Share on Facebook

Main News Page

ਹੈਸੀਅਤ ਦਾ ਖ਼ਾਨਾ-ਖ਼ਰਾਬ
-: ਤਰਲੋਕ ਸਿੰਘ ‘ਹੁੰਦਲ’ ਬਰੈਂਮਟਨ-ਟੋਰਾਂਟੋ

ਪੰਥ ਪ੍ਰਮਾਣਿਤ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਸਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮਨਾਏ ਜਾਣ ਦੀ ਬਜਾਏ, ਕਹੇ ਜਾਂਦੇ ਲੰਗੜੇ ਅਤੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ 27 ਦਸੰਬਰ-2014 ਨੂੰ, ਇਸ ਪਾਵਨ ਦਿਹਾੜੇ ਦੇ ਪ੍ਰਪੇਖ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ-ਸਾਬੋ ਵਿਖੇ ਨਗਰ-ਕੀਰਤਨ ਸਜਾਇਆ ਗਿਆ ਸੀ, ਜਿਸ ਵਿੱਚ ਤਖਤ ਸਾਹਿਬ ਦੇ ਮੁੱਖ ਜਥੇਦਾਰ ਗਿਆਨੀ ਬਲਵੰਤ ਸਿੰਘ ‘ਨੰਦਗੜ੍ਹ’ ਜੀ ਸ਼ਾਮਲ ਨਹੀਂ ਸਨ ਹੋਏ। ਕਾਰਨ ਸਪਸ਼ਟ ਸੀ ਕਿ ਉਸੇ ਦਿਨ ਹੀ ਗੁਰੂ ਸਾਹਿਬ ਦੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਸਰਹੰਦ ਵਿਖੇ ਮਨਾਇਆ ਜਾਣਾ ਸੀ। ਮਾਨਯੋਗ ਜਥੇਦਾਰ ਨੰਦਗੜ੍ਹ ਸਾਹਿਬ ਦਾ ਤਰਕ ਵਾਜਬ ਸੀ, ਕਿ ਗੁਰੂ ਦਾ ਸੱਚਾ, ਸੁੱਚਾ ਸਿੱਖ ਇੰਵ ਨਹੀਂ ਕਰ ਸਕਦਾ, ਅਤੇ ਇਹ ਸਭ-ਕੁਝ ਸਿੱਖ ਵਿਰੋਧੀ ਅਕਾਲੀ ਦਲ ਉੱਤੇ ਹਾਵੀ ਪਾਰਟੀ ਦੇ ਦਬਾ ਹੇਠ ਕੀਤਾ ਜਾ ਰਿਹਾ ਹੈ।

ਬਸ ਹਉ-ਭਰੀ ਸ੍ਵਾਰਥੀ ਸੋਚ ਕਰਕੇ ਵਾਵੇਲਾ ਖੜ੍ਹਾ ਹੋ ਗਿਆ। ਇਸ ਗੁਲਾਮੀ-ਭਰੀ ਕਾਰਗੁਜਾਰੀ ਦੇ ਪ੍ਰਦਸ਼ਨਕਾਰ ਮੋਹਤਬਰ ਵਿਅਕਤੀਆਂ ਨੂੰ ਉਕਤ ਪਾਰਟੀ ਦੇ ਏਜੰਟ ਕਹਿਣਾ ਮੰਦਭਾਗਾ ਨਹੀਂ ਸੀ, ਸਗੋਂ ਸਿੱਖ ਪੰਥ ਦੀਆਂ ਵਿਰੋਧੀ ਤਾਕਤਾਂ ਦੀ ਸ਼ਹਿ ਤੇ ਨਿਘਾਰੇ ਜਾ ਰਹੇ ਹਾਲਾਤਾਂ ਦੀ ਸਹੀ ਤਰਜਮਾਨੀ ਹੈ। ਖ਼ਬਰ ਹੈ,ਕਿ ਮਾਨਸਾ ਤੇ ਬਠਿੰਡਾ ਜਿਲ੍ਹਿਆਂ’ਚੋਂ ਚੁਣੇ ਹੋਏ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਮੈਨੇਜਰ, ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਰੀਹੇ ਇਕ ਬੇਨਤੀ-ਨੁਮਾ ਯਾਦਪੱਤਰ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਭੇਜਿਆ ਹੈ ਕਿ ਸਤਿਕਾਰਯੋਗ ਜਥੇਦਾਰ ਗਿਆਨੀ ਬਲਵੰਤ ਸਿੰਘ ‘ਨੰਦਗੜ੍ਹ’ਨੂੰ ਔਹਦੇ ਤੋਂ ਹਟਾਇਆ ਜਾਵੇ ਤੇ ਅਕਾਲ ਤਖਤ ਤੇ ਤਲਬ ਕੀਤਾ ਜਾਏ।

ਯਾਦ-ਪੱਤਰ ਭੇਜਣ ਵਾਲੇ ਇਹ ਸ਼੍ਰੋਮਣੀ ਕਮੇਟੀ ਮੈਂਬਰ, ਸ਼ਾਇਦ ਇਹ ਨਹੀਂ ਜਾਣਦੇ ਕਿ ਸਿਰਫ ਚੁਣੇ ਜਾਣ ਨਾਲ ਹੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ ਬਣ ਜਾਂਦਾ। ਇਹ ਵਿਅਕਤੀ ਚੁਣੇ ਜਰੂਰ ਗਏ ਹਨ, ਪਰ ਅਧਿਕਾਰਤ ਸ਼੍ਰੋਮਣੀ ਕਮੇਟੀ ਮੈਂਬਰ ਨਹੀਂ ਹਨ, ਕਿਉਂਕਿ ਇਸ ਤੋਂ ਅਗਲੀ ਪ੍ਰਕ੍ਰਿਆ ਉੱਤੇ ਸਹਿਜਧਾਰੀ ਧਿਰ ਵਲੋਂ ਪਾਏ ਕੇਸ ਵਿੱਚ ਮਾਨਯੋਗ ਹਾਈ ਕੋਰਟ ਨੇ ਰੋਕ ਲਾਈ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਰੋਜ-ਮਰਾ ਦੇ ਕੰਮ-ਕਾਜ (ਯਾਨੀਂ ਸੇਵਾਦਾਰਾਂ ਦੀਆਂ ਡਿਉਟੀਆਂ ਤੇ ਕੜਾਹ ਪ੍ਰਸ਼ਾਦਿ ਇਤਆਦਿ) ਦੀ ਕੇਵਲ ਸੀਮਤ ਸੇਵਾ ਲਈ ਪਹਿਲੀ ਕਮੇਟੀ ਦੇ ਕੁਝ ਮੈਂਬਰਾਂ ਨੂੰ ਵੀ ਸੀਮਤ ਅਧਿਕਾਰਾਂ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਹਟਾਉਂਣ ਦੀ ਕਾਰਵਾਈ ਕਾਨੂੰਨੀ ਅਤੇ ਅਦਾਲਤ ਦੇ ਹੁਕਮਾ ਦੀ ਉਲੰਘਣਾ ਦੇ ਘੇਰੇ ਵਿੱਚ ਆਉਂਦੀ ਹੈ। ਵੇਖਣਾ ਬਣਦਾ ਹੈ ਕਿ ਇਹ ਲੋਕ ਆਪਣੀ ਪ੍ਰਾਪਤ ਹੈਸੀਅਤ ਦਾ ਕਿਵੇਂ ਖਾਨਾ-ਖਰਾਬ ਕਰਦੇ ਪਏ ਹਨ? ਸਜਣੋ! ਪਹਿਲਾਂ ਅੱਖਾਂ’ਚੋਂ ਸਹਿਜਧਾਰੀ ਮਿਰਚਾਂ ਤਾਂ ਕੱਢ ਲਵੋ।

ਬਿਕ੍ਰਮੀ ਕੈਲੰਡਰ ਅਨੁਸਾਰੀ ਸੋਧਾਂ ਜਾਂ ਫਿਰ ਨਿਰੋਲ ਬਿਕ੍ਰਮੀ ਕੈਲੰਡਰ ਨੂੰ ਮੁੜ ਲਾਗੂ ਕਰਨ ਨਾਲ ‘ਸਿੱਖ ਇੱਕ ਵੱਖਰੀ ਕੌਮ’ਦੇ ਸੰਕਲਪ ਨੁੰ ਨਿਸ਼ਚੇ ਹੀ ਹਾਨਿ ਹੋਵੇਗੀ। ਭਾਰਤੀ ਸੰਵਿਧਾਨ ਦੀ ਧਾਰਾ 25-ਬੀ ਵਿੱਰੁਧ ਸਿੱਖ ਜਿਹਾਦ ਨਿਰਬਲ ਹੋ ਜਾਵੇਗਾ। ਸਿੱਖ ਜਗਤ ਦੀ ਭਾਰੀ ਕਿਰਕਿਰੀ ਸੰਭਵ ਹੈ। ਯਾਦ ਰੱਖਣਾ ਬਣਦਾ ਹੈ ਕਿ ਕਿਵੇਂ ਨਸ਼ਿਆਂ ਦੀ ਤਸਕਰੀ ਕਾਰਨ ਬੀ.ਐਸ.ਐਫ਼ ਵਿੱਰੁਧ ਧਰਨੇ ਲਾਉਂਣ ਵਾਲੇ ਅਕਾਲੀ ਪਾਰਟੀ ਦੇ ਬਿਆਨ ਨੂੰ ਯਕਦਮ ਧਰਨ ਪੈ ਗਈ।

ਦਾਹਵਾ ਤਾਂ ਨਹੀਂ ਕਰਦੇ, ਪਰ ਕਿਆਸ ਇਹੋ ਹੈ ਕਿ ਜੇ ਮਾਣਯੋਗ ‘ਨੰਦਗੜ੍ਹ’ ਸਾਹਿਬ ਦੇ ਉਕਤ ਬਿਆਨ ਨੂੰ ਸਰਬਤ ਖਾਲਸੇ ਦੀ ਇੱਕਤ੍ਰਤਾ ਵਿੱਚ ਵਿਚਾਰਿਆ ਜਾਵੇ ਤਾਂ ਦੇਸ਼ਾਂ, ਵਿਦੇਸ਼ਾਂ ਵਿੱਚ ਵਸਦਾ ਘੱਟੋ-ਘੱਟ 90% ਸਿੱਖ ਭਾਈ ਚਾਰਾ, ਗਿਆਨੀ ਬਲਵੰਤ ਸਿੰਘ ‘ਨੰਦਗੜ੍ਹ’ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਦੇ ਵਿਚਾਰ-ਅਧੀਨ ਬਿਆਨ ਦੀ ਖੁਲ੍ਹ ਕੇ ਸ਼ਲਾਘਾ ਹੀ ਨਹੀਂ ਕਰੇਗਾ ਸਗੋਂ ਤਾਈਦ, ਮਜੀਦ ਵੀ ਕਰੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top