Share on Facebook

Main News Page

ਸਾਕੇ ਤੇ ਘੱਲੂਘਾਰੇ ਭੁੱਲਣਯੋਗ ਨਹੀਂ ਹੁੰਦੇ
-: ਜਸਪਾਲ ਸਿੰਘ ਹੇਰਾਂ

ਸਿੱਖ ਪੰਥ ਦੀ ਬੁਨਿਆਦ ਸ਼ਹਾਦਤਾਂ 'ਤੇ ਰੱਖੀ ਗਈ ਹੈ, ਸੱਚ ਦੇ ਮਾਰਗ ਦਾ ਸਫ਼ਰ, ਸ਼ਹਾਦਤ ਤੇ ਸਿੱਖੀ ’ਚ ਪ੍ਰਪੱਕਤਾ ਦੀ ਗੁੜਤੀ ਨਾਲ ਆਰੰਭ ਹੁੰਦਾ ਹੈ। ਸਾਕੇ ਤੇ ਘੱਲੂਘਾਰੇ ਸ਼ਹਾਦਤਾਂ ਦੀ ਉਹ ਲਾਸਾਨੀ ਰੋਸ਼ਨੀ ਹਨ, ਜਿਹੜੇ ਕੌਮ ਦੇ ਚਾਨਣ-ਮੁਨਾਰੇ ਹਨ, ਇਸ ਲਈ ਸਾਕੇ ਤੇ ਘੱਲੂਘਾਰੇ ਭੁੱਲਣਯੋਗ ਨਹੀਂ ਹੁੰਦੇ।

ਸਿੱਖ ਪੰਥ ਦੁਨੀਆ ਦਾ ਨਿਰਾਲਾ ਪੰਥ ਹੈ, ਜਿਹੜਾ ਇਕ ਪਾਸੇ ਜਿੱਥੇ ਸਰਬੱਤ ਦਾ ਭਲਾ 24 ਘੰਟੇ ਮੰਗਦਾ ਹੈ, ਉਥੇ ਦੁਨੀਆ ’ਚ ਜ਼ੋਰ-ਜਾਬਰ ਦੇ ਖ਼ਾਤਮੇ ਲਈ ਜੂਝਣ ਵਾਸਤੇ ਹਰ ਪਲ ਤੱਤਪਰ ਰਹਿੰਦਾ ਹੈ। ਇਹੋ ਕਾਰਣ ਹੈ ਕਿ ਦੁਨੀਆ ਦੀਆਂ ਜਾਬਰ ਧਿਰਾਂ ਨੂੰ ਸਿੱਖੀ ਦੀ ਹੋਂਦ, ਆਪਣੇ ਲਈ ਖ਼ਤਰਾ ਭਾਸਦੀ ਰਹੀ ਅਤੇ ਸਿੱਖੀ ਦੇ ਹੋਂਦ ’ਚ ਆਉਣ ਤੋਂ ਲੈ ਕੇ ਅੱਜ ਤੱਕ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸਿੱਖੀ ਦੇ ਖ਼ਾਤਮੇ ਲਈ ਹਰ ਹੀਲਾ ਵਸੀਲਾ ਵਰਤਿਆ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਲੈ ਕੇ ਦਿੱਲੀ ਦੀਆਂ ਸੜਕਾਂ 'ਤੇ ਹੋਏ ਸਿੱਖ ਕਤਲੇਆਮ ਤੱਕ ਸਿੱਖਾਂ ਨੂੰ ਸ਼ਹਾਦਤਾਂ ਦੀਆਂ ਅਨੇਕਾਂ ਰੁੱਤਾਂ ’ਚੋਂ ਲੰਘਣਾ ਪਿਆ ਅਤੇ ਦਸਮੇਸ਼ ਪਿਤਾ ਦੀ ਸਿਰਜੀ ਇਹ ਨਿਰਾਲੀ ਕੌਮ 'ਤੇ ਹਰ ਸ਼ਹਾਦਤ ਦੀ ਰੁੱਤ ਤੋਂ ਬਾਅਦ, ਪੱਤਝੜ ਦੀ ਥਾਂ, ਬਸੰਤ ਰੁੱਤ ਆਈ ਅਤੇ ਕੌਮ ਸਿੱਖੀ ਸਿਦਕ ਤੇ ਭਰੋਸੇ ਸਦਕਾ ਹੋਰ ਤਗੜੀ ਹੋ ਕੇ ਨਿਕਲੀ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਅਤੇ ਵਰਤਮਾਨ ਸਮੇਂ ਸਿੱਖਾਂ ਦੀ ਨਸਲਕੁਸ਼ੀ ਲਈ ਹੋਇਆ ਤੀਜਾ ਘੱਲੂਘਾਰਾ, ਕੌਮ ਦੇ ਸ਼ਾਨਾਮੱਤੇ ਵਿਰਸੇ ਦੇ ਉਸ ਇਤਿਹਾਸਕ, ਵਿਲੱਖਣ ਪੰਨੇ ਹਨ, ਜਿਨਾਂ ’ਚ ਸਿੱਖਾਂ ਦੀ ਆਪਣੇ ਧਰਮ ਤੇ ਕੌਮ ਅਤੇ ਮਾਨਵਤਾ ਪ੍ਰਤੀ ਸਿਦਕ, ਭਰੋਸੇ, ਕੁਰਬਾਨੀ, ਬਹਾਦਰੀ ਤੇ ਦਿ੍ਰੜਤਾ ਦੀ ਕਹਾਣੀ ਸੁਨਿਹਰੀ ਅੱਖਰਾਂ ’ਚ ਅੰਕਿਤ ਹੈ।

ਵੱਡਾ ਘੱਲੂਘਾਰਾ ਜਿਸ ’ਚ ਇੱਕ ਦਿਨੋ 25 ਤੋਂ 30 ਹਜ਼ਾਰ ਸਿੱਖ ਮਰਦ, ਔਰਤਾਂ ਤੇ ਬੱਚਿਆਂ ਦਾ ਕਤਲੇਆਮ ਅਬਾਦਲੀਆਂ ਦੀ ਫੌਜਾਂ ਵੱਲੋਂ ਕੀਤਾ ਗਿਆ, ਪ੍ਰੰਤੂ ਉਸਦੇ ਬਾਵਜੂਦ ਜਿਸ ਬਹਾਦਰੀ ਨਾਲ ਸਿੱਖਾਂ ਨੇ ਅਬਦਾਲੀਆਂ ਦੀਆਂ ਫੌਜਾਂ, ਜਿਹੜੀਆਂ ਸਿੱਖਾਂ ਦਾ ਖ਼ੁਰਾ-ਖੋਜ ਮਿਟਾਉਣ ਦਾ ਮਿਸ਼ਨ ਲੈ ਕੇ ਵਿਦੇਸ਼ ਤੋਂ ਆਈਆਂ ਸਨ, ਦੰਦ ਖੱਟੇ ਕੀਤੇ ਗਏ, ਉਹ ਆਪਣੇ ਆਪ ’ਚ ਬਹਾਦਰੀ ਦੀ ਜਿੰਦਾ ਮਿਸਾਲ ਹਨ। ਇਸੇ ਤਰਾਂ ਦੂਜੇ ਘੱਲੂਘਾਰੇ ਜਿਸਨੇ ਛੋਟਾ ਘੱਲੂਘਾਰਾ ਵੀ ਆਖਿਆ ਜਾਂਦਾ ਹੈ, ਉਸ ’ਚ ਭਾਵੇਂ ਸਿੱਖਾਂ ਦਾ ਜਾਨੀ ਨੁਕਸਾਨ, ਇੱਕ ਵਾਰ ਫ਼ਿਰ ਬਹੁਤ ਜ਼ਿਆਦਾ ਹੋਇਆ, ਪ੍ਰੰਤੂ ਇਸ ਘੱਲੂਘਾਰੇ ’ਚ ਜੂਝਣ ਵਾਲੇ ਸਿੱਖਾਂ ਨੇ ‘ਸਿਰ ਤਲੀ ਤੇ ਰੱਖ ਕੇ, ਕੌਮ ਲਈ ਮਰ ਮਿਟਣ ਦੀ ਭਾਵਨਾ ਦਾ ਜਿਹੜਾ ਸਬੂਤ ਦਿੱਤਾ, ਉਹ ਦੁਨੀਆ ਦੇ ਕਿਸੇ ਜੰਗੀ ਇਤਿਹਾਸ ’ਚ ਨਹੀਂ ਮਿਲਦਾ।

ਵੱਡੇ ਘੱਲੂਘਾਰੇ ਤੇ ਛੋਟੇ ਘੱਲੂਘਾਰੇ ’ਚ ਸਿੱਖਾਂ ਦੀ ਬੇਮਿਸਾਲ ਬਹਾਦਰੀ ਦੀ ਜਦੋਂ ਗਾਥਾ ਛਿੜਦੀ ਹੈ ਤਾਂ ਚਮਕੌਰ ਸਾਹਿਬ ਦੀ ਉਹ ਜੰਗ ਜਿਸ ’ਚ ਦਸਮੇਸ਼ ਪਿਤਾ ਨੇ ਸਿਰਫ 40 ਸਿੰਘਾਂ ਨਾਲ ਦੁਸ਼ਮਣ ਦੀਆਂ ਲੱਖਾਂ ਫੌਜ ਦਾ ਟਾਕਰਾ ਕੀਤਾ ਸੀ, ਜ਼ਰੂਰ ਯਾਦ ਆਉਂਦੀ ਹੈ, ਕਿਉਂਕਿ ਉਹ ਪੰਥ ਨੂੰ ਵਿਰਸੇ ’ਚ ਪ੍ਰਾਪਤ ਬਹਾਦਰੀ ਦੀ ਗੁੜਤੀ ਹੈ। ਵੱਡਾ ਤੇ ਛੋਟਾ ਘੱਲੂਘਾਰਾ, ਜਿਥੇ ਕੌਮ ਦੀ ਸਥਾਪਤੀ ਦੀਆਂ ਲੜਾਈਆਂ ਸਨ, ਉੱਥੇ ਇਨਾਂ ਨੂੰ ਇਸ ਧਰਤੀ ਤੇ ਆਜ਼ਾਦੀ ਤੇ ਬਹਾਦਰੀ ਦੇ ਅਧਿਕਾਰ ਵਾਲੀਆਂ ਲੜਾਈਆਂ ਵੀ ਆਖਿਆ ਜਾ ਸਕਦਾ ਹੈ।

ਘੱਲੂਘਾਰਿਆਂ ਤੋਂ ਸਿਰਫ਼ ਅੱਠ ਮਹੀਨੇ ਬਾਅਦ ਹੀ ਖਾਲਸਾ ਪੰਥ ਨੇ ਅਬਦਾਲੀ ਨੂੰ ਸ੍ਰੀ ਅੰਮਿ੍ਰਤਸਰ ਦੀ ਪਵਿੱਤਰ ਧਰਤੀ ਤੇ ਹਰਾ ਦਿੱਤਾ ਅਤੇ ਉਸਤੋਂ ਦੋ ਸਾਲ ਬਾਅਦ ਹੀ ਸਰਹਿੰਦ ਮੁੜ ਫ਼ਤਿਹ ਕਰ ਲਈ ਗਈ ਸੀ। ਘੱਲੂਘਾਰੇ ਕੌਮ ਦੀ ਅਗਨੀ ਪ੍ਰੀਖਿਆ ਦੀ ਕਹਾਣੀ ਹਨ ਅਤੇ ਸਿੱਖ ਕੌਮ ਨੇ ਗੁਰੂ ਪ੍ਰਤੀ ਆਪਣੀ ਅਥਾਹ ਸ਼ਰਧਾ ਤੇ ਸਮਰਪਿਤ ਭਾਵਨਾ ਸਕਦਾ।

ਇਨਾਂ ਘੱਲੂਘਾਰਿਆਂ ’ਚ ਅਥਾਹ ਕੁਰਬਾਨੀ ਦਿੱਤੀ ਅਤੇ ਅਦੁੱਤੀ ਬਹਾਦਰੀ ਵਿਖਾਈ। ਵਰਤਮਾਨ ਸਮੇਂ ਵਾਪਰੇ ਤੀਜੇ ਘੱਲੂਘਾਰੇ ਨੂੰ ਅਸੀਂ ਪਹਿਲੇ ਘੱਲੂਘਾਰਿਆਂ ਤੋਂ ਵੱਖ ਕਰਕੇ ਨਹੀਂ ਵੇਖ ਸਕਦੇ, ਕਿਉਂਕਿ ਇਸ ਘੱਲੂਘਾਰੇ ਦੇ ਵਾਪਰਨ ਦੇ ਕਾਰਣ ਵੀ ਪਹਿਲੇ ਘੱਲੂਘਾਰਿਆਂ ਵਾਲੇ ਹੀ ਸਨ, ਸਿੱਖ ਵਿਰੋਧੀ ਸ਼ਕਤੀ, ਸਿੱਖੀ ਦੀ ਹੋਂਦ ਨੂੰ ਅੱਜ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ, ਇਸੇ ਕਾਰਣ ਦੇਸ਼ ਦੀ ਅਜ਼ਾਦੀ ’ਚ 80 ਫੀਸਦੀ ਕੁਰਬਾਨੀਆਂ ਕਰਨ ਵਾਲੀ ਕੌਮ ਨੂੰ ਦੂਜੇ ਨੰਬਰ ਦੇ ਸ਼ਹਿਰੀ ਬਣਾ ਕੇ ਰੱਖਣ ਦਾ ਯਤਨ ਕੀਤਾ ਗਿਆ ਹੈ ਅਤੇ ਸਿੱਖਾਂ ਨੂੰ ਧਾਰਮਿਕ, ਆਰਥਿਕ, ਸਮਾਜਿਕ ਤੇ ਸੱਭਿਆਚਰਿਕ ਖੇਤਰ ’ਚ ਬਰਬਾਦ ਕਰਨ ਦੀਆਂ ਕੋਝੀਆਂ ਸਾਜ਼ਿਸਾਂ ਰਚੀਆਂ ਗਈਆਂ ਹਨ।

ਪਿਛਲੇ ਵਰ੍ਹੇ ਅਸੀਂ ਅਦਾਰਾ ਪਹਿਰੇਦਾਰ ਵੱਲੋਂ ਦੂਜੇ ਘੱਲੂਘਾਰੇ ਮੌਕੇ ਵਰਤਮਾਨ ਤੀਜੇ ਘੱਲੂਘਾਰੇ ਦੀ ਯਾਦ ਨੂੰ ਇਕੱਠਿਆਂ ਕਰਦਿਆਂ ਉਹ ਝੂਠੇ ਪੁਲਿਸ ਮੁਕਾਬਲੇ ਜਿਹੜੇ ਨਹਿਰਾਂ ਦੇ ਪੁੱਲਾਂ ਅਤੇ ਦਰਿਆਵਾਂ ਦੇ ਕੰਢਿਆਂ ਉਪਰ ਕੀਤੇ ਗਏ ਸਨ ਅਤੇ ਉਨਾਂ 25 ਹਜ਼ਾਰ ਸਿੱਖ ਨੌਜਵਾਨਾਂ ਦੀਆਂ ਅਣਪਛਾਤੀਆਂ ਲਾਸ਼ਾਂ ਦੇ ਕੀਤੇ ਸੰਸਕਾਰਾਂ ਦਾ ਇਨਸਾਫ਼ ਲੈਣ ਦੀ ਕੌਮ ਨੂੰ ਯਾਦ ਕਰਵਾਉਣ ਵਾਸਤੇ ਘੱਲੂਘਾਰਾ ਪੰਦਰਵਾੜਾ ਮਨਾਇਆ ਸੀ ਅਤੇ ਚਾਹੁੰਦੇ ਹਾਂ ਕਿ ਕੌਮ ਸਾਕਿਆਂ ਅਤੇ ਘੱਲੂਘਾਰਿਆਂ ਨੂੰ ਜਿੱਥੇ ਯਾਦ ਰੱਖੇ ਉਥੇ ਇਨਸਾਫ਼ ਦੀ ਪ੍ਰਾਪਤੀ ਲਈ ਜੂਝਣ ਲਈ ਤੱਤਪਰ ਵੀ ਹੋਵੇ ਅਤੇ ਇਸ ਪਿਰਤ ਨੂੰ ਜਾਰੀ ਰੱਖਿਆ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top