Share on Facebook

Main News Page

ਇਕ ਕਰਾਰੀ ਹਾਰ, ਉਪਰੋਂ ਮਿਹਣਿਆਂ ਦੀ ਮਾਰ

(ਪੀਟੀਆਈ) ਮੁੰਬਈ/ਚੰਡੀਗੜ੍ਹ/ਫ਼ਿਰੋਜ਼ਾਬਾਦ, 10 ਫ਼ਰਵਰੀ: ਦਿੱਲੀ ਵਿਧਾਨ ਸਭਾ ਚੋਣਾਂ 'ਚ ਬੁਰੀ ਤਰ੍ਹਾਂ ਹਾਰੀ ਭਾਜਪਾ ਹੁਣ ਅਪਣਿਆਂ ਅਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ। ਸ਼ਿਵ ਸੈਨਾ ਨੇ ਭਾਜਪਾ ਨੂੰ ਮਿਹਣਾ ਮਾਰਦਿਆਂ ਕਿਹਾ ਕਿ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ ਅਸਲ 'ਚ ਪ੍ਰਧਾਨ ਮੰਤਰੀ ਮੋਦੀ ਦੀ 'ਹਾਰ' ਹੈ। 

ਸ਼ਿਵ ਸੈਨਾ ਦੇ ਮੁੱਖੀ ਊਧਵ ਠਾਕਰੇ ਨੇ ਕਿਹਾ, ''ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹ ਨਰਿੰਦਰ ਮੋਦੀ ਦੀ ਹਾਰ ਹੈ। ਦਿੱਲੀ ਦੇ ਲੋਕਾਂ ਨੇ ਇਹ ਸਿੱਧ ਕਰ ਦਿਤਾ ਹੈ ਕਿ 'ਲਹਿਰ' ਨਾਲੋਂ 'ਸੁਨਾਮੀ' ਜ਼ਿਆਦਾ ਤਾਕਤਵਰ ਹੁੰਦੀ ਹੈ।'' ਊਧਵ ਠਾਕਰੇ ਨੇ ਅਰਵਿੰਦ ਕੇਜਰੀਵਾਲ ਨੂੰ ਫ਼ੋਨ 'ਤੇ ਜਿੱਤ ਦੀ ਵਧਾਈ ਦਿਤੀ ਅਤੇ ਕਿਹਾ ਕਿ ਜੇ ਕੇਜਰੀਵਾਲ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ 'ਚ ਬੁਲਾਉਣਗੇ ਤਾਂ ਉਹ ਇਸ ਸਮਾਗਮ 'ਚ ਜ਼ਰੂਰ ਸ਼ਾਮਲ ਹੋਣਗੇ।

ਸਮਾਜਵਾਦੀ ਪਾਰਟੀ ਨੇ ਭਾਜਪਾ ਦੇ ਜ਼ਖ਼ਮਾਂ 'ਤੇ ਲੂਣ ਛਿੜਕਦਿਆਂ ਕਿਹਾ ਕਿ ਪੂਰੇ ਦੇਸ਼ ਦੇ ਲੋਕਾਂ ਦਾ ਮਨ ਬਦਲ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਸਮਝ ਪੈ ਗਈ ਹੈ ਕਿ ਭਗਵਾਂ ਪਾਰਟੀ ਝੂਠੇ ਵਾਦਿਆਂ ਦੇ ਸਿਵਾਏ ਕੁੱਝ ਨਹੀਂ ਕਰ ਸਕਦੀ। ਫ਼ਿਰੋਜ਼ਾਬਾਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜਵਾਦੀ ਪਾਰਟੀ ਦੇ ਕੌਮੀ ਜਰਨਲ ਸਕੱਤਰ ਰਾਮ ਗੋਪਾਲ ਯਾਦਵ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਪ ਪਾਰਟੀ ਦੀ ਜਿੱਤ ਆਮ ਜਨਤਾ ਦਾ ਮੋਦੀ ਦੀ ਤਾਨਾਸ਼ਾਹੀ ਵਿਰੁਧ ਫ਼ਤਵਾ ਹੈ।

ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੰਤਰੀ ਸ਼ਿਵਪਾਲ ਯਾਦਵ ਨੇ ਵੀ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਝੂਠੇ ਵਾਅਦੇ ਕਰ ਕੇ ਸੱਤਾ 'ਤੇ ਕਾਬਜ਼ ਹੋਈ ਸੀ ਤੇ ਹੁਣ ਉਸਦੇ ਝੂਠ ਵਾਦਿਆਂ ਤੋਂ ਪਰਦਾ ਚੁਕਿਆ ਗਿਆ ਹੈ। ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਲਵ ਜੇਹਾਦ ਅਤੇ ਘਰ ਵਾਪਸੀ ਜਿਹੀਆਂ ਮੁਹਿੰਮਾਂ ਕਾਰਨ ਭਾਜਪਾ ਦੀ  ਹਾਰ ਹੋਈ ਹੈ।

ਉਧਰ ਭਾਜਪਾ ਦੇ ਸੀਨੀਅਰ ਆਗੂ ਅਤੇ ਹਰਿਆÎਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਭਾਜਪਾ ਦੀ ਹਾਰ ਦਾ ਕਾਰਨ ਪਾਰਟੀ ਦੀ ਚੋਣ ਰਣਨੀਤੀ ਨੂੰ ਠਹਿਰਾਇਆ। ਟਵਿਟਰ 'ਤੇ ਕੀਤੇ ਅਪਣੇ ਟਵੀਟ 'ਚ ਉਨ੍ਹਾਂ ਲਿਖਿਆ, ''ਪਾਰਟੀ ਨੂੰ ਦਿੱਲੀ 'ਚ ਬਾਹਰੀ ਲੀਡਰ ਢੋਹਣ ਦੀ ਥਾਂ ਪਾਰਟੀ 'ਚ ਲੀਡਰ ਪੈਦਾ ਕਰਨ ਵਲ ਧਿਆਨ ਦੇਣਾ ਚਾਹੀਦਾ ਸੀ।''

ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਦੀ ਹਾਰ ਤੋਂ ਦੁਖੀ, ਉਨ੍ਹਾਂ ਦੇ ਪਤੀ ਬ੍ਰਿਜ ਬੇਦੀ ਨੇ ਕਿਹਾ ਕਿ ਭਾਜਪਾ ਦਾ ਕੇਡਰ ਬੇਦੀ ਦਾ ਸਾਥ ਦੇਣ 'ਚ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ, ''ਬੇਦੀ 2,000 ਵੋਟਾਂ ਨਾਲ ਹਾਰੀ ਹੈ, ਜਦਕਿ ਹਰਸ਼ ਵਰਧਨ ਕ੍ਰਿਸ਼ਨਾ ਨਗਰ ਹਲਕੇ 'ਚੋਂ ਵੱਡੇ ਫ਼ਰਕ ਨਾਲ ਜਿਤਦੇ ਰਹੇ ਹਨ। ਇਸ ਦਾ ਇਹੀ ਮਤਲਬ ਨਿਕਲਦਾ ਹੈ ਕਿ ਭਾਜਪਾ ਦੇ ਕੇਡਰ ਨੇ ਬੇਦੀ ਦਾ ਸਾਥ ਨਹੀਂ ਦਿਤਾ।''

ਬ੍ਰਿਜ ਨੇ ਕਿਹਾ ਕਿ ਇਹ ਕਿਰਨ ਬੇਦੀ ਦੀ ਹਾਰ ਨਹੀਂ, ਸਗੋਂ ਭਾਜਪਾ ਦੀ ਹਾਰ ਹੈ। ਭਾਜਪਾ ਨੂੰ ਕਿਰਨ ਦੀ ਜਿੱਤ ਨੂੰ ਯਕੀਨੀ ਬਣਾਉਣਾ ਚਾਹੀਦਾ ਸੀ, ਕਿਉਂਕਿ ਉਹ ਦਿੱਲੀ 'ਚ ਪਾਰਟੀ ਦਾ ਚਿਹਰਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top