Share on Facebook

Main News Page

ਰਾਗੀ ਕਾਨਪੁਰੀ ਨੇ ਭੰਗ ਤੇ ਸ਼ਰਾਬ ਪੀਣ ਵਾਲੇ ਮਹਾਂਕਾਲ ਨੂੰ ਸਿੱਖਾਂ ਦਾ ਰੱਬ ਬਣਾ ਕੇ ਨਵੇਂ ਸਾਲ ਦਾ ਤੋਹਫਾ ਦਿੱਤਾ
-: ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ

* ਜੋ ਵੀ ਮਹਾਂਕਾਲ ਤੇ ਸ਼ਰਧਾ ਰਖੇਗਾ, ਉਸ ਨੂੰ ਵੀ ਮਹਾਂਕਾਲ ਵਾਂਗ ਭੰਗ ਸ਼ਰਾਬ ਪੀਣੀ ਪਵੇਗੀ : ਦਸਮ ਗ੍ਰੰਥ

(2 ਜਨਵਰੀ 2015 : ਜਸਪ੍ਰੀਤ ਕੌਰ ਫਰੀਦਾਬਾਦ)
ਇਕ ਪਾਸੇ ਜਿੱਥੇ ਸਮੁਚਾ ਸਿੱਖ ਜਗਤ ਸਿੱਖਾਂ ਨੂੰ ਹਿੰਦੂ ਸਾਬਤ ਕਰਣ ਵਾਲੀ ਭਾਰਤੀ ਸੰਵਿਧਾਨ ਦੀ ਧਾਰਾ 25ਬੀ ਵਿਚ ਸੋਧ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਲਈ ਜਦੋ ਜਹਿਦ ਕਰ ਰਿਹਾ ਹੈ ਉਥੇ ਕੁਝ ਲੋਕ ਅਜਿਹੇ ਵੀ ਹਨ, ਜੋ ਸਿੱਖਾਂ ਨੂੰ ਹਿੰਦੂਵਾਦ ਦੇ ਦਲਦਲ ਵਿਚ ਫਸਾਈ ਰਖਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ।

ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਜਿਸ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ ਸੀ ਉਸੇ ਅਸਥਾਨ ’ਤੇ ਗੁਰੁ ਗ੍ਰੰਥ ਸਾਹਿਬ ਜੀ ਨੂੰ ਪੂਰਾ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦੇ ਪ੍ਰਕਾਸ਼ ਤੋਂ ਤਾਂ ਸਾਬਤ ਹੋ ਹੀ ਜਾਂਦਾ ਹੈ ਪਰ ਗੁਰੁ ਦੀਆਂ ਗੋਲਕਾਂ ਉਤੇ ਪਲਣ ਵਾਲੇ ਕੁਝ ਕੁ ਰਾਗੀ ਲੋਕ ਵੀ ਗੁਰੂ ਦੇ ਹੋ ਰਹੇ ਇਸ ਅਪਮਾਨ ਵਿਚ ਰਹਿੰਦੀ ਸਹਿੰਦੀ ਕਸਰ ਪੂਰੀ ਕਰ ਰਹੇ ਹਨ ।

ਸ. ਉਪਕਾਰ ਸਿੰਘ ਨੇ ਦਸਿਆ ਕਿ ਨਵੇਂ ਸਾਲ ਮੌਕੇ ਜਦ ਹਜੂਰ ਸਾਹਿਬ ਮਹਾਂਰਾਸ਼ਟਰ ਤੋਂ ਪੀ.ਟੀ.ਸੀ ਨਿਉਜ਼ ਤੋਂ ਕੀਰਤਨ ਸਮਾਗਮ ਦਾ ਲਾਈਵ ਟੈਲੀਕਾਸਟ ਵਿਖਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ਨੇ ਆਰੰਭ ਵਿਚ ਤਾਂ ਗੁਰੁ ਗ੍ਰੰਥ ਸਾਹਿਬ ਜੀ ਵਿਚੋਂ ਸ਼ਬਦ ਗਾਇਨ ਕੀਤੇ ਪਰ ਫਿਰ ਉਨ੍ਹਾਂ ਦਾ ਮਹਾਂਕਾਲ ਪ੍ਰੇਮ ਜਾਗ ਪਿਆ ਅਤੇ ਉਨ੍ਹਾਂ ਨੇ ਭਾਈ ਗੁਰਦਾਸ ਦੂਜਾ ਦੀ ਮਨਮਤੀ ਰਚਨਾ ਗੁਰ ਸਿਮਰਿ ਮਨਾਈ ਕਾਲਕਾ ਦੀਆਂ ਤੁਕਾਂ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਂਕਾਲ ਦੀ ਪਤਨੀ ਦੇਵੀ ਕਾਲਕਾ ਦਾ ਉਪਾਸ਼ਕ ਬਣਾ ਦਿਤਾ ਇਤਨਾ ਹੀ ਨਹੀਂ ਨਵੇਂ ਸਾਲ ਦੀ ਅਰੰਭਤਾ ਹੁੰਦੇ ਹੀ ਉਨ੍ਹਾਂ ਨੇ ਸੰਗਤਾਂ ਨੂੰ ਤੋਹਫੇ ਵਿਚ ਅਖੌਤੀ ਦਸਮ ਗ੍ਰੰਥ ਦੀ ਰਚਨਾ ਦੇ ਕ੍ਰਿਸ਼ਨ ਅਵਤਾਰ ਵਿਚੋਂ ਅਬ ਦੇਵੀ ਜੁ ਕੀ ਉਸਤਤਿ ਕਥਨੰ ਸਿਰਲੇਖ ਹੇਠ ਪੰਨਾ 309 ‘ਤੇ ਦਰਜ ਕਵੀ ਸਿਆਮ ਰਚਿਤ "ਤੁਮ ਹੋ ਸਭ ਰਾਜਨ ਕੇ ਰਾਜਾ..." ਵਾਲਾ ਗੀਤ ਸੁਣਾਇਆ ਜਿਸ ਵਿਚ ਕਵੀ ਸਿਆਮ ਕਹਿੰਦਾ ਹੈ, ਕਿ ਮੈਂ ਹੋਰ ਦੇਵਤੇ ਗਨੇਸ਼, ਕਿਸ਼ਨ, ਬਿਸ਼ਨ, ਕਾਨ੍ਹ ਨੂੰ ਨਹੀਂ ਮੰਨਦਾ, ਕਿਉਂਕਿ ਮੇਰਾ ਰਖਵਾਰਾ ਮਹਾਂਕਾਲ ਦੇਵਤਾ ਹੈ ਅਤੇ ਮਹਾਂਕਾਲ ਜੀ ਹੀ ਸਭ ਰਾਜਨ ਕੇ ਰਾਜਾ ਹਨ, ਅਗੇ ਜਾ ਕੇ ਪੰਨਾ 1210 ’ਤੇ ਇਸੇ ਮਹਾਂਕਾਲ ਨੂੰ ਭੰਗ 'ਤੇ ਸ਼ਰਾਬ ਪੀਂਦਾ ਵਿਖਾਇਆ ਹੈ ਅਤੇ ਜੋ ਉਸ ਦਾ ਸਿੱਖ ਬਣਨਾ ਚਾਹੁੰਦਾ ਹੈ ਉਸ ਨੂੰ ਵੀ ਭੰਗ ਸ਼ਰਾਬ ਪੀਣੀ ਪਵੇਗੀ।

ਉਨ੍ਹਾਂ ਕਿਹਾ ਕਿ ਰਾਗੀ ਜੀ ਨੇ ਕ੍ਰਿਸ਼ਨ ਅਵਤਾਰ ਦੇ ਇਸ ਗੀਤ ਵਿਚ ਭੰਗ ਤੇ ਸ਼ਰਾਬ ਪੀਣ ਵਾਲੇ ਇਸ ਮਹਾਂਕਾਲ ਨੂੰ ਸਿੱਖਾਂ ਦਾ ਰੱਬ ਬਣਾ ਕੇ ਗੁਰੁ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਤੌਹੀਨ ਕੀਤੀ ਕਿਉਂਕਿ ਗੁਰਮਤਿ ਅਨੁਸਾਰ ਸਿੱਖੀ ਵਿਚ ਦੇਵੀ ਦੇਵਤਿਆਂ ਦੀ ਉਸਤਤਿ ਪ੍ਰਵਾਣ ਹੀ ਨਹੀਂ ਪਰ ਪਤਾ ਨਹੀਂ ਕਿਉਂ ਗੁਰੁ ਦੀਆਂ ਗੋਲਕਾਂ ’ਤੇ ਪਲਣ ਵਾਲੇ ਕੁਝ ਲੋਕ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਰਾਗੀ ਜੀ ਸਟੇਜਾਂ ’ਤੇ ਗੁਰੁ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ, ਕੇਸਾਂ ਦੀ ਸੰਭਾਲ ਦੀ, ਗੁਰੁ ਗ੍ਰੰਥ ਸਾਹਿਬ ਜੀ ਨੂੰ ਪੂਰਾ ਆਖਣ ਦੀਆਂ ਸਿਰਫ ਗੱਲਾਂ ਕਰ ਰਹੇ ਹਨ ਪਰ ਸਚੇ ਦਿਲ ਨਾਲ ਗੁਰੁ ਗ੍ਰੰਥ ਸਾਹਿਬ ਜੀ ਪ੍ਰਤੀ ਸਮਰਪਤ ਨਹੀਂ ਲਗਦੇ ਨਹੀਂ ਤਾਂ ਉਨ੍ਹਾਂ ਸੰਗਤ ਵਿਚ ਹਿੰਮਤ ਰਖ ਕੇ ਇਹ ਜ਼ਰੂਰ ਪੂੱਛਣਾ ਸੀ ਕਿ ਜੇ ਗੁਰੁ ਪੂਰਾ ਹੈ ਤਾਂ ਅੰਦਰ ਦਰਬਾਰ ਹਾਲ ਵਿਚ ਜਿਹੜਾ ਪੂਰੇ ਗੁਰੁ ਦੇ ਨਾਲ ਦੂਜਾ ਬਚਿੱਤਰ ਨਾਟਕ ਗ੍ਰੰਥ ਬੈਠਾ ਹੈ ਉਹ ਸਿੱਖਾਂ ਦਾ ਕੀ ਲਗਦਾ ਹੈ ? ਪਰ ਨਹੀਂ ਉਹ ਤਾਂ ਆਪ ਦੂਜੇ ਗ੍ਰੰਥ (ਬਚਿੱਤਰ ਨਾਟਕ) ਵਿਚੋਂ ਗੀਤ ਗਾਉਂਦਾ ਹੈ ਅਤੇ ਉਸ ਵਿਚ ਲਿਖੀ ਰਚਨਾ ਨੂੰ ਪੜ੍ਹ ਕੇ ਗੁਰੁ ਗ੍ਰੰਥ ਸਾਹਿਬ ਜੀ ਵਰਗੇ ਪੂਰੇ ਗੁਰੁ ਨੂੰ ਅਧੂਰਾ ਸਾਬਤ ਕਰਦਾ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖਾਂ ਦਾ ਇਕੋ ਇਕ ਗੁਰੂ ਗੁਰੁ ਗ੍ਰੰਥ ਸਾਹਿਬ ਜੀ ਹਨ ਅਤੇ ਜਿਸ ਦਿਨ ਇਹ ਗੱਲ ਸਾਨੂੰ ਸਮਝ ਆ ਜਾਵੇਗੀ ਉਸ ਦਿਨ ਸਿੱਖ ਵਿਰੋਧੀ ਤਾਕਤਾਂ ਦੀ ਹਿੰਮਤ ਨਹੀਂ ਪਵੇਗੀ ਕਿ ਉਹ ਸਿੱਖਾਂ ਨੂੰ ਹਿੰਦੂ ਸਾਬਤ ਕਰ ਸਕਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top