Share on Facebook

Main News Page

ਹਮ ਕੋ ਭੀ ਗ਼ਮ ਨੇ ਮਾਰਾ ਤੁਮ ਕੋ ਭੀ ਗ਼ਮ ਨੇ ਮਾਰਾ, ਆਓ ਅਬ ਇਸ ਗ਼ਮ ਕੋ ਹੀ ਕਿਉਂ ਨਾਂ ਮਾਰ ਡਾਲੇਂ ..........?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਭਾਰਤ ਪਾਕਿਸਤਾਨ ਦੀ ਵੰਡ ਜਾਂ ਇਸ ਅਖੌਤੀ ਆਜ਼ਾਦੀ ਤੋਂ ਬਾਅਦ ਸਿੱਖ ਪੰਥ ਹਰ ਰੋਜ਼ ਕਿਸੇ ਨਵੇ ਵਿਵਾਦ ਵਿਚ ਘਿਰ ਕੇ ਇੱਕ ਨਵੀਂ ਉਲਝਣ ਤਾਣੀ ਵਿੱਚ ਉਲਝ ਜਾਂਦਾ ਰਿਹਾ ਹੈ। ਖਾਸ ਕਰਕੇ ਸਿੱਖ ਆਗੂ ਅਤੇ ਸਿੱਖ ਪਦਵੀਆਂ ਇੱਕ ਇੱਕ ਕਰਕੇ ਸਾਜਸ਼ੀ ਢਾਂਚੇ ਨੇ ਕਿਸੇ ਤਰੀਕੇ ਬਦਨਾਮ ਕਰਵਾ ਕੇ ਇੰਨਾਂ ਦਾ ਸਤਿਕਾਰ ਪੰਥ ਵਿਚੋਂ ਲੱਗਭੱਗ ਖਤਮ ਕਰਵਾ ਦਿੱਤਾ ਹੈ, ਜਿਵੇ ਸ਼੍ਰੋਮਣੀ ਅਕਾਲੀ ਦਲ ਕਿਸੇ ਸਮੇਂ ਸ਼ਹੀਦਾਂ ਦੀ ਜਥੇਬੰਦੀ ਅਤੇ ਸਿੱਖਾਂ ਦੀ ਮੁੱਖ ਰਾਜਸੀ ਧਿਰ ਵਜੋਂ ਜਾਣਿਆ ਜਾਂਦਾ ਸੀ, ਲੇਕਿਨ ਅੱਜ ਲੋਕ ਨੀਲੀ ਕਾਲੀ ਪੱਗ ਨੂੰ ਵੇਖਦਿਆਂ ਹੀ ਬੁੜ ਬੁੜ ਕਰਨ ਲੱਗ ਪੈਂਦੇ ਹਨ। ਇਵੇਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਆਪਣੀ ਕਾਰਜਸ਼ੈਲੀ ਵਿਚ ਵਿਗਾੜ ਪੈਦਾ ਕਰਕੇ, ਆਪਣਾ ਭਰੋਸਾ ਗਵਾ ਲਿਆ ਹੈ, ਜਦੋਂ ਸ਼੍ਰੋਮਣੀ ਕਮੇਟੀ ਦਾ ਚਿਹਰਾ ਵਿਗੜਿਆ ਦਿੱਸਣ ਲੱਗ ਪਿਆ ਤਾਂ ਤਖਤਾਂ ਦੇ ਜਥੇਦਾਰ ਵੀ ਵਿਵਾਦਾਂ ਦੀ ਲਪੇਟ ਵਿਚ ਆ ਗਏ।

ਜਿੰਨਾਂ ਚਿਰ ਅਕਾਲੀ ਦਲ ਤਕੜਾ ਸੀ, ਸ਼੍ਰੋਮਣੀ ਕਮੇਟੀ ਵੀ ਮਜਬੂਤ ਸੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਕੋਈ ਬਹੁਤੀ ਦਖਲ ਅੰਦਾਜੀ ਦੀ ਲੋੜ ਨਹੀਂ ਪੈਂਦੀ ਸੀ। ਕਦੇ ਕਦਾਈਂ ਕੋਈ ਮਸਲਾ ਹੁੰਦਾ ਤਾਂ ਕੱਜੇ ਕੰਨੀ ਹੀ ਸੁਲਝ ਜਾਂਦਾ ਸੀ। ਲੇਕਿਨ ਜਿਵੇਂ ਜਿਵੇਂ ਅਕਾਲੀ ਦਲ ਕਮਜ਼ੋਰ ਹੋਇਆ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਵੀ ਗਿਰਾਵਟ ਆਈ। ਜੂਨ 1984 ਦੇ ਹਿੰਦ ਹਕੂਮਤ ਦੇ ਫੌਜੀ ਹਮਲੇ ਤੋਂ ਬਾਅਦ ਜਿਸ ਸਮੇਂ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਿਆਨ ਦਿੱਤਾ ਕਿ ਕੋਠਾ ਸਾਹਿਬ ਠੀਕ ਹੈ, ਕੋਈ ਨੁਕਸਾਨ ਨਹੀਂ ਹੋਇਆ? ਤਾਂ ਜਜ਼ਬਾਤੀ ਹੋਈ ਕੌਮ ਜਥੇਦਾਰ ਨੇ ਇਲਜ਼ਾਮ ਲਾਇਆ ਕਿ ਜਥੇਦਾਰ ਨੇ ਝੂਠ ਬੋਲਿਆ ਹੈ ਅਤੇ ਇਸ ਨੂੰ ਵੱਡਾ ਗੁਨਾਹ ਮੰਨਦਿਆਂ ਜਥੇਦਾਰ ਨੂੰ ਹਟਾਉਣ ਦੀ ਅਵਾਜ਼ ਬੁਲੰਦ ਹੋਣ ਲੱਗ ਪਈ। ਇਹ ਪਹਿਲਾ ਮੌਕਾ ਸੀ ਜਦੋਂ ਜਥੇਦਾਰ ਦੇ ਖਿਲਾਫ਼ ਸਿੱਖਾਂ ਨੇ ਖੁੱਲਕੇ ਬਗਾਵਤ ਹੀ ਨਹੀਂ ਕੀਤੀ ਸਗੋਂ ਆਪਮਾਨ ਵੀ ਕੀਤਾ ਸੀ।

ਬੇਸ਼ੱਕ ਇਸ ਵਿਚ ਉਸ ਵੇਲੇ ਦੇ ਜਥੇਦਾਰ ਦੀ ਕੋਈ ਮਜਬੂਰੀ ਸੀ ਜਾਂ ਉਸਨੇ ਅਜਿਹਾ ਜਾਣ ਬੁੱਝਕੇ ਕਿਉਂ ਕੀਤਾ ? ਕੌਮ ਜਜ਼ਬਾਤੀ ਸੀ ਕਿਸੇ ਸੁਣਿਆ ਹੀ ਨਹੀਂ, ਬੱਸ ਇੱਕੋ ਗੱਲ ਸੀ ਇਸ ਜਥੇਦਾਰ ਨੂੰ ਹਟਾਓ? ਪਰ ਸਿੱਖ ਵਿਰੋਧੀ ਸ਼ਕਤੀਆਂ ਤਾਂ ਅਜਿਹੇ ਮੌਕੇ ਦੀ ਭਾਲ ਵਿੱਚ ਸਨ? ਉਹਨਾਂ ਨੇ ਜਥੇਦਾਰ ਨੂੰ ਹਟਾਏ ਜਾਣ ਦੀ ਮੰਗ ਨੂੰ ਹਰੋ ਤੂਲ ਦਿੱਤਾ ਤਾਂ ਕਿ ਸਿੱਖ ਚੰਗੀ ਤਰਾਂ ਜਥੇਦਾਰ ਦੇ ਖਿਲਾਫ਼ ਆਪਣੇ ਮਨ ਦੀ ਭੜਾਸ ਕੱਢਣ ਅਤੇ ਭਵਿੱਖ ਵਿੱਚ ਥੋੜੀ ਜਿਹੀ ਵੀ ਕੋਈ ਜਾਣੇ ਅਨਜਾਨੇ ਗਲਤੀ ਹੋਵੇ ਤਾਂ ਕੌਮ ਦੇ ਜਜਬਾਤਾਂ ਦੀ ਵਰਤੋਂ ਕੀਤੀ ਜਾ ਸਕੇ? ਸਾਡਾ ਦੁਸ਼ਮਨ ਬੜਾ ਚਲਾਕ ਅਤੇ ਸਾਜਸ਼ੀ ਸੀ, ਉਧਰ ਦਰਬਾਰ ਸਾਹਿਬ ਦੇ ਫੌਜੀ ਹਮਲੇ ਦੀ ਸੱਟ ਨਾਲ ਕੌਮ ਦੇ ਜਜਬਾਤਾਂ ਦਾ ਸ਼ੀਸ਼ਾ ਤਿੜਕ ਗਿਆ ਸੀ। ਟੁੱਟੀਆਂ ਚੀਜਾ ਜੁੜ੍ਹ ਜਾਂਦੀਆਂ ਹਨ, ਪਰ ਸ਼ੀਸ਼ਾ ਇਕ ਅਜਿਹੀ ਚੀਜ ਹੈ ਜੇ ਤਿੜਕ ਜਾਵੇ ਤਾਂ ਇਕੱਠਾ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਨਾ ਮੁੰਮਕਿਨ ਹੋ ਜਾਂਦਾ ਹੈ ਅਤੇ ਜੇ ਚੁਗਣਾਂ ਪੈ ਜਾਵੇ ਤਾਂ ਚੁਗਿਆ ਵੀ ਨਹੀਂ ਜਾਂਦਾ ਅਤੇ ਫਿਰ ਹਮੇਸ਼ਾ ਚੁੱਭਦਾ ਹੀ ਰਹਿੰਦਾ ਹੈ। ਸਾਡੀ ਸੋਚ ਵਿੱਚ ਆਏ ਪਤਲੇਪਣ ਨੂੰ ਵੇਖਦਿਆਂ ਸਿੱਖ ਵਿਰੋਧੀ ਸਿਸਟਮ ਨੇ ਸਾਡੀ ਕਮਜ਼ੋਰੀ ਦੀ ਨਬਜ਼ ਦਾ ਫਾਇਦਾ ਉਠਾਉਣਾ ਆਰੰਭ ਕਰ ਦਿੱਤਾ। ਸਿੱਖ ਕੌਮ ਅੰਦਰ ਛੋਟੇ ਛੋਟੇ ਵੱਖਰੇਵਿਆਂ ਨੂੰ ਲੈਕੇ ਵੰਡੀਆਂ ਪਵਾ ਦਿੱਤੀਆਂ ਗਈਆਂ। ਖਾਸ ਕਰਕੇ ਸਿੱਖ ਰਾਜਨੀਤੀ ਉੱਤੇ ਜਦੋਂ ਆਰ.ਐਸ.ਐਸ. ਵਰਗੀਆਂ ਕੱਟੜਵਾਦੀ ਜਮਾਤਾਂ ਨੇ ਆਪਣਾ ਕਬਜਾ ਜਮਾ ਲਿਆ ਤਾਂ ਫਿਰ ਸਿੱਖਾਂ ਦੀਆਂ ਸੰਸਥਾਵਾਂ ਦਾ ਸੋਸ਼ਣ ਕਰਨ ਵਿੱਚ ਬੜੀ ਤੇਜ਼ੀ ਲਿਆਂਦੀ ਗਈ।

ਸਿੱਖ ਵਿਰੋਧੀ ਢਾਂਚੇ ਨੂੰ ਸਮਝ ਆ ਗਈ ਕਿ ਜਜ਼ਬਾਤੀ ਹੋਇਆ ਸਿੱਖ ਕੁਝ ਵੀ ਕਰ ਸਕਦਾ ਹੈ ਤੇ ਇਸ ਤੋਂ ਕੁੱਝ ਵੀ ਕਰਵਾਇਆ ਜਾ ਸਕਦਾ ਹੈ। ਪੰਥ ਵਿਰੋਧੀ ਸ਼ਕਤੀਆਂ ਨੇ ਹੌਲੀ ਹੌਲੀ ਸਾਡੀ ਪੰਥਕ ਰਾਜਨੀਤੀ ਵਿੱਚ ਘੁਸਪੈਠ ਕਰਕੇ ਆਪਣੀ ਥਾਂ ਬਣਾਈ ਅਤੇ ਜਜਬਾਤਾਂ ਨੂੰ ਚੁੱਪ ਚੁਪੀਤੇ ਤੀਲੀ ਲਾਕੇ ਕੋਈ ਨਵੀ ਮੁਸੀਬਤ ਖੜੀ ਰਖਣੀ ਅਰੰਭ ਕਰ ਦਿੱਤੀ। ਅਕਾਲ ਤਖਤ ਸਾਹਿਬ ਇੱਕ ਅਜਿਹੀ ਸਤਿਕਾਰਿਤ ਜਗਾ ਸੀ, ਜਿਥੇ ਸਿੱਖ ਇਕਠੇ ਹੋ ਜਾਂਦੇ ਸਨ। ਸਿਖੀ ਨੂੰ ਨਿਗਲਨ ਵਾਸਤੇ ਸਰਗਰਮ ਤਾਕਤਾਂ ਨੇ ਅਕਾਲ ਤਖਤ ਸਾਹਿਬ ਤਾਂ ਢਾਹਕੇ ਵੀ ਵੇਖ ਲਿਆ। ਸਿੱਖਾਂ ਦੇ ਹੌਂਸਲੇ ਨਹੀਂ ਡਿੱਗੇ ਸਨ? ਫਿਰ ਉਹਨਾਂ ਸਿਧਾਂਤਾਂ ਨੂੰ ਢਾਹੁਣ ਅਤੇ ਮਿਟਾਉਣ ਦਾ ਮਨਸੂਬਾ ਤਿਆਰ ਕੀਤਾ। ਜਥੇਦਾਰਾਂ ਦੀਆਂ ਕਮਜੋਰੀਆਂ ਨੂੰ ਫੜ੍ਹਕੇ ਜਜਬਾਤਾਂ ਨੂੰ ਉਕਸਾਇਆ ਤੇ ਜਥੇਦਾਰ ਦੀ ਬਦਲੀ ਤੇ ਨਿਯੁਕਤੀ ਹੁੰਦੀ ਗਈ। ਜਦੋਂ ਅਜਿਹਾ ਹੋਣ ਲੱਗ ਪਵੇ, ਫਿਰ ਕਿਸੇ ਰੁਤਬੇ ਦਾ ਸਤਿਕਾਰ ਨਹੀਂ ਰਹਿ ਜਾਂਦਾ। ਜੇ ਕਿਸੇ ਸਕੂਲ ਦੇ ਮਾਸਟਰ ਦੀ ਥੋੜੇ ਦਿਨਾਂ ਪਿਛੋ ਬਦਲੀ ਹੋਣ ਲੱਗ ਪਵੇ ਤਾਂ ਬੱਚੇ ਡਰਨ ਤੋਂ ਹਟ ਜਾਂਦੇ ਹਨ? ਇੰਜ ਹੀ ਜਥੇਦਾਰ ਦੀ ਲੋਕ ਪ੍ਰਵਾਹ ਕਰਨ ਤੋਂ ਹਟ ਗਏ ਅਤੇ ਜਥੇਦਾਰ ਦਾ ਰੁਤਬਾ ਉਥੇ ਆ ਗਿਆ ਜਿਥੇ ਦੁਸ਼ਮਨ ਲਿਆਉਣਾ ਚਾਹੁੰਦਾ ਸੀ।

ਵਾਰ ਵਾਰ ਜਥੇਦਾਰ ਬਦਲੇ, ਇਹ ਨਹੀਂ ਕਿ ਸਾਰੇ ਹੀ ਮਾੜੇ ਸਨ ਜਾਂ ਸਾਰਿਆਂ ਨੇ ਗਲਤੀਆਂ ਹੀ ਕੀਤੀਆਂ ਸਨ? ਸਗੋਂ ਸਾਡੀ ਦੁਸ਼ਮਨ ਕੱਟੜਵਾਦੀ ਹਿੰਦੂ ਜਮਾਤ ਨੇ ਸਾਡੀ ਸਿਆਸਤ ਵਿੱਚ ਰਲ ਕੇ ਸਿੱਖ ਸਿਆਸਤ ਨੂੰ ਹੀ ਜਥੇਦਾਰ ਦੇ ਕਤਲ ਕਰਨ ਵਾਸਤੇ ਇੱਕ ਕੁਹਾੜੀ ਬਣਾ ਲਿਆ? ਇਹ ਕੁਹਾੜੀ ਅੱਜ ਤੱਕ ਨਿਰੰਤਰ ਚੱਲ ਰਹੀ ਹੈ। ਸਿੱਖਾਂ ਨੂੰ ਤਾਂ ਹੱਕ ਹਾਸਲ ਹੈ ਕਿ ਜੇ ਕੋਈ ਜਥੇਦਾਰ ਕੌਮ ਵਿਰੋਧੀ ਕਿਸੇ ਸਰਗਰਮੀ ਵਿੱਚ ਹਿੱਸਾ ਲਵੇ ਜਾਂ ਸਮੇਂ ਸਿਰ ਕੌਮ ਦੀ ਠੀਕ ਅਗਵਾਈ ਨਾ ਕਰੇ, ਤਾਂ ਜਥੇਦਾਰ ਨੂੰ ਬਦਲ ਸਕਦੇ ਹਨ। ਲੇਕਿਨ ਹੁਣ ਜਦੋਂ ਨਾਗਪੁਰੀ ਹੁਕਮਾਂ ਨਾਲ ਜਥੇਦਾਰਾਂ ਦੀ ਨਿਯੁਕਤੀ ਅਤੇ ਬਰਤਰਫੀ ਹੋਣ ਲੱਗ ਪਈ ਹੈ, ਤਾਂ ਇਹ ਕੌਮ ਵਾਸਤੇ ਘਾਤਕ ਹੈ?

ਗਿਆਨੀ ਕਿਰਪਾਲ ਸਿੰਘ ਤੋਂ ਲੈਕੇ ਕਿੰਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਤਖਤਾਂ ਦੇ ਜਥੇਦਾਰ ਅਹੁਦਿਆਂ ਤੋਂ ਧੜੇਬੰਦੀ ਕਰਕੇ ਜਾਂ ਬਿਪਰਵਾਦੀ ਤਾਕਤਾਂ ਦੇ ਟੇਟੇ ਚੜ੍ਹਕੇ ਹਟਾਏ ਜਾ ਚੁੱਕੇ ਹਨ, ਜਿਹਨਾਂ ਵਿੱਚ ਭਾਈ ਰਣਜੀਤ ਸਿੰਘ, ਪ੍ਰੋ. ਦਰਸ਼ਨ ਸਿੰਘ, ਪ੍ਰੋ. ਮਨਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਵਿਦਾਂਤੀ, ਭਾਈ ਜਸਬੀਰ ਸਿੰਘ ਰੋਡੇ,ਗਿਆਨੀ ਪੂਰਨ ਸਿੰਘ ਅਤੇ ਗਿਆਨੀ ਕੇਵਲ ਸਿੰਘ ਆਦਿਕ ਸਾਰੇ ਹੀ ਕਿਸੇ ਨਾ ਕਿਸੇ ਤਰੀਕੇ ਹਟਾਏ ਗਏ ਹਨ। ਇਹਨਾਂ ਵਿਚੋਂ ਭਾਈ ਜਸਬੀਰ ਸਿੰਘ ਰੋਡੇ ਅਤੇ ਗਿਆਨੀ ਪੂਰਨ ਸਿੰਘ ਨੂੰ ਹਟਾਉਣ ਤੇ ਕੌਮ ਨੂੰ ਕੋਈ ਇਤਰਾਜ਼ ਨਹੀਂ ਹੋਇਆ ਸੀ ਕਿਉਂਕਿ ਇਹ ਤਾਂ ਕਿਸੇ ਤਰੀਕੇ ਅੱਜ ਤੱਕ ਵੀ ਬਿਪਰਵਾਦ ਦਾ ਹੀ ਪੱਖ ਪੂਰਦੇ ਆ ਰਹੇ ਹਨ। ਲੇਕਿਨ ਜੇ ਭਾਈ ਰਣਜੀਤ ਸਿੰਘ ਦੀ ਗੱਲ ਕਰੀਏ ਤਾਂ ਓਹ ਤਾਂ ਸਰਬ ਪ੍ਰਵਾਨਿਤ ਜਥੇਦਾਰ ਸਨ ਅਤੇ ਉਹਨਾਂ ਜਿੱਡੀ ਕਿਸੇ ਦੀ ਕਰੁਬਾਨੀ ਵੀ ਨਹੀਂ, ਲੇਕਿਨ ਬਿਪਰਵਾਦ ਹਰ ਹੀਲੇ ਖਾਸਲੇ ਦੇ ਤਿੰਨ ਸੌ ਸਾਲਾ ਸਮਾਗਮਾਂ ਨੂੰ ਆਪਣੇ ਹੱਕ ਵਿੱਚ ਵਰਤਣ ਵਾਸਤੇ ਕਿਸੇ ਹੱਦ ਤੱਕ ਜਾਣ ਵਾਸਤੇ ਤਿਆਰ ਸੀ? ਉਸ ਦੇ ਇਹਨਾਂ ਮਨਸੂਬਿਆਂ ਦੇ ਰਾਹ ਵਿੱਚ ਜੇ ਕੋਈ ਰੋੜਾ ਸੀ ਤਾਂ ਓਹ ਜਥੇਦਾਰ ਗੁਰਚਰਨ ਸਿੰਘ ਟੌਹੜਾ ਸੀ? ਜਦੋ ਆਰ.ਐਸ.ਐਸ. ਨੇ ਵੇਖਿਆ ਕਿ ਜਥੇਦਾਰ ਟੌਹੜਾ ਦੇ ਹੁੰਦਿਆਂ ਸਾਡੀ ਪੇਸ਼ ਨਹੀਂ ਜਾਣੀ ਤਾਂ ਉਹਨਾਂ ਛੋਟੀ ਜਿਹੀ ਗੱਲ ਤੇ ਬਾਦਲ ਨੂੰ ਉਕਸਾਇਆ ਕਿ ਜਥੇਦਾਰ ਟੌਹੜਾ ਨੂੰ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਦੋਹਾਂ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਵੇ ? ਤਾਂ ਭਾਈ ਰਣਜੀਤ ਸਿੰਘ ਨੇ ਕੌਮੀ ਏਕਤਾ ਅਤੇ ਤਿੰਨ ਸਾਲਾ ਸਮਾਗਮ ਦੀ ਸ਼ਾਨ ਦੀ ਖੂਬਸੂਰਤੀ ਨੂੰ ਕੋਈ ਦਾਗ ਲੱਗਣ ਤੋਂ ਬਚਾਉਣ ਵਾਸਤੇ, ਸ. ਪ੍ਰਕਾਸ਼ ਸਿੰਘ ਬਾਦਲ ਨੂੰ ਨੇਕ ਸਲਾਹ ਦਿੱਤੀ ਕਿ ਸਮਾਗਮਾਂ ਦੀ ਸੰਪੂਰਨਤਾ ਤੱਕ ਏਕਤਾ ਬਣਾਈ ਰਖੋ? ਪਰ ਬਿਪਰਵਾਦ ਨੇ ਕਿਹਾ ਕਿ ਜੇ ਭਾਈ ਰਣਜੀਤ ਸਿੰਘ ਅਜਿਹਾ ਕਰਨ ਵਿਚ ਕਾਮਯਾਬ ਹੋਏ ਤਾਂ ਸਾਡਾ ਕੰਮ ਫਿਰ ਅਧੂਰਾ ਰਹਿ ਜਾਵੇਗਾ? ਉਹਨਾਂ ਨੇ ਸ. ਬਾਦਲ ਨੂੰ ਭਾਈ ਰਣਜੀਤ ਸਿੰਘ ਨੂੰ ਵੀ ਅਹੁਦਿਓ ਲਾਹੁਣ ਦੀ ਸਲਾਹ ਦਿੱਤੀ, ਜਿਸ ਨੂੰ ਹਕੂਮਤੀ ਨਸ਼ੇ ਵਿੱਚ ਧੁੱਤ ਬਾਦਲ ਨੇ ਪਲ ਵਿੱਚ ਪ੍ਰਵਾਨ ਕਰ ਲਿਆ?

ਇੰਜ ਹੀ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ, ਜਿਹੜਾ ਨਾਗਪੁਰ ਨੂੰ ਪੂਰਾ ਫਿੱਟ ਨਾ ਬੈਠਾ, ਓਹ ਹੀ ਅਗਲੇ ਦਿਨ ਉਹਨਾਂ ਬਾਦਲ ਤੋਂ ਧੋਬੀ ਪਟੜਾ ਮਰਵਾ ਕੇ ਚਿੱਤ ਕਰ ਦਿੱਤਾ? ਮੁੜਕੇ ਬੋਲਣ ਜੋਗਾ ਵੀ ਨਹੀਂ ਛੱਡਿਆ?

ਪਤਾ ਨਹੀਂ ਕੀਹ ਗੱਲ ਪ੍ਰੋ. ਦਰਸ਼ਨ ਸਿੰਘ ਅਤੇ ਭਾਈ ਰਣਜੀਤ ਸਿੰਘ ਤੋਂ ਬਿਨਾਂ, ਬਾਕੀ ਸਾਰੇ ਜਥੇਦਾਰ ਡਰਦੇ ਹੀ ਰਹੇ, ਹੁਣ ਤੱਕ ਵੀ ਕਦੇ ਕੁੱਝ ਖੁੱਲਕੇ ਨਹੀਂ ਬੋਲਦੇ, ਚਾਹੀਦਾ ਤਾਂ ਇਹ ਸੀ ਕਿ ਓਹ ਸਾਰੀਆਂ ਉਹਨਾਂ ਪਰਤਾਂ ਨੂੰ ਖੋਲ ਦਿੰਦੇ, ਜਿਨਾਂ ਰਾਹੀ ਬਿਪਰਵਾਦ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਖੋਰਾ ਲਾਉਣ ਵਾਸਤੇ ਅਤੇ ਕੌਮ ਪ੍ਰਸਤੀ ਦੀ ਭਾਵਨਾਂ ਰੱਖਣ ਵਾਲੇ ਜਥੇਦਾਰਾਂ ਨੂੰ ਇੱਕ ਇੱਕ ਕਰਕੇ ਬੇਇਜ਼ਤ ਕਰਵਾ ਰਿਹਾ ਹੈ ਅਤੇ ਬਿਪਰਵਾਦ ਕਿੱਥੇ ਤੱਕ ਕੌਮ ਦੀਆਂ ਨੀਹਾਂ ਪੋਲੀਆਂ ਕਰ ਚੁੱਕਿਆ ਹੈ? ਕਈ ਵਾਰ ਇੰਜ ਮਹਿਸੂਸ ਹੁੰਦਾ ਹੈ ਕਿ ਜਥੇਦਾਰੀ ਤੇ ਹੁੰਦੀਆਂ ਜਰੂਰ ਬਿਪ੍ਰਵਾਦੀਆਂ ਨੇ ਜਥੇਦਾਰਾਂ ਤੋਂ ਕੋਈ ਅਜਿਹਾ ਕੰਮ ਕਰਵਾਇਆ ਹੁੰਦਾ ਹੈ, ਜਿਹੜਾ ਉਹਨਾਂ ਦੀ ਕਮਜ਼ੋਰੀ ਬਣ ਜਾਂਦਾ ਹੈ ਅਤੇ ਮੂੰਹ ਤੇ ਤਾਲਾ ਲਾਉਣ ਦੇ ਕੰਮ ਆਉਂਦਾ ਹੈ ? ਜਿਹਨਾਂ ਨੂੰ ਨਹੀਂ ਪ੍ਰਵਾਹ, ਓਹ ਭਾਈ ਰਣਜੀਤ ਸਿੰਘ ਵਾਂਗੂੰ ਗਰਜਦੇ ਹਨ?

ਅੱਜ ਫਿਰ ਇੱਕ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਿਧਾਂਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਬਿਪਰਵਾਦੀ ਦੇਵੀ ਦੀ ਬਲੀ ਚੜ੍ਹ ਰਿਹਾ ਹੈ, ਅਜਿਹੇ ਮੌਕੇ ਪਹਿਲਾਂ ਬਲੀ ਦਾ ਬੱਕਰਾ ਬਣ ਚੁੱਕੇ ਸਾਰੇ ਹੀ ਸਾਬਕਾ ਜਥੇਦਾਰ ਵੀ ਚੁੱਪ ਚਾਪ ਸਭ ਕੁਝ ਵੇਖੀ ਜਾ ਰਹੇ ਹਨ? ਕੋਈ ਹੱਕ ਵਿੱਚ ਨਾ ਵਿਰੋਧ ਵਿੱਚ ਬੋਲਣ ਦੀ ਹਿੰਮਤ ਨਹੀਂ ਕਰ ਰਿਹਾ? ਜੇ ਕਦੇ ਉਹਨਾਂ ਨਾਲ ਅਜਿਹਾ ਹੋਇਆ ਸੀ ਤੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਨਾਲ ਇਹ ਭਾਣਾ ਕਿਉਂ ਤੇ ਕਿਵੇਂ ਵਾਪਰਿਆ ਸੀ, ਫਿਰ ਹੁਣ ਉਹਨਾਂ ਨੂੰ ਜਥੇਦਾਰ ਬਲਵੰਤ ਸਿੰਘ ਦੇ ਬਲੀ ਚੜ੍ਹਣ ਵੇਲੇ ਹਾਅ ਦਾ ਨਾਹਰਾ ਤਾਂ ਮਾਰ ਹੀ ਦੇਣਾ ਚਾਹੀਦਾ ਹੈ ? ਨਹੀਂ ਤਾਂ ਇੱਕ ਗੁਨਾਹ ਤਾਂ ਉਸ ਵੇਲੇ ਹੋਇਆ ਕਿ ਆਪਣੀ ਬਰਤਰਫੀ ਤੇ ਕੁੱਝ ਨਹੀਂ ਬੋਲੇ, ਸ਼ਾਇਦ ਮੁੜ੍ਹਕੇ ਫਿਰ ਪਦਵੀ ਮਿਲਣ ਦੀ ਆਸ ਸੀ? ਅਤੇ ਹੁਣ ਆਪਣੇ ਇੱਕ ਹੋਰ ਹਮਰੁਤਬਾ ਗੁਰਸਿੱਖ ਨੂੰ ਜਲੀਲ ਕਰਕੇ ਅਹੁਦਿਓ ਲਾਹੁਣ ਦੀ ਚੱਲ ਰਹੀ ਕਵਾਇਦ ਨੂੰ ਮੂਕ ਦਰਸ਼ਕ ਬਣਕੇ ਵੇਖਦਿਆਂ ਇੱਕ ਗੁਨਾਹ ਹੋਰ ਕਰ ਰਹੇ ਹਨ?

ਬਿਪ੍ਰਵਾਦੀਆਂ ਨੇ ਤਾਂ ਸਿੱਖਾਂ ਦੇ ਘਰ ਵਿੱਚ ਹੀ ਆਪਣੀ ਫੌਜ ਖੜੀ ਕਰ ਲਈ ਹੈ ਅਤੇ ਅੱਜ ਸਾਰੀ ਸਾਧ ਯੂਨੀਅਨ ਬਿਪਰਵਾਦ ਦੀ ਵਕੀਲ ਬਣਕੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਕੋਲ ਜਥੇਦਾਰ ਨੰਦਗੜ੍ਹ ਨੂੰ ਹਟਾਉਣ ਦਾ ਮੁਕੱਦਮਾਂ ਲੜ੍ਹ ਰਹੀ ਹੈ? ਜਿਥੇ ਸਾਰਾ ਪੰਥ ਅੱਖਾਂ ਬੰਦ ਕਰੀ ਬੈਠਾ ਹੈ ਉਥੇ ਤਖਤਾਂ ਦੀ ਸੇਵਾ ਕਰ ਚੁੱਕੇ ਸਾਬਕਾ ਜਥੇਦਾਰ, ਬਿਪਰਵਾਦ ਦੀ ਸਾਜਿਸ਼ ਨਾਲ ਬਾਦਲਾਂ ਵੱਲੋਂ ਦਿੱਤੀ ਜਲਾਲਤ ਦੇ ਕੌੜੇ ਘੁੱਟ ਭਰਨ ਤੋਂ ਬਾਅਦ, ਵੀ ਚੁੱਪੀ ਧਾਰੀ ਬੈਠੇ ਹਨ, ਕੀਹ ਕਾਰਨ ਹਨ ? ਠੀਕ ਹੈ ਉਹਨਾਂ ਦਾ ਗਿਲਾ ਕਿ ਕਿਸੇ ਨੂੰ ਲਾਹਕੇ ਨੰਦਗੜ੍ਹ ਨੂੰ ਬਣਾਇਆ ਸੀ, ਕਿਸੇ ਨੂੰ ਲਿਆਕੇ ਇਹਨਾਂ ਸਾਬਕਾ ਸਾਬਕਾ ਜਥੇਦਾਰਾਂ ਨੂੰ ਹਟਾਇਆ ਗਿਆ ਸੀ, ਪਰ ਗੁਰੂ ਘਰ ਵਿੱਚ ਰਹਿਕੇ ਅਸੀਂ ਵੀ ਕੀਹ ਸਿਖਿਆ ਹੈ? ਫਿਰ ਜੇ ਅਜੇ ਵੀ ਅੰਦਰ ਈਰਖਾ ਦੀ ਅੱਗ ਬਲ ਰਹੀ ਹੈ, ਫਿਰ ਪੰਥਕ ਅਖਵਾਉਣ ਦਾ ਕਿਹੜਾ ਹੱਕ ਬਾਕੀ ਹੈ? ਮੇਰੀ ਗੱਲ ਰੜਕਵੀਂ ਜਰੂਰ ਹੈ, ਲੇਕਿਨ ਹੈ ਸਚੀ? ਮੈਂ ਵੀ ਤੁਹਾਡੀ ਸਭ ਦੀ ਇਜ਼ਤ ਕਰਨ ਵਾਲਾ ਹਾ, ਪਰ ਅੱਜ ਇਸ ਮੋੜ ਤੇ ਤੁਹਾਡੇ ਤੋਂ ਇੱਕ ਉਮੀਦ ਵੀ ਰਖਦਾ ਹਾਂ।

ਸਮਾਂ ਮਾੜਾ ਤੁਹਾਡੇ ਤੇ ਵੀ ਆਇਆ, ਲੰਘ ਗਿਆ, ਤੁਸੀਂ ਮਨ ਵਿੱਚ ਰੰਜ਼ ਅਤੇ ਹਰਖ ਲੈਕੇ ਬੈਠੇ ਹੋ? ਲੇਕਿਨ ਅੱਜ ਪੰਥ ਨੂੰ ਤੁਹਾਡੇ ਤੋ ਇੱਕ ਆਸ ਹੈ? ਤੁਸੀਂ ਵੀ ਸ਼ਾਮ ਸਿੰਘ ਅਟਾਰੀ ਬਣੋ, ਲਾਹੋ ਕਿੱਲੀ ਤੇ ਟੰਗੀਆਂ ਤਲਵਾਰਾਂ ਅਤੇ ਆਓ ਸਭਰਾਵਾਂ ਦੇ ਮੈਦਾਨ ਵਿੱਚ? ਗੋਰੀ ਹਕੂਮਤ ਦੀ ਰੂਹ ਵਾਲੇ ਬਾਦਲ ਦਲੀਏ ਅਤੇ ਡੋਗਰਾ ਬਿਰਤੀ ਵਾਲੀ ਸਾਧ ਯੂਨੀਅਨ ਦੀ ਪੰਥ ਵਿਰੁੱਧ ਲੜਾਈ ਦਾ ਸਾਥ ਦੇਣਾ ਹੀ ਪੈਣਾ ਹੈ? ਇਕੱਲੇ ਨੰਦਗੜ੍ਹ ਦੀ ਲੜਾਈ ਨਹੀਂ, ਇੱਕ ਉਸ ਢਾਂਚੇ ਦੀ ਵੰਗਾਰ ਵੀ ਹੈ, ਜਿਹੜਾ ਤਖਤਾਂ ਦੇ ਜਥੇਦਾਰਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਬਦਲਾਉਣ ਦੀ ਸਮਰਥਾ ਹਾਸਿਲ ਕਰ ਚੁੱਕਿਆ ਹੈ? ਹੁਣ ਛੱਡ ਦਿਓ! ਰੰਜ਼, ਭੁੱਲ ਜਾਉ ਕਿ ਕਿਸ ਨੂੰ ਲਾਹਕੇ ਜਥੇਦਾਰ ਨੰਦਗੜ੍ਹ ਨੂੰ ਬਣਾਇਆ ਗਿਆ ਸੀ? ਵਿਸਾਰ ਦਿਓ ਜੇ ਕਿਤੇ ਨੰਦਗੜ੍ਹ ਨੇ ਕੱਚਾ ਕੱਤਿਆ ਸੀ?

ਹੁਣ ਇੱਕੋ ਇੱਕ ਮੁੱਦਾ ਕਿ ਨਾਗਪੁਰ ਅਤੇ ਚੰਡੀਗੜ੍ਹ ਦੀ ਅਧੀਨਗੀ ਤੋਂ ਤਖਤ ਸਾਹਿਬਾਨਾ ਨੂੰ ਆਜ਼ਾਦ ਕਰਵਾਉਣਾ ਹੈ? ਕਾਰਜ਼ ਕਰ ਲਵੋ, ਫਿਰ ਗੁਰੂ ਜੁਗਤ ਵਿੱਚ ਜਥੇਦਾਰ ਨੰਦਗੜ੍ਹ ਜੀ ਆਖ ਦਿਓ ਹੁਣ ਸੇਵਾ ਦਾ ਮੌਕਾ ਕਿਸੇ ਹੋਰ ਨੂੰ ਦੇ ਦਿਓ? ਪਰ ਅੱਜ ਤੁਹਾਡੇ ਸਾਥ ਦੀ ਲੋੜ ਹੈ?

ਆਓ ਸਾਰੇ ਸਾਬਕਾ ਜਥੇਦਾਰ ਵੱਖਰੇਵਿਆਂ, ਗਿਲਿਆਂ ਨੂੰ ਤਿਆਗ ਕੇ ਜਥੇਦਾਰ ਨੰਦਗੜ੍ਹ ਦੀ ਪਦਵੀ ਬਚਾਉਣ ਖਾਤਰ ਨਹੀਂ, ਪੰਥਕ ਰਵਾਇਤਾਂ ਅਤੇ ਪਰੰਪਰਾਵਾਂ ਦੀ ਰਾਖੀ ਅਤੇ ਜਥੇਦਾਰ ਨੰਦਗੜ੍ਹ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਲਏ ਸਟੈਂਡ ਦੀ ਪ੍ਰੋੜਤਾ, ਇਸ ਕਰਕੇ ਕਰੀਏ ਕਿ ਇਸ ਪਿੱਛੇ ਸਾਧ ਯੂਨੀਅਨ ਰਾਹੀਂ ਬਿਪਰਵਾਦ ਦੀ ਨੀਤੀ ਕੰਮ ਕਰ ਰਹੀ ਹੈ, ਜੋ ਸਾਨੂੰ ਪ੍ਰਵਾਨ ਨਹੀਂ? ਅਸੀਂ ਵਖਰੀ ਕੌਮ ਹਾ, ਕਿਸੇ ਹੋਰ ਕੌਮ ਦੇ ਗੁਲਾਮ ਨਹੀਂ, ਅਸੀਂ ਆਪਣੇ ਸਾਰੇ ਫੈਸਲੇ ਖੁਦ ਕਰਨ ਦੇ ਸਮਰਥ ਹਾਂ, ਕਿਸੇ ਦਖਲ ਅੰਦਾਜੀ ਨੂੰ ਬਰਦਾਸ਼ਤ ਨਹੀਂ ਕਰਦੇ? ਬਸ ਤੁਹਾਡੇ ਫੈਲਸੇ ਦੀ ਉਡੀਕ ਹੈ, ਕੌਮ ਤੁਹਾਡਾ ਸਾਥ ਦੇਣ ਵਾਸਤੇ ਤਿਆਰ ਖੜੀ ਹੈ। ਗੁਰੂ ਰਾਖ਼ਾ !!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top