Share on Facebook

Main News Page

ਇੱਕ ਬਾਤ ਪਾਉਣ ਨੂੰ ਦਿਲ ਕਰਦਾ
-: ਡਾ. ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ
ਬੁੱਝੋ ਉਹ ਖਿੱਤਾ ਕਿਹੜਾ ਏ ?


ਕਿਰਦਾਰੋਂ ਖਾਲੀ ਹੋਕੇ ਵੀ,
ਫੁਕਰੀ ਨਾਲ ਭਰਿਆ ਜਿਹੜਾ ਏ।
ਜਿੱਥੇ ਰਿਸ਼ਵਤ, ਝੂਠ ਤੇ ਠੱਗੀ ਵੀ,
ਇੱਕ ਮਾਣ ਹੀ ਸਮਝੇ ਜਾਂਦੇ ਨੇ।
ਨਿਯਮਾਂ ਨੂੰ ਤੋੜਨ ਦੇ ਕਿੱਸੇ,
ਹੱਸ-ਹੱਸ ਕੇ ਲੋਕ ਸੁਣਾਂਦੇ ਨੇ।
ਜਿੱਥੇ ਲੋਕ-ਦਿਖਾਵੇ ਕਾਰਣ ਹੀ,
ਜਿੰਦਗੀ ਤੋਂ ਰੁੱਸਿਆ ਖੇੜਾ ਏ ।
ਇੱਕ ਬਾਤ.......!!!

ਜਿੱਥੇ ਵਿਹਲੜ ਕਰਦੇ ਮੌਜਾਂ ਨੇ,
ਪਰ ਕਿਰਤੀ ਨੂੰ ਅਪਮਾਨ ਮਿਲੇ।
ਜਿੱਥੇ ਸੱਚ ਨੂੰ ਲਗਦੀ ਫਾਂਸੀ ਹੈ,
ਪਰ ਝੂਠੇ ਨੂੰ ਸਨਮਾਨ ਮਿਲੇ।
ਜਿੱਥੇ ਹੱਕ ਮੰਗ ਰਹੀ ਪਰਜਾ ਦਾ,
ਡਾਂਗਾਂ ਨਾਲ ਕਰਨ ਨਿਬੇੜਾ ਏ।
ਇੱਕ ਬਾਤ.......!!!

ਜਿੱਥੇ ਧਰਮ ਦੇ ਨਾਂ 'ਤੇ ਨੇਤਾ ਹੀ,
ਨਿੱਤ ਦੰਗੇ ਆਪ ਕਰਾਉਂਦੇ ਨੇ।
ਲੜਨੇ ਲਈ ਨਫਰਤ ਦੇ ਮੁੱਦੇ,
ਲੋਕਾਂ ਤੱਕ ਖੁਦ ਪਹੁੰਚਾਉਂਦੇ ਨੇ।
ਜਿੱਥੇ ਜਾਤ-ਪਾਤ ਤੇ ਊਚ-ਨੀਚ,
ਪਿਆ ਵੰਡਿਆ ਚਾਰ ਚੁਫੇਰਾ ਏ।
ਇੱਕ ਬਾਤ.......!!!

ਜਿੱਥੇ ਰਾਜ, ਮਜ਼ਹਬ ਦੇ ਆਗੂ ਨੇ,
ਐਸਾ ਗੱਠ-ਜੋੜ ਬਣਾਇਆ ਏ।
ਰਲ਼ ਲੋਕੀਂ ਕਿੱਦਾਂ ਲੁੱਟਣੇ ਨੇ,
ਇੱਕ ਦੂਜੇ ਨੂੰ ਸਮਝਾਇਆ ਏ।
ਇੱਕ ਲਾਰੇ ਵੰਡਦਾ ਲੋਕਾਂ ਨੂੰ,
ਇੱਕ ਵੰਡਦਾ ਝਗੜਾ-ਝੇੜਾ ਏ।
ਇੱਕ ਬਾਤ.......!!!

ਜਿੱਥੇ ਸੱਚੇ ਅਤੇ ਇਮਾਨਦਾਰ,
ਹਰ ਵੇਲੇ ਘਾਟਾ ਖਾਂਦੇ ਨੇ।
ਝੂਠੇ ਤੇ ਬੇਈਮਾਨ ਜਿੱਥੇ,
ਹਰ ਗੱਲ ਦਾ ਲਾਭ ਉਠਾਂਦੇ ਨੇ।
ਜਿੱਥੇ ਸਭ ਲਈ ਇੱਕ ਅਧਿਕਾਰ ਨਹੀਂ,
ਕਾਨੂੰਨ ‘ਚ ਬੜਾ ਬਖੇੜਾ ਏ।
ਇੱਕ ਬਾਤ.......!!!

ਜਿੱਥੇ ਘੱਟ ਗਿਣਤੀ ਦੇ ਲੋਕ ਸਦਾ,
ਹਰ ਜੁਲਮ-ਸਿਤਮ ਨੂੰ ਸਹਿੰਦੇ ਨੇ।
ਜਿੱਥੇ ਗਰਜਾਂ ਮਾਰੇ ਵੋਟਰ ਤਾਂ,
ਇੱਕ ਪਰਚੀ ਬਣਕੇ ਰਹਿੰਦੇ ਨੇ।
ਜਿੱਥੇ ਗੁੰਡਾ-ਗਰਦੀ ਦਾ ਘੜਿਆ,
ਹਾਕਮ ਹੀ ਆਪ ਲੁਟੇਰਾ ਏ।
ਇੱਕ ਬਾਤ.......!!!

ਜਿੱਥੇ ਲੋਕੀਂ ਭੁੱਖੇ ਮਰ ਜਾਂਦੇ,
ਰੱਜਿਆਂ ਨੂੰ ਭੋਜ ਕਰਾਂਦੇ ਨੇ।
ਬੰਦਿਆਂ ਨੂੰ ਜਿੰਦਾ ਸਾੜ ਦਿੰਦੇ,
ਪਰ ਪੱਥਰ ਪੂਜੇ ਜਾਂਦੇ ਨੇ।
ਜਿੱਥੇ ਲੋਕ-ਰਾਜ ਦੇ ਪੜਦੇ ਦੇ,
ਥੱਲੇ ਦੋ ਮੂਹਾਂ ਚਿਹਰਾ ਏ।
ਇੱਕ ਬਾਤ.......!!!

ਜਿੱਥੇ ਲੋੜਬੰਧਾਂ ਨੂੰ ਮਿਲਦਾ ਨਹੀਂ,
ਪਰ ਜੋਤਾਂ ਵਿੱਚ ਘਿਓ ਪਾਉਂਦੇ ਨੇ
ਜਿੱਥੇ ਕਿਰਤ ਧਰਮ ਦੀ ਨਾਲੋਂ ਤਾਂ,
ਉੱਪਰ ਨੂੰ ਮੂੰਹ ਚਕਵਾਂਉਦੇ ਨੇ।
ਜਿੱਥੇ ਮਾਨਵਤਾ ਦੀ ਸੇਵਾ ਤੋਂ,
ਪੂਜਾ ਦਾ ਢੌਂਗ ਉਚੇਰਾ ਏ।
ਇੱਕ ਬਾਤ.......!!!

ਜਿੱਥੇ ਧਰਮ-ਘਰਾਂ ਦੇ ਪੱਥਰ ਵੀ,
ਦੁੱਧਾਂ ਨਾਲ ਧੋਤੇ ਜਾਂਦੇ ਨੇ।
ਭੁੱਖਿਆਂ ਵਿੱਚ ਵੰਡਣ ਨਾਲੋਂ ਤਾਂ,
ਰਾਸ਼ਣ ਦਾ ਹਵਨ ਕਰਾਂਦੇ ਨੇ।
ਜਿੱਥੇ ਅਣਖ-ਹਿੰਮਤ ਦੇ ਨਾਲੋਂ ਵੱਧ,
ਨਿੰਬੂ ਮਿਰਚਾਂ ਦਾ ਪਹਿਰਾ ਏ।
ਇੱਕ ਬਾਤ.......!!!

ਜਿੱਥੇ ਨਦੀਆਂ, ਨਾਲੇ, ਦਰੱਖਤਾਂ ਤੇ,
ਪਸ਼ੂਆਂ ਨੂੰ ਮੱਥੇ ਟਿਕਦੇ ਨੇ।
ਪਰ ਮੁਢਲੀਆਂ ਲੋੜਾਂ ਤੋਂ ਸੱਖਣੇ,
ਇਨਸਾਨ ਲਿਤਾੜੇ ਵਿਕਦੇ ਨੇ।
ਜਿੱਥੇ ਕਰਮ-ਕਾਂਢ ਜੇਹੀਆਂ ਰੀਤਾਂ ਨੇ,
ਪਾਇਆ ਸਭ ਪਾਸੇ ਘੇਰਾ ਏ।
ਇੱਕ ਬਾਤ.......!!!

 

ਜਿੱਥੇ ਧਰਮ ਦੇ ਨਾਂ ਤੇ ਗੰਜੇ ਨੂੰ,
ਵੀ ਕੰਘੇ ਵੇਚੇ ਜਾਂਦੇ ਨੇ।
ਜਿੱਥੇ ਅੰਧ-ਵਿਸ਼ਵਾਸ ਦੇ ਵਾਧੇ ਲਈ,
ਹਰ ਫੰਦੇ ਵੇਚੇ ਜਾਂਦੇ ਨੇ।
ਜਿੱਥੇ ਲੋਕ ਲੁਟਾਈ ਖਾ ਕਹਿੰਦੇ,
ਸਭ ਕਿਸਮਤ ਵਾਲਾ ਗੇੜਾ ਏ।
ਇੱਕ ਬਾਤ.......!!!

ਕੁਝ ਲੋਕਾਂ ਨੇ ਇਸ ਖਿੱਤੇ ਦੇ,
ਗੁਣਗਾਨ ਵਥੇਰੇ ਗਾਏ ਨੇ।
ਪਰ ਆਖਿਰ ਵੇਲੇ ਉਹ ਲੋਕੀਂ,
ਇਸ ਗਲਤੀ ਤੇ ਪਛਤਾਏ ਨੇ।
ਇਖਲਾਕ ਬਿਨਾਂ ਸਭ ਧੋਖਾ ਏ,
ਨਾ ਤੇਰਾ ਕੁਝ ਨਾ ਮੇਰਾ ਏ।
ਇੱਕ ਬਾਤ.......!!!

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top