Share on Facebook

Main News Page

ਨਾਨਕਸ਼ਾਹੀ ਕੈਲੰਡਰ ਸਮੇਤ ਸਿੱਖਾਂ ਮੰਗਾਂ ਦੀ ਪੂਰਤੀ ਲਈ ਪੰਥਕ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਯਾਦ ਪੱਤਰ
ਜਿਨ੍ਹਾਂ ਨੇ ਗੁਰਪੁਰਬ ਤਾਂ ਮਨਾਉਣੇ ਹੀ ਨਹੀਂ ਤਾਂ ਉਨ੍ਹਾਂ ਦੀ ਗੱਲ ਸੁਣ ਕੇ, ਪੰਥ ਦਾ ਕੈਲੰਡਰ ਕਿਉਂ ਵਿਗਾੜਿਆ ਜਾ ਰਿਹਾ ਹੈ ?
-: ਭਾਈ ਪੰਥਪ੍ਰੀਤ ਸਿੰਘ

ਅੰਮ੍ਰਿਤਸਰ; 1 ਜਨਵਰੀ (ਕਿਰਪਾਲ ਸਿੰਘ):

1. ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਵਾਉਣ,

2. ਸਿੱਖਾਂ ਨੂੰ ਵੱਖਰੀ ਤੇ ਅਜਾਦ ਕੌਮ ਦਾ ਦਰਜਾ ਦਿਵਾਉਣ ਲਈ ਸੰਵਿਧਾਨ ਦੀ ਧਾਰਾ ੨੫ ਵਿੱਚ ਸੋਧ ਕਰਵਾੳਣ,

3. ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਦੀ ਕਾਲੀਆਂ ਸੂਚੀਆ ਖਤਮ ਕਰਵਾਉਣ ਅਤੇ

4. ਸਜਾਵਾਂ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕਰਾਉਣ ਲਈ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀਆਂ ਮੰਗਾ ਪੂਰੀਆਂ ਕਰਨ ਲਈ, ਪੰਥ ਦੀਆਂ ਸਮੂਹ ਜਾਗਰੂਕ ਜਥੇਬੰਦੀਆਂ ਦਾ ਭਾਰੀ ਇਕੱਠ ਹੋਇਆ ਜਿਸ ਵਿੱਚ ਪੰਥ ਦੀ 4 ਦਰਜਨ ਤੋਂ ਵੱਧ ਜਥੇਬੰਦੀਆਂ ਦੇ ਮੁਖੀਆਂ/ ਨੁੰਮਾਇੰਦਿਆਂ ਤੇ ਸਿੱਖ ਸਖ਼ਸ਼ੀਅਤਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅੱਜ ਦੁਪਹਿਰ ਤਕਰੀਬਨ 1.30 ਵਜੇ ਸਾਂਝੇ ਤੌਰ ’ਤੇ ਯਾਦ ਪੱਤਰ ਸੌਂਪਿਆ।

ਇਸ ਤੋਂ ਇਲਾਵਾ ਬਹੁਤ ਸਾਰੇ ਸ਼ਹਿਰਾਂ, ਕਸਬੇ ਅਤੇ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਚਾਇਤਾਂ ਨੇ ਵੱਖਰੇ ਤੌਰ ’ਤੇ ਮਤੇ ਸੌਂਪੇ ਗਏ। ਅੱਜ ਦੇ ਬਹੁਤ ਹੀ ਪ੍ਰਭਾਵਸ਼ਾਲੀ ਇਕੱਠ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਪਹਿਲੀ ਵਾਰ ਵੱਖ ਵੱਖ ਵੀਚਾਰਧਾਰਾ ਰੱਖਣ ਵਾਲੀਆਂ ਧਿਰਾਂ ਜਿਵੇਂ ਕਿ ਅਜਾਦ ਤੌਰ ’ਤੇ ਵਿਚਰਨ ਵਾਲੇ ਗੁਰਮਤਿ ਦੇ ਨਧੜਕ ਅਤੇ ਕੌਮੀ ਦਰਦ ਰੱਖਣ ਵਾਲੇ ਪ੍ਰਚਾਰਕ, ਭਾਈ ਪੰਥਪ੍ਰੀਤ ਸਿੰਘ ਖਾਲਸਾ, ਹਰਜਿੰਦਰ ਸਿੰਘ ਮਾਝੀ, ਭਾਈ ਸਤਨਾਮ ਸਿੰਘ ਚੰਦੜ, ਭਾਈ ਬਲਜੀਤ ਸਿੰਘ ਚੰਦੜ, ਭਾਈ ਗੁਰਨੇਕ ਸਿੰਘ, ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਅਖੰਡ ਕੀਰਤਨੀ ਜਥਾ ਯੂਕੇ ਦੇ ਮੁਖੀ ਭਾਈ ਬਖ਼ਸ਼ੀਸ਼ ਸਿੰਘ, ਦਮਦਮੀ ਟਕਸਾਲ (ਅਜਨਾਲਾ) ਦੇ ਮੁਖੀ ਭਾਈ ਅਮਰੀਕ ਸਿੰਘ, ਸਿੱਖ ਫੁਲਵਾੜੀ ਦੇ ਸੰਪਾਦਕ ਭਾਈ ਹਰਜੀਤ ਸਿੰਘ, ਗੁਰਮਿਤ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ, ਪ੍ਰੋ: ਸਰਬਜੀਤ ਸਿੰਘ ਧੂੰਦਾ, ਪ੍ਰੋ: ਸੁਖਵਿੰਦਰ ਸਿੰਘ ਦਦੇਹਰ, ਪ੍ਰੋ: ਗੁਰਜੰਟ ਸਿੰਘ ਰੂਪੋਵਾਲੀ, ਸਾਹਿਬਜ਼ਾਦਾ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ (ਰੋਪੜ) ਦੇ ਪੰਚਾਇਤ ਮੈਂਬਰ ਭਾਈ ਜਸਪਾਲ ਸਿੰਘ, ਪੰਥਕ ਵਦਵਾਨ ਡਾ: ਸੁਖਪ੍ਰੀਤ ਸਿੰਘ ਉਦੋਕੇ, ਨਾਨਕਸ਼ਾਹੀ ਕੈਲੰਡਰ ਤਾਲਮੇਲ ਕਮੇਟੀ ਬਠਿੰਡਾ ਦੇ ਕਨਵੀਨਰ ਭਾਈ ਕਿਰਪਾਲ ਸਿੰਘ ਸਮੇਤ 4 ਦਰਜਨ ਸੰਸਥਾਵਾਂ ਜਿਨ੍ਹਾਂ ਵਿੱਚ ਅਕਾਲ ਬੁੰਗਾ ਮਸਤੂਆਣਾ, ਟਿਕਾਣਾ ਭਾਈ ਜਗਤਾ ਜੀ, ਗੁਰਦੁਆਰਾ ਪ੍ਰਮੇਸ਼ਰ ਦੁਆਰ ਢੱਢਰੀਆਂ, ਰਾਜਨੀਤਕ ਜਥੇਬੰਦੀਆਂ ’ਚੋਂ ਸ਼੍ਰੋਮਣੀ ਅਕਾਲੀ ਦਲ (ਅ), ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਸਿੰਘ ਸਭਾਵਾਂ, ਏਕਨੂਰ ਖਾਲਸਾ ਫੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਏਕਸ ਕੇ ਜਥੇਬੰਦੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹਰਿਆਣਾ, ਆਦਿਕ ਜਥੇਬੰਦੀਆ ਦੇ ਆਗੂ/ ਨੁੰਮਾਇੰਦੇ ਭਾਰੀ ਗਿਣਤੀ ਚ ਗੁਰਸਿੱਖ ਵੀਰਾਂ ਸਮੇਤ ਪਹੁੰਚੇ। ਇਹ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਵੱਖ ਵੱਖ ਵੀਚਾਰਧਾਰਾ ਰੱਖਣ ਵਾਲੀਆਂ ਜਥੇਬੰਦੀਆਂ ਦੇ ਆਗੂ ਤੇ ਵਰਕਰਾਂ ਦਾ ਬਹੁਤ ਹੀ ਵੱਡੀ ਗਿਣਤੀ ਵਿੱਚ ਇਕੱਠ ਹੋਣ ਦੇ ਬਾਵਯੂਦ ਵਾਤਾਵਰਣ ਪੂਰੀ ਤਰ੍ਹਾਂ ਸ਼ਾਂਤੀ ਪੂਰਬਕ ਰਿਹਾ। ਪ੍ਰਬੰਧਕਾਂ ਵੱਲੋਂ ਕਿਸੇ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕਰਨ ਜਾਂ ਨਾਹਰੇ ਲਾਏ ਜਾਣ ਤੋਂ ਰੋਕਣ ਪਰ ਤਾਂ ਸੰਗਤਾਂ ਨੇ ਪੂਰਾ ਪਹਿਰਾ ਦਿਤਾ ਪਰ ਆਪਣੀਆਂ ਭਾਵਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਦਸਤਾਰਾਂ ੳਪਰ ਪੱਟੀਆਂ ਬੰਨ੍ਹੀਆਂ ਅਤੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾ ਉਪਰ ਲਿਖਿਆ ਹੋਇਆ ਸੀ “੨੦੦੩ ਵਾਲਾ ਨਾਨਕਸ਼ਾਹੀ ਕੈਲੰਡਰ ਬਹਾਲ ਕਰੋ”।

ਪਹਿਲਾਂ ਸਮੂਹ ਵਿਦਵਾਨਾਂ ਨੇ ਵਿਚਾਰ ਪੇਸ਼ ਕੀਤੇ ੳਪਰੰਤ ਜਥੇਦਾਰ ਸ੍ਰੀ ਅਕਾਲ ਤਖਤ ਸਹਿਬ ਨੂੰ ਮੰਗ ਪੱਤਰ ਸੌਪਿਆ। ਇਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਗਲਬਾਤ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਡੇਰੇਦਾਰਾਂ ਦੀ ਸਾਰੀ ਆਰਥਿਕਤਾ ਮੱਸਿਆ, ਪੂਰਨਮਸ਼ੀਆਂ, ਦਸਵੀਂਆਂ ਅਤੇ ਸੰਗ੍ਰਾਂਦਾਂ ਮਨਾਉਣ ’ਤੇ ਨਿਰਭਰ ਕਰਦੀ ਹੈ ਇਸੇ ਲਈ ਉਹ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾ ਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਵਾਉਣ’ਤੇ ਤੁਲੇ ਹੋਏ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜੇ ਉਨ੍ਹਾਂ ਨੇ ਸਿਰਫ ਮੱਸਿਆ, ਪੂਰਨਮਸ਼ੀਆਂ, ਦਸਵੀਂਆਂ ਅਤੇ ਸੰਗ੍ਰਾਂਦਾਂ ਹੀ ਮਨਾਉਣਆਂ ਹਨ ਤਾਂ ਬਿਕ੍ਰਮੀ ਕੈਲੰਡਰ ਅਨੁਸਾਰ ਮਨਾ ਸਕਦੇ ਹਨ ਸਾਨੂੰ ਇਸ ਵਿੱਚ ਕੋਈ ਇਤਰਾਜ ਨਹੀਂ ਪਰ ਜਿਨ੍ਹਾਂ ਨੇ ਗੁਰਪੁਰਬ ਤਾਂ ਮਨਾਉਣੇ ਹੀ ਨਹੀਂ ਤਾਂ ਉਨ੍ਹਾਂ ਦੀ ਗੱਲ ਸੁਣ ਕੇ, ਪੰਥ ਦਾ ਕੈਲੰਡਰ ਕਿਉਂ ਵਿਗਾੜਿਆ ਜਾ ਰਿਹਾ ਹੈ?

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਬਿਕ੍ਰਮੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਸਾਲ 2014 ਵਿੱਚ 7 ਜਨਵਰੀ ਅਤੇ 28 ਦਸੰਬਰ ਨੂੰ ਦੋ ਵਾਰ ਆ ਗਿਆ ਪਰ 2015 ਵਿੱਚ ਆੳਣਾ ਹੀ ਨਹੀਂ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਠੀਕ ਹੈ ਈਸਵੀ ਸੰਨ 2015 ਵਿੱਚ ਤਾਂ ਗੁਰਪੁਰਬ ਨਹੀਂ ਆਉਣਾ ਪਰ ਬਿਕ੍ਰਮੀ ਕੈਲੰਡਰ ਦੇ ਤਾਂ ਹਰ ਸਾਲ ਆਉਂਦਾ ਹੀ ਹੈ। ਇਸ ਦੇ ਜਵਾਬ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸਾਰੀ ਦੁਨੀਆਂ ਵਿੱਚ ਸਾਲ 365 ਦਿਨਾਂ ਦਾ ਹੁੰਦਾ ਹੈ ਇਸ ਲਈ ਗੁਰਪੁਰਬ 365 ਦਿਨਾਂ ਬਾਅਦ ਹੀ ਆਉਣਾ ਚਾਹੀਦਾ ਹੈ, ਪਰ ਬਿਕ੍ਰਮੀ ਕੈਲੰਡਰ ਅਨੁਸਾਰ ਬਿਕ੍ਰਮੀ ਸੰਮਤ 2070 ਵਿੱਚ 355 ਦਿਨਾਂ ਬਾਅਦ ਗੁਰਪੁਰਬ ਆ ਗਿਆ ਜਦੋਂ ਕਿ ਸੰਮਤ 2071 ਵਿੱਚ 373 ਦਿਨਾਂ ਬਾਅਦ ਆਵੇਗਾ। ਦੱਸੋ 373 ਦਿਨਾਂ ਦਾ ਕਿਹੜਾ ਸਾਲ ਹੁੰਦਾ ਹੈ?

ਦੂਸਰੀ ਗੱਲ ਹੈ ਕਿ ਬਿਕ੍ਰਮੀ ਕੈਲੰਡਰ ਵਿੱਚ ਹਰ ਦੂਜੇ ਜਾਂ ਤੀਜੇ ਸਾਲ ਵਿੱਚ 13 ਮਹੀਨੇ ਆ ਜਾਂਦੇ ਹਨ। ਇਸ ਵਾਧੂ ਮਹੀਨੇ ਨੂੰ ਮਲਮਾਸ ਕਹਿੰਦੇ ਹਨ ਜਿਸ ਨੂੰ ਮਾੜਾ ਜਾਣ ਕੇ ਇਸ ਮਹੀਨੇ ਵਿੱਚ ਕੋਈ ਗੁਰਪੁਰਬ ਨਹੀਂ ਮਨਾਇਆ ਜਾਂਦਾ; ਜਦੋਂ ਕਿ ਗੁਰਬਾਣੀ ਵਿੱਚ ਤਾਂ ਕੋਈ ਮਹੀਨਾ, ਤਿਥ, ਦਿਨ ਮਾੜੇ ਹੁੰਦੇ ਹੀ ਨਹੀਂ “ਬੇ ਦਸ ਮਾਹ, ਰੁਤੀ; ਥਿਤੀ ਵਾਰ ਭਲੇ ॥” ਫਿਰ ਸਾਡਾ ਚੰਗੇ ਮਾੜੇ ਦਿਨ, ਤਿਥਾਂ, ਮਹੀਨੇ ਦੱਸਣ ਵਾਲੇ ਬਿਕ੍ਰਮੀ ਕੈਲੰਡਰ ਨਾਲ ਕੀ ਸਬੰਧ ਹੈ? ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ 7, 23 ਪੋਹ ਨੂੰ ਹੋਇਆ ਸੀ। ਹੁਣ ਜੇ ਅਸੀਂ ਚੰਗੇ ਮਾੜੇ ਦਿਨਾਂ ਦੀ ਵੀਚਾਰ ਛੱਡ ਕੇ ਪੋਹ ਸੁਦੀ 7 ਦੀ ਬਜਾਏ 23 ਪੋਹ ਨੂੰ ਮਨਾ ਲਿਆ ਕਰੀਏ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 5 ਜਨਵਰੀ ਨੂੰ ਆਇਆ ਕਰੇਗਾ ਤਾਂ ਸਾਡਾ ਇਸ ਵਿੱਚ ਕੀ ਨੁਕਸਾਨ ਹੋ ਜਾਵੇਗਾ? ਫਿਰ ਕਿਉਂ ਨਹੀਂ ਵਾਧੇ ਘਾਟੇ ਅਤੇ ਚੰਗੇ ਮਾੜੇ ਦਨਾਂ ਦੀ ਬੀਚਾਰ ਦੱਸਣ ਵਾਲੇ ਬਿਕ੍ਰਮੀ ਕੈਲੰਡਰ ਦੀ ਬਜਾਏ ਨਾਨਕਸ਼ਾਹੀ ਕੈਲੰਡਰ ਨੂੰ ਅਪਣਾ ਲਈਏ? ਗਿਆਨੀ ਗੁਰਬਚਨ ਸਿੰਘ ਇਹ ਸਾਰੀ ਵੀਚਾਰ ਬੜੇ ਧਿਆਨ ਨਾਲ ਸੁਣਦੇ ਰਹੇ, ਪਰ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਪੂਰੀ ਤਰ੍ਹਾਂ ਖਾਮੋਸ਼ ਰਹੇ ਅਤੇ ਸਿਰਫ ਇਨਾਂ ਹੀ ਕਿਹਾ ਤੁਹਾਡੇ ਵੱਲੋਂ ਪੇਸ਼ ਕੀਤੇ ਵੀਚਾਰਾਂ ਅਤੇ ਯਾਦ ਪੱਤਰ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਤੇ ਪੰਥਕ ਭਾਵਨਾਵਾਂ ਅਨੁਸਾਰ ਫੈਸਲਾ ਕੀਤਾ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top