Share on Facebook

Main News Page

'ਖੋਲ੍ਹਣ ਲੱਗਿਆਂ ਪੇਚ ਏਸ ਦੇ ਕਾਫ਼ਰ ਹੋ ਜਾਏ ਬੰਦਾ'
-: ਗੁਰਤੇਜ ਸਿੰਘ Ex. IAS

ਮੋਹਨਦਾਸ ਕਰਮਚੰਦ ਗਾਂਧਸੁਭਾਅ, ਕਿਰਦਾਰ, ਕਰਨੀ, ਕਥਨ, ਸੋਚ, ਧਾਰਮਕ ਵਿਚਾਰ ਅਤੇ ਰਹਿਤ ਪੱਖੋਂ ਇੱਕ ਮੁਕੰਮਲ ਗੋਰਖਧੰਦਾ ਸੀ। ਓਸ ਦੇ ਜੀਵਨ ਦਾ ਕੋਈ ਵੀ ਪੱਖ ਐਸਾ ਨਹੀਂ ਸੀ, ਜਿਸ ਬਾਰੇ ਕੋਈ ਯਕੀਨ ਨਾਲ ਪੁਖਤਾ ਭਵਿੱਖਬਾਣੀ ਕਰ ਸਕਦਾ ਸੀ। ਉਹ ਕਿਸੇ ਵੇਲੇ ਵੀ ਆਪਣੇ ਕਈ ਵਾਰ ਪ੍ਰਗਟਾਏ ਵਿਚਾਰਾਂ ਦੇ ਵਿਰੁੱਧ ਕਰਮ ਕਰ ਸਕਦਾ ਸੀ ਅਤੇ ਅਨੇਕਾਂ ਵਾਰ ਕੀਤੇ ਕਰਮਾਂ ਵਿਰੁੱਧ ਵਿਚਾਰ ਰੱਖ ਸਕਦਾ ਸੀ। ਆਪਣੇ ਮਨ, ਵਚ, ਕਰਮ ਵਿੱਚ ਸਮਤੋਲ ਰੱਖਣ ਉੱਤੇ ਉਹ ਵਿਸ਼ਵਾਸ ਨਹੀਂ ਸੀ ਰੱਖਦਾ – ਕੇਵਲ ਪ੍ਰਚਾਰ ਦੀ ਪ੍ਰਭੁਤਾ ਨੂੰ ਹੀ ਪ੍ਰਵਾਨ ਕਰਦਾ ਸੀ। ਓਸ ਨੂੰ ਯਕੀਨ ਸੀ ਕਿ ਉਹ ਪ੍ਰਚਾਰ ਰਾਹੀਂ ਕਾਲੇ ਨੂੰ ਚਿੱਟਾ ਅਤੇ ਚਿੱਟੇ ਨੂੰ ਕਾਲਾ ਸਾਬਤ ਕਰ ਸਕਦਾ ਸੀ।

ਉਹ ਅਫ਼ਰੀਕਾ ਦੇ ਕਾਲੇ ਲੋਕਾਂ ਨੂੰ ਬਰਾਬਰ ਦੇ ਮਨੁੱਖ ਨਹੀਂ ਸੀ ਸਮਝਦਾ ਅਤੇ ਅਜਿਹੀਆਂ ਲਿਖਤਾਂ ਮੌਜੂਦ ਹਨ ਜਿਨ੍ਹਾਂ ਵਿੱਚ ਓਸ ਨੇ ਉਹਨਾਂ ਨੂੰ ਆਦਮੀਅਤ ਤੋਂ ਨੀਵਾਂ (sub-human), ਤਕਰੀਬਨ ਜਾਨਵਰ ਹੀ ਜਾਣਿਆ। ਅਫ਼ਰੀਕਾ ਵਿੱਚ ਸਰਕਾਰੀ ਇਮਾਰਤਾਂ ਵਿੱਚ ਦਾਖਲ ਹੋਣ ਲਈ ਗੋਰਿਆਂ ਅਤੇ ਕਾਲਿਆਂ ਲਈ ਵੱਖਰੇ ਦਰਵਾਜੇ ਸਨ। ਗਾਂਧੀ ਨੇ ਹਿੰਦੂਆਂ ਨੂੰ ਪੁਰਾਤਨ ਸੱਭਿਅਤਾ ਦੇ ਮਾਲਕ ਦਰਸਾ ਕੇ ਇਤਰਾਜ਼ ਕੀਤਾ ਕਿ ਉਹ ਘਟੀਆ ਕਾਲੇ ਮਨੁੱਖਾਂ ਨਾਲ ਉਹਨਾਂ ਲਈ ਰੱਖੇ ਦਰਵਾਜਿਆਂ ਵਿੱਚੋਂ ਨਹੀਂ ਸਨ ਲੰਘ ਸਕਦੇ। ਕਾਲਿਆਂ ਦੇ ਜ਼ੁਲੂ ਕਬੀਲੇ ਦੇ ਲੋਕ ਏਨੇਂ ਗਰੀਬ ਸਨ ਕਿ ਉਹ ਗੋਰੀ ਸਰਕਾਰ ਦੇ ਟੈਕਸ ਨਹੀਂ ਸਨ ਦੇ ਸਕਦੇ। ਅੰਗ੍ਰੇਜ਼ਾਂ ਨੇ ਉਹਨਾਂ ਨੂੰ ਦਹਿਸ਼ਤਜ਼ਦਾ ਕਰ ਕੇ ਟਕੇ ਉਗਰਾਹੁਣ ਲਈ ਹਥਿਆਰਬੰਦ ਘੋੜ-ਚੜ੍ਹੇ ਦਸਤੇ ਭੇਜੇ। ਉਹ ਪਿੰਡ ਵਿੱਚ ਦਾਖਲ ਹੁੰਦੇ ਅਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਕਈਆਂ ਨੂੰ ਮਾਰ ਦਿੰਦੇ। ਇਤਿਹਾਸ ਵਿੱਚ ਇਹ ਜ਼ੁਲੂ ਜੰਗ ਕਹਾਈ। ਏਸ ਜੰਗ ਵਿੱਚ ਗਾਂਧੀ ਨੇ ਅੰਗ੍ਰੇਜ਼ਾਂ ਦਾ ਭਰਪੂਰ ਸਾਥ ਦਿੱਤਾ ਅਤੇ ਫੱਟੜਾਂ ਨੂੰ ਸੰਭਾਲਣ ਵਾਲਾ ਹਿੰਦੋਸਤਾਨੀ ਜਥਾ ਬਣਾ ਕੇ ਬਾਕਾਇਦਾ ਸ਼ਮੂਲੀਅਤ ਕੀਤੀ। ਏਸ ਬਦਲੇ ਓਸ ਨੂੰ ਬਹਾਦਰੀ ਦਾ ਤਮਗ਼ਾ ਵੀ ਮਿਲਿਆ ਜਿਸ ਉੱਤੇ ਕਈ ਅਣਜਾਣ ਅੱਜ ਵੀ ਫ਼ਖ਼ਰ ਕਰਦੇ ਹਨ।

ਅਫ਼ਰੀਕਾ ਵਿੱਚ ਰਹਿੰਦਿਆਂ ਗਾਂਧੀ ਨੇ 17 ਕੁ ਹਿੰਦੋਸਤਾਨੀਆਂ, ਜਿਨ੍ਹਾਂ ਵਿੱਚ ਬਹੁਤੇ ਗੁਜਰਾਤੀ ਸਨ, ਨੂੰ ਨਾਲ ਲੈ ਕੇ ਸਦਾ-ਸਦਾ ਲਈ ਬ੍ਰਿਟਿਸ਼ ਸਮਰਾਜ ਦੀ ਵਫ਼ਾਦਾਰੀ ਦਾ ਲਿਖਤੀ ਅਹਿਦ ਲਿਆ। ਆਪਣੀਆਂ ਸਾਰੀਆ ਕਾਰਵਾਈਆਂ ਦਾ ਵੇਰਵਾ ਓਸ ਨੇ ਆਪਣੇ 28 ਅਪ੍ਰੈਲ 1906 ਦੇ ਪਰਚੇ (Indian Opinion) ਵਿੱਚ ਬੜੇ ਫ਼ਖ਼ਰ ਨਾਲ ਲਿਖਿਆ।

ਜਾਪਦਾ ਹੈ ਕਿ ਅੰਗ੍ਰੇਜ਼ਾਂ ਨੇ ਓਸ ਦੀ ਵਫ਼ਾਦਾਰੀ ਦਾ ਅਸਰ ਕਬੂਲ ਕੇ, ਓਸ ਨੂੰ ਹਿੰਦੋਸਤਾਨ ਦਾ ਨੇਤਾ ਉਭਾਰਨਾ ਯੋਗ ਸਮਝਿਆ। ਉਹ ਵਾਪਸ ਹਿੰਦੋਸਤਾਨ ਆ ਗਿਆ। ਆਪਣੇ ਨਾਲ ਉਹ ਕਈ ਕਰੇਟ ਭਰ ਕੇ ਆਪਣੇ ਪਰਚੇ ਅਤੇ ਲਿਖਤਾਂ ਦੇ ਲਿਆਇਆ।

ਜਾਣਕਾਰ ਦੱਸਦੇ ਹਨ ਕਿ ਓਸ ਦੇ ਘਰੋਂ ਕਈ ਦਿਨ ਧੂੰਆਂ ਨਿਕਲਦਾ ਰਿਹਾ। ਆਪਣੀਆਂ ਕਰਤੂਤਾਂ ਦੇ ਸਾਰੇ ਹਵਾਲੇ ਸਾੜ ਕੇ ਓਸ ਨੇ ਸਮਝ ਲਿਆ ਕਿ ਉਹ ਇਤਿਹਾਸ ਨੂੰ ਸਦਾ ਲਈ ਅੰਨ੍ਹਾ-ਬੋਲ਼ਾ ਕਰ ਚੁੱਕਿਆ ਹੈ। ਕਿਸੇ ਹੱਦ ਤੱਕ ਓਸ ਦੀ ਸੋਚ ਠੀਕ ਵੀ ਸੀ। ਤਕਰੀਬਨ 1950 ਤੱਕ ਇਤਿਹਾਸਕਾਰ ਇਹ ਸਮਝ ਨਾ ਸਕੇ ਕਿ ਕ੍ਰਾਂਤੀਕਾਰੀਆਂ ਨੂੰ ਬੇਅਸਰ ਕਰਨ ਲਈ ਅੰਗ੍ਰੇਜ਼ ਨੇ ਓਸ ਨੂੰ ਨੇਤਾ ਬਣਾਇਆ ਸੀ ਤਾਂ ਕਿ ਉਹ ਆਪਣੀ ਮਰਜ਼ੀ ਨਾਲ ਜਿੰਨਾ ਚਿਰ ਚਾਹੁਣ ਹਿੰਦ ਉੱਤੇ ਬੇਖੌਫ਼ ਰਾਜ ਕਰਨ। ਸਭ ਓਸ ਨੂੰ ਹਿੰਦੋਸਤਾਨ ਦੀ ਆਜ਼ਾਦੀ ਦਾ ਮਹਾਂਨਾਇਕ ਸਮਝਦੇ ਰਹੇ। ਚੌਰੀ ਚੌਰਾ ਕਾਂਡ ਵਿੱਚ ਓਸ ਦੇ ਅੰਗ੍ਰੇਜ਼ ਪੱਖੀ ਰਵੱਈਏ ਤੋਂ ਨਹਿਰੂ ਵਰਗੇ ਵੀ ਸਖ਼ਤ ਖਫ਼ਾ ਹੁੰਦੇ ਰਹੇ ਪਰ ਸਮਝ ਨਾ ਸਕੇ ਕਿ ਉਹ ਏਥੇ ਲਿਆਂਦਾ ਹੀ ਅੱਗ ਬੁਝਾਉਣ ਲਈ ਸੀ।

ਕਾਲੇ ਤਾਂ ਵਿਚਾਰੇ ਸਿੱਖਾਂ ਵਾਂਗ ਹੀ ਨਿਰਛਲ ਅਤੇ ਭਰੋਸਾ ਕਰਨ ਵਾਲੇ ਨਿਕਲੇ। ਅਮਰੀਕਨ ਕਾਲਿਆਂ ਦੇ ਆਗੂ ਮਾਰਟਿਨ ਲੂਥਰ ਕਿੰਗ ਵਰਗੇ ਗਾਂਧੀ ਨੂੰ ਕਾਲਿਆਂ ਦਾ ਹਮਦਰਦ ਸਮਝਦੇ ਰਹੇ। 'ਸਾਬਰਮਤੀ ਦੇ ਸੰਤ' ਦਾ ਕਮਾਲ ਵੇਖੋ, ਹਿੰਦੋਸਤਾਨ ਦੇ ਲੋਕ ਖਾੜਕੂ ਲਹਿਰ ਨੂੰ ਖ਼ਤਮ ਕਰ ਕੇ ਹੋਰ 35 ਸਾਲ ਅੰਗ੍ਰੇਜ਼ਾਂ ਨੂੰ ਏਥੇ ਰੱਖਣ ਵਾਲੇ ਬਾਰੇ ਅਜੇ ਵੀ ਗਾਈ ਜਾਂਦੇ ਹਨ:

'ਲੇ ਦੀ ਹਮੇਂ ਆਜ਼ਾਦੀ ਬਿਨਾ ਖੜਗ ਬਿਨਾ ਢਾਲ। ਸਾਬਰਮਤੀ ਲੇ ਸੰਤ ਤੂਨੇ ਕਰ ਦੀਆ ਕਮਾਲ।'

ਪਰ ਸੱਚ ਸ੍ਵੈ-ਪ੍ਰਗਟਾਵਾ ਕਰਨ ਵਾਲੇ ਅਕਾਲ ਪੁਰਖ ਦਾ ਗੁਣ ਹੈ। ਭਾਰਤ ਸਰਕਾਰ ਨੇ ਗਾਂਧੀ ਦੀਆਂ ਲਿਖਤਾਂ ਇਕੱਠੀਆਂ ਕਰ ਕੇ ਛਾਪਣ ਲਈ ਇਤਿਹਾਸਕਾਰਾਂ ਦੀ ਕਮੇਟੀ ਬਣਾਈ। ਓਸ ਨੇ ਅਫ਼ਰੀਕਾ ਦੀਆਂ ਲਾਇਬ੍ਰੇਰੀਆਂ ਵਿੱਚੋਂ ਗਾਂਧੀ ਦਾ ਲਿਖਿਆ ਤਕਰੀਬਨ ਹਰ ਵਰਕਾ ਲੱਭ ਲਿਆ। ਛੇਤੀ ਹੀ ਸਰਕਾਰੀ ਛਾਪੇਖਾਨੇ ਵੱਲੋਂ ਛਾਪਿਆ ਜਾਣ ਲੱਗਾ। ਹੁਣ ਤੱਕ ਓਸ ਦੀਆਂ ਸੌ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਹੱਥਲੀ ਜਾਣਕਾਰੀ ਸਰਕਾਰ ਵੱਲੋਂ ਛਪੀਆਂ ਉਹਨਾਂ ਪੁਸਤਕਾਂ ਉੱਤੇ ਟੇਕ ਰੱਖ ਕੇ ਹੀ ਇਕੱਠੀ ਕੀਤੀ ਗਈ ਹੈ।

ਗੁਰ-ਫ਼ੁਰਮਾਨ ਹੈ: "ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ॥"


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top