Share on Facebook

Main News Page

ਚੜ੍ਹ ਜਾ ਬੋਤੇ ਤੇ, ਮੰਨ ਲੈ ਭੌਰ ਦੀ ਆਖੀ
-: ਨਿਰਮਲ ਸਿੰਘ ਕੰਧਾਲਵੀ

ਦਿੱਲੀ ਦੀਆਂ ਚੋਣਾਂ ਵਿਚ ਭਾਰਤ ਤਾਂ ਕੀ ਦੁਨੀਆਂ ਦਾ ਇਤਿਹਾਸ ਕੇਜਰੀਵਾਲ ਦੀ ਆਪ ਪਾਰਟੀ ਨੇ ਬਦਲ ਕੇ ਰੱਖ ਦਿੱਤਾ। ਅਜੇ ਇਕ ਸਾਲ ਪਹਿਲਾਂ ਹੀ ਕੇਜਰੀਵਾਲ ਨੇ ਦਿੱਲੀ ਦੀ ਗੱਦੀ ਛੱਡ ਕੇ ਮੋਦੀ ਨੂੰ ਲੋਕ ਸਭਾ ਦੀਆਂ ਚੋਣਾਂ ਚ ਲਲਕਾਰਾ ਮਾਰ ਦਿਤਾ ਸੀ ਪਰ ਬੁਰੀ ਤਰ੍ਹਾਂ ਹਾਰਿਆ। ਪੰਜਾਬੀਆਂ ਨੇ ਆਪ ਪਾਰਟੀ ਦੀ ਲਾਜ ਰੱਖੀ ਨਹੀਂ ਤਾਂ ਬਿਲਕੁਲ ਹੀ ਸਫ਼ਾਂ ਗੋਲ਼ ਹੋ ਗਈਆਂ ਸਨ, ਉਧਰ ਦਿੱਲੀ ਦੇ ਲੋਕ ਅਲੱਗ ਦੁਖੀ ਹੋ ਗਏ ਕਿ ਜਿਹੜੇ ਵਿਅਕਤੀ ਨੇ ਉਹਨਾਂ ਦੇ ਦੁੱਖ ਹਰਨ ਦਾ ਪ੍ਰਣ ਕੀਤਾ ਸੀ, ਉਹ ਉਹਨਾਂ ਨੂੰ ਮੰਝਧਾਰ ਚ ਛੱਡ ਕੇ ਚਲਿਆ ਗਿਆ ਸੀ।ਲੋਕ ਸਭਾ ਦੀਆਂ ਚੋਣਾਂ ਚ ਭਾਜਪਾ ਤੇ ਕਾਂਗਰਸ ਨੇ ਇਸੇ ਗੱਲ ਨੂੰ ਆਧਾਰ ਬਣਾ ਕੇ ਕੇਜਰੀਵਾਲ ਨੂੰ ਭੰਡਿਆ ਵੀ।

ਕੇਜਰੀਵਾਲ਼ ਨੂੰ ਵੀ ਇਸ ਗੱਲ ਦੀ ਸਮਝ ਆ ਚੁਕੀ ਸੀ ਕਿ ਲੋਕ ਸਭਾ ਦੀਆਂ ਚੋਣਾਂ ਚ ਕੁੱਦਣਾ ਕੋਈ ਸਿਆਣਪ ਨਹੀਂ ਸੀ ਕਿਉਂਕਿ ਅਜੇ ਪਾਰਟੀ ਦਾ ਕੋਈ ਕੌਮੀ ਵਜੂਦ ਨਹੀਂ ਸੀ। ਹੁਣ ਦਿੱਲੀ ਦੀਆਂ ਚੋਣਾਂ ਵੇਲੇ ਕੇਜਰੀਵਾਲ਼ ਨੇ ਲੋਕਾਂ ਕੋਲੋਂ ਦਿਲ ਤੋਂ ਇਸ ਗ਼ਲਤੀ ਦੀ ਮੁਆਫ਼ੀ ਮੰਗੀ ਤੇ ਲੋਕਾਂ ਨੇ ਮੁਆਫ਼ ਵੀ ਕਰ ਦਿਤਾ, ਵੈਸੇ ਵੀ ਲੋਕ ਉਸ ਦੀ ਸਾਫ਼ਗੋਈ ਦਾ ਸਿੱਕਾ ਮੰਨਦੇ ਹਨ। ਉਧਰ ਭਾਜਪਾ ਦਾ ਅਜੇ ਤੱਕ ਲੋਕ ਸਭਾ ਚ ਬਹੁ ਸੰਮਤੀ ਮਿਲਣ ਦਾ ਨਸ਼ਾ ਹੀ ਨਹੀਂ ਸੀ ਉਤਰਿਆ। ਜਿਵੇਂ ਸਿੰਘ ਦਿੱਲੀ ਨੂੰ ਬਿੱਲੀ ਮਾਰਨਾ ਕਹਿ ਕੇ ਕਈ ਵਾਰੀ ਛੱਡ ਕੇ ਪੰਜਾਬ ਨੂੰ ਵਾਪਿਸ ਆ ਜਾਂਦੇ ਸਨ, ਉਸੇ ਤਰ੍ਹਾਂ ਭਾਜਪਾ ਦਿੱਲੀ ਦੀ ਚੋਣ ਨੂੰ ਤਾਂ ਇਉਂ ਸਮਝਦੀ ਸੀ, ਜਿਵੇਂ ਦਿੱਲੀ ਦੀ ਜਿੱਤ ਉਹਨਾਂ ਦੀ ਜੇਬ ਵਿਚ ਪਾਈ ਹੋਵੇ, ਪਰ ਫੇਰ ਵੀ ਕੇਜਰੀਵਾਲ਼ ਨੂੰ ਠਿੱਬੀ ਮਾਰਨ ਲਈ ਉਹਨਾਂ ਨੇ ਆਪ ਪਾਰਟੀ ਵਿਚ ਸੰਨ੍ਹ ਲਗਾਈ। ਪਹਿਲਾਂ ਬਿੰਨੀ, ਫੇਰ ਸ਼ਾਜ਼ੀਆ ਇਲਮੀ, ਤੇ ਫਿਰ ਕਿਰਨ ਬੇਦੀ ਨੂੰ ਹਾਈਜੈਕ ਕੀਤਾ। ਕਿਰਨ ਬੇਦੀ ਨੂੰ ਤਾਂ ਸਿੱਧੀ ਮੁੱਖ ਮੰਤਰੀ ਦੀ ਕੁਰਸੀ ਹੀ ਪੇਸ਼ ਕਰ ਦਿਤੀ ਤੇ ਜੋ ਹਾਲ ਉਸ ਵਿਚਾਰੀ ਦਾ ਹੋਇਆ ਉਹ ਸਾਰੇ ਜਾਣਦੇ ਹਨ।

ਭਾਜਪਾ ਹੁਣ ਮੰਨ ਰਹੀ ਕਿ ਕਿਰਨ ਬੇਦੀ ਨੂੰ ਲਿਆਉਣਾ ਗ਼ਲਤ ਸੀ, ਜੇ ਲਿਆਉਣਾ ਸੀ ਤਾਂ ਬਹੁਤ ਪਹਿਲਾਂ ਲਿਆਇਆ ਜਾਂਦਾ। ਉਧਰ ਕਿਰਨ ਬੇਦੀ ਮੁਆਫ਼ੀਆਂ ਮੰਗੀ ਜਾਂਦੀ ਐ ਤੇ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਜਾਂਦੀ ਐ। ਸਾਡੀ ਜਾਚੇ ਕਿਰਨ ਬੇਦੀ ਨੂੰ ਮੁਆਫ਼ੀ ਮੰਗਣ ਦੀ ਕੋਈ ਲੋੜ ਨਹੀਂ। ਇਹ ਭਾਜਪਾ ਦੀ ਕੋਈ ਅੰਦਰੂਨੀ ਪਾਲਿਸੀ ਸੀ। ਸ਼ਾਇਦ ਉਹਨਾਂ ਨੂੰ ਹਾਰ ਭਾਸਣ ਲੱਗ ਪਈ ਸੀ ਅਤੇ ਉਹਨੀਂ ਇਹ ਸੋਚਿਆ ਹੋਵੇ ਕਿ ਪਾਰਟੀ ਦੀ ਹਾਰ ਦੀ ਸੂਰਤ ਵਿਚ ਕਿਸੇ ਹੋਰ ਸਿਰ ਇਸ ਦਾ ਭਾਂਡਾ ਭੰਨਿਆ ਜਾ ਸਕੇ। ਕਿਰਨ ਬੀਬੀ ਭੋਲੀਆਂ ਗੱਲਾਂ ਕਰਦੀ ਐ। ਅਸਲ ਵਿਚ ਉਹ ਘਾਗ ਸਿਆਸਤਦਾਨਾਂ ਦੇ ਅੜਿੱਕੇ ਚੜ੍ਹ ਗਈ। ਸ਼ਾਇਦ ਮਿਲਣ ਵਾਲ਼ੀ ਤਾਕਤ ਦੇ ਨਸ਼ੇ ਨੇ ਉਸ ਨੂੰ ਬਾਕੀ ਸਭ ਕੁਝ ਭੁਲਾ ਦਿਤਾ ਹੋਵੇ। ਇਸ ਤਾਕਤ ਦੇ ਨਸ਼ੇ ਲਈ ਤਾਂ ਸਿਅਸਤਦਾਨ ਲਾਸ਼ਾਂ ਤੇ ਕੁਰਸੀ ਡਾਹ ਲੈਂਦੇ ਹਨ। ਦੁਨੀਆਂ ਦਾ ਇਤਿਹਾਸ ਇਸ ਦਾ ਗਵਾਹ ਹੈ।

ਦੂਰ ਜਾਣ ਦੀ ਲੋੜ ਨਹੀਂ ਆਪਣੇ ਆਲ਼ੇ-ਦੁਆਲ਼ੇ ਹੀ ਨਜ਼ਰ ਮਾਰ ਕੇ ਦੇਖ ਲਉ। ਵੈਸੇ ਵੀ ਪਾਰਟੀ ਚ ਪੰਦਰਾਂ ਦਿਨ ਪਹਿਲਾਂ ਹੀ ਆਏ ਵਰਕਰ ਨੂੰ ਭਾਵੀ ਮੁੱਖ ਮੰਤਰੀ ਦੇ ਅਹੁੱਦੇਦਾਰ ਦੇ ਤੌਰ ਤੇ ਚੋਣ ਲੜਾਉਣਾ ਇਕ ਬੜੀ ਅਚੰਭੇ ਵਾਲ਼ੀ ਗੱਲ ਸੀ। ਕਿਰਨ ਬੀਬੀ ਇਹ ਸਮਝਣ ਵਿਚ ਵੀ ਨਾਕਾਮ ਰਹੀ ਕਿ ਭਾਜਪਾ ਆਪਣੇ ਧਨੰਤਰ ਸਿਆਸਤਦਾਨਾਂ, ਡਾਕਟਰ ਹਰਸ਼ ਵਰਧਨ ਵਰਗਿਆਂ ਨੂੰ ਛੱਡ ਕੇ ਉਸ ਤੇ ਹੀ ਕਿਉਂ ਮਿਹਰਬਾਨ ਹੋ ਰਹੀ ਹੈ? ਬੀਬੀ ਇਹ ਸੋਚਣ ਵਿਚ ਵੀ ਫੇਹਲ ਹੋ ਗਈ ਕਿ ਉਹਦਾ ਪੁਲਿਸ ਦਾ 40 ਸਾਲ ਦਾ ਤਜਰਬਾ ਸਿਆਸਤ ਦੇ ਤਜਰਬਿਆਂ ਸਾਹਮਣੇ ਕੁਝ ਵੀ ਨਹੀਂ। ਵੈਸੇ ਵੀ ਇਹ ਕੁਦਰਤੀ ਹੈ ਕਿ ਜਿਸ ਪਾਰਟੀ ਚ ਵਰਕਰ ਚਾਲੀ ਚਾਲੀ ਸਾਲ ਤੋਂ ਕੰਮ ਕਰ ਰਹੇ ਹੋਣ, ਉਹਨਾਂ ਨੂੰ ਇਕ ਪਾਸੇ ਕਰ ਕੇ ਰਾਤੋ ਰਾਤ ਕਿਸੇ ਹੋਰ ਪਾਰਟੀ ਚੋਂ ਬੰਦਾ ਲਿਆ ਕੇ ਫਿਟ ਕਰ ਦਿਤਾ ਜਾਵੇ ਤੇ ਉਹ ਵੀ ਭਾਵੀ ਮੁੱਖ ਮੰਤਰੀ ਦੇ ਤੌਰ ਤੇ ਤਾਂ ਉਹਨਾਂ ਵਰਕਰਾਂ ਦੇ ਮਨਾ ਤੇ ਕੀ ਬੀਤੇਗੀ? ਨਾ ਬੀਬੀ ਨੇ ਸੋਚਿਆ ਨਾ ਉਸਨੂੰ ਕਿਸੇ ਨੇ ਦੱਸਿਆ। ਸ਼ਾਇਦ ਦਸਿਆ ਵੀ ਹੋਵੇ ਤਾਂ ਉਹਨੇ ਪਰਵਾਹ ਹੀ ਨਾ ਕੀਤੀ ਹੋਵੇ। ਜਿਸ ਲੋਕ ਪਾਲ ਨੂੰ ਬਣਾਉਣ ਲਈ ਬੀਬੀ ਅੰਨਾ ਹਜ਼ਾਰੇ ਨਾਲ਼ ਝੰਡਾ ਚੁੱਕਦੀ ਹੁੰਦੀ ਸੀ, ਉਸੇ ਲੋਕ ਪਾਲ ਦੇ ਵਿਰੁੱਧ ਹੀ ਬੋਲਣ ਲੱਗ ਪਈ ਕਿ ਹੁਣ ਉਸ ਦੀ ਕੋਈ ਲੋੜ ਨਹੀਂ ਕਿਉਂਕਿ ਹੁਣ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਹੈ। ਲੋਕਾਂ ਨੂੰ ਬੀਬੀ ਦਾ ਇਹ ਮੰਤਕ ਸਮਝ ਨਹੀਂ ਆਇਆ ਮੋਦੀ, ਕਾਰਪੋਰੇਟ ਘਰਾਣਿਆਂ ਦਾ ਹੱਥਠੋਕਾ, ਲੋਕਪਾਲ ਕਿਵੇਂ ਬਣ ਜਾਊ?

ਭਾਜਪਾ ਦੇ ਦਿੱਲੀ ਚੋਣ ਹਾਰਨ ਦੇ ਹੋਰ ਬਹੁਤ ਕਾਰਨ ਹਨ, ਪਰ ਉਹ ਠੀਕਰਾ ਬੀਬੀ ਸਿਰ ਭੰਨਣਾ ਚਾਹੁੰਦੀ ਹੈ। ਅਸੀਂ ਇਕ ਦੋ ਕਾਰਨਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗੇ।ਕੀ ਮੋਦੀ ਨੂੰ ਕੇਜਰੀਵਾਲ ਦੇ ਖ਼ਿਲਾਫ਼ ਬੋਲਣ ਲਈ ਇਤਨੇ ਨੀਵੇਂ ਪੱਧਰ ਤੇ ਆਉਣਾ ਚਾਹੀਦਾ ਸੀ? ਕੀ ਮੋਦੀ ਦਾ ਦਸ ਲੱਖਾ ਸੂਟ ਵੀ ਭਾਜਪਾ ਦੀ ਹਾਰ ਲਈ ਜ਼ਿੰਮੇਚਾਰ ਨਹੀਂ? ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਅਮਿਤ ਸ਼ਾਹ ਦਾ ਇਹ ਬਿਆਨ ਕਿ ਲੋਕ ਸਭਾ ਚੋਣਾਂ ਦੌਰਾਨ ਕਾਲ਼ੇ ਧਨ ਚੋਂ ਦੇਸ਼ ਦੇ ਲੋਕਾਂ ਨੂੰ 15-15 ਲੱਖ ਰੁਪਇਆ ਦੇਣ ਦਾ ਵਾਅਦਾ ਤਾਂ ਚੋਣ ਪ੍ਰਚਾਰ ਦਾ ਇਕ ਜੁਮਲਾ ਸੀ। ਕੀ ਇਹ ਦੇਸ਼ ਦੇ ਲੋਕਾਂ ਨਾਲ਼ ਕੋਝਾ ਮਜ਼ਾਕ ਨਹੀਂ ਸੀ? ਸਿਆਸਤ ਨੂੰ ਸਮਝਣ ਵਾਲ਼ੇ ਲੋਕ ਤਾਂ ਉਦੋਂ ਵੀ ਇਹੋ ਕਹਿੰਦੇ ਸਨ ਇਹ ਸਾਰੇ ਚੋਣ ਸਟੰਟ ਹਨ, ਪਰ ਉਹਨਾਂ ਕਰੋੜਾਂ ਲੋਕਾਂ ਨੂੰ ਭਾਜਪਾ ਨੇ ਬੇਵਕੂਫ਼ ਨਹੀਂ ਬਣਾਇਆ ਜਿਹਨਾਂ ਨੂੰ ਸੌ ਦਿਨਾਂ ਚ ਲੱਖਪਤੀ ਬਣਾਉਣ ਦੇ ਸਬਜ਼ ਬਾਗ਼ ਭਾਜਪਾ ਨੇ ਦਿਖਾਏ?

ਬੀਬੀ, ਸਾਨੂੰ ਪਤੈ ਤੇਰੇ ਚ ਸੇਵਾ ਦਾ ਜਜ਼ਬਾ ਹੈਗਾ। ਜੋ ਦਿੱਲੀ ਚ ਹੋਇਆ ਭੁੱਲ ਜਾ ਉਹਨੂੰ। ਘਰ ਵਾਪਿਸੀ ਕਰ ਲੈ। ਤੂੰ ਦੇਖ ਹੀ ਲਿਐ ਕਿ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਸਰਕਾਰ ਨੇ ਆਰਡੀਨੈਂਸ ਰਾਹੀਂ ਹੀ ਰਾਹ ਮੋਕਲਾ ਕਰ ਲਿਐ। ਅੱਛੇ ਦਿਨਾਂ ਦੇ ਝੁਰਲੂ ਪਿੱਛੇ ਕਰੋੜਾਂ ਲੋਕਾਂ ਦੀਆਂ ਬਰਬਾਦੀਆਂ ਲੁਕੀਆਂ ਪਈਆਂ ਹਨ। ਘੱਟ ਗਿਣਤੀਆਂ ਧਮਕੀਆਂ ਭਰੇ ਮਾਹੌਲ ਚ ਜੀਣ ਲਈ ਮਜਬੂਰ ਹਨ। ਉਹ ਵਿਚਾਰ ਡਰਦੇ ਹੀ ਸ਼ਿਵ ਜੀ ਨੂੰ ਮੁਸਲਮਾਨਾਂ ਦਾ ਪੈਗੰਬਰ ਮੰਨਣ ਲੱਗ ਪਏ ਹਨ। ਅੰਨਾ ਹਜ਼ਾਰੇ ਨੇ ਫੇਰ ਝੰਡਾ ਚੁੱਕ ਲਿਐ। ਅਸੀਂ ਨਹੀਂ ਕਹਿੰਦੇ ਕਿ ਤੂੰ ਕੇਜਰੀਵਾਲ ਦੀ ਪਾਰਟੀ ਚ ਸ਼ਾਮਲ ਹੋ, ਪਰ ਜੇ ਲੋਕਾਂ ਦੀ ਸੱਚੀ ਹਮਦਰਦ ਬਣਨੈ ਤਾਂ ਉਸ ਬਜ਼ੁਰਗ਼ ਨੂੰ ਇਕ ਵਾਰੀ ਫੇਰ ਆਸਰਾ ਦੇਹ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top