Share on Facebook

Main News Page

ਮੋਦੀ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਗਿਰਜਾ ਘਰਾਂ ਤੇ ਹਮਲੇ ਵਧੇ

ਨਵੀਂ ਦਿੱਲੀ (14 ਫਰਵਰੀ 2015) ਇਸ ਸਮੇਂ ਭਾਰਤ ਚ ਈਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਪੌਣੇ ਦੋ ਕਰੋੜ ਦੇ ਲੱਗਭਗ ਹੈ। ਰਾਜਧਾਨੀ ਦਿੱਲੀ ਚ ਹੀ 225 ਗਿਰਜਾਘਰ ਹਨ ਅਤੇ ਇਥੇ ਵੱਡੀ ਗਿਣਤੀ ਚ ਈਸਾਈ ਭਾਈਚਾਰੇ ਦੇ ਮੈਂਬਰ ਰਹਿੰਦੇ ਹਨ। ਹੁਣ ਤਕ ਦਿੱਲੀ ਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਪਿਛਲੇ 2 ਮਹੀਨਿਆਂ ਦੌਰਾਨ ਦਿੱਲੀ ਚ ਗਿਰਜਾਘਰਾਂ ਤੇ ਅਣਪਛਾਤੇ ਲੋਕਾਂ ਵਲੋਂ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ:

* 1 ਦਸੰਬਰ 2014 ਨੂੰ ਪੂਰਬੀ ਦਿੱਲੀ ਚ ਦਿਲਸ਼ਾਦ ਗਾਰਡਨ ਚ ਸਥਿਤ ਸੰਤ ਸੇਬੇਸਟੀਅਨ ਗਿਰਜਾਘਰ ਰਹੱਸਮਈ ਢੰਗ ਨਾਲ ਅੱਗ ਲੱਗਣ ਨਾਲ ਸੜ ਗਿਆ।
* 6 ਦਸੰਬਰ 2014 ਨੂੰ ਦੱਖਣੀ ਦਿੱਲੀ ਚ ਓਖਲਾ ਨੇੜੇ ਲੇਡੀ ਫਾਤਿਮਾ ਫਾਰੇਨ ਚਰਚ ਜਾਸੋਲਾ ਚ ਸ਼ਾਮ ਦੀ ਪ੍ਰਾਰਥਨਾ ਵੇਲੇ ਅਣਪਛਾਤੇ ਲੋਕਾਂ ਨੇ ਪਥਰਾਅ ਕਰਕੇ ਇਸ ਦੀਆਂ ਖਿੜਕੀਆਂ ਅਤੇ ਸ਼ੀਸ਼ੇ ਤੋੜ ਦਿੱਤੇ।
* 3 ਜਨਵਰੀ 2015 ਨੂੰ ਉੱਤਰੀ ਦਿੱਲੀ ਚ ਰੋਹਿਣੀ ਚ ਪੈਂਦੇ ਚਰਚ ਆਫ ਰੀਸਰਕਸ਼ਨ ਦੇ ਕੰਪਲੈਕਸ ਚ ਰੱਖੇ ਇਕ ਕ੍ਰਿਸਮਸ ਕ੍ਰਿਬ ਨੂੰ ਅਣਪਛਾਤੇ ਲੋਕਾਂ ਨੇ ਸਾੜ ਦਿੱਤਾ।
* 14 ਜਨਵਰ2015 ਨੂੰ ਦਿਨ ਚੜ੍ਹਦਿਆਂ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਪੱਛਮੀ ਦਿੱਲੀ ਦੇ ਵਿਕਾਸਪੁਰੀ ਚ ਸਥਿਤ ਲੇਡੀ ਆਫ ਗ੍ਰੇਸੇਸ ਚਰਚ ਵਿਚ ਭੰਨ-ਤੋੜ ਕੀਤੀ।
* ਫਿਰ 2 ਫਰਵਰੀ 2015 ਨੂੰ ਦੇਰ ਰਾਤ ਗਏ ਦੱਖਣੀ ਦਿੱਲੀ ਦੇ ਪਾਸ਼ ਇਲਾਕੇ ਵਸੰਤ ਕੁੰਜ ਚ ਸਥਿਤ ਸੰਤ ਅਲਫਾਂਸੋ ਗਿਰਜਾਘਰ ਵਿਚ ਸੰਨ੍ਹ ਲਗਾ ਕੇ ਅਣਪਛਾਤੇ ਹਮਲਾਵਰ ਕੁਝ ਪਵਿੱਤਰ ਵਸਤਾਂ ਜ਼ਮੀਨ ਤੇ ਖਿਲਾਰ ਗਏ, ਗਿਰਜਾਘਰ ਦੀ ਅਲਮਾਰੀ ਵੀ ਤੋੜ ਦਿੱਤੀ ਅਤੇ ਡੀ. ਵੀ. ਡੀ. ਪਲੇਅਰ ਆਦਿ ਚੋਰੀ ਕਰ ਕੇ ਲੈ ਗਏ। ਗਿਰਜਾਗਰ ਦੇ ਮੁੱਖ ਪਾਦਰੀ ਫਾਦਰ ਸਲਵਾਤੋਰੇ ਦਾ ਇਸ ਸੰਬੰਧ ਚ ਕਹਿਣਾ ਹੈ ਕਿ ਹਮਲਾਵਰਾਂ ਦਾ ਉਦੇਸ਼ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਸੀ।

ਰਾਜਧਾਨੀ ਚ ਗਿਰਜਾਘਰਾਂ ਤੇ ਲਗਾਤਾਰ ਹੋ ਰਹੇ ਹਮਲਿਆਂ ਤੇ ਪੁਲਸ ਦੇ ਨਿਕੰਮੇਪਣ ਨੂੰ ਲੈ ਕੇ ਈਸਾਈ ਭਾਈਚਾਰੇ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਇਸ ਲਈ ਹਮਲਿਆਂ ਵਿਚ ਸ਼ਾਮਿਲ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਤੇ ਜ਼ੋਰ ਦੇਣ ਲਈ 5 ਫਰਵਰੀ ਨੂੰ ਵੱਡੀ ਗਿਣਤੀ ਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਸਾਨੂੰ ਇਨਸਾਫ ਚਾਹੀਦਾ ਦੇ ਨਾਅਰੇ ਲਗਾਉਂਦਿਆਂ ਵਿਰੋਧ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਸਾਡੇ ਤੇ ਹਮਲਾ ਰੋਕੋ ਅਤੇ ਅਸੀਂ ਸਭ ਸ਼ਾਂਤੀ ਚਾਹੁੰਦੇ ਹਾਂ ਨਾਅਰਿਆਂ ਵਾਲੇ ਬੈਨਰ ਚੁੱਕੇ ਹੋਏ ਸਨ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ਵੱਲ ਜਾ ਰਹੇ ਬੱਚਿਆਂ-ਔਰਤਾਂ ਸਮੇਤ 200 ਵਿਖਾਵਾਕਾਰੀਆਂ ਨੂੰ ਜ਼ਬਰਦਸਤੀ ਹਿਰਾਸਤ ਚ ਲੈ ਕੇ ਪੁਲਸ ਨੇ ਗੱਡੀਆਂ ਚ ਤੁੰਨ ਕੇ ਸੰਸਦ ਮਾਰਗ ਪੁਲਸ ਥਾਣੇ ਲਿਜਾ ਕੇ ਬੰਦ ਕਰਨ ਤੋਂ ਇਲਾਵਾ ਗ੍ਰਹਿ ਮੰਤਰੀ ਦੀ ਰਿਹਾਇਸ਼ ਵੱਲ ਜਾਣ ਵਾਲਾ ਰਸਤਾ ਵੀ ਬੰਦ ਕਰ ਦਿੱਤਾ ਸੀ।

ਬਾਅਦ ਚ ਈਸਾਈਆਂ ਦੇ ਇਕ ਵਫਦ ਨੇ ਰਾਜਨਾਥ ਸਿੰਘ ਨਾਲ ਉਨ੍ਹਾਂ ਦੇ ਦਫਤਰ ਚ ਮੁਲਾਕਾਤ ਕੀਤੀ। ਇਸ ਮੌਕੇ ਦਿੱਲੀ ਕੈਥੋਲਿਕ ਆਰਕ ਡਾਇਓਸੀਜ਼ ਦੇ ਬੁਲਾਰੇ ਫਾਦਰ ਐੱਸ. ਸੰਕਰ ਨੇ ਕਿਹਾ ਕਿ ਇਹ ਘਟਨਾਵਾਂ ਈਸਾਈਆਂ ਵਿਰੁੱਧ ਨਫਰਤ ਫੈਲਾਊ ਮੁਹਿੰਮ ਦਾ ਇਕ ਹਿੱਸਾ ਹਨ। ਅਸੀਂ ਸਿਰਫ ਇਨਸਾਫ ਤੇ ਆਪਣੇ ਗਿਰਜਾਘਰਾਂ ਦੀ ਸੁਰੱਖਿਆ ਚਾਹੁੰਦੇ ਹਾਂ। ਅਸੀਂ ਭਾਰਤ ਦੇ ਨਾਗਰਿਕਾਂ ਵਜੋਂ ਇਹ ਮੰਗ ਕਰ ਰਹੇ ਹਾਂ। ਅਸੀਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤਕ ਆਪਣੀ ਗੱਲ ਪਹੁੰਚਾਈ ਸੀ ਪਰ ਕੋਈ ਜਵਾਬ ਨਹੀਂ ਆਇਆ।

"ਗਿਰਜਾਘਰਾਂ ਤੇ ਹਮਲੇ ਦੀਆਂ ਇਹ ਘਟਨਾਵਾਂ ਫਿਰਕੂ ਰੰਗਤ ਵਾਲੀਆਂ ਲੱਗਦੀਆਂ ਹਨ। ਇਨ੍ਹਾਂ ਦੇ ਸੰਬੰਧ ਚ ਪੁਲਸ ਨੇ ਕੁਝ ਨਹੀਂ ਕੀਤਾ ਤੇ ਇਨ੍ਹਾਂ ਦੀ ਗੰਭੀਰਤਾ ਨੂੰ ਘੱਟ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਇਲਾਕੇ ਚ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ, ਉਸ ਇਲਾਕੇ ਦੀ ਪੁਲਸ ਨੂੰ ਇਸ ਦੇ ਲਈ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ ਤੇ ਇਨ੍ਹਾਂ ਸਾਰੇ ਹਮਲਿਆਂ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਤੋਂ ਕਰਵਾਈ ਜਾਵੇ।"

ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ। ਇਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਰਹਿਣ ਅਤੇ ਵਧਣ-ਫੁੱਲਣ ਦਾ ਬਰਾਬਰ ਅਧਿਕਾਰ ਪ੍ਰਾਪਤ ਹੈ। ਇਸੇ ਲਈ ਸਾਰੇ ਧਰਮਾਂ ਤੇ ਮਜ਼੍ਹਬਾਂ ਦੇ ਲੋਕਾਂ ਨੂੰ ਆਪੋ-ਆਪਣੀਆਂ ਮਾਨਤਾਵਾਂ ਅਨੁਸਾਰ ਧਰਮ ਦੀ ਪਾਲਣਾ ਕਰਨ ਦੀ ਆਜ਼ਾਦੀ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਸਿਰਫ 2 ਮਹੀਨਿਆਂ ਦੀ ਥੋੜ੍ਹੀ ਜਿਹੀ ਮਿਆਦ ਚ ਕਿਸੇ ਭਾਈਚਾਰੇ ਵਿਸ਼ੇਸ਼ ਦੇ ਧਾਰਮਿਕ ਸਥਾਨਾਂ ਤੇ 5 ਹਮਲੇ ਹੋਣਾ ਤੇ ਅਪਰਾਧੀਆਂ ਦਾ ਪੁਲਸ ਦੀ ਪਕੜ ਤੋਂ ਬਾਹਰ ਰਹਿਣਾ ਪ੍ਰਸ਼ਾਸਨ ਦੇ ਨਿਕੰਮੇਪਣ ਦਾ ਹੀ ਪ੍ਰਤੀਕ ਹੈ।

ਸੰਬੰਧਤ ਅਧਿਕਾਰੀਆਂ ਨੂੰ ਇਸ ਮਾਮਲੇ ਚ ਗੰਭੀਰਤਾ ਨਾਲ ਕਾਰਵਾਈ ਕਰਕੇ ਇਸ ਗਲਤ ਰੁਝਾਨ ਨੂੰ ਰੋਕਣ ਦੀ ਦਿਸ਼ਾ ਚ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਜੇ ਇਸ ਨੂੰ ਹੁਣ ਤੋਂ ਹੀ ਨਾ ਰੋਕਿਆ ਗਿਆ ਤਾਂ ਦੇਸ਼ ਚ ਫਿਰਕੂ ਸੁਹਿਰਦਤਾ ਦਾ ਤਾਣਾ-ਬਾਣਾ ਟੁੱਟਣ ਦਾ ਖਤਰਾ ਪੈਦਾ ਹੋ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top