੇ ਫਿਰ ਉਹ ਦੋਹਰਾ ਤੇ ਚੌਪਈ ਲਿਖ ਕੇ, ਛੰਦ ਨੰਬਰ 433 ਤੋਂ 440 ਤਕ, ਮਹਾਕਾਲ਼ ਅੱਗੇ ਆਪਣੀ ਰੱਖਿਆ ਕਰਨ ਤੇ ਉਸ ਦੇ ਦੁਸ਼ਟਾਂ ਨੂੰ ਮਾਰ ਦੇਣ ਲਈ ਲੇਲ੍ਹੜੀਆਂ ਕੱਢਦਾ ਹੈ। ਛੰਦ ਨੰਬਰ 440 ਵਿੱਚ ਫਿਰ ਦੁਰਗਾ ਦੇਵੀ ਦੀ ਕਿਰਪਾ ਨਾਲ਼ ਕਵਿਤਾ ਲਿਖਣ ਦਾ ਜ਼ਿਕਰ ਕਰਦਾ ਹੈ। ਕਵੀ ਆਪਣੇ ਦੁਸ਼ਮਣਾ ਦਾ ਵੇਰਵਾ ਨਹੀਂ ਦਿੰਦਾ ਪਰ ਉਨ੍ਹਾਂ ਨੂੰ ਜਾਨੋਂ ਮਾਰ ਦੇਣ ਲਈ ਮਹਾਕਾਲ ਨੂੰ ਕਹਿੰਦਾ ਹੈ। ਸਯਾਮ ਕਵੀ ਨੂੰ ਇਹ ਵੀ ਵਿਸ਼ਵਾਸ ਨਹੀਂ ਕਿ ਉਹ ਠੀਕ ਹੀ ਲਿਖ ਰਿਹਾ ਹੈ । ਸਾਥੀ ਕਵੀਆਂ ਨੂੰ ਕਹਿੰਦਾ ਹੈ ਕਿ ਉਸ ਦੀਆਂ ਗ਼ਲਤੀਆਂ ਨੂੰ ਆਪ ਹੀ ਠੀਕ ਕਰ ਲੈਣਾਂ। ਸਯਾਮ ਕਵੀ 52 ਕਵੀਆਂ ਵਿੱਚ ਸ਼ਾਮਲ ਸੀ ਜਿਸ ਦਾ ਨਾਂ ਕਵੀਆਂ ਦੀ ਸੂਚੀ ‘ਮਹਾਨ ਕੋਸ਼’ ਵਿੱਚ ਤੇਰਵੇਂ ਨੰਬਰ ਤੇ ਦਰਜ ਹੈ। ਕੁਝ ਰਚਨਾ ਉਸ ਨੇ ਸ੍ਰੀ ਅਨੰਦਪੁਰ ਸਾਹਿਬ ਰਹਿੰਦਿਆਂ ਕੀਤੀ ਹੈ ਤੇ ਕੁਝ ਪਾਉਂਟਾ ਸਾਹਿਬ ਵਿੱਚ । ਗੁਰੂ ਜੀ ਦਸਵੇਂ ਪਾਤਿਸ਼ਾਹ ਨਾਹਨ ਵਲ ਜਾਣ ਸਮੇਂ ਵਹੀਰ ਵਿੱਚ ਆਪਣੇ ਨਾਲ਼ 500 ਸ਼ਸਤ੍ਰਧਾਰੀ ਸਿੰਘ ਅਤੇ 52 ਕਵੀ ਵੀ ਨਾਲ਼ ਲੈ ਗਏ ਸਨ {ਜੀਵਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ਤ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ} ਜਿਨ੍ਹਾਂ ਵਿੱਚ ਸਯਾਮ ਕਵੀ ਵੀ ਸੀ।


ਸਯਾਮ ਕਵੀ ਛੰਦ ਨੰਬਰ 4 ਵਿੱਚ ਲਿਖਦਾ ਹੈ-
ਜੇ ਜੇ ਕ੍ਰਿਸਨ ਚਰਿਤ੍ਰ ਦਿਖਾਏ।ਦਸਮ ਬੀਚ ਸਭ ਭਾਖਿ ਸੁਨਾਇ।
ਗਯਾਰਾ ਸਹਸ ਬਾਨਵੇ ਛੰਦਾ।ਕਹੇ ਦਸਮ ਪੁਰ ਬੈਠ ਅਨੰਦਾ।4।

ਅਰਥ:- ਜਿਹੜੇ ਜਿਹੜੇ ਕੌਤਕ ਸ੍ਰੀ ਕ੍ਰਿਸ਼ਨ ਦੇ ‘ਕ੍ਰਿਸਨਾਵਤਾਰ’ ਵਿੱਚ ਲਿਖੇ ਹਨ, ਉਹ ‘ਦਸਮ’ ਵਿੱਚ, ਭਾਵ, ਭਾਗਵਤ ਪੁਰਾਣ ਦੇ ‘ਦਸਵੇ ਸਕੰਧ’ ਵਿੱਚ ਪਹਿਲਾਂ ਹੀ ਕਹੇ ਹੋਏ ਸਨ। ਦਸਵੇਂ ਸਕੰਧ ਨਾਲ਼ ਸੰਬੰਧਤ ਛੰਦਾਂ ਵਿੱਚੋਂ 1192 ਛੰਦ , ਕਵੀ ਸਯਾਮ ਕਹਿੰਦਾ ਹੈ, ਅਨੰਦਪੁਰ ਰਹਿੰਦਿਆਂ ਉਸ ਨੇ ਲਿਖੇ ਹਨ {ਬਾਕੀ ਦੇ ਗੁਰੂ ਜੀ ਦੇ ਵਹੀਰ ਨਾਲ਼ ਬਾਕੀ ਕਵੀਆਂ ਨਾਲ਼ ਜਾਂਦਿਆਂ ਪਾਉਂਟਾ ਸਾਹਿਬ ਵਿੱਚ ਲਿਖੇ ਹਨ}

ਸਯਾਮ ਕਵੀ ਦੀ ਰਚਨਾ ਹੈ- ‘ਕ੍ਰਿਸਨਾਵਤਾਰ’ ਜਿੱਸ ਵਿੱਚ ਸਯਾਮ ਕਵੀ ਆਪਣੀ ਭੁੱਲ ਦਾ ਜ਼ਿਕਰ ਕਰਦਾ ਹੈ। ਗੁਰੂ ਕਰਤਾਰ ਭੁੱਲਣ ਵਿੱਚ ਨਹੀਂ ਹਨ, ਬਾਕੀ ਹਰ ਪ੍ਰਾਣੀ ਭੁੱਲਣ ਯੋਗ ਹੈ। ਗੁਰਬਾਣੀ ਦੱਸਦੀ ਹੈ-

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥---(ਗਗਸ ਅੰਕ 61)

ਕਵੀ ‘ਕ੍ਰਿਸਨਾਵਤਾਰ’ ਵਿੱਚ ਲਿਖਦਾ ਹੈ-
ਚੂਕਿ ਹੋਇ ਕਬਿ ਲੇਹੁ ਸੁਧਾਰੋ।440।

ਅਰਥ:- ਕਵੀ ਲਿਖਦਾ ਹੈ ਕਿ ਉਸ ਤੋਂ ਲਿਖਤ ਵਿੱਚ ਹੋਈਆਂ ਭੁੱਲਾਂ ਨੂੰ ਆਪ ਹੀ ਠੀਕ ਕਰ ਲਿਆ ਜਾਵੇ। ਇੱਸ ਤੋਂ ਸਪੱਸ਼ਟ ਹੈ ਕਿ ਇਹ ਕਵੀ ਭੁੱਲਣ ਹਾਰ ਹੈ ਤੇ ‘ਨਾਨਕ’ ਪਦਵੀ ਦਾ ਅਧਿਕਾਰੀ ਕੋਈ ਕਵੀ ਨਹੀਂ। ਕਵੀ ਆਪਣੇ ਆਪ ਨੂੰ ਸਯਾਮ ਨਾਂ ਨਾਲ਼ ਆਪਣੀ ਕੀਤੀ ਰਚਨਾ ‘ਕ੍ਰਿਸਨਾਵਤਾਰ’ ਵਿੱਚ ਆਪ ਹੀ ਪ੍ਰਗਟ ਕਰ ਚੁੱਕਾ ਹੈ।

ਸਮਾਪਤ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top