Share on Facebook

Main News Page

ਕੌਮੀ ਪ੍ਰਵਾਨੇ ਜਿਹੜੇ ਹਮੇਸ਼ਾਂ ਹੀ ਸਮੇਂ ਦੀਆਂ ਸਰਕਾਰਾਂ ਨੂੰ ਅੱਤਵਾਦੀ ਦਿੱਸਦੇ ਹਨ... !!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਭਾਰਤੀ ਨਿਜ਼ਾਮ ਜਾਂ ਇੱਥੋਂ ਦੀ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਨਜਰ ਵਿੱਚ ਅੱਤਵਾਦੀ ਦਿੱਸਣ ਵਾਲੇ ਅਸਲ ਵਿੱਚ ਸਿਖ ਕੌਮ ਦੇ ਪਰਵਾਨੇ ਹਨ। ਕਿਸੇ ਵੀ ਨਿਜ਼ਾਮ ਦੀਆਂ ਵਧੀਕੀਆਂ ਦੇ ਵਿਰੁੱਧ ਲੜਣ ਵਾਲਾ ਅਤੇ ਉਸਦੀਆਂ ਵਿਤਕਰੇ ਭਰੀਆਂ ਗਤਿਵਿਧਿਆਂ ਨੂੰ ਚੁਨੌਤੀਆਂ ਦੇਣ ਵਾਲਾ ਹਕੂਮਤੀ ਬੋਲੀ ਵਿੱਚ ਬਾਗੀ ਜਾਂ ਅੱਤਵਾਦੀ ਅਖਵਾਉਂਦਾ ਹੈ, ਪਰ ਆਪਣੀ ਕੌਮ ਵਿੱਚ ਉਸਨੂੰ ਕੌਮੀ ਪਰਵਾਨੇ ਦਾ ਦਰਜਾ ਮਿਲਦਾ ਹੈ। ਅੱਜ ਇੱਕ ਸਿੱਖ ਭਾਈ ਜਗਤਾਰ ਸਿੰਘ ਤਾਰਾ ਵੀ ਭਾਰਤੀ ਨਿਜ਼ਾਮ ਦੇ ਅੜਿੱਕੇ ਆਇਆ ਹੋਇਆ ਹੈ। ਕੋਈ ਸ਼ੱਕ ਨਹੀਂ ਕਿ ਭਾਈ ਜਗਤਾਰ ਸਿੰਘ ਤਾਰਾ ਵੀ ਭਾਈ ਹਵਾਰਾ, ਭਾਈ ਰਾਜੋਆਣਾ ਅਤੇ ਭਾਈ ਭਿਓਰਾ ਦੇ ਨਾਲ ਬੇਅੰਤ ਸਿੰਘ ਕਤਲ ਕਾਂਡ ਵਿੱਚ ਲੋੜੀਂਦਾ ਸੀ। ਇਹਨਾਂ ਦੇ ਸਿਰ ਬੇਅੰਤ ਸਿੰਘ ਨੂੰ ਮਾਰਨ ਦਾ ਦੋਸ਼ ਹੈ ਅਤੇ ਸਾਰਿਆਂ ਨੂੰ ਉਮਰ ਕੈਦ ਜਾਂ ਫਾਂਸੀ ਦੀਆਂ ਸਜਾਵਾਂ ਵੀ ਹੋ ਚੁੱਕੀਆਂ ਹੈ, ਲੇਕਿਨ ਭਾਈ ਤਾਰਾ ਹੁਣ ਤੱਕ ਪੁਲਿਸ ਦੇ ਹੱਥ ਨਹੀਂ ਆਇਆ ਸੀ।

ਭਾਈ ਜਗਤਾਰ ਸਿੰਘ ਤਾਰਾ ਜਾਂ ਉਹਨਾਂ ਦੀ ਜਥੇਬੰਦੀ ਬੇਸ਼ੱਕ ਭਾਰਤ ਸਰਕਾਰ ਨੇ ਪਬੰਦੀ ਸ਼ੁਦਾ ਜਥੇਬੰਦੀ ਐਲਾਨੀ ਹੋਈ ਹੈ ਕਿਉਕਿ ਉਹਨਾਂ ਦੇ ਸਿਰ ਦੋਸ਼ ਹੈ ਕਿ ਇਹ ਜਥੇਬੰਦੀ ਅਤੇ ਇਸ ਦੇ ਕਾਰਕੁੰਨ ਅਪਰਾਧੀ ਬਿਰਤੀ ਦੇ ਮਾਲਿਕ ਹਨ ਅਤੇ ਗੈਰ ਸੰਵਿਧਾਨਿਕ ਕੰਮ ਕਰਦੇ ਹਨ। ਦਾਸ ਲੇਖਕ ਇਹਨਾਂ ਸਾਰੇ ਵੀਰਾਂ ਵਿੱਚੋਂ ਕਿਸੇ ਨੂੰ ਕਦੇ ਮਿਲਿਆ ਨਹੀਂ ਅਤੇ ਨਾ ਹੀ ਉਹਨਾਂ ਦੀ ਜਥੇਬੰਦੀ ਦਾ ਕਦੇ ਮੈਂਬਰ ਰਿਹਾ ਹੈ, ਪਰ ਗੁਰੂ ਨਾਨਕ ਦੇ ਪਰਿਵਾਰ ਦਾ ਇੱਕ ਮੈਂਬਰ ਹੋਣ ਕਰਕੇ ਹਰ ਸਿੱਖ ਵੀਰ ਆਪਣਾ ਹੀ ਦਿੱਸਦਾ ਹੈ। ਇਸ ਤੋਂ ਬਾਅਦ ਜਦੋਂ ਕਲਮ ਚੁੱਕੀਏ ਜਾਂ ਚਿੰਤਕ ਅਖਵਾਉਣ ਦੀ ਅਵਸਥਾ ਵਿੱਚ ਵਿਚਰੀਏ ਤਾਂ ਕੌਮ ਦਾ ਲੇਖਾ ਜੋਖਾ ਵੀ ਕਰਨਾ ਬਣਦਾ ਹੈ। ਭਾਈ ਦਿਲਾਵਰ ਸਿੰਘ ਅਤੇ ਭਾਈ ਹਵਾਰਾ ਸਮੇਤ ਉਸਦੇ ਸਾਰੇ ਸਾਥੀਆਂ ਨੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰਿਆ ਤਾਂ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਬਹੁਤ ਕੁੱਝ ਪੜਣ ਸੁਨਣ ਨੂੰ ਮਿਲਿਆ ਹੈ। ਸਰਕਾਰੀ ਪੱਖ ਤਾਂ ਇੱਕ ਹੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਮਾਰ ਦਿੱਤਾ, ਇਹ ਸਾਰੇ ਅੱਤਵਾਦੀ ਹਨ। ਇਸ ਵਾਸਤੇ ਸਾਰਿਆਂ ਦੀ ਗ੍ਰਿਫਤਾਰੀ ਹੋਈ ਅਤੇ ਅੰਨ੍ਹਾਂ ਤਸ਼ੱਦਦ ਵੀ ਹੋਇਆ, ਜਿਸ ਕਿਸੇ ਨੇ ਇਹਨਾਂ ਨੂੰ ਪਨਾਹ ਦਿੱਤੀ ਜਾਂ ਮੇਲ ਮਿਲਾਪ ਰੱਖਿਆ ਸਭ ਨੂੰ ਤਸੀਹੇ ਝੱਲਣੇ ਪਏ, ਸਾਰਿਆਂ ਦੇ ਖਿਲਾਫ਼ ਦੋਸ਼ ਪੱਤਰ ਦਾਖਿਲ ਹੋਏ ਅਦਲਤਾਂ ਨੇ ਸਜਾਵਾਂ ਦੇ ਦਿੱਤੀਆਂ, ਸਭ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ।

ਬੇਸ਼ੱਕ ਸਰਕਾਰ ਅਤੇ ਭਾਰਤ ਦੇ ਭਗਵੇ ਮੀਡੀਏ ਨੇ ਇਹਨਾਂ ਸਿੰਘਾਂ ਨੂੰ ਅੱਤਵਾਦੀ ਆਖ ਆਖਕੇ ਭੰਡਿਆ, ਪਰ ਸਿੱਖ ਕੌਮ ਨੇ ਸਰਕਾਰੀ ਪੱਖ ਦੀ ਪ੍ਰਵਾਹ ਕੀਤੇ ਬਿਨ੍ਹਾਂ ਇਹਨਾਂ ਸਾਰੇ ਦੋਸ਼ੀਆਂ ਨੂੰ ਕੌਮੀ ਪ੍ਰਵਾਨਿਆਂ ਦਾ ਦਰਜਾ ਦਿੱਤਾ, ਭਾਵੇ ਕੁੱਝ ਸਿੱਖ ਸਰਕਾਰੀ ਜਬਰ ਤੋਂ ਡਰਦੇ ਹੋਏ ਉੱਚੀ ਅਵਾਜ਼ ਵਿੱਚ ਇਹ ਨਹੀਂ ਕਹਿ ਸਕਦੇ, ਪਰ ਅੰਦਰੋਂ ਉਹਨਾਂ ਦਾ ਹਿਰਦਾ ਵੀ ਇਹਨਾਂ ਕੌਮੀ ਪ੍ਰਵਾਨਿਆਂ ਵਾਸਤੇ ਦਰਦ ਰਖਦਾ ਹੈ। ਪਿਛਲੇ ਦਿਨਾਂ ਤੋਂ ਜਦੋਂ ਤੋਂ ਭਾਈ ਜਗਤਾਰ ਸਿੰਘ ਤਾਰਾ ਦੀ ਗ੍ਰਿਫਤਾਰੀ ਹੋਈ ਹੈ ਤਾਂ ਦਾਸ ਲੇਖਕ ਨੂੰ ਬਹੁਤ ਸਾਰੇ ਸਿੱਖਾਂ ਨੇ ਕਿਹਾ ਜੀ ਤੁਸੀਂ ਹਰ ਮੁੱਦੇ ਉੱਤੇ ਲਿਖਦੇ ਹੋ, ਕਿਰਪਾ ਕਰਕੇ ਭਾਈ ਤਾਰਾ ਬਾਰੇ ਵੀ ਲਿਖੋ। ਕਿਤੇ ਸਰਕਾਰ ਉਹਨਾਂ ਨੂੰ ਤਸ਼ੱਦਦ ਕਰਕੇ ਖਤਮ ਹੀ ਨਾ ਕਰ ਦੇਵੇ ਜਾਂ ਝੂਠਾ ਪੁਲਿਸ ਮੁਕਬਲਾ ਹੀ ਨਾ ਬਣਾ ਦੇਵੇ। ਆਮ ਸਧਾਰਨ ਸਿੱਖਾਂ ਦੇ ਅਜਿਹੇ ਵਿਚਾਰ ਸੁਣਕੇ ਮੈਂ ਬੜਾ ਹੈਰਾਨ ਸੀ ਕਿ ਮੇਰੇ ਵਾਂਗੂੰ ਇਹਨਾਂ ਵਿੱਚੋਂ ਕੋਈ ਵੀ ਬੱਬਰ ਖਾਲਸਾ ਜਥੇਬੰਦੀ ਦਾ ਮੈਂਬਰ ਨਹੀਂ ਹੈ, ਪਰ ਹਮਦਰਦੀ ਪੂਰੀ ਹੈ ਅਤੇ ਫਿਰ ਮੈਂ ਬਹੁਤ ਸਾਰੇ ਵੀਰਾਂ ਨੂੰ ਪੁੱਛਿਆ ਕਿ ਕੀਹ ਤੁਸੀਂ ਕਦੇ ਭਾਈ ਤਾਰਾ ਜਾਂ ਇਹਨਾਂ ਵੀਰਾਂ ਵਿੱਚੋਂ ਕਿਸੇ ਨੂੰ ਮਿਲੇ ਹੋ? ਸਭ ਦਾ ਜਵਾਬ ਨਾਂਹ ਵਿੱਚ ਸੀ। ਇਹ ਮੇਰੇ ਵਾਸਤੇ ਹੋਰ ਵੀ ਇੱਕ ਜਗਿਆਸਾ ਭਰਪੂਰ ਸਵਾਲ ਬਣ ਗਿਆ ਕਿ ਨਾ ਜਥੇਬੰਦੀ ਨਾਲ ਕੋਈ ਵਾਸਤਾ ਹੈ, ਨਾ ਇਹਨਾਂ ਨੂੰ ਮਿਲੇ ਹਨ, ਫਿਰ ਇਹਨਾਂ ਵੀਰਾ ਨਾਲ ਆਮ ਸਿੱਖਾਂ ਦੀ ਹਮਦਰਦੀ ਪਿੱਛੇ ਕੀਹ ਕਾਰਨ ਹਨ।

ਬਹੁਤ ਦਿਨਾਂ ਤੋਂ ਸੋਚਦਾ ਰਿਹਾ ਕਦੇ ਇਤਿਹਾਸ ਦੇ ਵਰਕੇ ਫਰੋਲਦਾ ਰਿਹਾ ਕਿ ਇਹ ਕਿਹੜੀ ਸਾਂਝ ਹੋਈ ਜਿਸ ਵਿੱਚ ਕਿਸੇ ਨਾਲ ਬਿਨ੍ਹਾਂ ਵੇਖੇ ਹੀ ਇੱਕ ਸੁਨੇਹ ਹੈ ਅਤੇ ਹਮਦਰਦੀ ਹੈ। ਅਖੀਰ ਪਿਛਲੇ ਸਾਢੇ ਤਿੰਨ ਦਹਾਕਿਆਂ ਦੇ ਜਬਰ ਕਾਲ ਨੂੰ ਆਪਣੇ ਜਿਹਨ ਵਿੱਚੋਂ ਤੱਕਿਆ ਅਤੇ ਗੰਭੀਰਤਾ ਨਾਲ ਹਰ ਪੱਖ ਨੂੰ ਵਿਚਾਰਿਆ ਤਾਂ ਸਮਝ ਆਈ ਕਿ ਹਰ ਗੱਲ ਦੇ ਦੋ ਅਰਥ ਹੁੰਦੇ ਹਨ। ਇਹ ਲੋਕ ਜੇ ਸਰਕਾਰ ਦੀ ਨਜਰ ਵਿੱਚ ਅੱਤਵਾਦੀ ਹਨ ਤਾਂ ਕੌਮ ਦੀ ਨਜਰ ਵਿੱਚ ਸੱਤਵਾਦੀ ਹਨ ਅਤੇ ਕੌਮੀ ਪਰਵਾਨੇ ਵੀ ਹਨ। ਜਦੋਂ ਇਸ ਸਾਰੇ ਘਟਨਾਕ੍ਰਮ ਨੂੰ ਇਤਿਹਾਸ ਦੇ ਪੰਨਿਆਂ ਉੱਤੇ ਉੱਕਰੇ ਇਤਿਹਾਸ ਨਾਲ ਬਰਾਬਰ ਰੱਖਕੇ ਪਰਖੀਏ ਤਾਂ ਫਿਰ ਅਹਿਸਾਸ ਹੁੰਦਾ ਹੈ ਕਿ ਹਰ ਕੌਮ ਦੇ ਆਪਣੇ ਆਪਣੇ ਹੀਰੋ ਹੁੰਦੇ ਹਨ। ਮਿਸਾਲ ਦੇ ਤੌਰ ਤੇ ਭਾਰਤੀ ਨਿਜ਼ਾਮ ਦੇ ਸ਼ਹੀਦ ਸ.ਉਧਮ ਸਿੰਘ ਜਾਂ ਸ਼ਹੀਦ ਸ. ਭਗਤ ਸਿੰਘ ਹੀਰੋ ਹਨ, ਪਰ ਇਹ ਹੀ ਸਵਾਲ ਜੇ ਕਦੇ ਬਰਤਾਨੀਆਂ ਦੇ ਲੋਕਾਂ ਨੂੰ ਕੀਤਾ ਜਾਵੇ ਤਾਂ ਉਹਨਾਂ ਦਾ ਹੀਰੋ ਤਾਂ ਜਰਨਲ ਡਾਇਰ ਹੀ ਹੋਵੇਗਾ? ਉਹ ਕਿਸ ਜੁਬਾਨ ਨਾਲ ਸ. ਉਧਮ ਸਿੰਘ ਜਾਂ ਸ. ਭਗਤ ਸਿੰਘ ਨੂੰ ਹੀਰੋ ਮੰਨ ਸਕਦੇ ਹਨ।

ਭਾਰਤ ਅੰਦਰ ਵੀ ਇੱਕ ਮਿਸਾਲ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਭਲੇ ਹੀ ਭਾਰਤੀ ਲੋਕਾਂ ਦੀ ਹੀਰੋ ਹੋਵੇ, ਪਰ ਸਿੱਖਾਂ ਦੀ ਤਾਂ ਵੱਡੀ ਦੁਸ਼ਮਨ ਹੀ ਸੀ ਕਿਉਂਕਿ ਦੁਨੀਆਂ ਦੇ ਇਤਿਹਾਸ ਵਿੱਚ ਇਹ ਇਕਲੌਤੀ ਮਿਸਾਲ ਹੈ ਕਿ ਜਿਸ ਕੌਮ ਨੇ, ਜਿਸ ਦੇਸ਼ ਦੀ ਆਜ਼ਾਦੀ ਵਿੱਚ ਅਠਾਨਵੇ ਫੀ ਸਦੀ ਸ਼ਹੀਦੀਆਂ ਦਿੱਤੀਆਂ ਹੋਣ, ਲੋਕ ਰਾਜ ਵਿੱਚ ਉਸ ਦੇਸ਼ ਦੀ ਫੌਜ ਹੀ, ਉਸ ਕੌਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਰੂਹਾਨੀ ਸਰੋਤ, ਦਰਬਾਰ ਸਾਹਿਬ ਉੱਤੇ ਹਮਲਾ ਕਰ ਦੇਵੇ। ਫਿਰ ਦੋ ਸਿੱਖ ਇਸ ਹਮਲੇ ਨੂੰ ਨਾ ਸਹਾਰਦੇ ਹੋਏ, ਅਜਿਹੀ ਪ੍ਰਧਾਨ ਮੰਤਰੀ ਦਾ ਕਤਲ ਕਰ ਦੇਣ ਤਾਂ ਸਿੱਖਾਂ ਨੇ ਤਾਂ ਫਿਰ ਅਜਿਹਾ ਮਹਾਨ ਕਾਰਜ਼ ਕਰਨ ਵਾਲਿਆਂ ਨੂੰ ਕੌਮੀ ਪਰਵਾਨੇ ਆਖਣਾ ਹੀ ਹੈ। ਪੁਰਾਤਨ ਸਮੇਂ ਵਿੱਚ ਵੀ ਸਿੱਖ ਅਜਿਹੇ ਕਾਰਜ਼ ਕਰਦੇ ਰਹੇ ਹਨ, ਜਿਵੇ ਮੱਸੇ ਰੰਘੜ ਦਾ ਸਿਰ ਵੱਢਕੇ ਲਿਜਾਣ ਵਾਲੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੂੰ ਵੀ ਮੁਗਲ ਤਾ ਅੱਤਵਾਦੀ ਹੀ ਆਖਦੇ ਹੋਣਗੇ, ਪਰ ਸਿੱਖ ਪੰਥ ਅੱਜ ਵੀ ਉਹਨਾਂ ਨੂੰ ਆਪਣੇ ਪ੍ਰੇਰਣਾ ਸਰੋਤ ਮੰਨਦਾ ਹੈ।

ਭਾਈ ਤਾਰਾ ਜਾਂ ਉਹਨਾਂ ਦੇ ਸਾਥੀਆਂ ਪ੍ਰਤੀ ਜੋ ਪਿਆਰ ਸਿੱਖ ਸੰਗਤ ਵਿੱਚ ਹੈ ਜਾਂ ਜੋ ਹਮਦਰਦੀ ਉਹਨਾਂ ਨਾਲ ਜੁੜੀ ਹੈ, ਉਸਦੇ ਪਿਛਲੇ ਕਾਰਨਾਂ ਨੂੰ ਬਰੀਕੀ ਨਾਲ ਸਮਝਣ ਦੀ ਲੋੜ ਹੈ ਕਿ ਇੱਕ ਸਧਾਰਨ ਬੰਦਾ ਜਿਹੜਾ ਕਿਸੇ ਜਥੇਬੰਦੀ ਦਾ ਮੈਂਬਰ ਨਹੀਂ ਅਤੇ ਰੋਟੀ ਰੋਜੀ ਵਾਸਤੇ ਹੋਮ ਗਾਰਡ ਜਾਂ ਪੁਲਿਸ ਵਿੱਚ ਭਰਤੀ ਹੁੰਦਾ ਹੈ ਤਾਂ ਉਸਦੀ ਹਮਦਰਦੀ ਤਾਂ ਰੋਜ਼ੀ ਲਾਉਣ ਵਾਲੇ ਜਾਂ ਰੋਜ਼ਗਾਰ ਦੇਣ ਵਾਲੇ ਨਾਲ ਹੋਣੀ ਚਾਹੀਦੀ ਹੈ, ਪਰ ਉਹ ਇੱਕ ਸਿਪਾਹੀ ਦੀ ਡਿਉਟੀ ਕਰਨ ਵਾਲਾ ਦਿਲਾਵਰ ਜਿਸ ਨੇ ਨਾ ਦਾਹੜੀ ਰੱਖੀ ਸੀ ਨਾ ਪੰਥ ਦੇ ਅਰਥ ਪਤਾ ਸੀ, ਉਸ ਦੇ ਮਨ ਵਿੱਚ ਅਜਿਹਾ ਕਿਉਂ ਆਇਆ ਕਿ ਇੱਕ ਮੁੱਖ ਮੰਤਰੀ ਨੂੰ ਮਨੁੱਖੀ ਬੰਬ ਬਣਕੇ ਹੀ ਉਡਾ ਦੇਵੇ, ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਰਾਜ ਗੱਦੀ ਉੱਤੇ ਬਹਿਣ ਵਾਲਿਆਂ ਨੇ ਜਰੁਰ ਕੁੱਝ ਅਜਿਹਾ ਕੀਤਾ ਹੋਵੇਗਾ ਕਿ ਰੋਜ਼ੀ ਤੇ ਲਾਉਣ ਵਾਲੀ ਸਰਕਾਰ ਦੇ ਮੁਖੀ ਨੂੰ ਮਾਰਨ ਤੱਕ ਨੌਬਤ ਆ ਪਹੁੰਚੀ। ਇਹ ਸਵਾਲ ਜੇ ਸਮਝ ਆ ਜਾਵੇ ਤਾਂ ਸ਼ਾਇਦ ਸਰਕਾਰ ਨੂੰ ਵੀ ਅੱਤਵਾਦੀ ਲਫਜ਼ ਵਰਤਨ ਦੀ ਜਰੂਰਤ ਨਾ ਪਵੇ।

ਸ. ਬੇਅੰਤ ਸਿੰਘ ਦੇ ਰਾਜ ਵਿੱਚ ਰੋਜ਼ ਜਿਨ੍ਹਾਂ ਦਰਜਨਾਂ ਮਾਵਾਂ ਦੇ ਪੁੱਤ ਬੇਦੋਸ਼ੇ ਹੀ ਨਹਿਰਾਂ, ਸੇਮ ਨਾਲਿਆਂ ਦੇ ਪੁਲਾਂ ਉੱਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾ ਰਹੇ ਸਨ, ਉਹਨਾਂ ਦੀ ਤੜਫਦੀ ਮਮਤਾ ਅਤੇ ਜਖਮੀ ਆਤਮਾ ਦੀ ਅਰਦਾਸ ਹੀ ਇੱਕ ਸਿਪਾਹੀ ਦਿਲਾਵਰ ਨੂੰ ਕੌਮੀ ਪਰਵਾਨਾ ਬਣਾ ਦਿੰਦੀ ਹੈ ਅਤੇ ਸ਼ਹੀਦੀ ਉਪਰੰਤ ਅਜਿਹੇ ਕੌਮੀ ਪਰਵਾਨੇ ਸ਼ਹੀਦ ਭਾਈ ਦਿਲਾਵਰ ਸਿੰਘ ਅਖਵਾਉਣ ਦਾ ਮਾਨ ਪ੍ਰਾਪਤ ਕਰਦੇ ਹਨ। ਜੇ ਇਹ ਲੋਕ ਅੱਤਵਾਦੀ ਹੁੰਦੇ ਤਾਂ ਅੱਜ ਲੱਖਾਂ ਸਿੱਖਾਂ ਦੀ ਹਮਦਰਦੀ ਇਹਨਾਂ ਨਾਲ ਨਾ ਹੁੰਦੀ। ਜੇ ਸ. ਬੇਅੰਤ ਸਿੰਘ ਅਮਨਸ਼ਾਤੀ ਕਾਇਮ ਕਰ ਰਿਹਾ ਸੀ, ਫਿਰ ਉਸ ਨਾਲ ਸਿੱਖਾਂ ਦੇ ਜਜਬਾਤ ਕਿਉਂ ਨਾ ਜੁੜ ਸਕੇ? ਦਰਅਸਲ ਅਮਨਸ਼ਾਂਤੀ ਦੇ ਨਾਮ ਹੇਠ ਸਿੱਖਾਂ ਦੀ ਨਸਲੀ ਸਫਾਈ ਕੀਤੀ ਜਾ ਰਹੀ ਸੀ। ਜਿਹੜੀ ਸਿੱਖਾਂ ਨੂੰ ਬਰਦਾਸ਼ਤ ਨਹੀਂ ਸੀ ਅਤੇ ਅਕਾਲ ਪੁਰਖ ਦੇ ਵਿਧੀ ਵਿਧਾਨ ਅਨੁਸਾਰ ਅਸਲ ਅੱਤਵਾਦ ਸੀ। ਜਿਸ ਨੂੰ ਖਤਮ ਕਰਨ ਵਾਸਤੇ ਭਾਈ ਦਿਲਾਵਰ ਸਿੰਘ ਅਤੇ ਭਾਈ ਹਵਾਰਾ, ਭਾਈ ਤਾਰਾ, ਭਾਈ ਭਿਓਰਾ ਅਤੇ ਭਾਈ ਰਾਜੋਆਣਾ ਨੇ ਆਪਣਾ ਬਣਦਾ ਯੋਗਦਾਨ ਦਿੱਤਾ।

ਅੱਜ ਸਿੱਖਾਂ ਦੀ ਬਹੁਗਿਣਤੀ ਨੂੰ ਭਾਈ ਜਗਤਾਰ ਸਿੰਘ ਤਾਰਾ ਨਾਲ ਹਮਦਰਦੀ ਹੈ। ਹਰ ਕੋਈ ਪੁੱਛਦਾ ਹੈ ਕਿ ਕਿਤੇ ਭਾਈ ਤਾਰਾ ਨੂੰ ਮਾਰ ਹੀ ਨਾ ਦੇਣ, ਇਸ ਦੇ ਪਿੱਛੇ ਛੁਪੀ ਮਾਨਸਿਕਤਾ ਨੂੰ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਭਾਰਤੀ ਸੰਵਿਧਾਨ ਅਨੁਸਾਰ ਜੇ ਸਭ ਨੂੰ ਜੀਓ ਅਤੇ ਜਿਉਣ ਦਿਓ ਦਾ ਹੱਕ ਦਿੱਤਾ ਜਾਵੇ ਤਾਂ ਫਿਰ ਕਿਸੇ ਮਾਂ ਨੂੰ ਦਿਲਾਵਰ ਜਾਂ ਤਾਰੇ,ਹਵਾਰੇ ਨੂੰ ਜਨਮ ਦੇਣ ਦੀ ਲੋੜ ਨਾ ਪਵੇ, ਨਾ ਹੀ ਕੋਈ ਸਿਪਾਹੀ ਰੋਟੀ ਵਾਸਤੇ ਭਰਤੀ ਹੋ ਕੇ ਸਰਕਾਰ ਦਾ ਕਾਤਲ ਅਤੇ ਕੌਮੀ ਪਰਵਾਨਾ ਬਣੇ, ਪਰ ਜਿੱਥੇ ਵਿਤਕਰੇ ਹੋਣ, ਜਿੱਥੇ ਬੇਇੰਸਾਫੀਆਂ ਹੋਣ, ਜਿੱਥੇ ਮਨੁੱਖੀ ਹੱਕ ਵੀ ਖੋਹ ਲਏ ਜਾਣ, ਫਿਰ ਉਥੇ ਸ. ਉਧਮ ਸਿੰਘ ਜੰਮਦੇ ਹਨ, ਕਦੇ ਭਾਈ ਬੇਅੰਤ ਸਿੰਘ ਮਲੋਆ ਜਨਮ ਲੈਂਦੇ ਹਨ, ਕਦੇ ਭਾਈ ਦਿਲਾਵਰ ਸਿੰਘ ਜਾਂ ਜਗਤਾਰ ਸਿੰਘ ਤਾਰੇ ਪੈਦਾ ਹੁੰਦੇ ਹਨ। ਜੋ ਕਹਿਰ ਨਵੰਬਰ 1984 ਨੂੰ ਦਿੱਲੀ ਵਿੱਚ ਹੋਇਆ ਜਾਂ ਗੁਜਰਾਤ ਦੇ ਵੋਧਰਾ ਵਿੱਚ ਹੋਇਆ ਅਜਿਹੇ ਕਤਲੇਆਮ ਨੂੰ ਅੰਜਾਮ ਦੇਣ ਵਾਲਾ ਨਿਜ਼ਾਮ ਗਾਂਧੀ ਜੰਮਣ ਦੀ ਆਸ ਕਿਵੇ ਰੱਖ ਸਕਦਾ ਹੈ।

ਇਸ ਵਾਸਤੇ ਸਿੱਖ ਕੌਮ ਨੂੰ ਅਜਿਹੇ ਵੀਰਾਂ ਦੀ ਜਿਹੜੇ ਕੌਮੀ ਕਾਰਜਾਂ ਦੀ ਪੂਰਤੀ ਕਰਦੇ ਸ਼ਹਾਦਤਾਂ ਦੇ ਜਾਮ ਪੀ ਚੁੱਕੇ ਹਨ ਜਾਂ ਕੌਮ ਦੀ ਅਣਖ ਵਾਸਤੇ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਕੈਦ ਹਨ ਉਹਨਾਂ ਪ੍ਰਤੀ ਕਦੇ ਵੀ ਉਹ ਸੋਚ ਨਾ ਰੱਖਣ, ਜਿਹੜੀ ਸਰਕਾਰੀ ਬੋਲੀ ਦਾ ਹਿੱਸਾ ਹੋਵੇ ਅਤੇ ਸਗੋਂ ਆਪਣੇ ਕੌਮੀ ਪ੍ਰਵਾਨਿਆਂ ਦੀ ਪਿੱਠ ਉੱਤੇ ਖੜੇ ਹੋ ਕੇ ਦੁਨੀਆਂ ਨੂੰ ਉਹਨਾਂ ਦਾ ਸੱਤਵਾਦੀ ਚਿਹਰਾ ਵਿਖਾਉਣ ਦਾ ਉਦਮ ਕਰਨ। ਸਿੱਖ ਕਦੇ ਵੀ ਅੱਤਵਾਦੀ ਨਹੀਂ ਹੁੰਦਾ, ਸਿੱਖ ਕਦੇ ਵੀ ਕਾਤਲ ਨਹੀਂ ਹੁੰਦਾ, ਸਿੱਖ ਹਮੇਸ਼ਾ ਜੁਲਮ ਦਾ ਨਾਸ ਕਰਦਾ ਹੈ। ਸਿੱਖ ਜਾਲਮ ਨੂੰ ਸਜ਼ਾ ਦੇਣ ਵੇਲੇ ਉਸਦੀ ਜਮਾਤ ਨੂੰ ਨਹੀਂ ਪਰਖਦਾ, ਸਗੋਂ ਉਸਦੀ ਔਕਾਤ ਨੂੰ ਸਾਹਮਣੇ ਰੱਖਦਾ ਹੈ ਅਤੇ ਹਮੇਸ਼ਾਂ ਆਪਣੇ ਕੌਮੀ ਕਿਰਦਾਰ ਨੂੰ ਕਾਇਮ ਰੱਖਦਾ ਹੈ। ਜਿਵੇ ਬੇਅੰਤ ਸਿੰਘ ਦੇ ਸੰਘਾਰ ਤੋਂ ਬਾਅਦ ਇਹਨਾਂ ਸਿੰਘਾਂ ਨੇ ਕਦੇ ਕਿਸੇ ਬੇਗੁਨਾਹ ਦਾ ਖੂਨ ਨਹੀਂ ਵਹਾਇਆ ਬੇਅੰਤ ਸਿੰਘ ਅਤੇ ਇੰਦਰਾ ਗਾਂਧੀ ਨੂੰ ਖਤਮ ਕਰਨ ਵਾਲੇ ਕਾਰਜ਼ ਉੱਤੇ ਤਾਂ ਸਮੁਚੀ ਕੌਮ ਨੇ ਮੋਹਰ ਲਾਈ ਹੈ। ਸਿੱਖਾਂ ਦੀ ਸਭ ਤੋਂ ਸਿਰਮੋਰ ਸੰਸਥਾ ਅਕਾਲ ਤਖਤ ਸਾਹਿਬ ਤੋਂ ਭਾਈ ਬੇਅੰਤ ਸਿੰਘ , ਭਾਈ ਸਤਵੰਤ ਸਿੰਘ , ਭਾਈ ਕਿਹਰ ਸਿੰਘ , ਭਾਈ ਦਿਲਾਵਰ ਸਿੰਘ ਕੌਮੀ ਸ਼ਹੀਦ ਐਲਾਨੇ ਜਾ ਚੁੱਕੇ ਹਨ ਅਤੇ ਭਾਈ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਸਨਮਾਨ ਦਿੱਤਾ ਜਾ ਚੁੱਕਿਆ ਹੈ ਇੰਜ ਹੀ ਭਾਵੇ ਭਾਈ ਹਵਾਰਾ, ਤਾਰਾ , ਭਿਓਰਾ ਜਾਂ ਕੋਈ ਹੋਰ ਹੋਵੇ ਇਹ ਸਭ ਸਿੱਖ ਕੌਮ ਦੇ ਪਰਵਾਨੇ ਹਨ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top