Share on Facebook

Main News Page

ਹਥਿਆਬੰਦ ਸੰਘਰਸ਼ ਦੀ ਲੋੜ ਤੇ ਅਹਿਸਾਸ ਦਾ ਪਵਿੱਤਰ ਉਦਘਾਟਨ
-: ਕਰਮਜੀਤ ਸਿੰਘ

ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਦਾ ਦੌਰ ਅਸਲ ਵਿਚ 1978 ਦੀ ਵਿਸਾਖੀ ਤੋਂ ਆਰੰਭ ਹੁੰਦਾ ਹੈ, ਜਿਸ ਵਿਚ ਨਿਰੰਕਾਰੀਆਂ ਨੇ ਪੁਰਅਮਨ ਰੋਸ ਪ੍ਰਗਟ ਕਰ ਰਹੇ ਸਿੱਖਾਂ ਉਤੇ ਗੋਲੀਆਂ ਦਾ ਮੀਂਹ ਵਰ੍ਹਾ ਕੇ ੧੩ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਭਾਵੇਂ ਇਤਿਹਾਸਕ ਤੌਰ ਤੇ ਖਾਲਿਸਤਾਨ ਦਾ ਐਲਾਨਨਾਮਾ ੨੯ ਅਪ੍ਰੈਲ ੧੯੮੬ ਨੂੰ ਹੋਇਆ, ਪਰ ਇਸ ਅਟੁੱਟ ਤਾਂਘ ਤੇ ਤਮੰਨਾ ਦੇ ਬੀਜ ਉਦੋਂ ਹੀ ਬੀਜ ਦਿੱਤੇ ਗਏ ਜਦੋਂ ਗੁਪਤ ਰੂਪ ਵਿਚ ਬੱਬਰ ਖਾਲਸਾ ਅਤੇ ਦਸ਼ਮੇਸ਼ ਰਜਮੈਂਟ ਵਰਗੀਆਂ ਜੁਝਾਰੂ ਜਥੇਬੰਦੀਆਂ ਨੇ ਹਥਿਆਰਬੰਦ ਸੰਘਰਸ਼ ਦਾ ਉਦਘਾਟਨ ਕਰ ਦਿੱਤਾ। ਸੰਤ ਜਰਨੈਲ ਸਿੰਘ ਨੇ ਸੰਘਰਸ਼ ਦੇ ਇਸ ਰੂਪ ਨੂੰ ਸਪੱਸ਼ਟ ਹੋ ਕੇ ਅਤੇ ਖੁੱਲ੍ਹ ਕੇ ਜੀ ਆਇਆਂ ਆਖਿਆ। ਸਿਰਫ਼ ਗੱਲੀਂ ਬਾਤੀਂ ਸਵਾਗਤ ਹੀ ਨਹੀਂ ਕੀਤਾ, ਸਗੋਂ ਇਹੋ ਜਿਹੇ ਸੰਘਰਸ਼ ਦੀ ਇਤਿਹਾਸਕ ਲੋੜ ਤੇ ਅਹਿਸਾਸ ਨੂੰ ਖਾਲਸਾ ਪੰਥ ਦੀ ਮਾਨਸਿਕਤਾ ਦਾ ਹਿੱਸਾ ਬਣਾ ਦਿੱਤਾ।

ਸੁਚੇਤ ਰੂਪ ਵਿਚ ਇਉਂ ਲਗਦਾ ਸੀ ਕਿ ਜਿਵੇਂ ਕੋਈ ਬਦਲਾ ਲੈਣ ਦੀ ਕਹਾਣੀ ਸ਼ੁਰੂ ਹੋ ਰਹੀ ਹੈ, ਪਰ ਅਚੇਤ ਰੂਪ ਵਿਚ ਇਹ ਜਾਪਦਾ ਸੀ ਜਿਵੇਂ ਆਪਣਾ ਘਰ ਬਣਾਉਣ ਦੀ ਤਾਂਘ, ਉਮੰਗ ਅਤੇ ਸੱਧਰਾਂ ਪੂਰੀਆਂ ਕਰਨ ਦਾ ਇਹ ਅੰਮ੍ਰਿਤ ਵੇਲਾ ਹੈ। ਮਨੋਵਿਗਿਆਨ ਵਿਚ ਡੂੰਘੀ ਦਿਲਚਸਪੀ ਰੱਖਣ ਵਾਲੀਆਂ ਨਿਗਾਹਾਂ ਇਸ ਮਾਜਰੇ ਨੂੰ ਚੰਗੀ ਤਰ੍ਹਾਂ ਸਮਝ ਸਕਦੀਆਂ ਹਨ। ਉਪਰੋਂ ਉਪਰੋਂ ਸਭ ਚੀਜ਼ਾਂ ਘਟਨਾਵਾਂ ਅਤੇ ਵਰਤਾਰੇ ਸਾਧਾਰਨ ਵਾਂਗ ਹੀ ਵਿਚਰ ਰਹੇ ਪ੍ਰਤੀਤ ਹੁੰਦੇ ਹਨ, ਪਰ ਇਸ ਪਰਤ ਦੇ ਹੇਠਾਂ ਉਸਲਵੱਟੇ ਲੈ ਰਹੇ ਤੂਫ਼ਾਨ ਦੀਆਂ ਲਹਿਰਾਂ ਦੇ ਸ਼ੋਰ ਦੀ ਹਰ ਪਰਤ ਨੂੰ ਦੇਖਣ ਲਈ ਇਤਿਹਾਸਕ ਨੀਝ ਅਤੇ ਵਿਸ਼ਾਲ ਅਨੁਭਵ ਨੂੰ ਕਮਾਉਣਾ ਪੈਂਦਾ ਹੈ।

ਇਸ ਲਈ ਖਾਲਿਸਤਾਨ ਦੇ ਪਹਿਲੇ ਦੌਰ ਦੇ ਨਾਇਕ ਸੰਤ ਜਰਨੈਲ ਸਿੰਘ ਹਨ ਜਿਨ੍ਹਾਂ ਨੇ ਖਾਲਸਾ ਪੰਥ ਦੇ ਰਾਜਨੀਤਕ ਜਿਸਮ ਨੂੰ ਰੌਣਕਾਂ ਨਾਲ ਭਰ ਦਿੱਤਾ। ਇੰਜ ੧੯੭੮ ਦੀ ਵਿਸਾਖੀ ਇਹੋ ਜਿਹੀ ਘਟਨਾ ਸੀ ਜਿਸ ਨੇ ਸਿੱਖ ਕੌਮ ਦੇ ਵਿਕਾਸ ਦੀ ਸਾਧਾਰਨ ਰਫਤਾਰ ਨੂੰ ਅਚਾਨਕ ਇਕ ਵੱਡਾ ਝਟਕਾ ਦੇ ਕੇ ਉਸ ਨੂੰ ਨਵੇਂ ਪੜਾਵਾਂ ਵਿਚ ਦਾਖ਼ਲ ਕਰ ਦਿੱਤਾ। ਇਹ ਸਾਕਾ ਕੁਝ ਇਹੋ ਜਿਹੀ ਘਟਨਾ ਹੋ ਨਿਬੜਿਆ ਜੋ ਬੀਤ ਚੁੱਕੇ ਅਤੇ ਭਵਿੱਖ ਦੇ ਵਿਚਕਾਰ ਇਕ ਅਹਿਮ ਕੜੀ ਬਣ ਗਿਆ। ਇਹ ਘਟਨਾ ਜ਼ਿੰਦਗੀ ਦੇ ਤਮਾਮ ਰਿਸ਼ਤਿਆਂ ਵਿਚ ਇਕ ਵੱਡੀ ਹਿਲਜੁਲ ਦਾ ਪੈਗਾਮ ਲੈ ਕੇ ਆਈ। ਇਸ ਤੋਂ ਪਿਛੋਂ ਜੀਵਨ ਉਹ ਨਹੀਂ ਸੀ ਰਿਹਾ ਜੋ ਪਹਿਲਾਂ ਸੀ। ਇਸ ਬਿੰਦੂ ਤੇ ਖਲੋ ਕੇ ਆਉਣ ਵਾਲੇ ਕੱਲ੍ਹ ਵਿਚ ਲੁਕੀਆਂ ਸੰਭਾਵਨਾਵਾਂ ਨੂੰ ਵੇਖਣ ਲਈ ਉਸ ਨਜ਼ਰੀਏ, ਉਸ ਦ੍ਰਿਸ਼ਟੀਕੋਣ ਦੀ ਲੋੜ ਹੈ ਜਿਸ ਨੂੰ ਗੁਰਬਾਣੀ ਵਿਚ ਗਗਨਪੁਰੀ ਦ੍ਰਿਸ਼ਟੀ ਕਿਹਾ ਗਿਆ ਹੈ ਜਾਂ ਖਾਲਸਾ ਪੰਥ ਦੇ ਵਿਹੜੇ ਵਿਚ ਇਸ ਨੂੰ "ਦਿਬਦ੍ਰਿਸ਼ਟੀ" ਕਿਹਾ ਜਾਂਦਾ ਹੈ ਅਤੇ ਸਾਹਿਤਕ ਸੱਭਿਆਚਾਰਕ ਮੁਹਾਵਰੇ ਵਿਚ "ਬਾਜ਼ ਅੱਖ" ਨਾਲ ਯਾਦ ਕੀਤਾ ਜਾਂਦਾ ਹੈ।

ਇਕ ਹੋਰ ਹਕੀਕਤ ਨੂੰ ਦਿਲਾਂ ਵਿਚ ਪੱਕੀ ਥਾਂ ਦੇਣੀ ਚਾਹੀਦੀ ਹੈ, ਉਹ ਅਟੱਲ ਸੱਚਾਈ ਇਹ ਹੈ ਕਿ ਸਿੱਖਾਂ ਦੀ ਕਿਸੇ ਵੀ ਰਾਜਸੀ ਪਾਰਟੀ ਨੂੰ ਖਾਲਿਸਤਾਨ ਦੀ ਲੋੜ ਨਹੀਂ ਸੀ। ਲੋੜ ਤਾਂ ਛੱਡੋ, ਉਹ ਇਸ ਰਸਤੇ ਵਿਚ ਸਭ ਤੋਂ ਵੱਡੀ ਰੁਕਾਵਟ ਬਣੇ ਹੋਏ ਸਨ। ਉਹ ਧਰਮ ਯੁੱਧ ਨੂੰ ਕਿਸੇ ਕਮਜੋਰ, ਮਰੀਅਲ ਅਤੇ ਨਮੋਸ਼ੀ ਭਰੇ ਸਮਝੌਤੇ ਰਾਹੀਂ ਇਸ ਸੰਘਰਸ਼ ਤੋਂ ਖਹਿੜਾ ਛੁਡਾਉਣ ਲਈ ਉਤਾਵਲੇ ਸਨ, ਜਿਵੇਂ ਕਿ ਉਹ ਬੀਤੇ ਵਿਚ ਏਸੇ ਤਰ੍ਹਾਂ ਹੀ ਕਰਦੇ ਆ ਰਹੇ ਸਨ। ਪਰ ਸੰਤ ਜਰਨੈਲ ਸਿੰਘ ਦੀ ਨਿਰਭਉ ਤੇ ਨਿਰਵੈਰ ਤਲਵਾਰ, ਉਨ੍ਹਾਂ ਦੇ ਸਿਰਾਂ ਤੇ ਲਗਾਤਾਰ ਲਟਕ ਰਹੀ ਸੀ। ਸੰਤ ਜਰਨੈਲ ਸਿੰਘ ਨੂੰ ਹੀ ਪਤਾ ਸੀ ਕਿ ਇਹ ਅਕਾਲੀ ਸੰਗਤਾਂ ਦੇ ਸ਼ੰਕਿਆਂ ਦਾ ਜਵਾਬ ਤਾਂ ਦਿੰਦੇ ਹਨ, ਪਰ ਅਰਥ ਗੋਲ ਮੋਲ ਰੱਖਦੇ ਹਨ। ਇਸ ਲਈ ਇਸ ਵਾਰ ਬੇਅਸੂਲੇ ਸਮਝੌਤਿਆਂ ਦੀਆਂ ਮੌਜਾਂ ਵਿਚ ਮੌਕਾਪ੍ਰਸਤ ਆਗੂਆਂ ਦੀ ਝੋਲੀ ਵਿਚ ਹੁਣ ਪੈਣੀਆਂ ਮੁਸ਼ਕਲ ਵੀ ਸਨ ਤੇ ਅਸੰਭਵ ਵੀ ਅਤੇ ਹੋਇਆ ਵੀ ਇਉਂ ਹੀ। ਸਿੱਖ ਪੰਥ ਦੇ ਨਿਰਾਲੇ ਇਤਿਹਾਸ ਵਿਚ ਇਹੋ ਜਿਹੀ ਸ਼ਗਨਾਂ ਭਰੀ ਸਵੇਰ ਪਹਿਲਾਂ ਸ਼ਾਇਦ ਹੀ ਕਿਤੇ ਵੇਖੀ ਗਈ ਹੋਵੇ। ਸੰਤ ਜਰਨੈਲ ਸਿੰਘ ਨੂੰ ਇਹੋ ਜਿਹੇ ਆਗੂ ਨਹੀਂ ਸੀ ਚੰਗੇ ਲਗਦੇ, ਜਿਨ੍ਹਾਂ ਦੀ ਜੁਬਾਨ ਤੇ ਦਿਲ ਦਾ ਮੇਲ ਨਹੀਂ ਸੀ।

ਇਕ ਹੋਰ ਯਾਦ ਰੱਖਣ ਵਾਲੀ ਸਾਚੀ ਸਾਖੀ, ਇਹ ਸੀ ਕਿ ੧੯੭੮ ਦੀ ਵਿਸਾਖੀ ਵਾਲੇ ਦਿਨ ਧਰਮ ਦੀ ਰਾਖੀ ਲਈ ਸ਼ਹੀਦ ਹੋਣ ਵਾਲਿਆਂ ਵਿਚ ਇਕ ਵੀ ਅਕਾਲੀ ਨਹੀਂ ਸੀ। ਇਥੋਂ ਤੱਥ ਕਿ ਉਹ ਨਿਰੰਕਾਰੀਆਂ ਵਿਰੁੱਧ ਰੋਸ ਵਿਖਾਵੇ ਵਿਚ ਵੀ ਸ਼ਾਮਲ ਨਹੀਂ ਹੋਏ। ਇਸ ਲਈ ਰਾਜਨੀਤਕ ਇਤਿਹਾਸ ਨੂੰ ਨਵੇਂ ਰਾਹਾਂ ਤੇ ਤੋਰਨ ਵਾਲੇ ਸ਼ਹੀਦ ਯੋਧੇ ਗੈਰ ਰਾਜਨੀਤਕ ਸੰਸਥਾਵਾਂ ਨਾਲ ਹੀ ਸਬੰਧ ਰੱਖਦੇ ਸਨ। ਦੂਜੇ ਸ਼ਬਦਾਂ ਵਿਚ ਉਹ ਖਾਲਸ ਰਾਜਨੀਤੀ ਦਾ ਨਿਸ਼ਾਨ ਸਾਹਿਬ ਪੰਜਾਬ ਦੀ ਸਰਜ਼ਮੀਨ ਤੇ ਗੱਡ ਰਹੇ ਸਨ, ਜਦ ਕਿ ਗੈਰਅਸੂਲੀ ਰਾਜਨੀਤੀ ਦੀ ਰਵਾਇਤ ਨੂੰ ਤੋਰਨ ਵਾਲੀ ਅਕਾਲੀ ਲੀਡਰਸ਼ਿਪ ਗੂਹੜੇ ਲਾਲਚਾਂ ਦੀ ਪੈਰੋਕਾਰ ਬਣ ਗਈ ਸੀ ਅਤੇ ਹਾਲਤ ਅੱਜ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਟੀ ਐਸ ਇਲੀਅਟ ਦੀ ਲੰਮੀ ਕਵਿਤਾ ਬੰਜਰ ਧਰਤੀ (ਵੇਸਟ ਲੈਂਡ) ਵਾਂਗ ਇਨ੍ਹਾਂ ਦੀ ਆਤਮਾ ਦੇ ਨਿਘਾਰ ਨੇ ਸਭ ਹੱਦਾਂ ਬੰਨ੍ਹੇ ਪਾਰ ਕਰਨ ਦਾ ਪ੍ਰਣ ਕੀਤਾ ਹੋਇਆ ਹੈ।

ਇਹ ਨਜ਼ਰੀਆ ਸਾਨੂੰ ਇਹ ਰਾਜਨੀਤਕ ਸਲਾਹਾਂ ਦੇ ਰਿਹਾ ਹੈ ਕਿ ਅਸੀਂ ਆਪਣੀ ਪਛਾਣ ਨੂੰ ਹਾਊਮੈਗ੍ਰਸੀ ਅਤੇ ਅਹੰਕਾਰ ਵਿਚ ਲਥਪਥ ਕਿਸੇ ਵੱਡੀ ਪਛਾਣ ਦੇ ਅਧੀਨ ਕਰਕੇ ਇਤਿਹਾਸ ਵਿਚ ਅੱਗੇ ਵਧੀਏ। ਇਹ ਨਜ਼ਰੀਆ ਅਤੇ ਇਸ ਨਾਲ ਜੁੜੀਆਂ ਮੌਕਾਪ੍ਰਸਤ ਤਾਕਤਾਂ ਅਤੇ ਲੋਕ ਆਖ਼ਦੇ ਹਨ ਕਿ ਹਵਾਵਾਂ ਦਾ ਰੁਖ ਬਦਲ ਗਿਆ ਹੈ ਅਤੇ ਸਾਨੂੰ ਬਦਲੇ ਹੋਏ ਹਾਲਾਤ ਵਿਚ ਝੂਠੀ ਦੁਨਿਆਵੀ ਸ਼ਾਨ ਦੇ ਵੱਡੇ ਬੋਹੜ ਦੀ ਛਾਂ ਹੇਠ ਪਲਣਾ ਤੇ ਜਵਾਨ ਹੋਣਾ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਪਰ ਜੁਝਾਰੂ ਜਥੇਬੰਦੀਆਂ ਨੇ ਇਸ ਬੁਜ਼ਦਿਲ ਦ੍ਰਿਸ਼ਟੀ ਨੂੰ ਦ੍ਰਿੜਤਾ ਨਾਲ ਰੱਦ ਕਰ ਦਿੱਤਾ ਹੈ। ਸੰਤ ਜਰਨੈਲ ਸਿੰਘ ਨੇ ਇਸ ਇਤਿਹਾਸਕ ਦ੍ਰਿੜਤਾ ਅਤੇ ਸਿਦਕਦਿਲੀ ਨੂੰ ਠੰਢੀ ਮਿੱਠੀ ਛਾਂ ਬਖਸ਼ਿਸ਼ ਕੀਤੀ, ਕਿਉਂਕਿ ਦਸਮੇਸ਼ ਪਿਤਾ ਵੱਲੋਂ ਦਿੱਤੇ ਆਦੇਸ਼ਾਂ ਅਤੇ ਉਪਦੇਸ਼ਾਂ ਅਨੁਸਾਰ ਸਭ ਹੀਲੇ ਵਸੀਲੇ ਅਸਫ਼ਲ ਹੋ ਜਾਣ ਪਿਛੋਂ ਹੀ ਇਸ ਪਾਵਨ ਪਵਿੱਤਰ ਮਾਰਗ ਦੀ ਸੁਚੱਜੀ ਚੋਣ ਕੀਤੀ ਗਈ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top