Share on Facebook

Main News Page

ਭਾਰਤੀ ਨਿਜ਼ਾਮ ਗੋਲੀਆਂ ਨਾਲ ਤਾਂ ਹਜ਼ਾਰਾਂ ਸਿੱਖ ਮਾਰ ਸਕਦਾ ਹੈ, ਪਰ ਹੱਕਾਂ ਲਈ ਸ਼ਾਂਤਮਈ ਕਿਸੇ ਨੂੰ ਨਹੀਂ ਮਰਨ ਦਿੰਦਾ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਆਮ ਕਹਾਵਤ ਹੈ ਕਿ "ਡਾਹਢਾ ਮਾਰੇ ਰੋਣ ਵੀ ਨਾ ਦੇਵੇ" ਲੱਗਦਾ ਇਹ ਹੈ ਕਿ ਜਿਵੇ ਕਿਸੇ ਨੇ ਸਿੱਖਾਂ ਜਾਂ ਅਕਾਲੀਆਂ ਦੀ ਹਾਲਤ ਵੇਖ ਕੇ ਹੀ ਇਹ ਕਿਹਾ ਹੋਵੇ, ਕਿਉਂਕਿ ਸਿੱਖਾਂ ਦੀ ਹਾਲਤ ਆਰੰਭ ਕਾਲ ਤੋਂ ਹੀ ਅਜਿਹੀ ਹੈ ਕਿ ਸਿੱਖਾਂ ਉੱਤੇ ਕਿਸੇ ਜਰਵਾਣੇ ਨੇ ਕਦੇ ਘੱਟ ਨਹੀਂ ਗੁਜ਼ਾਰੀ, ਜ਼ੁਲਮ ਵੀ ਰੱਜ ਕੇ ਕੀਤਾ ਅਤੇ ਫਿਰ ਆਪਣੀ ਦਰਦ-ਏ-ਦਾਸਤਾਨ ਕਹਿਣ ਦਾ ਹੱਕ ਵੀ ਖੋਹ ਲਿਆ। ਪੁਰਾਤਨ ਸਮੇਂ ਵਿੱਚ ਤਾਂ ਇੱਕ ਪੁਰਖੀ ਰਾਜ ਜਾਂ ਅਨਪੜਤਾ ਕਰਕੇ ਮਨੁੱਖ ਦੀ ਪਸ਼ੂ ਬਿਰਤੀ ਸਿਰ ਜਿੰਮੇਵਾਰੀ ਦਾ ਭਾਂਡਾ ਭੰਨਕੇ ਸਰ ਜਾਂਦਾ ਹੈ, ਲੇਕਿਨ ਅੱਜ ਜਦੋ ਸੰਸਾਰ ਇੱਕ ਪਿੰਡ ਬਣ ਚੁੱਕਿਆ ਹੈ, ਮਨੁਖ ਦੀ ਜਗਿਆਸਾ ਨੇ ਆਕਾਸ਼ ਪਤਾਲ ਸਭ ਛਾਣ ਮਾਰਿਆ ਹੈ ਅਤੇ ਇੱਕ ਦੂਜੇ ਨਾਲ ਸਹਿਯੋਗ ਕਰਕੇ ਕੁਦਰਤੀ ਰਹੱਸਾਂ ਨੂੰ ਖੋਜਣਾਂ ਆਰੰਭ ਕੀਤਾ ਹੈ। ਮੌਲਿਕ ਅਤੇ ਮੁਢਲੇ ਜਾਂ ਮਨੁੱਖੀ ਅਧਿਕਾਰਾਂ ਦੀ ਕੀਮਤ ਨੂੰ ਅਨਭਵ ਕਰਦਿਆਂ ਮਨੁੱਖ ਦੀ ਹਰ ਪੱਖੋਂ ਆਜ਼ਾਦੀ ਨੂੰ ਅਮਲ ਵਿੱਚ ਲਿਆਉਣ ਵਾਸਤੇ ਲੋਕਤੰਤਰ ਨੂੰ ਹੋਂਦ ਵਿੱਚ ਲਿਆਂਦਾ ਹੈ। ਜਿਥੇ ਲੋਕ ਆਪਣੀ ਮਰਜ਼ੀ ਦੇ ਆਪਣੇ ਹਾਕਮ ਭਾਵ ਸੇਵਾਦਾਰ ਚੁਣ ਸਕਦੇ ਹਨ।

ਭਾਰਤ ਵੀ ਦੁਨੀਆਂ ਦੇ ਇੱਕ ਵੱਡੇ ਲੋਕਤੰਤਰ ਵਜੋਂ ਜਾਣਿਆਂ ਜਾਂਦਾ ਹੈ। ਕਾਗਜਾਂ ਪੱਤਰਾਂ ਵਿੱਚ ਇਹ ਬਹੁਕੌਮੀ ਬਹੁਧਰਮੀ ਦੇਸ਼ ਹੈ। ਜਿਥੇ ਸਭ ਲੋਕਾਂ ਨੂੰ ਬਰਾਬਰ ਦੇ ਹੱਕ ਦਿੱਤੇ ਜਾਣ ਦਾ ਗੱਪ ਭਗਵੇ ਮੀਡੀਆ ਰਾਹੀਂ ਪ੍ਰਚਾਰਿਆ ਜਾਂਦਾ ਹੈ, ਪਰ ਅਸਲੀਅਤ ਇਹ ਹੈ ਕਿ ਸਿੱਖਾਂ ਨੇ ਜੇ ਕਦੇ ਹੱਕ ਮੰਗੇ ਤਾਂ ਬਦਲੇ ਵਿਚ ਅਨਮਨੁੱਖੀ ਵਰਤਾਵਾ ਹੀ ਪੱਲੇ ਪਿਆ। ਜੇ ਕਦੇ ਸਿੱਖਾਂ ਨੇ ਸਿਰਫ ਆਪਣੇ ਲਈ ਨਹੀਂ, ਸਗੋਂ ਅਮਰੀਕਾ ਵਰਗੇ ਵਿਕਸਤ ਦੇਸ਼ ਦੀ ਤਰਜ਼ ਉੱਤੇ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਵਾਸਤੇ ਸੰਘਰਸ਼ ਕੀਤਾ ਤਾਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਕੇ ਸਿੱਖਾਂ ਨੂੰ ਨੇਸਤੋ ਨਬੂਦ ਕਰਨ ਦਾ ਯਤਨ ਕੀਤਾ ਗਿਆ। ਲੋਕਤੰਤਰ ਵਿੱਚ ਕਿਸੇ ਦੇਸ਼ ਦੀ ਵੋਟਾਂ ਨਾਲ ਚੁਣੀ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੇ ਉਹਨਾਂ ਲੋਕਾਂ ਉੱਤੇ, ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਅਠਾਨਵੇ ਫੀ ਸਦੀ ਸ਼ਹਾਦਤਾਂ ਦਿੱਤੀਆਂ ਹੋਣ, ਕਿਸੇ ਦੁਸ਼ਮਨ ਦੇਸ਼ ਵਾਂਗੂੰ ਫੌਜੀ ਹਮਲਾ ਕਰਨ ਤੋਂ ਬਾਅਦ ਸਿੱਖਾਂ ਨੂੰ ਅੱਤਵਾਦੀ ਆਖ ਕੇ ਫਿਰ ਡੇਢ ਦਹਾਕਾ ਇਸ ਕਰਕੇ ਮਾਰਿਆ ਕਿ ਸੰਸਾਰ ਭਰ ਵਿੱਚ ਇਹ ਸਾਬਿਤ ਕੀਤਾ ਜਾ ਸਕੇ ਕਿ ਸਿੱਖ ਬੜੇ ਲੜਾਕੂ ਅਤੇ ਖੂੰਖਾਰ ਹਨ। ਇਹਨਾਂ ਉੱਤੇ ਫੌਜੀ ਹਮਲਾ ਕਰਨ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ।

ਸਿੱਖਾਂ ਵਰਗੀ ਕੋਈ ਅਮਨ ਦੀ ਪੁਜਾਰੀ ਅਤੇ ਬਰਾਬਰ ਦੇ ਹੱਕਾਂ ਦੀ ਸਿਰਫ ਵਕਾਲਤ ਹੀ ਨਹੀਂ, ਸਗੋਂ ਅਮਲ ਕਰਨ ਵਾਲੀ, ਕੋਈ ਹੋਰ ਕੌਮ ਨਹੀਂ, ਜਿਹੜੀ ਸਰਬੱਤ ਦੇ ਭਲੇ ਨੂੰ ਆਪਣਾ ਆਦਰਸ਼ ਮੰਨਦੀ ਹੋਵੇ। ਇਹ ਅੱਜ ਤੱਕ ਕਿਸੇ ਨੇ ਲੇਖਾ ਜੋਖਾ ਨਹੀਂ ਕੀਤਾ ਕਿ ਸਿੱਖ ਸੰਘਰਸ਼ ਕਰਦੇ ਕਿਉਂ ਹਨ ਜਾਂ ਸਿੱਖਾਂ ਨੂੰ ਸੰਘਰਸ਼ ਦੇ ਰਾਹ ਕੌਣ ਤੋਰਦਾ ਹੈ। ਜੇ ਭਾਰਤ ਵਿੱਚ ਬੋਲੀ ਦੇ ਅਧਾਰ ਤੇ ਬਣੇ ਹੋਰ ਸੂਬਿਆਂ ਵਾਂਗੂੰ ਪੰਜਾਬੀ ਸੂਬਾ ਵੀ ਸਮੇਂ ਸਿਰ ਬਣ ਜਾਂਦਾ ਤਾਂ ਪੰਜਾਬੀ ਸੂਬੇ ਦਾ ਮੋਰਚਾ ਲਾਉਣ ਦੀ ਕਿਹੜੀ ਲੋੜ ਪਈ ਸੀ ਜਾਂ ਸ. ਦਰਸ਼ਨ ਸਿੰਘ ਫੇਰੂਮਾਨ ਨੂੰ 74 ਦਿਨ ਭੂੱਖੇ ਰਹਿਕੇ ਸ਼ਹਾਦਤ ਦੇਣ ਦੀ ਵੀ ਕੋਈ ਮਜਬੂਰੀ ਨਹੀਂ ਸੀ? ਜਦੋਂ ਕਿਸੇ ਕੌਮ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਵੇ ਅਤੇ ਉਸਨੂੰ ਬੁਨਿਆਦੀ ਹੱਕਾਂ ਤੋਂ ਵਾਂਝੇ ਰੱਖਿਆ ਜਾਵੇ, ਫਿਰ ਅਜਿਹੀ ਪੀੜਤ ਕੌਮ ਸੰਘਰਸ਼ ਨਾ ਕਰੇ ਤਾਂ ਹੋਰ ਕੀਹ ਕਰੇ।

ਜੇ ਹੱਕਾਂ ਦਾ ਹਨਨ ਨਾ ਹੋਵੇ ਤਾਂ ਫਿਰ ਭਿੰਡਰਾਂਵਾਲਾ ਕਦੇ ਵੀ ਪੈਦਾ ਨਾ ਹੋਵੇ, ਸ਼ਹੀਦ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ, ਜਿਸ ਇੰਦਰਾ ਗਾਂਧੀ ਨਾਲ ਹਰ ਵੇਲੇ ਪ੍ਰਛਾਵੇ ਦੀ ਤਰ੍ਹਾਂ ਰਹਿੰਦੇ ਸਨ ਅਤੇ ਕਿਸੇ ਵੀ ਖਤਰੇ ਅੱਗੇ ਹਿੱਕ ਡਾਹੁਣ ਨੂੰ ਤਿਆਰ ਰਹਿੰਦੇ ਸਨ, ਪਰ ਜਦੋਂ ਉਹਨਾਂ ਦੇ ਇਸ਼ਟ ਉੱਤੇ ਹੀ ਹਮਲਾ ਕਰ ਦਿੱਤਾਂ ਤਾਂ ਜਜਬਾਤਾਂ ਦਾ ਵਹਾਓ ਸਭ ਕੁੱਝ ਰੋੜਕੇ ਲੈ ਗਿਆ।

ਸਿੱਖਾਂ ਨੇ ਕਦੇ ਜੇਲ ਮੰਗੀ ਨਹੀਂ ਸਭ ਕੁੱਝ ਹਕੂਮਤ ਵੱਲੋਂ ਪੈਦਾ ਕੀਤੇ ਹਲਾਤਾਂ ਦਾ ਸਦਕਾ ਹੈ। ਸਿੱਖ ਇੱਕ ਰੋਸ ਕਰਨ ਵਾਸਤੇ ਘਰੋਂ ਨਿਕਲਦੇ ਹਨ, ਬਜਾਇ ਉਹਨਾਂ ਦਾ ਦਰਦ ਸਮਝਣ ਜਾਂ ਉਹਨਾਂ ਦੇ ਜਖਮਾਂ ਉੱਤੇ ਮਲਮ ਲਾਉਣ ਦੇ, ਸਗੋਂ ਮਿਰਚਾਂ ਪਾ ਪਾ ਕੇ ਹੱਸਿਆ ਜਾਂਦਾ ਹੈ। ਫਿਰ ਸਿੱਖ ਵੀ ਕੀਹ ਕਰਨ, ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ। ਸਿੱਖਾਂ ਨੇ ਇਸ ਦੇਸ਼ ਦੀ ਆਜ਼ਾਦੀ ਲਿਆਉਣ ਲਈ ਅਠਾਨਵੇ ਪ੍ਰਤਿਸ਼ਤ ਸ਼ਹਾਦਤਾਂ ਦਿੱਤੀਆਂ ਅਤੇ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਅਜੇ ਤੱਕ ਸਿੱਖ ਸਰਹੱਦਾਂ ਉੱਤੇ ਸ਼ਹੀਦੀਆਂ ਦਿੰਦੇ ਆ ਰਹੇ ਹਨ। ਫਿਰ ਹੱਕ ਵੀ ਉਹਨਾਂ ਨੇ ਇਸ ਦੇਸ਼ ਤੋਂ ਹੀ ਮੰਗਣੇ ਹਨ, ਜਦੋਂ ਵਸਿੰਦੇ ਭਾਰਤ ਦੇ ਹਨ, ਲੜਦੇ ਮਰਦੇ ਭਾਰਤ ਵਾਸਤੇ ਹਨ, ਮਿਹਨਤ ਭਾਰਤ ਵਾਸਤੇ ਕਰਦੇ ਹਨ, ਫਿਰ ਹੱਕ ਮੰਗਣ ਵਾਸਤੇ ਪਾਕਿਸਤਾਨ ਕੋਲ ਕਿਵੇ ਚਲੇ ਜਾਣ?

ਜੋ ਜਬਰ ਸਿੱਖਾਂ ਨਾਲ ਹੋਇਆ ਜਾਂ ਜੋ ਵਿਤਕਰੇ ਸਿੱਖ ਸਹਿੰਦੇ ਆ ਰਹੇ ਹਨ, ਉਹਨਾਂ ਦੀ ਲਿਸਟ ਭਾਰਤ ਦੇ ਖੇਤਰਫਲ ਨਾਲੋ ਵੀ ਵੱਡੀ ਹੈ। ਜੇ ਕਦੇ ਸਬਰ ਪਿਆਲਾ ਉੱਛਲ ਗਿਆ ਤਾਂ ਸਿੱਖਾਂ ਨਾਲ ਹਕੂਮਤ ਨੇ ਬਾਗੀਆਂ ਜਾਂ ਗੁਲਾਮਾਂ ਤੋਂ ਵੀ ਬਦਤਰ ਸਲੂਕ ਕੀਤਾ ਹੈ। ਜੇ ਪੰਜਾਬ ਵਿੱਚ ਹਜ਼ਾਰਾਂ ਬੇਗੁਨਾਹ ਸਿੱਖ ਬੱਚਿਆਂ ਦੇ ਕਤਲਾਂ ਵਾਸਤੇ ਜਿੰਮੇਵਾਰ ਇੱਕ ਹਾਕਮ ਬੇਅੰਤ ਸਿਹੁੰ ਨੂੰ ਚਾਰ ਸਿੱਖ ਗੱਭਰੂਆਂ ਨੇ ਸਜਾ ਦੇ ਦਿੱਤੀ ਤਾਂ ਉਹਨਾਂ ਨਾਲ ਕਾਨੂੰਨ ਦੀ ਹੱਦਾਂ ਤੋਂ ਪਾਰ ਜਾ ਕੇ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਜੇ ਕਿਸ਼ੋਰੀ ਲਾਲ 19 ਬੇਗੁਨਾਹ ਸਿੱਖਾਂ ਦਾ ਕਤਲ ਕਰਕੇ, ਅਦਾਲਤ ਵੱਲੋਂ ਮਿਲੀ ਫਾਂਸੀਆਂ ਦੀ ਸਜਾ ਮਾਫ਼ ਕਰਵਾ ਕੇ, ਰਿਹਾਈ ਲੈ ਸਕਦਾ ਹੈ ਤਾਂ ਇੱਕ ਗੁਨਾਹਗਾਰ ਹਾਕਮ ਨੂੰ ਮਾਰਨ ਵਾਲੇ ਸਿੱਖ ਅਦਾਲਤਾਂ ਵੱਲੋਂ ਮਿਲੀ ਸਜ਼ਾ ਪੂਰੀ ਕਰ ਲੈਣ ਤੋਂ ਬਾਅਦ ਵੀ ਰਿਹਾਈ ਦਾ ਹੱਕ ਕਿਉਂ ਨਹੀਂ ਪ੍ਰਾਪਤ ਕਰ ਸਕੇ?

ਅੰਨਾਂ ਹਜਾਰੇ ਕਿਸੇ ਗੱਲ ਨੂੰ ਲੈਕੇ ਅੰਨਛਣ ਕਰੇ ਤਾਂ ਦੇਸ਼ ਭਗਤੀ, ਲੋਕਸਭਾ ਅਤੇ ਰਾਜ ਸਭਾ ਦੀਆਂ ਕੰਧਾਂ ਵੀ ਕੰਬ ਉਠਦੀਆਂ ਹਨ, ਸਾਰਾ ਮੀਡੀਆ ਲਾਈਵ ਟੈਲੀਕਾਸਟ ਕਰਦਾ ਹੈ ਅਤੇ ਉਸ ਵੱਲੋਂ ਉਠਾਏ ਮੁੱਦਿਆਂ ਉੱਤੇ ਰਾਜਸੀ ਪਾਰਟੀਆਂ ਬਿਆਨ ਦਿੰਦਿਆਂ ਹਨਪਰ ਜੇ ਇੱਕ ਟਕਸਾਲੀ ਜਥੇਦਾਰ ਬਾਪੂ ਸੂਰਤ ਸਿੰਘ ਖਾਲਸਾ ਕੁੱਝ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸੰਘਰਸ਼ ਕਰੇ ਤਾਂ ਗੱਦਾਰੀ ਹੈ, ਅੰਨਾਂ ਹਜਾਰੇ ਦੀ ਭਾਰਤੀ ਪੁਲਿਸ ਰਾਖੀ ਕਰਦੀ ਹੈ, ਇਥੇ ਸ਼ਾਂਤਮਈ ਸੰਘਰਸ਼ ਕਰਦਾ 82 ਸਾਲਾ ਬਜੁਰਗ ਆਪਣੀ ਦੇਹ ਨੂੰ ਕਸ਼ਟ ਦੇ ਰਿਹਾ ਹੈ ਤਾਂ ਉਸਦੀ ਮੁਲਾਕਾਤ ਕਰਨ ਗਏ ਜੱਸ ਟੀ.ਵੀ. ਅਮਰੀਕਾ ਦੇ ਪੱਤਰਕਾਰ ਸ. ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ, ਪੰਜਾਬ ਪੁਲਿਸ ਦੇ ਅਫਸਰ ਨਸੀਹਤ ਦਿੰਦੇ ਹਨ ਕਿ ਤੁਸੀਂ ਅਜਿਹੇ ਮਾੜੇ ਲੋਕਾਂ ਦੀ ਕਵਰਿਜ਼ ਨਾ ਕਰਿਆ ਕਰੋ, ਇਹ ਹਲਾਤ ਖਰਾਬ ਕਰਦੇ ਹਨ।

ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਹੱਕਾਂ ਦੀ ਮੰਗ ਗਦਾਰੀ ਹੈ, ਇੱਕ ਪਾਸੇ ਦੇਸ਼ ਭਗਤੀ ਹੈ, ਹਲਾਤ ਬਾਪੂ ਸੂਰਤ ਸਿੰਘ ਖਾਲਸਾ ਖਰਾਬ ਨਹੀਂ ਕਰ ਰਿਹਾ, ਉਹ ਤਾਂ ਖਰਾਬ ਹੋਣ ਜਾ ਰਹੇ ਹਲਾਤਾਂ ਨੂੰ ਠੀਕ ਕਰਨ ਵਾਸਤੇ ਆਪਣੀ ਜਿੰਦਗੀ ਕਰੁਬਾਨ ਕਰ ਰਿਹਾ ਹੈ। ਕਿੱਡੀ ਹਨੇਰ ਗਰਦੀ ਅਤੇ ਅਨਿਆਂ ਹੈ ਕਿ ਇੱਕ ਕੌਮ ਆਪਣੀਆਂ ਵਾਜਿਬ ਮੰਗਾਂ ਵਾਸਤੇ ਸ਼ਾਂਤਮਈ ਸੰਘਰਸ਼ ਕਰਦੀ ਹੈ, ਕਿਸੇ ਨੂੰ ਮਾਰਦੀ ਨਹੀਂ, ਸਗੋਂ ਆਪ ਮਰਕੇ ਸੁੱਤੀ ਹਕੂਮਤ ਨੂੰ ਜਗਾਉਣਾ ਚਾਹੁੰਦੀ ਹੈ, ਪਰ ਉਸਨੂੰ ਸ਼ਾਂਤਮਈ ਸੰਘਰਸ਼ ਕਰਨ ਦੀ ਵੀ ਇਜਾਜ਼ਤ ਨਹੀਂ। ਜੇ ਸਿੱਖ ਬੰਦੂਕਾਂ ਚੁੱਕਦੇ ਹਨ ਤਾਂ ਅੱਤਵਾਦੀ ਹਨ, ਜੇ ਮਰਨ ਵਰਤ ਰੱਖਦੇ ਹਨ ਤਾਂ ਮਾੜੇ ਲੋਕ ਹਨ, ਫਿਰ ਹੋਰ ਕਿਹੜਾ ਰਸਤਾ ਹੈ ਆਪਣੇ ਹੱਕ ਜਾਂ ਨਿਆਂ ਲੈਣ ਦਾ, ਜਿਸ ਰਾਹੀ ਸਿੱਖ ਆਪਣਾ ਰੋਸ ਵਿਅਕਤ ਕਰਨ।

ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ, ਸਗੋਂ ਸਿੱਖਾਂ ਦੇ ਦਰਦ ਨੂੰ ਸਮਝੇ, ਜੇ ਨਿਆਂ ਨਹੀਂ ਦੇਣਾ ਤਾਂ ਸਿੱਖਾਂ ਨੂੰ ਮਰਨ ਦਾ ਹੱਕ ਤਾਂ ਦੇ ਦੇਵੇ, ਜਿਸ ਨਾਲ ਘਟੋ ਘੱਟ ਦੁਨੀਆਂ ਨੂੰ ਇਹ ਤਾਂ ਸਮਝ ਲੱਗ ਜਾਵੇਗੀ ਕਿ ਸਿੱਖ ਮਾਰਨਾ ਨਹੀਂ ਮਰਨਾ ਵੀ ਜਾਣਦੇ ਹਨ। ਸਿੱਖ ਅੱਤਵਾਦੀ ਨਹੀਂ, ਸਗੋਂ ਹੱਕਾਂ ਵਾਸਤੇ ਸ਼ਾਂਤਮਈ ਢੰਗ ਨਾਲ ਸ਼ਹਾਦਤ ਵੀ ਦੇਣੀ ਜਾਣਦੇ ਹਨ। ਸਰਕਾਰ ਨੂੰ ਬਾਪੂ ਸੂਰਤ ਸਿੰਘ ਨਾਲ ਧੱਕੇਸ਼ਾਹੀ ਕਰਨ ਦੀ ਥਾਂ, ਬੰਦੀਆਂ ਦੀ ਰਿਹਾਈ ਕਰਕੇ ਸਿੱਖਾਂ ਦਾ ਦਿਲ ਜਿੱਤਣਾ ਚਾਹੀਦਾ ਹੈ ਤਾਂ ਹੀ ਭਾਰਤ ਲੋਕਤੰਤਰ ਬਣ ਸਕਦਾ ਹੈ, ਨਹੀਂ ਤਾਂ ਧੱਕਾਤੰਤਰ ਹੀ ਅਖਵਾਵੇਗਾ, ਜਿਥੇ ਡਾਹਢਾ ਮਾਰੇ ਅਤੇ ਰੋਣ ਵੀ ਨਾ ਦੇਵੇ ਦਾ ਸਿਧਾਂਤ ਲਾਗੂ ਹੈ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top