Share on Facebook

Main News Page

ਬਾਬੇ ਹਰਨਾਮ ਸਿਹੁੰ ਧੁੰਮੇਂ ਦੇ ਰਾਜ ਵਿੱਚ ਸ਼ਿਵ ਸੈਨਾਂ ਨੇ ਸਾੜੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੁਤਲੇ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਕੱਲ੍ਹ ਇੱਕ ਪਾਸੇ ਗੁਰਦਵਾਰਾ ਫਤਿਹਗੜ੍ਹ ਸਾਹਿਬ ਵਿਖੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਅਤੇ ਦੂਜੇ ਪਾਸੇ ਕੁੱਝ ਕੱਟੜਵਾਦੀ ਹਿੰਦੂਤਵੀ ਜਥੇਬੰਦੀਆਂ ਵੱਲੋਂ ਕੁੱਝ ਥਾਵਾਂ ਉੱਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੁਤਲੇ ਸਾੜੇ ਗਏ। ਲੋਕ ਰਾਜ ਵਿੱਚ ਹਰ ਇੱਕ ਨੂੰ ਲੋਕਰਾਜੀ ਤਰੀਕੇ ਨਾਲ ਪੁਰ ਅਮਨ ਰਹਿੰਦਿਆਂ ਆਪਣਾ ਰੋਸ ਜਾਹਰ ਕਰਨ ਦਾ ਹੱਕ ਹੈ, ਪਰ ਅਜਿਹਾ ਕਰਨ ਨਾਲ ਜੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦਾ ਹਨਨ ਹੁੰਦਾ ਹੋਵੇ, ਫਿਰ ਅਜਿਹਾ ਸੋਚ ਸਮਝ ਕੇ ਹੀ ਕਰਨਾ ਚਾਹੀਦਾ ਹੈ।

ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਸਿੱਖਾਂ ਦਾ ਝਗੜਾ ਕਿਸੇ ਜਾਤੀ ਜਾਂ ਧਰਮ ਨਾਲ ਨਹੀਂ ਹੈ ਅਤੇ ਨਾਂ ਹੀ ਅਜਿਹੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕਿਸੇ ਪ੍ਰਤੀ ਸੋਚ ਸੀ। ਦਾਸ ਲੇਖਕ ਨੇ ਬਹੁਤ ਵਾਰੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਭਾਸ਼ਣ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਸੁਣਿਆ ਸੀ ਅਤੇ ਅਨੇਕਾ ਵਾਰ ਸੁਭਾਵਿਕ ਬੈਠਿਆਂ ਗਲਬਾਤ ਵੀ ਹੋਈ। ਉਹ ਹਮੇਸ਼ਾ ਕਹਿੰਦੇ ਸਨ ਕਿ ਜਿਹੜਾ ਹਿੰਦੂ ਹੈ ਬੋਦੀ ਰੱਖੇ, ਤਿਲਕ ਲਗਾਵੇ, ਧੋਤੀ ਪਹਿਨੇ, ਗੀਤਾ ਦਾ ਪਾਠ ਕਰੇ ਅਤੇ ਆਪਣੇ ਧਰਮ ਵਿੱਚ ਪੱਕਾ ਰਹੇਇਸ ਤਰਾਂ ਹੀ ਮੁਸਲਿਮ ਭਰਾ ਆਪਣੀਆਂ ਲਵਾਂ ਕੱਟਣ, ਤਹਿਮਤ ਟੋਪੀ ਪਹਿਨਣ ਅਤੇ ਆਪਣੇ ਦੀਨ ਵਿੱਚ ਪੱਕਾ ਰਹਿਣ, ਕੁਰਾਨ ਸ਼ਰੀਫ਼ ਵਿੱਚ ਵਿਸ਼ਵਾਸ਼ ਰਖਣ, ਇਸਾਈ ਬੋਧੀ ਸਭ ਆਪਣੀਆਂ ਧਾਰਮਿਕ ਰਸਮਾਂ ਨੂੰ ਆਜ਼ਾਦੀ ਨਾਲ ਨਿਭਾਉਣ ਜੇ ਕੋਈ ਕਿਸੇ ਦੇ ਧਰਮ ਵਿੱਚ ਦਖਲ ਦਿੰਦਾ ਹੈ ਜਾਂ ਤੰਗ ਕਰਦਾ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸੰਤਾਨ ਖਾਲਸਾ ਉਸ ਦੀ ਰਾਖੀ ਵਾਸਤੇ ਤਿਆਰ ਹੈ। ਲੇਕਿਨ ਨਾਲ ਨਾਲ ਇਹ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਸਿੱਖਾਂ ਦਾ ਵੀ ਆਪਣਾ ਧਰਮ ਹੈ, ਆਪਣੀ ਇੱਕ ਮਰਿਯਾਦਾ ਹੈ, ਪਰ ਸਰਬੱਤ ਦਾ ਭਲਾ ਵੀ ਸਿੱਖ ਹੀ ਮੰਗਦੇ ਹਨ। ਇਸ ਵਾਸਤੇ ਸਿੱਖਾਂ ਦੇ ਧਰਮ ਵਿੱਚ ਵੀ ਕਿਸੇ ਨੂੰ ਦਖਲ ਦੇਣ ਦਾ ਅਧਿਕਾਰ ਨਹੀਂ ਹੈ।

ਅਜਿਹੀ ਸੋਚ ਦੇ ਮਾਲਿਕ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਤਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਹੋਕੇ ਮਨਾਉਣਾ ਚਾਹੀਦਾ ਹੈ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਕਿਸੇ ਨਾਲ ਦੁਸ਼ਮਨੀ ਨਹੀਂ ਸੀ, ਉਹਨਾਂ ਨੇ ਜੋ ਵੀ ਕੁੱਝ ਵੀ ਬੋਲਿਆ ਉਹ ਕਿਸੇ ਦੇ ਜਵਾਬ ਵਿੱਚ ਹੀ ਕਿਹਾ, ਪਰ ਇਹ ਭਾਰਤ ਦੀ ਬੇਈਮਾਨ ਪ੍ਰੈਸ ਦੀ ਕਾਲੀ ਕਰਤੂਤ ਹੈ ਕਿ ਕੁੱਝ ਫਿਰਕੂ ਰੰਗ ਵਿੱਚ ਰੰਗੀਆਂ ਅਖਬਾਰਾਂ ਨੇ ਭਿੰਡਰਾਂਵਾਲੇ ਦੇ ਦਰਦ ਭਰੇ ਬੋਲਾਂ ਨੂੰ ਜਹਿਰ ਬਣਾਕੇ ਪੇਸ਼ ਕੀਤਾ। ਅੱਜ ਕੁੱਝ ਕੱਟੜਵਾਦੀ ਹਿੰਦੂਤਵੀ ਜਥੇਬੰਦੀਆਂ ਹਿੰਦੁਆਂ ਦੇ ਨੌਜਵਾਨ ਬੱਚਿਆਂ ਨੂੰ ਗੁੰਮਰਾਹ ਕਰਕੇ, ਸਿੱਖਾਂ ਅਤੇ ਹਿੰਦੁਆਂ ਵਿੱਚ ਪਾੜਾ ਪਾ ਕੇ, ਪੰਜਾਬ ਦੇ ਅਮਨ ਨੂੰ ਅੱਗ ਲਾਉਣ ਵਾਸਤੇ, ਭਿੰਡਰਾਂਵਾਲੇ ਦੇ ਅਸਲੀ ਬੋਲਾਂ ਨੂੰ ਕੱਟ ਕੇ ਤਿਆਰ ਕੀਤੇ ਸ਼ਬਦਾਂ ਨੂੰ ਵਾਰ ਵਾਰ ਸੁਣਾਕੇ, ਫਿਰਕੂ ਨਫਰਤ ਅਤੇ ਭਾਈਚਾਰਕ ਪਾੜਾ ਵਧਾਉਣ ਦੇ ਯਤਨ ਵਿੱਚ ਹਨ। ਮਿਸਾਲ ਦੇ ਤੌਰ ਉੱਤੇ ਇਹ ਗੱਲ ਬੜੇ ਹੀ ਜੋਰ ਨਾਲ ਪ੍ਰਚਾਰੀ ਜਾਂਦੀ ਹੈ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਕਹਿੰਦੇ ਹੁੰਦੇ ਸਨ ਕਿ ਇੱਕ ਸਿੱਖ ਨੂੰ ਪੈਂਤੀ ਪੈਂਤੀ ਹੀ ਆਉਂਦੇ ਹਨ? ਪਰ ਖਾਲਸਾ ਤਾਂ ਸਵਾ ਲੱਖ ਨਾਲ ਕੱਲਾ ਲੜਣ ਦੀ ਹਿੰਮਤ ਰਖਦਾ ਹੈ। ਲੇਕਿਨ ਇਸ ਤੋਂ ਪਹਿਲੇ ਸਾਰੇ ਹਲਾਤ ਛੁਪੇ ਹੋਏ ਹਨ।

ਦਰਅਸਲ ਉਸ ਵੇਲੇ ਵੀ ਕੁੱਝ ਸਵਾਮੀ ਅਗਨੀਵੇਸ਼ ਵਰਗੇ ਕੱਟੜਵਾਦੀ ਬਹੁਤ ਭੜਕਾਊ ਬਿਆਨ ਦਿੰਦੇ ਸਨ, ਉਹਨਾਂ ਨੇ ਕਿਹਾ ਸੀ ਕਿ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ ਇੱਕ ਸਿੱਖ ਦੇ ਮੁਕਾਬਲੇ ਪੈਂਤੀ ਹਿੰਦੋਸਤਾਨੀ ਖੜੇ ਹਨ, ਤਾਂ ਹੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ, ਕੋਈ ਨਹੀਂ ਸਾਨੂੰ ਵੀ ਤਾਂ ਪੈਂਤੀ ਪੈਂਤੀ ਹੀ ਆਉਂਦੇ ਹਨ। ਲੇਕਿਨ ਕੱਟੜਵਾਦੀਆਂ ਦੀਆਂ ਗੱਲਾਂ ਛੁਪਾ ਦਿੱਤੀਆਂ ਗਈਆਂ ਅਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਉਸ ਗੱਲ 'ਤੇ ਬਵਾਲ ਖੜਾ ਕਰ ਦਿੱਤਾ ਗਿਆ। ਕਿਸੇ ਨੇ ਕਦੇ ਇਹ ਨਹੀਂ ਕਿਹਾ ਕਿ ਸਵਾਮੀ ਅਗਨੀਵੇਸ਼ ਨੂੰ ਅੱਗ ਉਗਲਣ ਦਾ ਅਧਿਕਾਰ ਕਿਸ ਨੇ ਦਿੱਤਾ ਹੈ।

ਅੱਜ ਵੀ ਮੋਹਨ ਭਾਗਵਤ, ਪ੍ਰਵੀਨ ਤੋਗੜੀਆ ਜਾਂ ਵਿਸ਼ਵ ਹਿੰਦੂ ਪਰਿਸ਼ਦ ਨੂੰ ਇਹ ਅਧਿਕਾਰ ਕਿਸ ਸੰਵਿਧਾਨ ਹੇਠ ਮਿਲੇ ਹਨ ਕਿ ਉਹ ਇਹ ਕਹਿਣ ਕਿ ਜਿਸ ਨੇ ਵੀ ਭਾਰਤ ਵਿੱਚ ਰਹਿਣਾ ਹੈ, ਉਸ ਨੂੰ ਸਨਾਤਨੀ ਮਰਿਯਾਦਾ ਨੂੰ ਮੰਨਣਾ ਹੀ ਪਵੇਗਾ। ਹੁਣ ਜੇ ਕੋਈ ਇਸ ਦੇ ਜਵਾਬ ਵਿਚ ਆਖੇ ਕਿ ਅਸੀਂ ਸਨਾਤਨੀ ਮਰਿਯਾਦਾ ਨੂੰ ਨਹੀਂ ਮੰਨਦੇ ਤਾਂ ਫਿਰ ਗੁਨਾਹ ਕਿਸਦਾ ਹੈ ? ਇੱਕ ਪਾਸੇ ਬਾਬਰੀ ਮਸਜਿਦ ਢਾਹ ਕੇ ਮੰਦਿਰ ਬਣਾਇਆ ਜਾ ਰਿਹਾ ਹੈ ਕਿ ਸਾਡਾ ਰਾਮ ਮੰਦਿਰ ਢਾਹ ਕੇ ਸਾਡੇ ਧਰਮ ਵਿੱਚ ਦਖਲ ਦੇ ਕੇ ਇਹ ਮਸਜਿਦ ਬਣੀ ਸੀ, ਪਰ ਦੂਜੇ ਪਾਸੇ ਬੀ.ਜੇ.ਪੀ. ਦਾ ਲੋਕ ਸਭਾ ਮੈਂਬਰ ਆਦਿਤਿਆ ਨਾਥ ਯੋਗੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹਲਕੇ ਵਿਚ ਜਾ ਕੇ ਵਿਸ਼ਵ ਹਿੰਦੂ ਪਰਿਸ਼ਦ ਦੀ ਪੰਜਾਹਵੀਂ ਵਰੇ੍ਹ ਗੰਢ ਦੇ ਮੌਕੇ ਆਪਣੇ ਸੰਬੋਧਨ ਵਿੱਚ ਕਹਿ ਰਿਹਾ ਹੈ ਕਿ ਵਿਸ਼ਵਾਨਾਥ ਦੇ ਦਰਸ਼ਨ ਸਮੇ ਗਿਆਨਵਾਪੀ ਮਸਜਿਦ ਸਾਨੂੰ ਮੁੰਹ ਚਿਦਾਉਂਦੀ ਹੈ, ਜੇ ਮੁਲਾਣੇ ਸਾਡੀ ਗੱਲ ਨਾਂ ਮੰਨੇ ਤਾਂ ਅਸੀਂ ਹਰ ਮਸਜਿਦ ਵਿੱਚ ਨੰਦੀ, ਗੌਰੀ ਅਤੇ ਗਣੇਸ਼ ਦੀਆਂ ਮੂਰਤੀਆਂ ਲਾ ਦੇਵਾਂਗੇ, ਕੀਹ ਇਸ ਨੂੰ ਅਸੀਂ ਦੇਸ਼ ਭਗਤੀ ਆਖਦੇ ਹਾਂ? ਅਜਿਹਾ ਕਦੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਨਹੀਂ ਕਿਹਾ ਸੀ ਕਿਸੇ ਮੰਦਿਰ ਨੂੰ ਢਾਹਾਂਗੇ ਜਾਂ ਕਿਸੇ ਮੰਦਿਰ ਦਾ ਗੁਰਦਵਾਰਾ ਬਣਾ ਦੇਵਾਂਗੇ। ਇੱਕ ਹੋਰ ਬੁਬਨਾ ਓਮ ਜੀ ਜੋ ਆਪਣੇ ਆਪ ਨੂੰ ਹਿੰਦੂ ਮਹਾਂ ਸਭਾ ਦਾ ਵੱਡਾ ਆਗੂ ਦੱਸਦਾ ਹੈ ਅਤੇ ਦਾਹਵਾ ਕਰਦਾ ਹੈ ਕਿ ਅਸੀਂ ਹੀ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ ਅਤੇ ਹੁਣ ਕੇਜਰੀਵਾਲ ਨੂੰ ਵੀ ਮਰਾਂਗੇ ਕੀਹ ਇਹ ਦੇਸ਼ ਭਗਤੀ ਹੈ ? ਫਿਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਨ ਉੱਤੇ ਅਜਿਹਾ ਕਰਨਾ ਕਿਸੇ ਵੀ ਤਰਾਂ ਵਾਜਿਬ ਨਹੀਂ। ਪੁਤਲੇ ਤਾਂ ਇਹਨਾਂ ਸਵਾਮੀਆਂ ਦੇ ਫੂਕੇ ਜਾਣੇ ਚਾਹੀਦੇ ਹਨ, ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਿਉਂ ?

ਭਾਰਤ ਇੱਕ ਗੁਲਦਸਤਾ ਸੀ, ਪਰ ਹੁਣ ਇੱਥੇ ਸਿਰਫ ਥੋਹਰ ਲਾਕੇ ਗੁਜ਼ਾਰਾ ਨਹੀਂ ਹੋਣਾ, ਇੱਥੇ ਵੱਸਦੀਆਂ ਸਾਰੀਆਂ ਕੌਮਾਂ ਨੂੰ ਆਪਣੀ ਅਵਾਜ ਬੁਲੰਦ ਕਰਨ ਜਾਂ ਆਪਣੀ ਪੀੜਾ ਜੱਗ ਜਾਹਰ ਕਰਨ ਦਾ ਅਧਿਕਾਰ ਭਾਰਤੀ ਸੰਵਿਧਾਨ ਦਿੰਦਾ ਹੈ। ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਭਲੇ ਹੀ ਭਾਰਤੀ ਨਿਜ਼ਾਮ ਜਾਂ ਕੱਟੜਵਾਦੀ ਹਿੰਦੂਤਵੀ ਜਥੇਬੰਦੀਆਂ ਅੱਤਵਾਦੀ ਕਹਿਣ ਜਾਂ ਦੇਸ਼ ਧ੍ਰੋਹੀ ਕਹਿਣ, ਪਰ ਸਿੱਖਾਂ ਵਿੱਚ ਉਹਨਾਂ ਦਾ ਪੂਰਾ ਸਤਿਕਾਰ ਹੈ ਅਤੇ ਉਹ ਭਾਰਤੀ ਨਿਜ਼ਾਮ ਦਾ ਬੇ ਮਤਲਬਾ ਵਿਰੋਧ ਕਰਦਿਆਂ ਸ਼ਹੀਦ ਨਹੀਂ ਹੋਏ, ਸਗੋਂ ਸਿੱਖਾਂ ਅਤੇ ਪੰਜਾਬ ਦੀਆਂ ਜਾਇਜ ਮੰਗਾ ਮੰਗਣ ਉੱਤੇ ਨਿਜ਼ਾਮ ਦੇ ਗੁੱਸੇ ਦਾ ਸ਼ਿਕਾਰ ਹੋਏ ਹਨ। ਇਸ ਵਾਸਤੇ ਅੱਜ ਦੀ ਨੌਜਵਾਨ ਹਿੰਦੂ ਪੀੜੀ ਨੂੰ ਪੁਤਲੇ ਸਾੜਣ ਵਾਲਿਆਂ ਦੀਆਂ ਗੱਲਾਂ ਵਿੱਚ ਗੁੰਮਰਾਹ ਹੋਣ ਤੋਂ ਪਹਿਲਾਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨੂੰ ਪੜ੍ਹ ਲੈਣਾ ਚਾਹੀਦਾ ਹੈ।

ਪੁਤਲਾ ਸਾੜੇ ਜਾਣ ਦਾ ਵਿਰੋਧ ਕਰਣ ਵਾਲਿਆਂ ਨੂੰ ਹੀ ਅਖੌਤੀ ਪੰਥਕ ਸਰਕਾਰ ਨੇ ਗ੍ਰਿਫਤਾਰ ਕਰ ਲਿਆ... ਇਹ ਹੈ ਇਨਸਾਫ!!!

ਹੁਣ ਰਹੀ ਗੱਲ ਪੰਜਾਬ ਸਰਕਾਰ ਦੀ ਪੰਜਾਬ ਵਿੱਚ ਅੱਜ ਬਾਬੇ ਹਰਨਾਮ ਸਿਹੁੰ ਧੁੰਮੇਂ ਦੀ ਸਰਕਾਰ ਹੈ ਕਿਉਂਕਿ ਜਿਸ ਦਿਨ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਸਹੁੰ ਚੁੱਕੀ ਸੀ, ਉਸ ਦਿਨ ਸ. ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਬਾਬੇ ਧੁੰਮੇਂ ਦੇ ਹੀ ਗੋਡੇ ਹੱਥ ਲਾਏ ਸਨ ਅਤੇ ਇਹ ਵੀ ਜੱਗ ਜਾਹਰ ਹੈ ਕਿ ਆਰ.ਐਸ.ਐਸ. ਅਤੇ ਬਾਦਲ ਸਰਕਾਰ ਵਿਚਕਾਰ ਬਾਬਾ ਧੁੰਮਾਂ ਹੀ ਇੱਕ ਕੜੀ ਹੈ ਅਤੇ ਆਰ.ਐਸ.ਐਸ. ਦਾ ਹਰ ਹੁਕਮ ਬਾਬਾ ਧੁੰਮਾਂ ਖੁਦ ਵੀ ਮੰਨਦਾ ਹੈ ਅਤੇ ਸਿੱਖਾਂ ਉੱਤੇ ਲਾਗੂ ਵੀ ਕਰਦਾ ਹੈ। ਫਿਰ ਆਰ.ਐਸ. ਐਸ. ਦੀਆਂ ਸਹਿਯੋਗੀ ਜਥੇਬੰਦੀਆਂ ਸ਼ਿਵ ਸੈਨਾਂ ਵਗੈਰਾ ਬਾਬੇ ਧੁੰਮੇਂ ਦੀ ਆਰ.ਐਸ.ਐਸ. ਨਾਲ ਸਾਂਝ ਹੋਣ ਦੇ ਬਾਵਜੂਦ ਜਿਸ ਜਥੇ ਭਿੰਡਰਾਂ ਦਾ ਧੁੰਮਾਂ ਪੰਦਰਵਾਂ ਮੁਖੀ ਅਖਵਾਉਂਦਾ ਹੈ, ਉਸ ਹੀ ਜਥੇ ਦੇ ਚੌਧਵੇਂ ਮੁਖੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੁਤਲਾ ਸਾੜਿਆ ਜਾਵੇ? ਫਿਰ ਇਸ ਵਿਚਲੀਆਂ ਗੱਲਾਂ ਦੀ ਸਿੱਖਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ।

ਮੁੱਕਦੀ ਗੱਲ ਇਹ ਹੈ ਕਿ ਪੰਜਾਬ ਵਿਚਲੀਆਂ ਹਿੰਦੂ ਜਥੇਬੰਦੀਆਂ ਨੂੰ ਇਹ ਗੱਲ ਜਰੁਰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦੀ ਲੜਾਈ ਹਿੰਦੁਆਂ ਨਾਲ ਨਹੀਂ, ਸਿੱਖ ਨਿਜ਼ਾਮ ਦੇ ਖਿਲਾਫ਼ ਲੜ੍ਹ ਰਹੇ ਹਨ ਅਤੇ ਉਦੋਂ ਤੱਕ ਨਿਰੰਤਰ ਲੜਦੇ ਰਹਿਣਗੇ ਜਦੋਂ ਤੱਕ ਸਿੱਖਾਂ ਨੂੰ ਹੱਕ ਨਹੀਂ ਮਿਲ ਜਾਂਦੇ ਅਤੇ ਇੱਥੇ ਇੱਕ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਨਹੀਂ ਹਰ ਉਹ ਸਿੱਖ ਜਿਹੜਾ ਸਿੱਖਾਂ ਦੀ ਨਿਰਾਲੀ ਅਤੇ ਨਿਆਰੀ ਹਸਤੀ ਨੂੰ ਕਾਇਮ ਰੱਖਣ ਦੀ ਗੱਲ ਕਰੇਗਾ ਅਤੇ ਆਪਣੇ ਹੱਕ ਮੰਗੇਗਾ, ਭਾਰਤੀ ਨਿਜ਼ਾਮ ਨੂੰ ਉਹ ਭਿੰਡਰਾਂਵਾਲਾ ਹੀ ਨਜਰ ਆਵੇਗਾ। ਇਸ ਵਾਸਤੇ ਪੁਤਲੇ ਬਣਾਉਣ ਵਾਲੇ ਕੱਪੜੇ ਤਾਂ ਕਦੇ ਮੁੱਕ ਸਕਦੇ ਹਨ, ਪਰ ਸਿੱਖ ਨਹੀਂ ਮੁੱਕਣੇ ਅਤੇ ਸਾਰੇ ਪੰਜਾਬ ਵਿੱਚ ਵੱਸਦੇ ਹਿੰਦੂ ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ ਕਿਸੇ ਕੱਟੜਵਾਦੀ ਜਥੇਬੰਦੀ ਦੇ ਬਹਿਕਾਵੇ ਵਿੱਚ ਆ ਕੇ ਸਿੱਖਾਂ ਦੇ ਹੱਕ ਮੰਗਣ ਵਾਲੇ ਆਗੂਆਂ ਪ੍ਰਤੀ ਕੋਈ ਗਲਤ ਬਿੰਬ ਨਾ ਬਣਾਓ, ਜੇ ਸਿੱਖਾਂ ਨੂੰ ਕਦੇ ਹੱਕ ਮਿਲੇ ਤਾਂ ਸਿੱਖ ਹਮੇਸ਼ਾਂ ਵੰਡ ਛਕਣ ਦੇ ਵਿਰਸੇ ਅਨੁਸਾਰ ਤੁਹਾਨੂੰ ਵੀ ਬਰਾਬਰ ਦਾ ਸਤਿਕਾਰ ਦੇਣਗੇ।

ਆਓ ਕੁੱਝ ਸ਼ਰਾਰਤੀਆਂ ਵੱਲੋਂ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਵਾਲਿਆਂ ਦੀਆਂ ਗੱਲਾਂ ਵਿੱਚ ਫਸ ਕੇ ਕੋਈ ਨਫਰਤ ਭਰੀ ਕਾਰਵਾਈ ਨਾ ਕਰੀਏ। ਜਿਸ ਨਾਲ ਆਪਾਂ ਆਪਣੇ ਪੰਜਾਬ ਦਾ ਕੋਈ ਨੁਕਸਾਨ ਕਰ ਬੈਠੀਏ? ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top