Share on Facebook

Main News Page

ਸਮੂਹ ਤਖਤਾਂ ਦੀ ਮਰਿਆਦਾ ਨੂੰ ਇੱਕ ਕਰਨ ਦਾ ਯਤਨ ਕੀਤਾ ਜਾਵੇਗਾ
-: ਮੱਕੜ

ਟਿੱਪਣੀ: ਮੱਕੜ, ਹੁਣ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ 'ਤੇ ਵੀ ਜੋਤਾਂ ਜਗਾਓ, ਬਕਰੇ ਝਟਕਾਓ, ਭੰਗ ਦਾ ਪ੍ਰਸ਼ਾਦ ਛਕਾਓ... ਇਹ ਤਾਂ ਛੇਤੀ ਹੋ ਸਕਦਾ ਹੈ, ਨਾਲੇ ਮਰਿਆਦਾ ਇੱਕ ਹੋ ਜਾਵੇਗੀ... ਪਰ ਉਨ੍ਹਾਂ ਥਾਵਾਂ 'ਤੇ ਅਕਾਲ ਤਖ਼ਤ ਵਾਲੀ ਮਰਿਆਦਾ ਲਾਗੂ ਹੋ ਜਾਵੇ, ਇਹ ਨਾਮੁਮਕਿਨ ਹੈ...

- ਸੰਪਾਦਕ ਖ਼ਾਲਸਾ ਨਿਊਜ਼

ਅੰਮ੍ਰਿਤਸਰ 24 ਫਰਵਰੀ (ਜਸਬੀਰ ਸਿੰਘ): ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ਼ ਅਵਤਾਰ ਸਿੰਘ ਮੱਕੜ ਨੇ ਪਟਨਾ ਸਾਹਿਬ ਕਮੇਟੀ ਦੀ ਪ੍ਰਧਾਨਗੀ ਸੰਭਾਲਣ ਉਪਰੰਤ ਆਪਣੀ ਜਿੰਮੇਵਾਰੀ ਤੋਂ ਪੂਰੀ ਤਰ੍ਹਾਂ ਭੱਜਦਿਆਂ ਇਹ ਕਹਿ ਕੇ ਮਰਿਆਦਾ ਦੇ ਝੰਜਟ ਵਿੱਚ ਪੈਣ ਤੋਂ ਬਚਾ ਕਰ ਲਿਆ ਕਿ ਮਰਿਆਦਾ ਤਖ਼ਤਾਂ ਦੇ ਜਥੇਦਾਰਾਂ ਨੇ ਦੱਸਣੀ ਹੈ ਅਤੇ ਸਮੂਹ ਤਖ਼ਤਾਂ ਦੀ ਮਰਿਆਦਾ ਇਕ ਸਾਰ ਕਰਨ ਲਈ ਸਮਾਂ ਲੱਗਣਾ ਹੈ

ਉਹਨਾਂ ਸਵੀਕਾਰ ਕੀਤਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਰਿਆਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵਿੱਚ ਫਰਕ ਹੈ ਜਿਸ ਨੂੰ ਇੱਕ ਕਰਨ ਦੇ ਯਤਨ ਕੀਤੇ ਜਾਣਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਦੀ ਸ਼ਤਾਬਦੀ ਮਨਾਉੇਣ ਲਈ ਉਚਿਤ ਪ੍ਰਬੰਧ ਕਰਨ ਵਾਸਤੇ ਸਬੰਧਿਤ ਮਾਹਿਰਾਂ ਤੇ ਅਧਿਕਾਰੀਆਂ ਦਾ ਸਹਿਯੋਗ ਲਿਆ ਜਾਵੇਗਾ ਅਤੇ ਸ਼ਤਾਬਦੀ ਮੌਕੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਲਦ ਹੀ ਨਵੀਆਂ ਸਰਾਵਾਂ ਬਣਾਉਣ ਲਈ ਲੋੜ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸਟਾਫ ਦਾ ਸਹਿਯੋਗ ਵੀ ਲਿਆ ਜਾਵੇਗਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੇ ਪ੍ਰਕਾਸ਼ ਕੀਤੇ ਜਾਣ ਬਾਰੇ ਪੁੱਛੇ ਜਾਣ ਤੇ ਸ੍ਰ ਮੱਕੜ ਨੇ ਕਿਹਾ, ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਸਮ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਤੇ ਉਥੇ ਵੀ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਸਮਝਾਉਂਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਸਮ ਗ੍ਰੰਥ ਮਾਮਲੇ ਦਾ ਹੱਲ ਜਲਦ ਕੱਢਣ ਲਈ ਜਥੇਦਾਰਾਂ ਨੂੰ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸੰਚਾਰ ਦੀਆਂ ਤਿੰਨ ਬਾਣੀਆਂ ਦਸਮ ਗ੍ਰੰਥ ਵਿੱਚੋ ਹਨ, ਜਿਸ ਕਰਕੇ ਦਸਮ ਗ੍ਰੰਥ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ।

ਉਹਨਾਂ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਤਿਆਰ ਕੀਤੀ ਗਈ ਧਾਰਮਿਕ ਫ਼ਿਲਮ ਸਮਸ਼ੇਰ ਖਾਲਸਾ ਦੀ ਸੀ.ਡੀ. ਦੀ ਪਹਿਲੀ ਕਾਪੀ ਰਿਲੀਜ਼ ਕਰਦਿਆਂ ਕਿਹਾ ਕਿ ਅੱਜ ਮੀਡੀਏ ਦਾ ਯੁੱਗ ਹੈ ਅਤੇ ਫਿਲਮਾਂ ਤੇ ਨਾਟਕਾਂ ਦੇ ਮਾਧਿਅਮ ਰਾਹੀਂ ਇਤਿਹਾਸ ਅਤੇ ਵਿਰਸੇ ਨੂੰ ਦੁਹਰਾਉਣਾ ਇਕ ਸਫ਼ਲ ਯਤਨ ਹੈ। ਉਹਨਾਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ 18ਵੀਂ ਸਦੀ ਦੇ ਸਿੱਖ ਇਤਿਹਾਸ ਦੀਆਂ ਕੁਝ ਕੁ ਝਾਕੀਆਂ ਨੂੰ ਦਰਸਾਉਂਦੀ ਟੈਲੀਫਿਲਮ ਸ਼ਮਸ਼ੇਰ ਖਾਲਸਾ ਬਣਾਈ ਗਈ ਹੈ, ਜਿਸ ਦਾ ਮਕਸਦ ਨੌਜਵਾਨ ਪੀੜੀ ਨੂੰ ਪੁਰਾਤਨ ਸਿੱਖ ਵਿਰਸੇ ਤੋਂ ਜਾਣੂੰ ਕਰਾਉਣਾ ਹੈ।

ਇਸ ਫਿਲਮ ਦੀ ਕਹਾਣੀ ਵਿਚ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੇ ਇਸ ਸ਼ਹੀਦੀ ਤੋਂ ਬਾਅਦ ਸਿੱਖਾਂ ਵਿਚ ਪੈਦਾ ਹੋਏ ਰੋਹ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਮੁਗਲ ਹਕੂਮਤ ਵੱਲੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ, ਸਿੱਖਾਂ ਨੇ ਆਪਣੇ ਘਰ-ਪ੍ਰੀਵਾਰ ਛੱਡ ਕੇ ਜੰਗਲਾਂ ਵਿੱਚ ਜਾਣਾ, ਸਿੱਖਾਂ ਨੇ ਜ਼ਾਲਮ ਹੁਕਮਰਾਨਾ ਦੇ ਅਸਹਿ ਤੇ ਅਕਹਿ ਕਸ਼ਟ ਸਹਾਰਨੇ, ਬਾਬਾ ਬੋਤਾ ਸਿੰਘ ਸ਼ਹੀਦ ਤੇ ਬਾਬਾ ਗਰਜਾ ਸਿੰਘ ਸ਼ਹੀਦ ਵੱਲੋ ਸਭ ਤੋਂ ਪਹਿਲਾਂ ਖਾਲਸਾ ਰਾਜ ਸਥਾਪਿਤ ਕਰਨਾ ਤੇ ਫਿਲਮ ਦੇ ਅਖੀਰ ਤੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਅਤੇ ਨਵਾਬ ਜਕਰੀਆ ਖਾਨ ਦੀ ਮੌਤ ਦੇ ਹਾਲਾਤਾਂ ਨੂੰ ਫਿਲਮਾਇਆ ਗਿਆ ਹੈ।

ਇਸ ਫਿਲਮ ਵਿਚ ਲਗਭਗ ਸਾਰੇ ਸਿੱਖ ਕਿਰਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕਾਂ ਤੇ ਹੋਰ ਮੁਲਾਜ਼ਮਾਂ ਨੇ ਨਿਭਾਏ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਬੀਬੀ ਮਨਜੀਤ ਕੋਰ ਨੇ ਲਿਖੀ ਹੈ ਅਤੇ ਇਸ ਦੇ ਡਾਇਰੈਕਟਰ ਉੱਘੇ ਨਾਟਕਕਾਰ ਸ੍ਰੀ ਗੁਰਿੰਦਰ ਮਕਨਾ ਹਨ। ਸ੍ਰ. ਮੱਕੜ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ, ਅਤੇ ਭਵਿੱਖ ਵਿੱਚ ਸਿੱਖ ਕੌਮ ਦੇ ਬੱਚੇ-ਬੱਚੀਆਂ ਇਸ ਮਾਧਿਅਮ ਰਾਹੀਂ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੋ ਕੇ ਸੁਚੱਜੀ ਸੇਧ ਲੈਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਚ ਜਨਰੈਲ ਹਰੀ ਸਿੰਘ ਨਲੂਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਵੀ ਫਿਲਮ ਬਣਾਈ ਜਾਵੇਗੀ।

ਇਸ ਤੋਂ ਪਹਿਲਾਂ ਉਹਨਾਂ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਪ੍ਰਧਾਨ ਬਣਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤਰਨਤਾਰਨ ਅਤੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਵਿਖੇ ਸ਼ੁਕਰਾਨਾ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਹਨਾਂ ਨੂੰ ਗਿਆਨੀ ਰਘਬੀਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਸ. ਦਲਮੇਘ ਸਿੰਘ, ਸ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਸਤਬੀਰ ਸਿੰਘ ਸਕੱਤਰ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਹਰਭਜਨ ਸਿੰਘ ਮਨਾਵਾਂ, ਸ. ਪਰਮਜੀਤ ਸਿੰਘ ਸਰੋਆ, ਸ. ਕੇਵਲ ਸਿੰਘ, ਸ. ਮਹਿੰਦਰ ਸਿੰਘ ਆਹਲੀ ਤੇ ਸ. ਰਣਜੀਤ ਸਿੰਘ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਜਗਜੀਤ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸੰਤੋਂਖ ਸਿੰਘ ਤੇ ਸ. ਜਸਪਾਲ ਸਿੰਘ ਮੀਤ ਸਕੱਤਰ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸਤਨਾਮ ਸਿੰਘ ਸੁਪ੍ਰਿੰਟੈਡੈਂਟ, ਸ. ਪਰਮਿੰਦਰ ਸਿੰਘ ਇੰਚਾਰਜ ਯਾਤਰ੍ਹਾਂ ਆਦਿ ਹਾਜ਼ਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top