Share on Facebook

Main News Page

ਸਿੱਖ ਬੰਦੀਆਂ ਦੀ ਰਿਹਾਈ ਤੇ ਸ.ਬਾਦਲ ਨੇ ਘਰ ਵਾਪਸੀ ਦਾ ਇੱਕ ਆਖਰੀ ਮੌਕਾ ਵੀ ਅੱਜ ਹੱਥੋਂ ਗਵਾ ਲਿਆ !
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਇਨਾਸਨ ਗਲਤੀਆਂ ਦਾ ਪੁਤਲਾ ਹੈ ਕਿਸੇ ਵੀ ਇਨਸਾਨ ਤੋਂ ਗਲਤੀ ਹੋ ਸਕਦੀ ਹੈ ਇਸ ਗੱਲ ਨੂੰ ਸਤਿਗੁਰੁ ਜੀ ਨੇ ਬਾਣੀ ਵਿੱਚ ਪ੍ਰਮਾਣਿਕ ਵੀ ਕੀਤਾ ਹੈ ਕਿ "ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ", ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਇੱਕ ਐਸਾ ਫਲਸਫਾ ਦਿੱਤਾ ਹੈ ਕਿ ਜੇ ਕੋਈ ਇਨਸਾਨ ਗਲਤੀਆਂ ਕਰ ਬੈਠਦਾ ਹੈ ਅਤੇ ਫ਼ਿਰ ਵੀ ਕਦੇ ਮੌਕਾ ਮਿਲਦਿਆਂ ਅਗਰ ਉਹ ਪਹਿਲੀਆਂ ਗਲਤੀਆਂ ਤੋਂ ਤੋਬਾ ਕਰਕੇ ਸਾਫ਼ ਨੀਅਤ ਨਾਲ ਪੰਥ ਦੀ ਸ਼ਰਨ ਵਿੱਚ ਆ ਜਾਵੇ ਤਾਂ ਪੰਥ ਬਖਸ਼ਣਹਾਰ ਹੈ। ਅਜਿਹਾ ਫੈਸਲਾ ਵੀ ਸਤਿਗੁਰੁ ਨੇ ਬਾਣੀ ਵਿੱਚ ਹੀ ਦਿੱਤਾ ਹੈ ਸਰਣੁ ਆਵੈ ਤਿਸੁ ਕੰਠ ਲਾਵੈ ਪਰ ਅਜਿਹਾ ਮੌਕਾ ਵੀ ਕਿਸੇ ਨੂੰ ਬੜੇ ਭਾਗਾਂ ਨਾਲ ਮਿਲਦਾ ਹੈ ਅਤੇ ਜੇ ਉਹ ਅਜਿਹੇ ਮੌਕੇ ਦਾ ਫਾਇਦਾ ਨਾ ਉਠਾਵੇ ਤਾਂ ਉਸ ਦੀ ਬਦਕਿਸਮਤੀ ਹੀ ਹੁੰਦੀ ਹੈ। ਅਜਿਹਾ ਹੀ ਕੁੱਝ ਕਰ ਰਹੇ ਹਨ ਸ. ਪਰਕਾਸ਼ ਸਿੰਘ ਬਾਦਲ ਵੀ ਜਿਹੜੇ ਸ਼ਕਤੀ ਤਾਂ ਪੰਥ ਤੋਂ ਲੈਂਦੇ ਹਨ, ਪਰ ਪੰਥ ਬਾਰੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਦੇ। ਇੱਕ ਨਹੀਂ ਅਨੇਕਾਂ ਗਲਤੀਆਂ ਕਰਕੇ ਹੁਣ ਤਾਂ ਇੱਕ ਬੱਜਰ ਗੁਨਾਹੀ ਬਣ ਚੁੱਕੇ ਹਨ।

ਸ਼ੁਰੂ ਵਿੱਚ ਜਦੋਂ ਕਦੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਮੂੰਹੋਂ ਕੁੱਝ ਸੁਣਦੇ ਹੁੰਦੇ ਸਾਂ ਤਾਂ ਯਕੀਨ ਜਿਹਾ ਨਹੀਂ ਆਉਂਦਾ ਸੀ ਕਿ ਇਸ ਤਰ੍ਹਾਂ ਭੋਲੀ ਜਿਹੀ ਸ਼ਕਲ ਦਾ ਸ਼ਰੀਫ਼ ਦਿੱਸਣ ਵਾਲੇ ਇੱਕ ਵਿਅਕਤੀ ਸ. ਪਰਕਾਸ਼ ਸਿੰਘ ਬਾਦਲ ਅੰਦਰ ਵੀ ਕੋਈ ਗੁਨਾਹ ਹੋਵੇਗਾ ? ਪਰ ਸਿਆਣੇ ਆਖਦੇ ਹਨ ਜਾਂ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ, ਜਿਵੇ ਜਿਵੇ ਅਕਾਲੀ ਦਲ ਵਿੱਚ ਰਹਿੰਦਿਆਂ ਵਾਹ ਪਿਆ ਜਾਂ ਅਕਾਲੀ ਦਲ ਦੇ ਲੀਡਰਾਂ ਦੀ ਕਾਰਜਸ਼ੈਲੀ ਨੂੰ ਵੇਖਣ ਦਾ ਮੌਕਾ ਮਿਲਿਆ ਤਾਂ ਸਮਝ ਆਈ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸੱਚ ਬੋਲਦੇ ਸਨ। ਸ. ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਜੋ ਕੁੱਝ ਜਬਰੀ ਪ੍ਰਾਪਤ ਕੀਤਾ ਹੈ, ਇਹ ਕੱਚੇ ਬੇਰਾਂ ਵਾਲਾ ਸਵਾਦ ਹੈ, ਬੇਰ ਤਾਂ ਤੋੜ ਲਏ ਹਨ ਭਾਵ ਰੁਤਬੇ ਅਤੇ ਖਿਤਾਬ ਤਾਂ ਸ. ਬਾਦਲ ਨੇ ਜਰੂਰ ਲੈ ਲਏ ਹਨ, ਪਰ ਇੰਨ੍ਹਾਂ ਨੂੰ ਬੇ ਰਸੇ ਫਲ ਜਾਂ ਕਚੇ ਬੇਰ ਹੀ ਆਖਿਆ ਜਾ ਸਕਦਾ ਹੈ।

ਇਹ ਇੱਕ ਆਰਜ਼ੀ ਖੁਸ਼ੀ ਜਰੂਰ ਹੈ ਲੇਕਿਨ ਸਕੂਨ ਭਰੀ ਖੁਸ਼ੀ ਨਹੀਂ ਆਖੀ ਜਾ ਸਕਦੀ ਹੈ। ਲੋਕੀ ਜੀ ਹਜੂਰੀ ਤਾਂ ਕਰਦੇ ਹਨ ਕਿਉਂਕਿ ਲੋਕਾਂ ਦੇ ਕੁੱਝ ਕੰਮ ਹਨ ਉਹਨਾਂ ਨੇ ਵਿਗੋਚਾ ਵੀ ਭਰਾਉਣ ਹੁੰਦਾ ਹੈ, ਪਰ ਅੰਦਰੋ ਸਭ ਸੱਚ ਵੀ ਜਾਣਦੇ ਹਨ। ਮੈਨੂੰ ਇੱਕ ਗੱਲ ਯਾਦ ਆਈ ਕਿ ਇੱਕ ਐਸ.ਪੀ. ਰੈਂਕ ਦਾ ਅਧਿਕਾਰੀ ਕਿਸੇ ਗੱਲੋਂ ਖਫਾ ਹੋ ਕੇ ਇੱਕ ਹੌਲਦਾਰ ਨੂੰ ਝਿੜਕਾਂ ਅਤੇ ਦਾਬੇ ਮਾਰ ਰਿਹਾ ਸੀ। ਉਸ ਹੌਲਦਾਰ ਦੀ ਥੋੜੀ ਬਹੁਤੀ ਗਲਤੀ ਵੀ ਸੀ, ਪਰ ਨਾਲ ਹੀ ਉਸ ਦੀ ਕੋਈ ਪੜਤਾਲ ਵੀ ਉਸ ਅਫਸਰ ਕੋਲ ਸੀ ਅਤੇ ਅਫਸਰ ਇੱਕ ਵਾਰ ਏਨਾ ਗੁੱਸੇ ਹੋ ਗਿਆ ਕਿ ਦੋ ਤਿੰਨ ਭੈੜੀਆਂ ਗਾਲਾਂ ਵੀ ਕੱਢ ਦਿੱਤੀਆਂ ਜੋ ਮੈਨੂੰ ਵੀ ਚੰਗੀਆਂ ਨਹੀਂ ਲੱਗ ਰਹੀਆਂ ਸਨ, ਪਰ ਵਿਚਾਰਾ ਹੌਲਦਾਰ ਇੱਕ ਹੀ ਲਫਜ਼ ਵਾਰ ਵਾਰ ਆਖ ਰਿਹਾ ਸੀ, ਸੌਰੀ ਸਰ ਜਾਂ ਬਿਹਤਰ ਸਰ ਅਤੇ ਸਾਵਧਾਨ ਖੜਾ ਜੇ ਐਸ.ਪੀ. ਹੱਸ ਪਿਆ ਤਾਂ ਨਾਲ ਹੀ ਵਿਚਾਰਾ ਝੂਠਾ ਜਿਹਾ ਹਾਸਾ ਹੱਸ ਰਿਹਾ ਸੀ, ਲੇਕਿਨ ਜਦੋਂ ਬਾਹਰ ਆਇਆ ਤਾਂ ਉਹ ਵੀ ਗਾਲ੍ਹਾਂ ਹੀ ਕੱਢ ਰਿਹਾ ਸੀ। ਇਸ ਤਰ੍ਹਾਂ ਅੱਜ ਲੋਕ ਵੀ ਸ. ਬਾਦਲ ਨੂੰ ਵੇਖ ਕੇ ਮਜਬੂਰੀ ਵਿੱਚ ਉਸਦੇ ਹਾਸੇ ਦੇ ਮਗਰ ਭਾਵੇ ਝੂਠਾ ਹਾਸਾ ਹੀ ਸਹੀ, ਪਰ ਹੱਸ ਰਹੇ ਹਨ, ਲੇਕਿਨ ਦਿਲ ਵਿੱਚ ਵਲਵਲੇ ਕੁੱਝ ਹੋਰ ਹਨ,ਜਿਹੜੇ 2017 ਵਿੱਚ ਪ੍ਰਤੱਖ ਦਿੱਸ ਪੈਣਗੇ।

ਸ. ਪ੍ਰਕਾਸ਼ ਸਿੰਘ ਬਾਦਲ ਭਲੇ ਹੀ ਆਪਣੇ ਆਪ ਨੂੰ ਸਿੱਖਾਂ ਦਾ ਵੱਡਾ ਨੇਤਾ ਸਮਝਦੇ ਹੋਣ, ਪਰ ਅਸਲ ਵਿੱਚ ਇਤਿਹਾਸ ਨੇ ਤਾਂ ਇਹਨਾਂ ਨੂੰ ਖਲਨਾਇਕ ਵਾਲੇ ਪੰਨੇ ਉੱਤੇ ਹੀ ਥਾਂ ਦੇਣੀ ਹੈ, ਕਿਉਂਕਿ ਕਿਸੇ ਇੱਕ ਵੀ ਮਸਲੇ ਵਿੱਚ ਸ. ਬਾਦਲ ਪੰਥਕ ਕਸਵੱਟੀ ਉੱਤੇ ਪੂਰੇ ਨਹੀਂ ਉੱਤਰੇ, ਸਗੋਂ ਹਰ ਕਦਮ ਗਿਰਾਵਟ ਵੱਲ ਹੀ ਰੱਖਿਆ ਹੈ। ਜਿਸ ਸਮੇ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਉਸ ਤੋਂ ਬਾਅਦ ਸ. ਬਾਦਲ ਸਿੱਖਾਂ ਵਿੱਚੋਂ ਅਲੱਗ ਥਲੱਗ ਪੈ ਗਏ ਸਨ। ਜਿਸ ਕਰਕੇ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਹੁਣ ਰਾਜਸੀ ਤਾਕਤ ਮੇਰੇ ਕੋਲ ਕਦੇ ਵੀ ਨਾ ਆ ਸਕੇ ਅਤੇ ਸ. ਬਦਲ ਨੇ ਅੱਕੀ ਪਲਾਹੀ ਹੱਥ ਮਾਰਨੇ ਆਰੰਭ ਕੀਤੇ। ਜਿਥੋਂ ਸ. ਪ੍ਰਕਾਸ਼ ਸਿੰਘ ਦੀ ਸਿਆਸੀ ਲਾਲਸਾ ਦਾ ਅੰਦਾਜ਼ਾ ਭਾਰਤੀ ਨਿਜ਼ਾਮ ਨੂੰ ਵੀ ਲੱਗ ਗਿਆ ਕਿਉਂਕਿ ਉਹ ਵੀ ਕਿਸੇ ਅਜਿਹੇ ਬੰਦੇ ਦੀ ਭਾਲ ਵਿਚ ਸਨ ਕਿ ਜਿਹੜਾ ਵੇਖਣ ਨੂੰ ਬੜਾ ਭੋਲਾ ਭਾਲਾ ਸਿੱਖ ਨਜਰ ਆਵੇ ਪਰ ਕੰਮ ਸਿੱਖਾਂ ਵਾਲੇ ਜਾਂ ਸਿੱਖਾਂ ਵਾਸਤੇ ਨਾ ਕਰੇ। ਇਸ ਕਰਕੇ ਭਾਰਤੀ ਖੁਫੀਆ ਤੰਤਰ ਨੇ ਵੀ ਸ. ਬਾਦਲ ਦੀ ਵੀਣੀ ਤੋਂ ਬਾਂਹ ਫੜ ਲਈ ਅਤੇ ਆਪਣੇ ਢੰਗ ਨਾਲ ਇੱਕ ਇੱਕ ਕਰਕੇ ਸਿਆਸੀ ਸ਼ਕਤੀ ਦੀ ਪੌੜੀ ਦੇ ਡੰਡੇ ਉੱਤੇ ਚੜਾਉਂਦੇ ਹੋਏ, ਅਖੀਰ ਪੰਥ ਦੇ ਸਿਰ ਉੱਤੇ ਬਿਠਾ ਦਿੱਤਾ। ਹੁਣ ਸ. ਬਾਦਲ ਵੀ ਸਮਝਦੇ ਹਨ ਕਿ ਮੈਂ ਕਿਵੇ ਇਹਨਾਂ ਰੁਤਬਿਆਂ ਉੱਤੇ ਪਹੁੰਚਿਆਂ ਹਾਂ ਜੇ ਰਤਾ ਵੀ ਕੁਤਾਹੀ ਕੀਤੀ ਤਾਂ ਕੋਈ ਮਲੋਇ ਕ੍ਰਿਸ਼ਨਾ ਧਰ ਵਰਗਾ ਕਿਤੇ ਕਿਸੇ ਕਿਤਾਬ ਵਿੱਚ ਅੰਦਰਲੇ ਭੇਦ ਖੋਲ ਕੇ ਮਿੱਟੀ ਹੀ ਪਲੀਤ ਨਾਂ ਕਰ ਦੇਵੇ।

ਇਹ ਸਭ ਕੁੱਝ ਸ. ਬਾਦਲ ਨੂੰ ਪੰਥ ਕੋਲੋ ਵੀ ਮਿਲ ਸਕਦਾ ਸੀ, ਪਰ ਉਥੇ ਪੰਥ ਪ੍ਰਸਤੀ ਨਾਲ ਨਸੀਬ ਹੋਣਾ ਸੀ। ਪੰਥ ਪ੍ਰਸਤੀ ਵਿੱਚ ਕਈ ਵਾਰੀ ਤਾਂ ਪਰਿਵਾਰਾਂ ਦੇ ਪਰਿਵਾਰ ਲੇਖੇ ਲੱਗ ਜਾਂਦੇ, ਲੇਕਿਨ ਪ੍ਰਾਪਤੀ ਫਿਰ ਵੀ ਨਹੀਂ ਹੁੰਦੀ, ਲੇਕਿਨ ਇਹ ਗਦਾਰੀ ਵਾਲਾ ਰਸਤਾ ਬੜਾ ਆਸਾਨ ਹੁੰਦਾ ਹੈ। ਇਸ ਵਿੱਚ ਕਿਸੇ ਕੁਰਬਾਨੀ ਦੀ ਲੋੜ ਨਹੀਂ, ਨਾ ਹੀ ਕੀਮਤ ਚੁਕਾਉਣੀ ਪੈਂਦੀ ਹੈ। ਸਗੋਂ ਇਥੇ ਤਾਂ ਬੇ ਰੁੱਤੇ ਮੇਵੇ ਵੀ ਮਿਲ ਜਾਂਦੇ ਹਨ ਅਤੇ ਉਲਟੀ ਕੀਮਤ ਵੀ ਮਿਲ ਜਾਂਦੀ ਹੈ। ਇਸ ਵਾਸਤੇ ਸ. ਬਾਦਲ ਨੇ ਬੜੀ ਸੋਚ ਵਿਚਾਰ ਤੋਂ ਬਾਅਦ ਹੀ ਇਹ ਰਸਤਾ ਚੁਣਿਆ ਸੀ, ਜਿਸ ਕਰਕੇ ਹੁਣ ਸ, ਬਾਦਲ ਪੰਥਕ ਗੱਲਾਂ ਵੱਲ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਸਮਝਦੇ। ਉਹ ਜਿਹਨਾਂ ਤੋਂ ਸ਼ਕਤੀ ਮਿਲੀ ਹੈ ਉਹਨਾਂ ਦੀ ਚਾਕਰੀ ਕਰਨ ਵਿਚ ਹੀ ਆਪਣਾ ਫਰਜ਼ ਸਮਝਦੇ ਹਨ ਅਤੇ ਨਿਰੰਤਰ ਕਰੀ ਵੀ ਜਾ ਰਹੇ ਹਨ। ਮੌਕੇ ਫਿਰ ਵੀ ਮਿਲਦੇ ਰਹੇ ਕਿ ਸ. ਬਾਦਲ ਕਦੇ ਪੰਥ ਵੱਲ ਨੂੰ ਮੁੰਹ ਕਰ ਲੈਣ ਪਰ ਸੰਭਾਲ ਨਹੀਂ ਸਕੇ।

ਕੱਲ ਵੀ ਕੁੱਝ ਜਥੇਬੰਦੀਆਂ ਦੇ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਕੋਲ ਇੱਕ ਮੌਕਾ ਲੈ ਕੇ ਗਏ ਸਨ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਆਪਣੇ ਸਿਆਸੀ ਪ੍ਰਭਾਵ ਨਾਲ ਕਰਵਾ ਦਿਓ ਤਾਂ ਪੰਥ ਨੇ ਫਿਰ ਤੁਹਾਨੂੰ ਗਲੇ ਲਾ ਲੈਣਾ ਹੈ ਲੇਕਿਨ ਸ. ਬਾਦਲ ਨੇ ਆਪਣੀ ਪੁਰਾਣੀ ਆਦਤ ਮੁਤਾਬਿਕ ਆਪਣੇ ਕੁੱਝ ਅਫਸਰਾਂ ਨੂੰ ਬੁਲਾ ਕੇ ਉਹਨਾਂ ਪਾਸੋਂ ਕਾਨੂੰਨ ਦਾ ਪਾਠ ਸੁਣਵਾਕੇ ਪੰਥਕ ਆਗੂਆਂ ਨੂੰ ਸੁੱਚੇ ਮੁੰਹ ਘਰ ਨੂੰ ਮੋੜ ਦਿੱਤਾ ਹੈ। ਬੇਸ਼ੱਕ ਹੁਣੇ ਹੋਂਦ ਵਿੱਚ ਆਏ ਇੱਕ ਨਵੇ ਅਕਾਲੀ ਦਲ ਦੇ ਆਗੂ ਬਹੁਤ ਆਸਵੰਦ ਸਨ ਕਿ ਸ. ਬਾਦਲ ਦੇ ਦਰ ਤੋਂ ਖਾਲੀ ਨਹੀਂ ਮੁੜਦੇ ਕੁੱਝ ਨਾ ਕੁੱਝ ਲੈਕੇ ਹੀ ਆਵਾਂਗੇ, ਲੇਕਿਨ ਸ. ਬਾਦਲ ਵੀ ਸਭ ਨੂੰ ਧੁਰ ਅੰਦਰ ਤੱਕ ਜਾਣਦੇ ਹਨ ਅਤੇ ਉਹਨਾਂ ਨੂੰ ਆਪਣੀ ਰਾਜਸੀ ਤਾਕਤ ਦੀ ਸਲਾਮਤੀ ਦਾ ਵੀ ਬਹੁਤ ਖਿਆਲ ਹੈ, ਇਸ ਵਾਸਤੇ ਉਹਨਾਂ ਨੇ ਕੋਈ ਪੱਲਾ ਨਹੀਂ ਫੜਾਇਆ। ਇਹ ਵੀ ਨਹੀਂ ਕਿਹਾ ਕਿ ਜਿਹੜਾ ਪਚਾਸੀ ਸਾਲਾ ਬਜੁਰਗ ਬਾਪੁ ਸ. ਸੂਰਤ ਸਿੰਘ ਖਾਲਸਾ ਸਵਾ ਮਹੀਨੇ ਦੇ ਲੱਗ ਭੱਗ ਭੁਖ ਹੜਤਾਲ ਉੱਤੇ ਬੈਠਾ ਹੈ, ਮੈਂ ਉਸ ਨੂੰ ਜਾ ਕੇ ਅਜਿਹਾ ਨਾ ਕਰਨ ਦੀ ਬੇਨਤੀ ਕਰਾਂਗਾ।

ਪਤਾ ਨਹੀਂ ਤਾਂ ਮਿਲਣ ਗਏ ਪੰਥਕ ਆਗੂ ਕੋਈ ਭੈਅ ਮਹਿਸੂਸ ਕਰਦੇ ਹਨ, ਉਹਨਾਂ ਵਿੱਚ ਬਹੁਤ ਸਿਆਣੇ ਬੰਦੇ ਸਨ, ਜੇਕਰ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਭਾਰਤੀ ਅਦਾਲਤਾਂ ਅੜਿੱਕਾ ਲਾਉਂਦੀਆਂ ਹਨ ਜਾਂ ਭਾਰਤੀ ਨਿਜ਼ਾਮ ਰਿਹਾ ਨਹੀਂ ਕਰਦਾ ਤਾਂ ਘੱਟੋ ਘੱਟ ਸ. ਪ੍ਰਕਾਸ਼ ਸਿੰਘ ਬਾਦਲ ਜੈ ਲਲਿਤਾ ਵਾਂਗੂੰ ਪੰਜਾਬ ਵਿਧਾਨਸਭਾ ਵਿੱਚ ਇੱਕ ਮਤਾ ਤਾਂ ਪਾ ਕੇ ਆਪ ਤਾਂ ਸੁਰਖੁਰੂ ਹੋ ਜਾਣ, ਅਤੇ ਦੂਸਰੀ ਗੱਲ ਇਹ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਬੇਅੰਤ ਸਿੰਘ ਕਾਂਡ ਨਾਲ ਸਬੰਧਤ ਸਾਰੇ ਸਿੱਖ ਬੰਦੀਆਂ ਦੇ ਨਾਲ ਨਾਲ ਹੋਰ ਵੀ ਜਿਹੜੇ ਸਿੱਖ ਅਦਾਲਤੀ ਹੁਕਮਾਂ ਅਨੁਸਾਰ ਸਜਾਵਾਂ ਕੱਟ ਰਹੇ, ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਾਂ ਲਿਆਂਦਾ ਜਾ ਸਕਦਾ ਹੈ, ਜੇ ਇਹ ਵੀ ਗੱਲਾਂ ਸ. ਬਾਦਲ ਮੰਨਣ ਨੂੰ ਤਿਆਰ ਨਹੀਂ ਤਾਂ ਫਿਰ ਉਸ ਦੇ ਦਰਵਾਜੇ ਉੱਤੇ ਜਾ ਕੇ ਭੀਖ ਮੰਗਣ ਦੀ ਵੀ ਕਿਹੜੀ ਲੋੜ ਹੈ। ਹੁਣ ਮਰਨ ਵਰਤ ਉੱਤੇ ਬੈਠਾ ਬਾਪੁ ਸੂਰਤ ਸਿੰਘ ਖਾਲਸਾ ਗੁਰਬਖਸ਼ ਸਿੰਘ ਨਹੀਂ ਹੈਗਾ ਜਿਸ ਨੂੰ ਸਰਕਾਰ ਜਾਂ ਜਥੇਦਾਰ ਸੁੱਤੇ ਪਏ ਦੀ ਬੋਲੀ ਲਾ ਕੇ ਹੀ ਲੈ ਜਾਣ, ਬਾਪੁ ਸੂਰਤ ਸਿੰਘ ਨੇ ਤਾਂ ਸਿਦਕ ਨਿਭਾਅ ਹੀ ਜਾਣਾ ਹੈ ਅਤੇ ਉਸਦੀ ਸ਼ਹਾਦਤ ਦਾ ਟਿੱਕਾ ਸ. ਬਾਦਲ ਦੇ ਮੱਥੇ ਉੱਤੇ ਹੀ ਲੱਗੇਗਾ।

ਇਸ ਵਾਸਤੇ ਕਿੰਨਾਂ ਚੰਗਾ ਹੁੰਦਾ ਜੇ ਸ. ਬਾਦਲ ਆਸ ਲੈ ਕੇ ਆਏ ਆਪਣੇ ਉਹਨਾਂ ਭਰਾਵਾਂ ਦਾ ਮਾਨ ਰੱਖਦੇ ਜਿਹੜੇ ਬੇਸ਼ੱਕ ਰੋਜ਼ ਮਿਹਣੋ ਮਿਹਣੀ ਤਾਂ ਹੁੰਦੇ ਹਨ, ਪਰ ਇੱਕ ਆਸ ਵੀ ਸੀ ਕਿ ਸ. ਬਾਦਲ ਸਾਡੇ ਜਾਣ ਉੱਤੇ ਮੰਨ ਹੀ ਜਾਣਗੇ ਅਤੇ ਆਪਣੇ ਦੂਹਰੇ ਤੀਹਰੇ ਫਾਇਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੁੱਝ ਨਾਂ ਕੁੱਝ ਤਾਂ ਮੰਨ ਹੀ ਲੈਣਗੇ, ਪਹਿਲੀ ਗੱਲ ਤਾਂ ਇਹ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣ ਤੇ ਸਾਰੇ ਪੰਥ ਨੇ . ਬਾਦਲ ਦੀਆਂ ਗਲਤੀਆਂ ਨੂੰ ਭੁੱਲ ਕੇ ਹੱਥਾਂ ਉੱਤੇ ਚੁੱਕ ਲੈਣਾ ਸੀ, ਦੂਸਰਾ ਇਹ ਕਿ ਘਰ ਵਿੱਚਲੀ ਵਿਰੋਧਤਾ ਦਾ ਅੰਤ ਹੋ ਜਾਣਾ ਸੀ ਤੇ ਤੀਜਾ ਫਾਇਦਾ ਇਹ ਹੁੰਦਾ ਕਿ ਬਾਪੁ ਸੂਰਤ ਸਿੰਘ ਖਾਲਸਾ ਦੀ ਸ਼ਹਾਦਤ ਹੋਣੋ ਬਚ ਜਾਂਦੀ ਅਤੇ ਸ. ਬਾਦਲ ਦੇ ਮੱਥੇ ਕਾਲਾ ਟਿਕਾ ਲਗਣੋ ਵੀ ਬਚ ਜਾਂਦਾ।

ਪਰ ਲਾਲਸਾ ਬਹੁਤ ਬੁਰੀ ਬਲਾ ਹੈ ਚੰਗੇ ਭਲੇ ਬੰਦੇ ਨੂੰ ਅਜਿਹਾ ਬਣਾ ਦਿੰਦੀ ਹੈ ਕਿ ਉਸਨੂੰ ਆਪਣੀ ਸੁੱਧ ਵੀ ਨਹੀਂ ਰਹਿੰਦੀ ਮਾਫ਼ ਕਰਨਾ ਮੈਂ ਕਿਸੇ ਦੀ ਮੌਤ ਵਿੱਚੋਂ ਕੋਈ ਮੁਫਾਦ ਕਦੇ ਨਹੀਂ ਵੇਖਦਾ, ਪਰ ਜੋ ਉਮਰਾਂ ਦੇ ਸੱਚ ਹਨ, ਉਹ ਵੀ ਛੁਪਾਏ ਨਹੀਂ ਜਾ ਸਕਦੇ। ਸ. ਬਾਦਲ ਜੀਵਨ ਦੀ ਪੌੜੀ ਦੇ ਨੱਬੇਵੇਂ ਡੰਡੇ ਉੱਤੇ ਬੈਠੇ ਹਨ, ਪਤਾ ਨਹੀਂ ਕਦੋਂ ਸਫਰ ਮੁੱਕ ਜਾਣਾ ਹੈ। ਇਸ ਵਾਸਤੇ ਇਸ ਉਮਰ ਵਿੱਚ ਬੰਦੇ ਨੂੰ ਚੰਗੇ ਕੰਮ ਵਾਸਤੇ ਕਿਸੇ ਸਮੇ ਦੀ ਉਡੀਕ ਨਹੀਂ ਕਰਨੀ ਚਾਹੀਦੀ, ਜਿਹੜੀਆਂ ਗਲਤੀਆਂ ਜਵਾਨੀ ਪਹਿਰੇ ਭਾਵ ਰਾਜਸੀ ਨਸ਼ੇ ਵਿੱਚ ਹੋਈਆਂ ਜਾਂ ਭਾਰਤੀ ਨਿਜ਼ਾਮ ਨੇ ਕਿਸੇ ਤਰੀਕੇ ਕਰਵਾ ਦਿੱਤੀਆਂ ਉਹਨਾਂ ਸਾਰੀਆਂ ਖਤਾਵਾਂ ਦੀ ਮਾਫ਼ੀ ਇੱਕ ਚੰਗੇ ਕੰਮ ਪਿੱਛੇ ਹੀ ਹੋ ਜਾਣੀ ਸੀ, ਫਿਰ ਕੌਮ ਸ਼ਾਇਦ ਖੁਦ ਫਕਰ-ਏ-ਕੌਮ ਆਖਣ ਵਾਸਤੇ ਮਜਬੂਰ ਹੋ ਜਾਂਦੀ, ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਇੱਕ ਵਾਰ ਫ਼ਿਰ ਮੌਕਾ ਗਵਾ ਬੈਠੇ ਹਨ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top