Share on Facebook

Main News Page

ਭਾਈ ਪੰਥਪ੍ਰੀਤ ਸਿੰਘ ਖਾਲਸਾ, ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਰਿਲੀਜ਼

ਬਠਿੰਡਾ/ਮਾਂਝੀ, 10 ਫਰਵਰੀ (ਤੁੰਗਵਾਲੀ): 1762 ਦੇ ਵੱਡੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਮਾਂਝੀ ਵਿਖੇ ਹੋਏ 3 ਦਿਨਾਂ ਸਾਲਾਨਾ ਸਮਾਗਮ ਦੀ ਸਮਾਪਤੀ ਸਮੇਂ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 547 (2015-16) ਭਾਈ ਪੰਥਪ੍ਰੀਤ ਸਿੰਘ ਖਾਲਸਾ ਵੱਲੋਂ ਬੀਤੀ ਸ਼ਾਮ ਰਿਲੀਜ਼ ਕੀਤਾ ਗਿਆ। ਇਹ ਕੈਲੰਡਰ ਗੁਰਮਤਿ ਸੇਵਾ ਲਹਿਰ ਭਾਈ ਬਖਤੌਰ (ਬਠਿੰਡਾ) ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਆਧਾਰ ਤੇ ਤਿਆਰ ਕੀਤਾ ਗਿਆ ਹੈ। ਇਹ ਕੈਲੰਡਰ ਸਿਰਫ ਦਿਨ ਤਰੀਕਾਂ ਦੇਖਣ ਦਾ ਆਸਾਨ ਸਰੋਤ ਹੀ ਨਹੀਂ ਬਲਕਿ ਕੈਲੰਡਰ ਵਿੱਚ ਸ਼ਾਮਲ ਕੀਤੀ ਹਰ ਵਿਸ਼ਾ ਵਸਤੂ ਗੁਰਮਤਿ ਦਾ ਇੱਕ ਮਹਾਨ ਪ੍ਰੇਰਨਾ ਸਰੋਤ ਹੈ। ਇਸ ਮੌਕੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਕੈਲੰਡਰ ਦੀ ਡਿਜ਼ਾਈਨ ਅਤੇ ਸੈਟਿੰਗ ਕਰਨ ਲਈ ਭਾਈ ਕਿਰਪਾਲ ਸਿੰਘ ਬਠਿੰਡਾ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਿਮਰਤੀਆਂ, ਪੁਰਾਣਾਂ ਦੀ ਸਿੱਖਿਆ ਨੇ ਮਨੁੱਖ ਨੂੰ ਇੱਕ ਤਰ੍ਹਾਂ ਜਾਤੀਵਾਦ, ਪਾਖੰਡਵਾਦ, ਕਰਮਕਾਂਡ, ਵਰਤ, ਮੂਰਤੀਪੂਜਾ, ਡੇਰਾਵਾਦ, ਥਿੱਤਵਾਰ, ਮਹੂਰਤ ਆਦਿਕ ਦੇ ਵਹਿਮ ਭਰਮਾਂ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਹੈ ਜਿਸਦਾ ਜਿਕਰ ਗੁਰਬਾਣੀ ਵਿੱਚ ਵੀ ਇੰਜ ਕੀਤਾ ਹੋਇਆ ਹੈ :- ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥1॥ - ਗਉੜੀ (ਭਗਤ ਕਬੀਰ ਜੀ) ਅੰਗ 329।

ਕੈਲੰਡਰ ਵਿੱਚ ਦਿਖਾਈ ਗਈ ਫੋਟੋ ਵਿੱਚ ਇਸ ਵਿਚਾਰ ਨੂੰ ਇੱਕ ਸੰਗਲ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਨ੍ਹਾਂ ਸੰਗਲਾਂ ਨੂੰ ਤੋੜਨ ਵਾਸਤੇ ਗੁਰੂ ਸਾਹਿਬਾਨ ਨੇ ਜੋ ਗਿਆਨ ਬਖਸ਼ਿਸ਼ ਕੀਤਾ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਰੂਪ ਵਿੱਚ ਦਰਜ਼ ਹੈ। ਇਹ ਗਿਆਨ ਪ੍ਰਾਪਤ ਕਰਨ ਲਈ ਬੱਚੇ ਗੁਰਬਾਣੀ ਦਾ ਸਹਿਜ ਪਾਠ ਕਰਦੇ ਵਿਖਾਏ ਗਏ ਹਨ। ਇਸਦੇ ਸਾਹਮਣੇ ਵਾਲੀ ਫੋਟੋ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਪੰਥਕ ਇਕੱਠ ਬਣਾਉਣ ਦੀ ਪ੍ਰੇਰਨਾ ਦੇ ਰਹੀ ਹੈ ਕਿ ਆਓ! ਸ਼ਬਦ ਗੁਰੂ ਦੀ ਅਗਵਾਈ ਹੇਠ ਪੰਥਕ ਕਾਫਲਾ ਬਣਾ ਕੇ ਇਨਾਂ ਵਹਿਮਾਂ ਭਰਮਾਂ ਅਤੇ ਪਾਖੰਡਾਂ ਦੇ ਸੰਗਲਾਂ ਨੂੰ ਤੋੜ ਸੁੱਟੀਏ

ਭਾਈ ਪੰਥਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਆਮ ਕੈਲੰਡਰਾਂ ਵਿੱਚ ਸਾਲ ਵਿੱਚ ਆਉਣ ਵਾਲੇ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਕੈਲੰਡਰ ਦੇ ਅਖੀਰ ਵਿੱਚ ਦਿਖਾਏ ਜਾਂਦੇ ਹਨ ਜਿਸ ਕਾਰਨ ਆਮ ਮਨੁੱਖ ਲਈ ਕਿਸੇ ਖਾਸ ਦਿਹਾੜੇ ਦੀ ਤਰੀਕ ਲੱਭਣ ਲਈ ਮੁਸ਼ਕਲ ਆਉਂਦੀ ਹੈ ਪਰ ਇਸ ਕੈਲੰਡਰ ਵਿੱਚ ਹਰ ਮਹੀਨੇ ਆਉਣ ਵਾਲੇ ਮਹੱਤਵਪੂਰਨ ਦਿਹਾੜੇ ਉਸੇ ਮਹੀਨੇ ਦੇ ਨੀਚੇ ਹੀ ਵਿਸ਼ੇਸ਼ ਤੌਰ ਤੇ ਨਿਸ਼ਚਿਤ ਕੀਤੇ ਰੰਗਾਂ ਵਿੱਚ ਵਿਖਾਏ ਗਏ ਹਨ ਅਤੇ ਉਸ ਦਿਹਾੜੇ ਨਾਲ ਸਬੰਧਤ ਤਰੀਕਾਂ ਦੀਆਂ ਡੱਬੀਆਂ ਉਨ੍ਹਾਂ ਹੀ ਰੰਗਾਂ ਦੀਆਂ ਹਨ ਜਿਵੇਂਕਿ ਗੁਰਪੁਰਬਾਂ ਲਈ ਲਾਲ ਰੰਗ, ਭਗਤ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜਿਆਂ ਲਈ ਹਰਾ ਰੰਗ, ਸਿੱਖ ਇਤਿਹਾਸਕ ਦਿਹਾੜਿਆਂ ਲਈ ਹਲਕਾ ਵੈਂਗਣੀ ਰੰਗ ਅਤੇ ਹੋਰ ਦਿਹਾੜਿਆਂ ਲਈ ਨੀਲਾ ਰੰਗ ਨਿਸ਼ਚਿਤ ਕੀਤਾ ਗਿਆ ਹੈ, ਜਿਸ ਨਾਲ ਸਬੰਧਤ ਦਿਨ ਦਿਹਾੜੇ ਦੇਖਣੇ ਬਹੁਤ ਹੀ ਆਸਾਨ ਹੋ ਗਏ ਹਨ।

ਕੈਲੰਡਰ ਰਿਲੀਜ਼ ਕਰਨ ਵੇਲੇ ਭਾਈ ਪੰਥਪ੍ਰੀਤ ਸਿੰਘ ਨਾਲ ਭਾਈ ਹਰਜਿੰਦਰ ਸਿੰਘ ਮਾਂਝੀ ਪ੍ਰਚਾਰਕ ਜੋ ਕਿ ਇਸੇ ਪਿੰਡ ਨਾਲ ਸਬੰਧਤ ਹਨ, ਇਸੇ ਪਿੰਡ ਦੇ ਗੁਰਦੁਆਰਾ ਸ਼ਹੀਦਸਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਹਾਦਰ ਸਿੰਘ, ਛੱਜੂ ਸਿੰਘ ਮਾਂਝੀ ਮੀਤ ਪ੍ਰਧਾਨ, ਪਿੰਡ ਆਲੋਅਰਖ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਦਿੱਤ ਸਿੰਘ, ਪਿੰਡ ਮਾਝਾ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ, ਅਵਤਾਰ ਸਿੰਘ ਬਲਿਆਲ ਸਰਕਲ ਜਥੇਦਾਰ ਏਕਨੂਰ ਖਾਲਸਾ ਫੌਜ, ਗੁਰਦੀਪ ਸਿੰਘ ਆਗੂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਗੁਰਨਾਇਬ ਸਿੰਘ ਰਾਮਪੁਰਾ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਅਦ (ਅ), ਲਿਸ਼ਕਾਰ ਸਿੰਘ ਗਾਜੀਆਣਾ ਗੁਰੂ ਕਾ ਕੀਰਤਨੀਆ, ਹਰਜੀਤ ਸਿੰਘ ਢਿਪਾਲੀ ਪ੍ਰਚਾਰਕ, ਮੰਗਲ ਸਿੰਘ ਸੰਪਾਦਕ ਕੌਮੀ ਸੋਚ ਵੀ ਸ਼ਾਮਲ ਸਨ।

ਇਸ 3 ਦਿਨਾਂ ਸਮਾਗਮ ਦੌਰਾਨ ਭਾਈ ਪੰਥਪ੍ਰੀਤ ਸਿੰਘ ਨੇ ਭਗਤ ਰਵਿਦਾਸ ਦੀ ਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਦਿਆਂ ਵਹਿਮਾਂ ਭਰਮਾਂ, ਜਾਤਪਾਤ, ਕਰਮਕਾਂਡ ਛੱਡਕੇ ਗੁਰਮਤਿ ਨਾਲ ਜੁੜਨ ਦਾ ਆਪਣੇ ਅੰਦਾਜ਼ ਨਾਲ ਪ੍ਰਚਾਰ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜਾਰੀ ਰੱਖਣ ਦੀ ਹਰ ਪ੍ਰਾਣੀ ਮਾਤਰ ਨੂੰ ਪ੍ਰੇਰਨਾ ਦਿੱਤੀ ਜਿਸਦੀ ਸੰਗਤਾਂ ਨੇ ਬਹੁਤ ਸ਼ਲਾਘਾ ਕੀਤੀ। ਤਿੰਨੇ ਹੀ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਬੜੇ ਧਿਆਨ ਨਾਲ ਗੁਰਮਤਿ ਵੀਚਾਰਾਂ ਸ੍ਰਵਣ ਕੀਤੀਆਂ।

ਪਿੰਡ ਦੇ ਨੌਜਵਾਨਾਂ ਵੱਲੋਂ ਬਾਬਾ ਰਘਵੀਰ ਸਿੰਘ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 70 ਯੂਨਿਟ ਖੂਨਦਾਨ ਇੱਕਤਰ ਕੀਤਾ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top