Share on Facebook

Main News Page

ਜਰਨੈਲਾਂ ਦੀ ਮੈਦਾਨ-ਏ-ਜੰਗ ਵਿਚਲੀ ਬੀਰਤਾ ਅਤੇ ਢਾਡੀਆਂ ਵੱਲੋਂ ਗਾਇਨ ਕੀਤਾ ਜਾਂਦਾ ਬੀਰ ਰਸ ਦੋਵੇਂ ਕੌਮ ਦੀ ਰੂਹ ਹਨ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਪੰਥ ਉੱਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ। ਜਿੱਥੇ ਸਤਿਗੁਰੁ ਜੀ ਨੇ ਸਿੱਖਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸਦੀਵ ਕਾਲ ਗੁਰੂ ਦਿੱਤਾ ਹੈ, ਉਥੇ ਸਿੱਖਾਂ ਨੂੰ ਬੜੇ ਧੜੱਲੇਦਾਰ ਅਤੇ ਕਹਿਣੀ ਕਰਨੀ ਦੇ ਪੂਰੇ ਜਰਨੈਲਾਂ ਦੀ ਬਖਸ਼ਿਸ਼ ਵੀ ਕੀਤੀ ਅਤੇ ਕੌਮ ਅੰਦਰ ਬੀਰਰਸ ਨੂੰ ਨਿਰੰਤਰ ਕਾਇਮ ਰੱਖਣ ਵਾਸਤੇ ਢਾਡੀ ਕਲਾ ਨੂੰ ਵੀ ਉਤਸ਼ਾਹਤ ਕਰਕੇ, ਗੁਰੂ ਘਰ ਵਿੱਚ ਮਾਨਤਾ ਦਿੱਤੀ। ਗੁਰੂ ਨਾਨਕ ਪਾਤਸ਼ਾਹ ਦੀ ਰੂਹਾਨੀ ਸੋਚ ਨੇ ਪਹਿਲੇ ਪੰਜ ਸਰੀਰਾਂ ਵਿੱਚ ਬੜੀ ਹੀ ਨਿਮਰਤਾ ਅਤੇ ਹਥਿਆਰ ਰਹਿਤ ਸੋਚ ਨੂੰ ਅਪਣਾਕੇ ਸਮੇਂ ਦੀ ਜਾਲਮ ਹਕੂਮਤ ਨੂੰ ਮਨੁੱਖੀ ਲੀਹਾਂ ਉੱਤੇ ਲਿਆਉਣ ਦੇ ਅਥੱਕ ਯਤਨ ਕੀਤੇ। ਲੇਕਿਨ ਜਦੋਂ ਪੰਜਵੇਂ ਨਾਨਕ ਨੇ ਪੋਥੀ ਸਾਹਿਬ ਦਾ ਨਿਰਮਾਣ ਕਰ ਲਿਆ ਤਾਂ ਹਕੂਮਤ ਨੇ ਉਹਨਾਂ ਨੂੰ ਤੱਤੀ ਤਵੀ ਉੱਪਰ ਬਿਠਾ ਕੇ ਸਿਰ ਵਿੱਚ ਤੱਤੀ ਰੇਤ ਪਾ ਕੇ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਛੇਵੇਂ ਨਾਨਕ ਨੇ ਮਹਿਸੂਸ ਕੀਤਾ ਕਿ ਇਸ ਤੋਂ ਅਗਲੇਰੇ ਹਕੂਮਤੀ ਹਮਲੇ ਹੋਰ ਵੀ ਖਤਰਨਾਕ ਹੋ ਸਕਦੇ ਹਨ ਅਤੇ ਹੁਣ ਉਸ ਤੋਂ ਆਪਣੀ ਅਤੇ ਕੌਮ ਦੀ ਰੱਖਿਆ ਕਰਨ ਵਾਸਤੇ ਕੁੱਝ ਜੰਗੀ ਤਿਆਰੀ ਭਾਵ ਬੀਰਰਸ ਵਿੱਚ ਵੀ ਆਉਣਾ ਪਵੇਗਾ। ਸਿੱਖ ਧਰਮ ਵਿੱਚ ਸਭ ਤੋਂ ਪਹਿਲੀਆਂ ਜੰਗੀ ਮਸ਼ਕਾਂ ਛੇਵੇਂ ਨਾਨਕ ਨੇ ਜਹਾਂਗੀਰ ਵੱਲੋਂ ਜਾਰੀ ਇੱਕ ਸ਼ਾਹੀ ਫਰਮਾਨ ਤੋਂ ਬਾਅਦ ਆਰੰਭ ਕਰ ਦਿੱਤੀਆਂ ਸਨ। ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੀ ਸਿਰਜਨਾ ਕਰਕੇ ਮੀਰੀ ਪੀਰੀ ਦੇ ਸਿਧਾਂਤ ਨੂੰ ਉਜਾਗਰ ਕਰਨਾ ਇੱਕ ਵਿਉਂਤਬੰਦੀ ਸੀ।

ਛੇਵੇਂ ਸਤਿਗੁਰੁ ਜੀ ਨੇ ਜਿੱਥੇ ਫੌਜੀ ਸ਼ਕਤੀ ਦਾ ਗਠਨ ਕੀਤਾ, ਉੱਥੇ ਸਿੱਖਾਂ ਨੂੰ ਮਾਨਸਿਕ ਤੌਰ 'ਤੇ ਬਲਵਾਨ ਅਤੇ ਨੇਕ ਨੀਅਤ ਬਣਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਵੇਲੇ ਤੋਂ ਹੀ ਰੱਬੀ ਬਾਣੀ ਨਾਲ ਜੋੜਿਆ ਸੀ, ਹੁਣ ਉਹਨਾਂ ਨੂੰ ਬੀਰਰਸ ਵਿੱਚ ਲਿਆਉਣ ਵਾਸਤੇ ਢਾਡੀ ਕਲਾ ਨੂੰ ਵੀ ਸਿੱਖੀ ਦਾ ਇੱਕ ਅਨਿਖੜਵਾਂ ਅੰਗ ਬਣਾ ਦਿੱਤਾ ਸੀ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ, ਜਿਵੇ ਗੁਰੂ ਕੇ ਪਹਿਲੇ ਰਬਾਬੀ ਭਾਈ ਮਰਦਾਨਾ ਜੀ ਸਨ, ਜੋ ਗੁਰ ਨਾਨਕ ਸਾਹਿਬ ਦੇ ਨਾਲ ਰਹੇ ਅਤੇ ਭਾਈ ਬਾਬਕ ਜੀ ਜੋ ਭਾਈ ਮਰਦਾਨਾ ਜੀ ਦੇ ਸਪੁੱਤਰ ਸਨ,ਗੁਰੂ ਅੰਗਦ ਸਾਹਿਬ ਨਾਲ ਰਹੇ ਅਤੇ ਫਿਰ ਗੁਰੂ ਕੇ ਕੀਰਤਨੀਏ ਹੋਣ ਦਾ ਮਾਨ ਭਾਈ ਸੱਤਾ ਅਤੇ ਭਾਈ ਬਲਵੰਡ ਨੂੰ ਮਿਲਿਆ ਸੀ। ਇਸ ਤਰਾਂ ਹੀ ਭਾਈ ਨੱਥ ਮੱਲ ਭਾਈ ਅਬਦੁਲ ਮੱਲ ਨੂੰ ਪਹਿਲਾ ਢਾਡੀ ਹੋਣ ਦਾ ਮਾਨ ਪ੍ਰਾਪਤ ਹੋਇਆ ਅਤੇ ਛੇਵੇਂ ਪਾਤਸ਼ਾਹ ਦੇ ਹੱਥੀ ਵਰੋਸਾਏ ਭਾਈ ਨੱਥ ਮੱਲ ਭਾਈ ਅਬਦੁਲ ਮੱਲ ਜੀ ਬੀਰਰਸੀ ਵਾਰਾਂ ਨਾਲ ਸਿੱਖਾਂ ਅੰਦਰ ਜੋਸ਼ ਭਰਦੇ ਸਨ।

ਗੁਰੂ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦੇਣ ਪਿੱਛੋਂ ਸਰੀਰਕ ਰੂਪ ਵਿੱਚ ਸਾਥੋਂ ਵਿਦਾਇਗੀ ਲੈਣ ਉਪਰੰਤ ਸਿੱਖ ਜਰਨੈਲਾਂ ਨੇ ਕੌਮ ਦੀ ਕਮਾਂਡ ਸੰਭਾਲੀ। ਗੁਰੂ ਸਾਹਿਬ ਦੀ ਸੋਚ ਅਤੇ ਕਿਰਪਾ ਅਧੀਨ, ਪਰ ਅਜ਼ਾਦਾਨਾਂ ਤੌਰ ਉੱਤੇ ਜੰਗ ਲੜਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਸਿੱਖ ਜਰਨੈਲ ਸਨ, ਜਿੰਨਾਂ ਨੇ ਗੁਰੂ ਦੀ ਸਿਖਿਆ ਅਤੇ ਓਟ ਆਸਰੇ ਨਾਲ ਪਹਿਲੀ ਸਿੱਖ ਬਾਦਸ਼ਾਹੀ ਕਾਇਮ ਕੀਤੀ ਸੀ। ਉਸ ਤੋਂ ਬਾਅਦ ਬਹੁਤ ਸਾਰੇ ਵੱਡੇ ਵੱਡੇ ਜਰਨੈਲ ਹੋਏ, ਜਿਹਨਾਂ ਉੱਤੇ ਕੌਮ ਨੂੰ ਅੱਜ ਵੀ ਫਖਰ ਹੈ ਅਤੇ ਕੌਮ ਅਜਿਹੇ ਜਰਨੈਲਾਂ ਨੂੰ ਯਾਦ ਕਰਕੇ ਹੀ ਜਿਉਂਦੀ ਹੈ। ਸਾਰੇ ਸਿੱਖ ਜਰਨੈਲਾਂ ਦਾ ਇੱਕ ਲੇਖ ਵਿੱਚ ਜਿਕਰ ਕਰਨਾ ਸੰਭਵ ਨਹੀਂ, ਲੇਕਿਨ ਜਿਸ ਜਰਨੈਲ ਦਾ ਅੱਜ ਸ਼ਹੀਦੀ ਦਿਹਾੜਾ ਹੈ ਉਸ ਨੂੰ ਜਰੁਰ ਯਾਦ ਕਰਨਾ ਚਾਹੀਦਾ ਹੈ।

ਸਿੱਖ ਰਾਜ ਦੇ ਉਸਰਈਏ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਇੱਕ ਮਹਾਨ ਜਰਨੈਲ ਸ. ਸ਼ਾਮ ਸਿੰਘ ਅਟਾਰੀ ਨੇ ਅੱਜ ਦੇ ਦਿਨ ਸਭਰਾਵਾਂ ਦੇ ਮੈਦਾਨ ਵਿੱਚ ਸ਼ਹੀਦੀ ਪਾਈ ਸੀ। ਇਤਿਹਾਸ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਕੁੜਮ ਹੋਣ ਦੇ ਬਾਵਜੂਦ ਵੀ ਸ. ਸ਼ਾਮ ਸਿੰਘ ਅਟਾਰੀ ਨੇ ਜਦੋਂ ਡੋਗਰਿਆਂ ਦੀ ਵਧ ਰਹੀ ਦਖਲ ਅੰਦਾਜੀ ਉੱਤੇ ਕੀਤੇ ਇਤਰਾਜ਼ ਨੂੰ ਪ੍ਰਵਾਨ ਹੁੰਦਾ ਨਾ ਵੇਖਿਆ ਤਾਂ ਉਹ ਰੋਸ ਵਜੋਂ ਆਪਣੇ ਘਰ ਆ ਗਏ ਅਤੇ ਆਖਦੇ ਹਨ ਕਿ ਆਪਣੀ ਸ੍ਰੀ ਸਾਹਿਬ ਕਿੱਲੀ ਉੱਤੇ ਟੰਗ ਦਿੱਤੀ ਸੀ। ਪਰ ਜਿਸ ਵੇਲੇ ਸਿੱਖ ਰਾਜ ਦਾ ਅੰਤ ਹੋ ਗਿਆ ਅਤੇ ਪੰਥ ਨੂੰ ਹਰਦਾ ਵੇਖਿਆ ਤਾਂ ਫਿਰ ਕਿੱਲੀ ਉੱਤੇ ਟੰਗੀ ਸਿਰੀ ਸਾਹਿਬ ਚੁੱਕ ਕੇ ਪੰਥ ਦੀ ਅਣਖ ਗੈਰਤ ਵਾਸਤੇ ਸਭਰਾਵਾਂ ਦੇ ਮੈਦਾਨ ਵਿੱਚ ਸ਼ਹੀਦੀ ਪਾਈ ਸੀ।

ਸ. ਸ਼ਾਮ ਸਿੰਘ ਅਟਾਰੀ ਦੀ ਪੰਜਵੀ ਸੰਤਾਨ ਮੇਰੇ ਰਿਸਤੇ ਵਿੱਚੋਂ ਫੁਫੜ ਜੀ ਸ. ਹਰਜੀਤ ਸਿੰਘ ਸਿੱਧੂ ਅਟਾਰੀ ਜੋ ਅੱਜਕੱਲ ਅਮਰੀਕਾ ਵਿੱਚ ਹਨ, ਤੋਂ ਸ. ਸ਼ਾਮ ਸਿੰਘ ਅਟਾਰੀ ਜੀ ਬਾਰੇ ਬਹੁਤ ਕੁੱਝ ਸੁਣੀਦਾ ਹੈ, ਜੋ ਕਿਸੇ ਕਿਤਾਬੀ ਲਿਖਤਾਂ ਦਾ ਹਿੱਸਾ ਤਾਂ ਨਹੀਂ ਹੋਵੇਗਾ, ਪਰ ਪੀੜੀ ਦਰ ਪੀੜੀ ਇਕ ਘਰੇਲੂ ਸਾਖੀਆਂ ਦਾ ਹਿੱਸਾ ਜਰੁਰ ਹੈ। ਸ. ਸ਼ਾਮ ਸਿੰਘ ਜੀ ਅਟਾਰੀ ਬਾਰੇ ਮਸ਼ਹੂਰ ਹੈ ਕਿ ਸ਼ਹੀਦੀ ਉਪਰੰਤ ਵੀ ਉਹਨਾਂ ਨੇ ਹੱਥ ਵਿਚੋਂ ਸ੍ਰੀ ਸਾਹਿਬ ਦਾ ਮੱਠਾ ਨਹੀਂ ਕੱਢਿਆ ਜਾ ਸਕਿਆ ਸੀ ਅਤੇ ਫਿਰ ਘਿਉ ਦੀ ਮਾਲਿਸ਼ ਕਰਕੇ ਉਂਗਲਾਂ ਦੀ ਪਕੜ ਢਿੱਲੀ ਕਰਨ ਉਪਰੰਤ ਸ੍ਰੀ ਸਾਹਿਬ ਤੋਂ ਹੱਥ ਹਟਾਇਆ ਗਿਆ ਸੀ। ਇਹ ਸੀ ਉਨ੍ਹਾਂ ਦਾ ਸਿੱਖੀ ਜਜਬਾ, ਜੋਸ਼ ਅਤੇ ਪੰਥਕ ਪਿਆਰ।

ਅੱਜ ਅਦਾਰਾ ਪਹਿਰੇਦਾਰ ਵੱਲੋਂ ਸ. ਸ਼ਾਮ ਸਿੰਘ ਅਟਾਰੀ ਦੇ ਸ਼ਹੀਦੀ ਦਿਹਾੜੇ ਉੱਤੇ ਸਿੱਖ ਜਰਨੈਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ, ਢਾਡੀ ਦਰਬਾਰ ਕਰਵਾਇਆ ਜਾ ਰਿਹਾ ਹੈ। ਜਿੱਥੇ ਢਾਡੀ ਮੁਕਾਬਲੇ ਵਿੱਚ ਜੇਤੂ ਢਾਡੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਸ਼ਹੀਦਾਂ ਅਤੇ ਢਾਡੀਆਂ ਦੋਹਾਂ ਨੂੰ ਕੌਮ ਵਿਸਾਰਦੀ ਜਾ ਰਹੀ ਹੈ, ਅੱਜ ਕਿਤੇ ਕੋਈ ਢਾਡੀ ਦਰਬਾਰ ਨਹੀਂ ਹੁੰਦਾ ਨਾਂ ਹੀ ਢਾਡੀਆਂ ਨੂੰ ਕੋਈ ਸਨਮਾਨ ਦਿੱਤਾ ਜਾਂਦਾ ਹੈ। ਢਾਡੀਆਂ ਨੂੰ ਤਿੰਨ ਦਹਾਕੇ ਪਹਿਲਾਂ ਸਿੱਖ ਸੰਗਤ ਬੜੀ ਸ਼ਰਧਾ ਨਾਲ ਸੁਣਦੀ ਸੀ। ਪਰ ਹੁਣ ਬੜੇ ਹੀ ਸਾਜਿਸ਼ੀ ਤਰੀਕੇ ਨਾਲ ਢਾਡੀਆਂ ਦੀ ਥਾਂ ਚਿਮਟਾਕੁੱਟ ਲਾਣੇ ਨੇ ਲੈ ਲਈ ਅਤੇ ਦੋ ਚਾਰ ਬਾਬੇ ਜਿਹੜੇ ਗੁਰੂ ਦੀ ਗੱਲ ਕਰਦੇ ਹਨ, ਉਹਨਾਂ ਨੂੰ ਛੱਡਕੇ ਬਾਕੀ ਸਾਰੇ ਤਾਂ ਸਿੱਖੀ ਦੇ ਜੜ੍ਹੀਂ ਤੇਲ ਦੇਣ ਵਾਲੇ ਹੀ ਹਨ। ਇਹਨਾਂ ਨੇ ਪਹਿਲਾਂ ਤਾਂ ਇਹ ਪਰਚਾਰ ਕੀਤਾ ਕਿ ਢਾਡੀਆਂ ਦਾ ਜੀਵਨ ਵਧੀਆ ਨਹੀਂ ਅਤੇ ਫਿਰ ਸੰਤ ਸ਼ਬਦ ਅਤੇ ਨਾਲ ਨਾਲ ਪਾਣੀ ਵਿੱਚ ਫੂਕਾਂ ਮਾਰਨ ਅਤੇ ਝੋਲੀ ਵਿੱਚ ਫਲ ਪਾਉਣ ਨਾਲ ਲੜਕੇ ਪੈਦਾ ਹੋਣ ਦੇ ਪ੍ਰਚਾਰ ਨੇ ਬਾਬਿਆਂ ਨੂੰ ਅੱਗੇ ਲੈ ਆਂਦਾ ਅਤੇ ਢਾਡੀਆਂ ਨੂੰ ਪਿੱਛੇ ਸੁੱਟ ਦਿੱਤਾ। ਜਿਹੜੇ ਦੋਸ਼ ਇਹ ਫਰਾਕਾਂ ਵਾਲੇ ਬਾਬੇ ਢਾਡੀਆਂ ਉੱਤੇ ਲਾਉਂਦੇ ਸਨ, ਅੱਜ ਉਹ ਸਾਰੇ ਕੁਕਰਮ ਕਰਨ ਦੇ ਦੋਸ਼ ਇਹਨਾਂ ਉੱਤੇ ਲੱਗ ਰਹੇ ਹਨ। ਪਰ ਇਹ ਸੁਖਮਨੀ ਸਾਹਿਬ ਦੇ ਪਾਠ ਕਰਵਾ ਕਰਵਾ ਕੇ ਲੋਕਾਂ ਦੇ ਮਨਾਂ ਅੰਦਰ ਇੱਕ ਡਰ ਪੈਦਾ ਕਰਨ ਵਿੱਚ ਕਾਮਯਾਬ ਹੋ ਚੁੱਕੇ ਹਨ ਕਿ ਕਿਸੇ ਫਰਾਕ (ਚੋਲੇ ) ਵਾਲੇ ਦੀ ਨਿੰਦਿਆ ਕਰਨ ਨਾਲ ਕੁਲ ਨਾਸ ਹੋ ਜਾਂਦੀ ਹੈ। ਮੇਰਾ ਮਤਲਬ ਇਹ ਨਹੀਂ ਕਿ ਸੁਖਮਨੀ ਸਾਹਿਬ ਪੜ੍ਹਣਾ ਮਾੜਾ ਹੈ, ਪਰ ਇਹਨਾਂ ਨੇ ਉਸਦੇ ਅਰਥ ਨਹੀਂ ਸਮਝਾਏ ਕਦੇ ਕਿ ਸੁਖਮਨੀ ਸਾਹਿਬ ਵਿੱਚ ਦਰਜ਼ ਸੰਤ, ਅੱਜ ਦਾ ਫਰਾਕ ਵਾਲਾ ਸਾਧ ਨਹੀਂ ਹੈ।

ਇਹਨਾਂ ਲੋਕਾਂ ਨੇ ਕੱਚੀ ਬਾਣੀ ਦੇ ਕੀਰਤਨ ਵਿੱਚ ਧਾਰਨਾਂ ਪੜ੍ਹ ਪੜ੍ਹ ਕੇ ਕਿ ਭੀੜੀਆਂ ਸੁਣੀ ਦੀਆਂ ਗਲੀਆਂ ਜਿੱਥੋਂ ਦੀ ਜਮ ਲੈ ਜਾਣਗੇ ਖਾਲਸਾ ਜਿਹੜਾ ਮੌਤ ਨੂੰ ਮਖੌਲ ਕਰਦਾ ਸੀ, ਨੂੰ ਚੂਹੀਆਂ ਬਣਾਉਣ ਦਾ ਯਤਨ ਕੀਤਾ ਹੈ। ਸਿੱਖਾਂ ਨੇ ਵੀ ਇਹਨਾਂ ਦੀਆਂ ਗੱਲਾਂ ਨੂੰ ਬਿਨ੍ਹਾਂ ਗੁਰਬਾਣੀ ਦੀ ਕਸਵੱਟੀ ਉੱਤੇ ਪਰਖੇ ਪ੍ਰਵਾਨ ਕਰ ਲਿਆ ਹੈ। ਫਿਰ ਦੂਜੀ ਧਾਰਨਾਂ ਕਿ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਦੁਨੀਆ ਛੱਡੇ ਜਿਉਂਦਿਆਂ ਨੂੰ ਗੁਰਬਾਣੀ ਦੇ ਪ੍ਰਮਾਣ ਪ੍ਰਭ ਜੀ ਬਸਹਿ ਸਾਧ ਕੀ ਰਸਨਾ॥ ਨਾਨਕ ਜਨ ਕਾ ਦਾਸਨ ਦਸਨਾ ॥ ਇਤਿਅਦਿ ਨਾਲ ਸਿੱਖਾਂ ਦੀ ਸੋਚ ਦਾ ਸੋਸ਼ਣ ਕਰਕੇ ਕੌਮ ਨੂੰ ਘੁਸਿਆਰੀ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਜਦੋਂ ਕਿ ਢਾਡੀ ਕੌਮ ਦੇ ਜਜਬਾਤਾਂ ਨੂੰ ਸਦਾ ਤਾਜ਼ਾ ਰੱਖਦੇ ਸਨ।

ਮੈਨੂੰ ਇੱਕ ਸੱਚੀ ਘਟਨਾ ਯਾਦ ਆਈ ਕਿ ਮੇਰੇ ਇੱਕ ਪੱਤਰਕਾਰ ਦੋਸਤ ਸ. ਸਤਿਬੀਰ ਸਿੰਘ ਦੇ ਕੁੱਝ ਦੋਸਤਾਂ ਨੇ ਉਹਨਾਂ ਦੇ ਜੱਦੀ ਪਿੰਡ ਨੇੜੇ ਦੁੱਲੇਵਾਲਾ ਵਿੱਚ ਇੱਕ ਸਭਿਆਚਾਰਕ ਮੇਲਾ ਕਰਵਾਇਆ। ਮੈਂਨੂੰ ਵੀ ਉਹਨਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ। ਉਥੇ ਬਠਿੰਡਾ ਦੇ ਐਸ.ਐਸ.ਪੀ. ਸ੍ਰੀ ਅਨਿਲ ਕੁਮਾਰ ਵੀ ਸਾਡੇ ਨਾਲ ਸਟੇਜ ਉੱਪਰ ਬੈਠੇ ਸਨ ਅਤੇ ਇਤਫਾਕਨ ਹੀ ਉਹਨਾਂ ਦਾ ਗੋਡਾ ਮੇਰੇ ਗੋਡੇ ਨਾਲ ਲੱਗ ਰਿਹਾ ਸੀ । ਸਭਿਆਚਾਰ ਮੇਲੇ ਦੀ ਆਰੰਭਤਾ ਢਾਡੀ ਵਾਰ ਨਾਲ ਹੋਣੀ ਸੀ ਢਾਡੀ ਚਰਨ ਸਿੰਘ ਆਲਮਗੀਰ ਨੇ ਜਦੋਂ ਸ਼ੁਰੁਆਤ ਕੀਤੀ ਅਤੇ ਆਪਣੇ ਜੋਸ਼ੀਲੇ ਅਤੇ ਬੇਰੋਕ ਭਾਸ਼ਣ ਵਿੱਚ ਉਧਮ ਸਿੰਘ ਦੀ ਵਾਰ ਦਾ ਤੋੜਾ ਝਾੜਦਿਆਂ ਕਿਹਾ ਕਿ ਗੋਰੇ ਦੇ ਹਿੱਕ ਵਿੱਚ ਤਾੜ ਤਾੜ ਕਰਦੀਆਂ ਗੋਲੀਆਂ ਇੰਜ ਮਾਰੀਆਂ ਤਾਂ ਅਖੀਰਲੇ ਸ਼ਬਦ ਸੁਣਕੇ ਐਸ ਐਸ.ਪੀ. ਸਾਹਿਬ ਤ੍ਰਬਕੇ ਮੇਰੇ ਗੋਡੇ ਨਾਲ ਗੋਡਾ ਵੱਜਿਆ, ਮੈਨੂੰ ਕਹਿਣ ਲੱਗੇ ਭਾਈ ਏਹ ਤੋਂ ਆਤੰਕ ਫੈਲਾ ਦੇਂਗੇ ਮੈਂ ਕਿਹਾ ਇਹ ਆਤੰਕ ਨਹੀਂ, ਇਹ ਸਾਡਾ ਉਹ ਵਿਰਸਾ ਹੈ ਜਿਸ ਰਾਹੀ ਸਾਡੇ ਵਡੇਰੇ ਅਬਦਾਲੀ ਵਰਗਿਆਂ ਦਾ ਮੂੰਹ ਤੋੜਦੇ ਰਹੇ ਹਨ।

ਇਸ ਵਾਸਤੇ ਅੱਜ ਸਿੱਖ ਜਰਨੈਲਾਂ ਭਾਵ ਚੰਗੇ ਲੀਡਰਾਂ ਤੋਂ ਵਾਂਝੇ ਹੋਣ ਦੇ ਨਾਲ ਨਾਲ ਬੀਰਰਸ ਤੋਂ ਵੀ ਦੂਰ ਚਲੇ ਗਏ ਹਨ। ਜਿਹੜੀ ਮੌਤ ਨੂੰ ਸਿੱਖ ਮਖੌਲ ਕਰਦੇ ਸਨ ਉਹ ਹੁਣ ਸਿੱਖ ਨੂੰ ਡਰਾਉਣ ਲੱਗ ਪਈ ਹੈ, ਜਿਹੜੇ ਜਰਨੈਲ ਕਿਸੇ ਬਾਦਸ਼ਾਹੀਆਂ ਨੂੰ ਠੁਕਰਾਉਣ ਦੀ ਹਿੰਮਤ ਵਾਲਾ ਕਿਰਦਾਰ ਰਖਦੇ ਸਨ, ਅੱਜ ਉਹਨਾਂ ਦੇ ਵਾਰਸ ਇੱਕ ਰਾਜ ਸਭਾ ਦੀ ਸੀਟ ਪਿੱਛੇ ਈਮਾਨ ਵੇਚਣ ਨੂੰ ਤਿਆਰ ਬੈਠੇ ਹਨ। ਇਸ ਵਾਸਤੇ ਅੱਜ ਅਦਾਰਾ ਪਹਿਰੇਦਾਰ ਅਤੇ ਸ. ਜਸਪਾਲ ਸਿੰਘ ਹੇਰਾਂ ਨੇ ਇੱਕ ਪੰਥ ਦੋ ਕਾਜ਼ ਕਰਦਿਆਂ, ਜਿੱਥੇ ਕੌਮ ਦੇ ਮਹਾਨ ਜਰਨੈਲ ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਨੂੰ ਚੇਤੇ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਹੈ, ਉੱਥੇ ਸਾਡੇ ਅਮੀਰ ਬੀਰਰਸੀ ਵਿਰਸੇ ਦੇ ਸੰਚਾਲਕਾਂ, ਢਾਡੀਆਂ ਨੂੰ ਸਨਮਾਨ ਦੇਕੇ ਕੌਮੀ ਕਾਰਜ਼ ਕੀਤਾ ਹੈ।

ਆਓ ਇੰਜ ਹੀ ਸਾਰੇ ਆਪਾਂ ਵੀ ਰਲ ਮਿਲਕੇ ਆਪਣੇ ਸ਼ਹੀਦਾਂ ਅਤੇ ਆਪਣੇ ਵਿਰਸੇ ਦੀ ਸੰਭਾਲ ਕਰੀਏ। ਜਿਸ ਨਾਲ ਕੌਮ ਇੱਕ ਦਿਨ ਫਿਰ ਉਹਨਾਂ ਲੀਹਾਂ ਉੱਤੇ ਤੁਰੇਗੀ, ਜਿਥੋਂ ਬਿਪਰਵਾਦ, ਪਦਾਰਥਵਾਦ ਅਤੇ ਅਜੋਕੇ ਸਿੱਖ ਲੀਡਰਾਂ ਦੇ ਮਚਲਾਉਪਣੇ ਨੇ ਬੜੇ ਸਾਜਿਸ਼ੀ ਤਰੀਕੇ ਨਾਲ ਥੱਲੇ ਲਾਹ ਦਿੱਤਾ ਸੀ।

ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top