Share on Facebook

Main News Page

ਯਾਦ ਪੱਤਰ

ਮਿਤੀ: 1 ਜਨਵਰੀ 2015

ਸੇਵਾ ਵਿਖੇ,
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ,
ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ।

ਮੁੱਖ ਮੰਗਾਂ:-

1. ਮੂਲ ਨਾਨਕਸ਼ਾਹੀ ਕੈਲੰਡਰ ਬਹਾਲ ਕਰਨਾ।
2. ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਲਈ ਵਿਧਾਨ ਸਭਾ ਵਿਚ ਮਤਾ ਪਾਸ ਕਰਵਉਣ ਲਈ ਸ: ਬਾਦਲ ਨੂੰ ਆਦੇਸ਼ ਦੇਣਾ।
3. ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਅਤੇ ਸਿੱਖਾਂ ਕਾਲੀਆਂ ਸੂਚੀਆਂ ਖਤਮ ਕਰਵਾਉਣ ਲਈ ਕਦਮ ਪੁੱਟਣੇ।

ਸਿੰਘ ਸਾਹਿਬ ਜੀਉ,

ਆਪ ਜੀ ਨੂੰ ਭਲੀਭਾਂਤ ਚੇਤਾ ਹੋਵੇਗਾ ਕਿ ਗੁਰਪੁਰਬਾਂ ਦੇ ਦਿਹਾੜੇ ਬੱਝਵੀਆਂ ਤਰੀਖਾਂ ਨੂੰ ਨਾ ਆਉਣ ਕਰਕੇ ਹਰ ਸਾਲ ਹੀ ਦੁਨੀਆਂ ਦੇ ਲੋਕਾਂ ਦੇ ਸਾਹਮਣੇ ਸਿੱਖਾਂ ਦੀ ਹਾਲਤ ਉਸ ਸਮੇਂ ਬਹੁਤ ਹੀ ਹਾਸੋਹੀਣੀ ਹੋ ਜਾਂਦੀ ਹੈ ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬਾਂ ਦੀਆਂ ਸਹੀ ਸਹੀ ਤਰੀਖਾਂ ਹੀ ਨਹੀਂ ਦੱਸ ਸਕਦੇ।

ਤੁਹਾਨੂੰ ਇਹ ਵੀ ਯਾਦ ਹੀ ਹੋਵੇਗਾ ਕਿ ਕੈਨੇਡਾ ਦੇ ਸਿੱਖਾਂ ਦੀ ਮੰਗ ’ਤੇ ਉਥੋਂ ਦੀ ਸਰਕਾਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਰਕਾਰੀ ਛੁੱਟੀ ਕਰਨ ਲਈ ਸਹਿਮਤ ਹੋ ਗਈ ਸੀ, ਬਸ਼ਰਤੇ ਕਿ ਸਿੱਖ ਉਨ੍ਹਾਂ ਨੂੰ ਹਰ ਸਾਲ ਅਉਣ ਵਾਲੀ ਪੱਕੀ ਤਰੀਖ ਦੱਸ ਸਕਣ ਪਰ ਅਸੀਂ ਤਾਂ ਬਿਕ੍ਰਮੀ ਕੈਲੰਡਰ ਵਿੱਚ ਉਲਝੇ ਪਏ ਹਾਂ ਇਸ ਲਈ ਉਨ੍ਹਾਂ ਨੂੰ ਦੱਸੀਏ ਕੀ? ਇਹ ਦੁਬਿਧਾ ਦੂਰ ਕਰਨ ਲਈ ਸ: ਪਾਲ ਸਿੰਘ ਪੁਰੇਵਾਲ ਦੀ ਦਹਾਕਿਆਂ ਦੀ ਮਿਹਨਤ ਤੇ ਪੰਥਕ ਵਿਦਵਾਨਾਂ ਦੇ ਲੰਬੇ ਵੀਚਾਰ ਵਟਾਂਦਰੇ ਉਪ੍ਰੰਤ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਅਤੇ ਜਨਰਲ ਹਾਊਸ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਹੋਣ ਪਿੱਛੋਂ ਪੰਜ ਸਿੰਘ ਸਾਹਿਬਾਨ ਦੀ ਪ੍ਰਵਾਨਗੀ ਮਿਲਣ ਉਪ੍ਰੰਤ 2003 ਦੀ ਵੈਸਾਖੀ ਮੌਕੇ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਗਤਾਂ ਦੇ ਵਿਸ਼ਾਲ ਇਕੱਠ ਵਿੱਚ ਰੀਲੀਜ ਕੀਤਾ ਸੀ; ਜਿਸ ਨੂੰ ਗੁਰਪੁਰਬਾਂ ਦੀ ਥਾਂ ਆਪਣੇ ਬਾਬਿਆਂ ਦੀਆਂ ਬਰਸੀਆਂ ਮਨਾਉਣ ਵਾਲੇ (ਜਿਹੜੇ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਮੰਨਣ ਤੋਂ ਇਨਕਾਰੀ ਸਨ) ਕੁਝ ਬਾਬਿਆਂ ਨੂੰ ਛੱਡ ਕੇ ਬਾਕੀ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ ਤੋਂ ਇਲਾਵਾ ਭਾਰਤ ਦੀ ਕੇਂਦਰ ਸਰਕਾਰ, ਸੂਬਾ ਸਰਕਾਰਾਂ ਸਮੇਤ ਪਾਕਿਸਤਾਨ ਸਰਕਾਰ ਨੇ ਵੀ ਮਾਨਤਾ ਦੇ ਦਿੱਤੀ ਸੀ।

ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕੁਝ ਰਾਜਨੀਤਕ ਕਾਰਣਾਂ ਕਰਕੇ ਸੰਤ ਸਮਾਜ ਨੂੰ ਖੁਸ਼ ਕਰਨ ਲਈ ਬਿਨਾਂ ਕਿਸੇ ਕੈਲੰਡਰ ਮਾਹਰ ਜਾਂ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀ ਸਿੱਖਾਂ ਦੀ ਸਲਾਹ ਲਿਆਂ 2010 ਵਿੱਚ ਬੜੀ ਕਾਹਲੀ ਨਾਲ ਗੈਰ ਸੰਵਿਧਾਨਕ ਢੰਗ ਨਾਲ ਸਿਰਫ ਕਾਰਜਕਾਰਨੀ (ਜਿਸ ਵਿੱਚੋਂ ਵੀ ਦੋ ਮੈਂਬਰਾਂ ਨੇ ਵਿਰੋਧੀ ਨੋਟ ਲਿਖਿਆ ਅਤੇ ਇੱਕ ਨੇ ਵਾਕ ਆਊਟ ਕੀਤਾ) ਦੀ ਪ੍ਰਵਾਨਗੀ ਲੈ ਕੇ ਸਿਰਫ ਤੁਸੀਂ ਇਕੱਲਿਆਂ ਨੇ ਹੀ ਦਰਬਾਰ ਸਾਹਿਬ ਦੇ ਚਾਰ ਹੋਰ ਗ੍ਰੰਥੀ ਲੈ ਕੇ ਸੋਧ ਦੇ ਨਾਂਮ ’ਤੇ ਕੈਲੰਡਰ ਵਿਗਾੜ ਕੇ ਰੱਖ ਦਿੱਤਾ; ਜਿਸ ਦਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅੱਜ ਤੱਕ ਵਿਰੋਧ ਕਰਦੇ ਆ ਰਹੇ ਹਨ। ਆਪ ਜੀ ਇਹ ਵੀ ਭਲੀ ਭਾਂਤ ਜਾਣਦੇ ਹੋ ਕਿ ਇਸ ਸੋਧੇ ਹੋਏ ਕੈਲੰਡਰ ਕਾਰਣ ਪਿਛਲੇ 4 ਸਾਲਾਂ ਤੋਂ ਹਰ ਸਾਲ ਹੀ ਕਿਸੇ ਨਾ ਕਿਸੇ ਗੁਰਪੁਰਬ ਦੇ ਅੱਗੇ ਪਿੱਛੇ ਆਉਣ ਕਰਕੇ ਭਾਰੀ ਵਿਵਾਦ ਖੜ੍ਹਾ ਹੋ ਰਿਹਾ ਹੈ ਜਿਸ ਕਾਰਣ ਖਾਸ ਕਰਕੇ ਗੁਰੂ ਅਰਜੁਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਸ਼੍ਰਧਾਲੂ ਸਿੱਖਾਂ ਦੇ ਜਥੇ ਭੇਜਣ ਤੋਂ ਵੀ ਵਾਂਝੀ ਰਹਿ ਜਾਂਦੀ ਹੈ।

ਸੋਧੇ ਕੈਲੰਡਰ ਲਾਗੂ ਕਰਨ ਦੇ 4 ਸਾਲ ਦੇ ਤਜਰਬੇ ਪਿੱਛੋਂ ਸੰਤ ਸਮਾਜ ਨੂੰ ਸਮਝ ਆ ਜਾਣੀ ਚਾਹੀਦੀ ਸੀ, ਪਰ ਹੈਰਾਨੀ ਹੈ ਕਿ ਹਾਲੀ ਵੀ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਇਹ ਵਿਵਾਦ ਨਾਨਕਸ਼ਾਹੀ ਕੈਲੰਡਰ ਅਤੇ ਸੋਧੇ ਕੈਲੰਡਰ ਕਾਰਣ ਹੈ, ਇਸ ਲਈ ਦੋਵੇਂ ਕੈਲੰਡਰਾਂ ਨੂੰ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਜਾਵੇ ਕਿਉਂਕਿ 2003 ਤੋਂ ਪਹਿਲਾਂ ਇਹੀ ਕੈਲੰਡਰ ਲਾਗੂ ਸੀ ਜਿਸ ਦੇ ਚਲਦਿਆਂ ਕਦੀ ਵੀ ਵਿਵਾਦ ਪੈਦਾ ਨਹੀਂ ਸੀ ਹੋਇਆ। ਸਿੰਘ ਸਾਹਿਬ ਜੀਉ! ਅਸੀਂ ਆਪ ਜੀ ਅੱਗੇ ਉਨ੍ਹਾਂ ਵੱਲੋਂ ਬੋਲੇ ਜਾ ਰਹੇ ਝੂਠ ਦਾ ਭਾਂਡਾ ਭੰਨ ਕੇ ਆਪ ਜੀ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਝੂਠ ਤੋਂ ਗੁੰਮਰਾਹ ਹੋ ਕੇ 2010 ਵਾਲੀ ਗਲਤੀ ਦੁਬਾਰਾ ਨਾ ਕੀਤੀ ਜਾਵੇ ਜੀ। ਸੰਤ ਸਮਾਜ ਵੱਲੋਂ ਇਤਰਾਜ ਅਤੇ ਉਨ੍ਹਾਂ ਦੇ ਸੰਖੇਪ ਉੱਤਰ ਹੇਠ ਲਿਖੇ ਅਨੁਸਾਰ ਹਨ ਜੀ:

1. ਸੰਤ ਸਮਾਜ ਅਨੁਸਾਰ 2003 ਤੋਂ ਪਹਿਲਾਂ ਜਦੋਂ ਬਿਕ੍ਰਮੀ ਕੈਲੰਡਰ ਲਾਗੂ ਸੀ ਤਾਂ ਕੋਈ ਵਿਵਾਦ ਨਹੀਂ ਸੀ।

ਉੱਤਰ: ਇਹ ਬਿਲਕੁਲ ਝੂਠ ਹੈ ਕਿਉਂਕਿ ਇਸ ਤੋਂ ਪਹਿਲਾਂ 1995 ’ਚ ਵੀ ਬਿਲਕੁਲ ਅੱਜ ਵਾਲੀ ਸਥਿਤੀ ਸੀ। ਉਸ ਸਾਲ ਪੋਹ ਸੁਦੀ 7 ਅਤੇ 13 ਪੋਹ ਦੋਵੇਂ ਹੀ ਇਕੱਠੇ 28 ਦਸੰਬਰ ਨੂੰ ਆਉਣ ਕਰਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਇਕੱਠੇ ਆਏ ਸਨ। 1982 ’ਚ ਪੋਹ ਸੁਦੀ 7 ਅਤੇ 8 ਪੋਹ ਦੋਵੇਂ ਹੀ ਇਕੱਠੇ 22 ਦਸੰਬਰ ਨੂੰ ਆਉਣ ਕਰਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆਏ ਸਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਦਸੰਬਰ ਵਿੱਚ; ਕਦੀ ਜਨਵਰੀ ਵਿੱਚ; ਕਿਸੇ ਸਾਲ ’ਚ ਦੋ ਵਾਰ ਅਤੇ ਕਦੀ ਆਉਂਦਾ ਹੀ ਨਹੀਂ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਹੀ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਜਿਸ ਦੇ 7 ਸਾਲ ਲਾਗੂ ਰਹਿਣ ਦੇ ਦੌਰਾਨ ਕਦੀ ਇੱਕ ਵੀ ਮੌਕਾ ਦੱਸੋ ਜਦੋਂ ਕਦੀ ਇਸ ਤਰ੍ਹਾਂ ਦਾ ਵਿਵਾਦ ਪੈਦਾ ਹੋਇਆ ਹੋਵੇ।

2. ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ‘ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥’ ਤੁਕ ਵਰਤੀ ਹੈ ਜਿਸ ਵਿੱਚ ਬਿਕ੍ਰਮੀ ਸੰਮਤ 1578 ਅਤੇ 1597 ਵੱਲ ਇਸ਼ਾਰਾ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਨੇ ਬਿਕ੍ਰਮੀ ਕੈਲੰਡਰ ਦੀ ਵਰਤੋਂ ਕੀਤੀ ਸੀ ਤਾਂ ਅਸੀਂ ਬਿਕ੍ਰਮੀ ਕੈਲੰਡਰ ਕਿਉਂ ਛੱਡੀਏ?

ਉੱਤਰ: ਉਸ ਸਮੇਂ ਲੰਬਾਈ, ਭਾਰ ਅਤੇ ਸਮੇਂ ਆਦਿਕ ਦੀਆਂ ਜੋ ਵੀ ਇਕਾਈਆਂ ਪ੍ਰਚੱਲਤ ਸਨ ਗੁਰੂ ਸਾਹਿਬ ਜੀ ਨੇ ਉਹੀ ਵਰਤਣੀਆਂ ਸਨ ਜਿਵੇਂ ਕਿ ਗੁਰਬਾਣੀ ਵਿੱਚ ਲੰਬਾਈ ਦੀ ਇਕਾਈਆਂ ਹੱਥ, ਕਰਮਾਂ, ਕੋਸ (ਕੋਹ) ਅਤੇ ਜੋਜਨ ਵਰਤੀਆਂ ਹਨ। ਉਸ ਉਪ੍ਰੰਤ ਇੰਚ, ਫੁੱਟ, ਗਜ, ਮੀਲ ਵਰਤੇ ਜਾਣ ਲੱਗੇ ਪਰ ਅੱਜ ਕੱਲ੍ਹ ਮਿਲੀ ਮੀਟਰ, ਸੈਂਟੀਮੀਟਰ, ਮੀਟਰ, ਕਿਲੋਮੀਟਰ ਵਰਤੇ ਜਾਣ ਲੱਗੇ ਹਨ। ਗੁਰਬਾਣੀ ਵਿੱਚ ਮਾਸਾ, ਰੱਤੀ, ਤੋਲਾ, ਪਾਈਆ, ਸੇਰ, ਮਣ ਅਦਿਕ ਇਕਾਈਆਂ ਭਾਰ ਮਾਪਣ ਲਈ ਵਰਤੀਆਂ ਗਈਆਂ ਹਨ ਪਰ ਅੱਜ ਕੱਲ੍ਹ ਅਸੀਂ ਮਿਲੀਗ੍ਰਾਮ, ਗਰਾਮ, ਕਿਲੋਗ੍ਰਾਮ, ਕੁਇੰਟਲ, ਟਨ ਆਦਿਕ ਇਕਾਈਆਂ ਦੀ ਵਰਤੋਂ ਕਰ ਰਹੇ ਹਾਂ। ਇਸ਼ੇ ਤਰ੍ਹਾਂ ਨਿਮਖ, ਵਿਸੁਏ, ਚੱਸੇ, ਘੜੀਆਂ, ਪਹਿਰ ਆਦਿਕ ਸਮੇਂ ਦੀ ਲੰਬਾਈ ਲਈ ਇਕਾਈਆਂ ਦੇ ਤੌਰ ’ਤੇ ਵਰਤੀਆਂ ਗਈਆਂ ਹਨ ਪਰ ਅੱਜ ਕੱਲ੍ਹ ਸਮੇਂ ਲਈ ਮਿਲੀ ਸੈਕੰਡ, ਸੈਕੰਡ, ਮਿੰਟ, ਘੰਟੇ ਆਦਿਕ ਵਰਤੇ ਜਾਂਦੇ ਹਨ। ਕਿਉਂਕਿ ਇਨ੍ਹਾਂ ਇਕਾਈਆਂ ਦੀ ਵਰਤੋਂ ਕਰਨ ਨਾਲ ਹਿਸਾਬ ਕਿਤਾਬ ਕਰਨਾ ਬਹੁਤ ਹੀ ਸੌਖਾ ਹੈ।

ਸੋ, ਜੇ ਉਕਤ ਸਾਰੀਆਂ ਇਕਾਈਆਂ ਲਈ ਅਸੀਂ ਸਹੂਲਤ ਲਈ ਐੱਮ ਕੇ ਐੱਸ ਪ੍ਰਣਾਲੀ ਦੀਆਂ ਨਵੀਆਂ ਇਕਈਆਂ ਵਰਤਣ ਲੱਗ ਪਏ ਹਾਂ ਤਾਂ ਆਪਣੀ ਸਹੂਲਤ ਲਈ ਬਿਕ੍ਰਮੀ ਕੈਲੰਡਰ ਜਿਸ ਦੀਆਂ ਤਰੀਕਾਂ ਨੂੰ ਸਮਝਣਾਂ ਅਤੇ ਯਾਦ ਰੱਖਣਾ ਅਤਿ ਕਠਿਨ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਵਿਦਵਾਨ ਵੀ ਇਹ ਯਾਦ ਨਹੀਂ ਰੱਖ ਸਕਦੇ ਕਿ ਚਾਲੂ ਮਹੀਨਾ ਕਿੰਨੇ ਦਿਨਾਂ ਦਾ ਹੈ? ਜੇ 17 ਜਨਵਰੀ 2015 ਨੂੰ ਫੱਗਣ ਵਦੀ ਤਰੌਦਸੀ ਹੋਵੇ ਤਾਂ 19 ਜਨਵਰੀ ਨੂੰ ਕਿਹੜੀ ਤਿੱਥ ਹੋਵੇਗੀ? ਕਿਹੜੇ ਸਾਲ ਵਿੱਚ ਚੰਦ੍ਰਮਾ ਦੇ ਬਾਰਾਂ ਮਹੀਨਿਆਂ ਦੀ ਥਾਂ 13 ਮਹੀਨੇ ਬਣ ਜਾਣਗੇ ਅਤੇ ਕਿਹੜੇ ਸਾਲ ਵਿੱਚ ਸਿਰਫ 11 ਹੀ ਰਹਿ ਜਾਣਗੇ? ਅਤੇ ਇਸ ਵਾਧ ਘਾਟ ਦਾ ਕਾਰਣ ਕੀ ਹੈ?

ਸੋ ਸਮਝਣ ਅਤੇ ਯਾਦ ਰੱਖਣ ਵਿੱਚ ਇਤਨੇ ਗੋਰਖਧੰਦੇ ਵਾਲੇ ਬਿਕ੍ਰਮੀ ਕੈਲੰਡਰ ਨਾਲੋਂ ਨਾਨਕਾਸ਼ਾਹੀ ਕੈਲੰਡਰ ਸਮਝਣਾਂ ਅਤੇ ਯਾਦ ਰੱਖਣਾਂ ਅਤਿ ਸੁਖਾਲਾ ਹੈ, ਇਸ ਲਈ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਸਮੱਸਿਆ ਬਿਲਕੁਲ ਸਮਝ ਨਹੀਂ ਆਉਂਦੀ। ਇਸ ਦਾ ਵਿਰੋਧ ਕਰਨ ਵਾਲੇ ਵੀਰਾਂ ਅੱਗੇ ਇੱਕ ਸਵਾਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 ਮੁਤਾਬਿਕ 22 ਦਸੰਬਰ 1666 ਨੂੰ ਹੋਇਆ ਸੀ। ਹੁਣ ਜੇ ਅਸੀਂ ਸਾਰੀ ਦੁਨੀਆਂ ਵਿੱਚ ਵਸ ਰਹੇ ਸਿੱਖਾਂ ਦੀ ਸਹੂਲਤ ਲਈ ਪੋਹ ਸੁਦੀ 7 ਦੀ ਬਜਾਏ ਨਾਨਕਸ਼ਹੀ ਕੈਲੰਡਰ ਦੇ 23 ਪੋਹ ਨੂੰ ਮਨਾ ਲਈਏ ਜਿਹੜਾ ਹਮੇਸ਼ਾਂ ਹੀ 5 ਜਨਵਰੀ ਨੂੰ ਆਇਆ ਕਰੇਗਾ ਤਾਂ ਇਸ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਨੂੰ ਖੋਰਾ ਲੱਗ ਜਾਵੇਗਾ? ਨਾਨਕਸ਼ਾਹੀ ਕੈਲੰਡਰ ਦਾ ਦੂਸਰਾ ਫਾਇਦਾ ਇਹ ਹੋਵੇਗਾ ਕਿ ਪੋਹ ਦੇ ਮਹੀਨੇ ਜੇ ਅੱਜ ਕੜਾਕੇ ਦੀ ਠੰਡ ਪੈ ਰਹੀ ਹੈ ਤਾਂ ਅੱਜ ਤੋਂ 13000 ਸਾਲ ਬਾਅਦ ਵੀ ਬਿਲਕੁਲ ਇਹੀ ਮੌਸਮ ਰਹੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਪੋਹ ਦਾ ਮਹੀਨਾ ਜੂਨ ਵਿੱਚ ਆਵੇਗਾ ਜਿਸ ਸਮੇਂ ਕੜਾਕੇ ਦੀ ਗਰਮੀ ਪੈਂਦੀ ਹੋਵੇਗੀ ਜਿਸ ਦਾ ਸਬੰਧ ਗੁਰਬਾਣੀ ਵਿੱਚ ਦਰਜ ਮਹੀਨਿਆਂ ਨਾਲੋਂ ਬਿਲਕੁਲ ਹੀ ਉਲਟ ਹੋਵੇਗਾ। ਇੱਕ ਗਲ ਹੋਰ ਧਿਆਨ ਦੇਣ ਵਾਲੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ 2003 ਤੋਂ ਪਹਿਲਾ ਅਤੇ 2010 ਤੋਂ ਪਿਛੋ ਜਾਰੀ ਕੀਤਾ ਜਾਂਦਾ ਬਿਕ੍ਰਮੀ ਕੈਲੰਡਰ ਗੁਰੂ ਕਾਲ ਵਾਲਾ ਕੈਲੰਡਰ ਨਹੀ ਹੈ ਕਿਉਂਕਿ ਇਹ ਹਿੰਦੂ ਵਿਦਵਾਨਾਂ ਵੱਲੋਂ 1964 ਵਿੱਚ ਸੋਧਿਆ ਹੋਇਆ ਕੈਲੰਡਰ ਹੈ। ਹੈਰਾਨੀ ਇਸ ਗੱਲ ਦੀ ਹੈ ਕਿ 1964 ਵਿੱਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਸੋਧ ਤਾਂ ਸੰਤ ਸਮਾਜ ਨੂੰ ਪ੍ਰਵਾਨ ਹੈ, ਤਾਂ ਫਿਰ 2003 ਵਿੱਚ ਸਿੱਖ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ’ਤੇ ਇਤਰਾਜ ਕਿਉਂ?

ਦੂਸਰੀ ਮੰਗ ਸੰਵਿਧਾਨ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦਿਵਾਉਣ ਸਬੰਧੀ ਹੈ। ਆਪ ਜੀ ਭਲੀ ਭਾਂਤ ਜਾਣੂ ਹੋ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਬੀ (ii) ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦਰਸਾਉਂਦੀ ਹੈ ਜਿਸ ਦੇ ਵਿਰੋਧ ਵਜੋਂ ਸੰਵਿਧਾਨ ਘਾੜੀ ਕਮੇਟੀ ਦੇ ਦੋਵੇਂ ਸਿੱਖ ਨੁੰਮਾਇੰਦਿਆਂ ਨੇ ਦਸਤਖਤ ਨਹੀਂ ਸਨ ਕੀਤੇ। ਸਿੱਖਾਂ ਦੇ ਇਸ ਵਿਰੋਧ ਦੇ ਬਾਵਯੂਦ 26 ਜਨਵਰੀ 1950 ਨੂੰ ਸਿੱਖਾਂ ’ਤੇ ਜਬਰਦਸਤੀ ਇਹ ਧਾਰਾ ਠੋਸ ਕੇ ਹਿੰਦੂ ਦੱਸਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੇਂ ਸਮੇਂ ’ਤੇ ਇਸ ਧਾਰਾ ਨੂੰ ਖਤਮ ਕਰਵਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। 1982 ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਖ਼ੁਦ ਇਸ ਧਾਰਾ ਨੂੰ ਸਾੜਿਆ ਸੀ। ਹੈਰਾਨੀ ਇਹ ਹੈ ਕਿ ਉਸ ਉਪ੍ਰੰਤ ਸ: ਬਾਦਲ ਤੀਜੀ ਵਾਰ ਮੁੱਖ ਮੰਤਰੀ ਬਣੇ ਹਨ, ਪਰ ਉਨ੍ਹਾਂ ਕਦੀ ਵੀ ਇਸ ਧਾਰਾ ਵਿੱਚ ਸੋਧ ਕਰਵਉਣ ਲਈ ਨਾ ਹੀ ਕਦੀ ਮੂੰਹ ਖੋਲ੍ਹਿਆ ਹੈ ਅਤੇ ਨਾ ਹੀ ਸੋਧ ਕਰਵਾਉਣ ਲਈ ਕਾਨੂੰਨਨ ਤੌਰ ’ਤੇ ਕੋਈ ਕਾਰਵਾਈ ਹੀ ਕੀਤੀ ਹੈ। ਰਾਜਨੀਤਕ ਮਜ਼ਬੂਰੀਆਂ ਕਾਰਣ ਉਨ੍ਹਾਂ ਨੇ ਹੁਣ ਫਿਰ ਸਿੱਖ ਵੱਖਰੀ ਕੌਮ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ। ਬਿਆਨਬਾਜ਼ੀ ਤਾਂ ਸਿਰਫ ਉਹ ਲੋਕ ਕਰਦੇ ਹਨ ਜਿਨ੍ਹਾਂ ਕੋਲ ਕੋਈ ਸੰਵਿਧਾਨਾਕ ਸ਼ਕਤੀ ਨਹੀਂ ਹੁੰਦੀ, ਸੋ ਆਪ ਜੀ ਨੂੰ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਕੋਲ ਇਸ ਸਮੇਂ ਗੁਰੂ ਦੀ ਕ੍ਰਿਪਾ ਦੁਆਰਾ ਸੰਵਿਧਾਨਕ ਸ਼ਕਤੀਆਂ ਹਨ; ਨੂੰ ਹਦਾਇਤ ਕੀਤੀ ਜਾਵੇ ਕਿ ਸਿੱਖਾਂ ਦੀ ਇਸ ਮੰਗ ਨੂੰ ਸਿਰਫ ਸਿਆਸੀ ਸਤਰੰਜ ਵਜੋਂ ਨਾ ਉਠਾਇਆ ਜਾਵੇ ਸਗੋਂ ਸੋਧ ਕਰਵਾਉਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜ ਕੇ ਸੰਵਿਧਾਨਕ ਤੌਰ ’ਤੇ ਕਾਰਵਾਈ ਕਰਨ; ਕਿਉਂਕਿ ਇਸ ਸਮੇਂ ਜਿੱਥੇ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਹੈ ਉਥੇ ਕੇਂਦਰ ਵਿੱਚ ਵੀ ਅਕਾਲੀ ਦਲ ਦੀ ਭਾਈਵਾਲੀ ਵਾਲੀ ਐੱਨਡੀਏ ਸਰਕਾਰ ਹੈ ਜਿਸ ਸਦਕਾ ਜੇ ਉਹ ਚਾਹੁਣ ਤਾਂ ਸਿੱਖਾਂ ਲਈ ਇਹ ਅਹਿਮ ਪ੍ਰਾਪਤੀ ਕਰਵਾ ਸਕਦੇ ਹਨ।

ਤੀਜੀ ਮੰਗ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਵਾਉਣ ਅਤੇ ਕਾਨੂੰਨ ਮੁਤਾਬਿਕ ਮਿਲੀਆਂ ਸਜਾਵਾਂ ਭੁਗਤ ਚੁੱਕੇ ਬਹੁਤ ਸਾਰੇ ਸਿੱਖ ਕੈਦੀ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰਿਹਾਅ ਕਰਵਾਉਣ ਦੀ ਹੈ। ਭਾਈ ਗੁਰਬਖ਼ਸ਼ ਸਿੰਘ ਨੇ 2013 ਵਿੱਚ ਵੀ ੳਨ੍ਹਾਂ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਰਨ ਬਰਤ ਰੱਖਿਆ ਸੀ ਜਿਸ ਨੂੰ ਤੁਸੀ ਇਹ ਵਾਅਦਾ ਨਾਲ ਜੂਸ ਪਿਲਾ ਕੇ ਬਰਤ ਤੁੜਵਾਇਆ ਸੀ ਕਿ ਸ: ਬਾਦਲ ਨਾਲ ਨੇ ਪੱਕਾ ਭਰੋਸਾ ਦਿਵਾਇਆ ਹੈ ਕਿ ਕਾਨੂੰਨੀ ਪ੍ਰੀਕ੍ਰਿਆ ਪੂਰੀ ਕਰਨ ਉਪ੍ਰੰਤ ਛੇਤੀ ਹੀ ਕੈਦੀ ਰਿਹਾਅ ਕਰ ਦਿੱਤੇ ਜਾਣਗੇ। ਪਰ ਇੱਕ ਸਾਲ ਦਾ ਸਮਾਂ ਲੰਘ ਜਾਣ ਦੇ ਬਾਵਯੂਦ ਹਾਲੀ ਤੱਕ ਕੁਝ ਵੀ ਨਹੀਂ ਕੀਤਾ ਗਿਆ ਜਿਸ ਕਾਰਣ ਭਾਈ ਗੁਰਬਖ਼ਸ਼ ਸਿੰਘ ਜੀ ਹੁਣ ਫਿਰ ਪਿਛਲੇ 49 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ ਤੇ ੳਨ੍ਹਾਂ ਦੀ ਹਾਲਤ ਦਿਨੋ ਦਿਨ ਵਿਗੜ ਰਹੀ ਹੈ ਪਰ ਸਰਕਾਰ ਦੇ ਕਿਸੇ ਜਿੰਮੇਵਾਰ ਵਿਅਕਤੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਤੋਂ ਪਤਾ ਲਗਦਾ ਹੈ ਕਿ ਤੁਹਾਡੇ ਸਮੇਤ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਕਿਸੇ ਮੰਗ ਲਈ ਵੀ ਗੰਭੀਰ ਨਹੀਂ ਹੈ ਅਤੇ ਸਿਰਫ ਸਮਾਂ ਲੰਘਾਉਣ ਲਈ ਬਿਆਨਬਾਜ਼ੀ ਕਰਨ ਤੱਕ ਹੀ ਸੀਮਤ ਹਨ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਮੁੱਖ ਮੰਤਰੀ ਪੰਜਾਬ, ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਸਖਤ ਹਦਾਇਤ ਕੀਤੀ ਜਾਵੇ ਕਿ ਉਹ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਵਾਉਣ ਅਤੇ ਜੇਲ੍ਹਾਂ ਵਿੱਚ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਵਾਉਣ ਅਤੇ ਭਾਈ ਗੁਰਬਖ਼ਸ਼ ਸਿੰਘ ਦੀ ਜਾਨ ਬਚਾਉਣ ਲਈ ਪਾਰਦਰਸ਼ੀ ਢੰਗ ਨਾਲ ਸੁਹਿਰਦਤਾ ਨਾਲ ਕਾਰਵਾਈ ਕਰਨ।

ਅਖੀਰ ’ਤੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿਛਲੀਆਂ ਦੋਵੇਂ ਮੰਗਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਪੂਰੀਆਂ ਕਰਨੀਆਂ ਹਨ ਜਦੋਂ ਕਿ ਪਹਿਲੀ ਮੰਗ ਭਾਵ ਅਸਲੀ ਨਾਨਕਸ਼ਾਹੀ ਕੈਲੰਡਰ ਬਹਾਲ ਕਰਨਾ ਨਿਰੋਲ ਤੁਹਾਡੇ ਹੱਥ ਵਿੱਚ ਹੈ। ਸੋ ਜੇ ਕਰ ਤੁਸੀਂ ਆਪਣਾ ਕੰਮ ਆਪ ਨਹੀਂ ਕਰ ਸਕਦੇ ਤਾਂ ਕਿਸੇ ਦੂਸਰੇ ਤੋਂ ਕਰਵਾ ਲੈਣ ਦੀ ਕਦਾਚਿਤ ਉਮੀਦ ਨਹੀਂ ਕੀਤੀ ਜਾ ਸਕਦੀ। ਜੇ ਅਸੀਂ ਸਿੱਖਾਂ ਦਾ ਵੱਖਰਾ ਕੈਲੰਡਰ ਨਹੀਂ ਬਣਾ ਸਕਦੇ ਤਾਂ ਕੌਣ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦੇਣ ਲਈ ਤਿਆਰ ਹੋਵੇਗਾ? ਸੋ ਆਪ ਜੀ ਨੂੰ ਬੇਨਤੀ ਹੈ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਫੌਰੀ ਤੌਰ ’ਤੇ ਬਹਾਲ ਕੀਤਾ ਜਾਵੇ ਜੀ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ।

ਪੰਥ ਹਿਤੂ

1. ਪੰਥਪ੍ਰੀਤ ਸਿੰਘ ਖ਼ਾਲਸਾ, ਮੁਖੀ ਗੁਰਮਿਤ ਸੇਵਾ ਲਹਿਰ
2. ਕਿਰਪਾਲ ਸਿੰਘ ਬਠਿੰਡਾ, ਕਨਵੀਨਰ ਨਾਨਕਸ਼ਾਹੀ ਤਾਲਮੇਲ ਕਮੇਟੀ ਬਠਿੰਡਾ
3. ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਸਰਪ੍ਰਸਤ ਪੰਥਕ ਤਾਲਮੇਲ ਕਮੇਟੀ
4. ਭਾਈ ਬਖ਼ਸ਼ੀਸ਼ ਸਿੰਘ ਜੀ ਮੁਖੀ ਅਖੰਡ ਕੀਰਤਨੀ ਜਥਾ ਯੂ.ਕੇ.
5. ਹਰਜੀਤ ਸਿੰਘ ਸੰਪਾਦਕ ਸਿੱਖ ਫੁਲਵਾੜੀ
6. ਅਵਤਾਰ ਸਿੰਘ ਸੰਪਾਦਕ ਮਿਸ਼ਨਰੀ ਸੇਧਾਂ/ ਭਾਈ ਜਸਪਾਲ ਸਿੰਘ ਪੰਚਾਇਤ ਮੈਂਬਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ (ਰੋਪੜ)
7. ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਇੰਦਰਜੀਤ ਸਿੰਘ ਚੇਅਰਮੈਨ, ਪ੍ਰੋ: ਦਰਬਜੀਤ ਸਿੰਘ ਧੂੰਦਾ
8. ਭਾਈ ਹਰਜਿੰਦਰ ਸਿੰਘ ਮਾਝੀ ਪ੍ਰਚਾਰਕ ਬੁੰਗਾ ਮਸਤੂਆਣਾ (ਸੰਗਰੂਰ)
9. ਭਾਈ ਸਤਨਾਮ ਸਿੰਘ ਚੰਦੜ ਪ੍ਰਚਾਰਕ
10. ਭਾਈ ਬਲਜੀਤ ਸਿੰਘ ਬੁਰਜ ਨਕਲੀਆਂ
11. ਭਾਈ ਕੁਲਦੀਪ ਲਾਈਵ ਸਿੱਖ ਵਰਲਡ
12. ਸ਼੍ਰੋਮਣੀ ਅਕਾਲੀ ਦਲ (ਅ) ਭਾਈ ਧਿਆਨ ਸਿੰਘ ਮੰਡ ਉਪ ਪ੍ਰਧਾਨ, ਜਸਕਰਨ ਸਿੰਘ ਜਨਰਲ ਸਕੱਤਰ, ਇਕਬਾਲ ਸਿੰਘ ਟਿਵਾਣਾ ਪਾਰਟੀ ਬੁਲਾਰਾ
13. ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਬਾਬਾ ਹਰਦੀਪ ਸਿੰਘ ਗੁਰੂ ਸਰ ਮਹਿਰਾਜ, ਭਾਈ ਬਲਦੇਵ ਸਿੰਘ ਸਿਰਸਾ ਦੋਵੇਂ ਉਪ ਪ੍ਰਧਾਨ
14. ਦਲ ਖ਼ਾਲਸਾ
15. ਅਕਾਲ ਪੁਰਖ ਕੀ ਫੌਜ
16. ਅਕਾਲ ਸਹਾਇ ਸੰਸਥਾ
17. ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ (ਪੀਰ ਮੁਹੰਮਦ)
18. ਏਕ ਨੂਰ ਖ਼ਾਲਸਾ ਫੌਜ ਪੰਜਾਬ, ਬਲਜਿੰਦਰ ਸਿੰਘ, ਬਲਜੀਤ ਸਿੰਘ
19. ਏਕ ਨੂਰ ਖ਼ਾਲਸਾ ਫੌਜ ਰਾਜਸਥਾਨ
20. ਮੀਰੀ ਪੀਰੀ ਸੇਵਾ ਦਲ ਰਾਜਸਥਾਨ
21. ਅਕਾਲ ਬੁੰਗਾ ਮਸਤੂਆਣਾ (ਦਮਦਮਾ ਸਾਹਿਬ) ਬਾਬਾ ਅਨੂਪ ਸਿੰਘ
22. ਕੇਸ ਸੰਭਾਲ ਸੰਸਥਾ,
23. ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ,
24. ਸਰਬ ਸੰਸਾਰ ਸਿੱਖ ਸੰਗਠਨ,
25. ਇੰਸੀਚੀਊਟ ਆਫ ਸਿੱਖ ਸਟੱਡੀ,
26. ਸ਼ੁਭਕਰਮਨ ਸੇਵਾ ਸੁਸਾਇਟੀ,
27. ਭਾਈ ਘੱਨਈਆ ਸੇਵਾ ਸੁਸਾਇਟੀ,
28. ਗੁਰਮਤਿ ਪ੍ਰਚਾਰ ਟ੍ਰਸਟ,
29. ਸਿੱਖ ਵਿਰਸਾ ਫਾਉਡੇਸ਼ਨ,
30. ਗੁਰਸਿੱਖ ਫੈਮਲੀ ਕਲੱਬ,
31. ਭਾਈ ਘੱਨਈਆ ਸੇਵਾ ਮਿਸ਼ਨ,
32. ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ,
33. ਗੁਰਮਤਿ ਪ੍ਰਚਾਰ ਸਭਾ,
34. ਲੰਗਰ ਚਲੇ ਗੁਰਸ਼ਬਦ ਸੰਸਥਾ,
35. ਅਖੰਡ ਕੀਰਤਨੀ ਜੱਥਾ, ਭਾਈ ਬਲਦੇਵ ਸਿੰਘ
36. ਭਾਈ ਘੱਨਈਆ ਸੇਵਾ ਦਲ ਰਾਮਪੁਰਾ ਫੂਲ,
37. ਭਾਈ ਘੱਨਈਆ ਸੇਵਾ ਮਿਸ਼ਨ ਮੰਡੀ ਕਲਾਂ
38. ਦਮਦਮੀ ਟਕਸਾਲ ਅਜਨਾਲਾ ਭਾਈ ਅਮਰੀਕ ਸਿੰਘ
39. ਟਿਕਾਣਾ ਭਾਈ ਜਗਤਾ ਜੀ ਗਨਿਆਣਾ ਭਾਈ ਭਰਪੂਰ ਸਿੰਘ ਮੈਨੇਜਰ
40. ਗੁਰੂ ਗ੍ਰੰਥ ਸਾਹਿਬ ਸਤਿਕਾਰ ਸੰਸਥਾ ਹਰਿਆਣਾ ਭਾਈ ਸੁਖਵਿੰਦਰ ਸਿੰਘ
41. ਡਾ: ਸੁਖਪ੍ਰੀਤ ਸਿੰਘ ਉਦੋਕੇ ਸਿੱਖ ਵਿਦਵਾਨ
42. ਏਕਸ ਕੇ ਬਾਰਕ ਜਥੇਬੰਦੀ ਭਾਈ ਮਹਿੰਦਰ ਸਿੰਘ ਪ੍ਰਧਾਨ ਬਠਿੰਡਾ ਇਕਾਈ
43. ਗੁਰਦੁਆਰਾ ਪ੍ਰਮੇਸ਼ਰ ਦੁਆਰ
44. ਗੁਰਮਤਿ ਪ੍ਰਚਾਰ ਸਭਾ ਅਮਰੀਕਾ
45. ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪ੍ਰੋ: ਗੁਰਪ੍ਰੀਤ ਸਿੰਘ
46. ਭਾਈ ਮੱਖਣ ਸਿੰਘ ਸਾਬਕਾ ਮੈਂਬਰ ਜਿਲ੍ਹਾ ਜੰਮੂ ਗੁਰਦੁਆਰਾ ਪ੍ਰਬੰਧਕ ਕਮੇਟੀ
47. ਸ਼੍ਰੋਮਣੀ ਅਕਾਲੀ ਦਲ (ਅ) ਕੌਮੀ ੳਪ ਪ੍ਰਧਾਨ ਜਸਪਾਲ ਸਿੰਘ ਜੰਮੂ, ਬਲਦੇਵ ਸਿੰਘ ਜੰਮੂ ਕੌਮੀ ਜਨਰਲ ਸਕੱਤਰ
48. ਭਾਈ ਜਸਵੀਰ ਸਿੰਘ ਖ਼ਾਲਸਾ ਸੁਕ੍ਰਿਤ ਟਰੱਸਟ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top