Share on Facebook

Main News Page

ਵੱਡੇ ਘੱਲੂਘਾਰੇ ਨੇ ਬੇਸ਼ੱਕ ਕੌਮ ਦਾ ਬਹੁਤ ਭਾਰੀ ਨੁਕਸਾਨ ਕੀਤਾ ਸੀ, ਪਰ ਉਸ ਵਿਚੋਂ ਸਿੱਖ ਰਾਜ ਵੀ ਨਿਕਲਿਆ ਸੀ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਅਠਾਰਵੀਂ ਸਦੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੇ ਮੂਲੋਂ ਹੀ ਖਾਤਮੇ ਦਾ ਬੀੜਾ ਚੁੱਕਿਆ ਅਤੇ ਸਾਰੀ ਸਿੱਖ ਕੌਮ ਨੂੰ ਇੱਕ ਵੱਡੇ ਹਮਲੇ ਨਾਲ ਨੇਸਤੋ ਨਬੁਦ ਕਰਨ ਦਾ ਇਰਾਦਾ ਲੈ ਕੇ ਕੁੱਪ ਰੋਹੀੜੇ ਦੇ ਮੈਦਾਨ ਵਿੱਚ ਚਾਰੇ ਪਾਸਿਓਂ ਤਾਬੜ ਤੋੜ ਹੱਲਾ ਬੋਲ ਦਿੱਤਾ। ਇਸ ਸਮੇਂ ਸਿੱਖਾਂ ਦੇ ਪੂਰੇ ਪਰਿਵਾਰ ਇਸ ਵੱਡੇ ਜਥੇ ਵਿੱਚ ਮੌਜੂਦ ਸਨ। ਜਿਸ ਕਰਕੇ ਇਹ ਹਮਲਾ ਬੜਾ ਹੀ ਖਤਰਨਾਕ ਸੀ, ਇੱਕ ਪਾਸੇ ਸਿੰਘਾਂ ਨੂੰ ਆਪਣੇ ਪਰਿਵਾਰ ਸਾਂਭਣੇ ਪੈ ਰਹੇ ਸਨ ਅਤੇ ਦੂਜੇ ਪਾਸੇ ਜਾਲਮ ਨਾਲ ਮੁਕਾਬਲਾ ਕਰਨਾ ਪੈ ਰਿਹਾ ਸੀ। ਲੇਕਿਨ ਅਠਾਰਵੀਂ ਸਦੀ ਦੇ ਯੁੱਧ ਵੇਲੇ ਲੜਾਈ ਕੇਵਲ ਮਾਰੂ ਹਥਿਆਰਾਂ ਉਤੇ ਨਿਰਭਰ ਨਹੀਂ ਕਰਦੀ ਸੀ ਸਗੋਂ ਤਕਨੀਕ ਦੇ ਨਾਲ ਦਲੇਰੀ ਅਤੇ ਜੋਰ ਬਹੁਤਾ ਕੰਮ ਆਉਂਦਾ ਸੀ।

ਇਤਿਹਾਸਕਾਰਾਂ ਨੇ ਨੇ ਇਸ ਲੜਾਈ ਵਿੱਚ ਸਿੱਖਾਂ ਦੀ ਸ਼ਹੀਦੀਆਂ ਦੀ ਗਿਣਤੀ ਦੇ ਅੰਕੜੇ ਵੱਖਰੇ ਵੱਖਰੇ ਦਿੱਤੇ ਹਨ, ਪਰ ਇੱਕ ਗੱਲ ਉੱਤੇ ਸਾਰੇ ਇੱਕਮੱਤ ਹਨ, ਜਿਸ ਨੇ ਜਿੰਨੀ ਕੌਮ ਦੀ ਗਿਣਤੀ ਦੱਸੀ ਹੈ, ਉਸ ਤੋਂ ਅੱਧੀ ਗਿਣਤੀ ਸ਼ਹੀਦੀਆਂ ਦੀ ਵੀ ਦਰਸਾਈ ਹੈ। ਇਸ ਤਰਨ੍ਹਾਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵੱਡੇ ਘੱਲੂਘਾਰੇ ਵਿੱਚ ਅੱਧੀ ਸਿੱਖ ਕੌਮ ਸ਼ਹੀਦੀ ਪ੍ਰਾਪਤ ਕਰ ਗਈ ਸੀ ਅਤੇ ਇਹ ਵੀ ਜਿਕਰਯੋਗ ਹੈ ਸ਼ਹੀਦ ਹੋਣ ਵਾਲਿਆਂ ਵਿੱਚ ਦੁੱਧ ਚੁੰਘਦੇ ਬਾਲ ਤੋਂ ਲੈ ਕੇ ਨੱਬੇ ਸਾਲ ਦੇ ਬਾਪੂ ਅਤੇ ਮਸੂਮ ਬਾਲੜੀਆਂ ਤੋਂ ਲੈਕੇ ਦਾਦੀਆਂ ਨਾਨੀਆਂ ਦੀ ਉਮਰ ਦੀਆਂ ਮਾਵਾਂ ਨੇ ਵੀ ਸ਼ਹੀਦੀ ਜਾਮ ਪੀਤੇ। ਕੁੱਪ ਰੋਹੀੜੇ ਤੋਂ ਗਹਿਲ ਪਿੰਡ ਤਕਰੀਬਨ ਚਾਲੀ ਕਿਲੋਮੀਟਰ ਦੇ ਇਲਾਕੇ ਵਿੱਚ ਵਾਪਰੇ ਇਸ ਘੱਲੂਘਾਰੇ ਵਿੱਚ ਇਹ ਘਮਸਾਨ ਦਾ ਯੁੱਧ ਤਿੰਨ ਦਿਨ ਜਾਰੀ ਰਿਹਾ ਅਤੇ ਸਾਰੀ ਧਰਤੀ ਇਨਸਾਨਾਂ ਦੇ ਲਹੂ ਨਾਲ ਸੁਰਖ ਹੋ ਗਈ ਸੀ।

ਇਸ ਮਹਾਯੁੱਧ ਦਾ ਮੱਧ ਪਿੰਡ ਕੁੱਤਬਾ ਬਾਹਮਣੀਆਂ ਦੀ ਇੱਕ ਢਾਬ ਸੀ ਅਤੇ ਬਹੁਤ ਸਾਰੇ ਇਤਿਹਾਸਕਾਰਾਂ ਅਤੇ ਇਲਾਕੇ ਵਿੱਚ ਚਲਦੀਆਂ ਲੋਕਲ ਸਾਖੀਆਂ ਵਿੱਚ ਵੀ ਲੋਕੀ ਅਕਸਰ ਜ਼ਿਕਰ ਕਰਦੇ ਹਨ ਕਿ ਇਸ ਇਲਾਕੇ ਵਿੱਚ ਪਾਣੀ ਦਾ ਕੋਈ ਸੋਮਾ ਨਹੀਂ ਅਤੇ ਸਿਰਫ ਕੁਤਬੇ ਦੀ ਢਾਬ ਹੀ ਪਾਣੀ ਦਾ ਇੱਕ ਭੰਡਾਰ ਸੀ, ਜਿਸ ਸਮੇਂ ਅਬਦਾਲੀ ਦੀ ਫੌਜਾਂ ਨਾਲ ਧਰਮਯੁੱਧ ਲੜਦੇ ਕਲਗੀਧਰ ਦੇ ਮਰਜੀਵੜੇ ਕੁੱਪ ਰੋਹੀੜੇ ਤੋਂ ਕੁਤਬੇ ਪਿੰਡ ਕੋਲ ਪਹੁੰਚੇ ਤਾਂ ਪਾਣੀ ਦੀ ਤ੍ਰੇਹ ਨਾਲ ਜਵਾਨਾਂ ਦੀਆਂ ਜੀਭਾਂ ਤਾਲੂ ਨਾਲ ਲੱਗੀਆਂ ਪਈਆਂ ਸਨ, ਪਾਣੀ ਵੇਖਦਿਆਂ ਇੱਕ ਵਾਰੀ ਸਭ ਨੂੰ ਲੜਾਈ ਭੁੱਲ ਗਈ ਅਤੇ ਦੁਸ਼ਮਨਾਂ ਨੂੰ ਛੱਡ ਕੇ ਪਾਣੀ ਵੱਲ ਨੂੰ ਟੁੱਟ ਪਏ। ਲੋਕ ਧਾਰਨਾਂ ਅਨੁਸਾਰ ਸਿੰਘ ਅਤੇ ਮੁਗਲ ਇੱਕੋ ਸਮੇਂ ਇੱਕੋ ਢਾਬ ਉੱਪਰ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਰਹੇ ਸਨ, ਇੰਜ ਲੱਗਦਾ ਸੀ ਕਿ ਜਿਵੇ ਇਹ ਕਦੇ ਲੜੇ ਹੀ ਨਾ ਹੋਣ, ਇਕ ਵਾਰੀ ਦੁਸ਼ਮਨੀ ਖਤਮ ਹੋ ਗਈ ਜਾਪਦੀ ਸੀ, ਪਰ ਪਾਣੀ ਪੀਂਦਿਆਂ ਹੀ ਅਬਦਾਲੀ ਦੇ ਪੈਰੋਕਾਰਾਂ ਦਾ ਜਨੂੰਨ ਫਿਰ ਸਿਰ ਚੜ੍ਹ ਗਿਆ ਅਤੇ ਯੁੱਧ ਦੁਬਾਰਾ ਆਰੰਭ ਹੋ ਗਿਆ। ਸਿੰਘਾਂ ਨੂੰ ਵੀ ਇਸ ਪੜਾਅ ਉੱਤੇ ਆਪਣਾ ਆਪ ਸੰਭਾਲਣ ਦਾ ਮੌਕਾ ਮਿਲ ਗਿਆ ਸੀ। ਕੁਤਬੇ ਦੀ ਢਾਬ ਤੋਂ ਦੁਬਾਰਾ ਫਿਰ ਯੁੱਧ ਵਿਕਰਾਲ ਰੂਪ ਧਾਰਨ ਕਰ ਗਿਆ। ਲੇਕਿਨ ਸਿੰਘ ਸਿਰਦਰ ਬੜੀ ਨੀਤੀ ਨਾਲ ਲੜ ਰਹੇ ਸਨ। ਬਜੁਰਗਾਂ ਅਤੇ ਬੀਬੀਆਂ ਵਾਲੇ ਗੱਡੇ ਕਾਫਲੇ ਦੇ ਵਿਚਕਾਰ ਲੈਕੇ ਕੁੱਝ ਸਿੰਘ ਮੁਗਲਾਂ ਨਾਲ ਮੁਕਬਲਾ ਕਰਕੇ ਹਮਲੇ ਦੇ ਜੋਰ ਨੂੰ ਠੰਡਾ ਕਰਦੇ ਹੋਏ ਦੁਸ਼ਮਣ ਨੂੰ ਪਿੱਛੇ ਧਕੇਲਦੇ ਸਨ ਅਤੇ ਬਾਕੀ ਦੇ ਸਿੱਖ ਆਲੇ ਦੁਆਲੇ ਦੀ ਸੁਰੱਖਿਆ ਮਜਬੂਤ ਕਰਕੇ ਕਾਫਲੇ ਨੂੰ ਆਗਾਹ ਵੱਲ ਨੂੰ ਤੋਰਦੇ ਸਨ। ਇਸ ਤਰਨ੍ਹਾਂ ਸ਼ਹੀਦੀਆਂ ਦਿੰਦੇ ਅਲੀ ਅਲੀ ਦੇ ਨਾਹਰਿਆਂ ਨੂੰ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਮਾਤ ਦਿੰਦੇ, ਦੂਜੇ ਦਿਨ ਸੂਰਜ ਡੁੱਬਦਿਆਂ ਪਿੰਡ ਗਹਿਲ ਕੋਲ ਆ ਪਹੁੰਚੇ। ਪਰ ਉਸ ਵੇਲੇ ਤੱਕ ਅਬਦਾਲੀ ਦੀਆਂ ਫੌਜਾਂ ਦਾ ਦਮ ਨਿਕਲ ਚੁੱਕਿਆ ਸੀ, ਅਬਦਾਲੀ ਨੇ ਆਪਣਾ ਸੁਫਨਾ ਫੇਲ੍ਹ ਹੁੰਦਾ ਵੇਖਿਆ ਤਾਂ ਹਾਰ ਮੰਨਦਿਆਂ ਵਾਪਸੀ ਦਾ ਫੈਸਲਾ ਲੈ ਲਿਆ।

ਸ਼ਾਮ ਹੁੰਦਿਆਂ ਹੀ ਯੁੱਧ ਤੋਂ ਥੋੜੀ ਰਾਹਤ ਵੀ ਹੋਈ ਤਾਂ ਸਿੰਘਾਂ ਨੇ ਜਖਮੀਆਂ ਦੀ ਮਲ੍ਹਮ ਪੱਟੀ ਕੀਤੀ। ਇਸ ਜੰਗ ਵਿੱਚ ਅਗਵਾਈ ਕਰਨ ਵਾਲੇ ਬਹੁਤ ਸਾਰੇ ਬਹਾਦਰ ਸਿੰਘ ਸਿਰਦਾਰ ਸਨ, ਪਰ ਜਿਸ ਸਮੇਂ ਜਖਮੀਆਂ ਦੀ ਸੰਭਾਲ ਹੋ ਰਹੀ ਸੀ ਤਾਂ ਸਭ ਤੋਂ ਵਧੇਰੇ ਜਖਮ, ਜਿਨਨ੍ਹਾਂ ਦੀ ਗਿਣਤੀ ਚੌਂਹਟ ਦੱਸੀ ਜਾਂਦੀ ਹੈ, ਸ. ਚੜ੍ਹਤ ਸਿੰਘ ਸ਼ੁਕਰਚੱਕੀਏ ਦੇ ਸਰੀਰ ਉੱਤੇ ਸਨ। ਸਿੱਖਾਂ ਨੇ ਰੋਜ਼ ਦੀ ਮਰਿਯਾਦਾ ਅਨੁਸਾਰ ਸ਼ਾਮ ਦਾ ਨਿੱਤਨੇਮ ਕੀਤਾ ਅਤੇ ਅਰਦਾਸ ਕੀਤੀ ਕਿ ਹੇ ਅਕਾਲ ਪੁਰਖ ਪਰੀ ਪੂਰਨ ਪ੍ਰਮਾਤਮਾ ਜੀ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖ ਨਾਲ ਬਤੀਤ ਹੋਇਆ, ਤੇਰਾ ਖਾਲਸਾ ਧਰਮ ਦੀ ਰਾਖੀ ਵਾਸਤੇ ਜੂਝਦਾ ਰਿਹਾ, ਬਹੁਤ ਸਾਰੇ ਸਿੰਘ ਸਿੰਘਣੀਆਂ ਸ਼ਹੀਦ ਹੋਏ , ਕੱਚ ਪਿੱਲ ਝੜ੍ਹ ਗਈ, ਪਰ ਤੇਰਾ ਖ਼ਾਲਸਾ ਚੜ੍ਹਦੀਕਲਾ ਵਿੱਚ ਹੈ, ਚਾਰ ਪਹਿਰ ਰਾਤਰੀ ਆਈ ਹੈ, ਭਾਣੇ ਵਿੱਚ ਰਹਿੰਦਿਆਂ ਬਤੀਤ ਹੋਵੇ, ਅਰਦਾਸ ਦੇ ਅਗਲੇ ਸ਼ਬਦ ਸਨ ਕਿ ਹੇ ਕਲਗੀਵਾਲੇ ਪਾਤਸ਼ਾਹ, ਸਰਬੰਸਦਾਨੀ ਪਿਤਾ ਰਹਿਮਤ ਤੇਰੀ ਸੀ ਕਲਾ ਵਾਹਿਗੁਰੂ ਜੀ ਦੀ ਵਰਤੀ, ਪਰ ਅੱਜ ਸ. ਚੜ੍ਹਤ ਸਿੰਘ ਨੇ ਕੌਮ ਦੀ ਰੱਖ ਵਿਖਾਈ ਹੈ, ਜੇ ਸ. ਚੜ੍ਹਤ ਸਿੰਘ ਨਾ ਹੁੰਦਾ ਤਾਂ ਤੇਰੀ ਕੌਮ ਦਾ ਖ਼ੁਰਾ ਖੋਜ ਮਿਟ ਜਾਣਾ ਸੀ। ਇਸ ਵਾਸਤੇ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਕਿ ਕੌਮ ਦਾ ਰਾਜਭਾਗ ਭਾਈ ਚੜ੍ਹਤ ਸਿੰਘ ਦੀ ਝੋਲੀ ਪਾ ਦਿਓ।

ਇਹ ਸੱਚ ਸਾਡੇ ਸਾਹਮਣੇ ਹੈ ਕਿ ਵੱਡੇ ਘੱਲੂਘਾਰੇ ਤੋਂ ਬਾਅਦ ਰਾਣੀ ਸਦਾ ਕੌਰ ਨੇ ਆਪਣੀ ਬੇਟੀ ਦਾ ਰਿਸ਼ਤਾ ਸ. ਚੜ੍ਹਤ ਸਿੰਘ ਸ਼ੁੱਕਰਚੱਕੀਏ ਦੇ ਪੋਤਰੇ ਰਣਜੀਤ ਸਿੰਘ ਨੂੰ ਕਰ ਦਿੱਤਾ, ਜਿਥੋਂ ਸਿੱਖ ਮਿਸਲਾਂ ਦੇ ਏਕੇ ਦਾ ਮੁੱਢ ਬੱਝ ਗਿਆ ਅਤੇ ਉਨੀਂਵੀਂ ਸਦੀ ਵਿੱਚ ਸਿੱਖ ਰਾਜ ਕਾਇਮ ਕਰਕੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਅਗਵਾਈ ਹੇਠ ਸਿੱਖ ਬਾਦਸ਼ਾਹੀ ਹੋਂਦ ਵਿੱਚ ਆ ਗਈ ਸੀ। ਇਤਿਹਾਸ ਇਹ ਵੀ ਦਸਦਾ ਹੈ ਕਿ ਅਬਦਾਲੀ ਵੱਲੋਂ ਭੇਜਿਆ ਸੂਹੀਆ ਵੀ ਸਿੱਖਾਂ ਦਾ ਸਬਰ, ਭਰੋਸਾ ਅਤੇ ਕੌਮ ਪ੍ਰਸਤੀ ਵੇਖਕੇ ਸਿੰਘ ਸਜ ਗਿਆ ਸੀ। ਇਹ ਸੀ ਵੱਡੇ ਘੱਲੂ ਘਾਰੇ ਦਾ ਮੋਟਾ ਜਿਹਾ ਇਤਿਹਾਸ ਕਿ ਵੱਡਾ ਨੁਕਸਾਨ ਤਾਂ ਹੋਇਆ, ਪਰ ਕੌਮ ਨੇ ਢੇਰੀ ਨਹੀਂ ਢਾਹੀ, ਸਗੋਂ ਸਿੱਖ ਰਾਜ ਕਾਇਮ ਕਰਕੇ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਅਨੋਖਾ ਪੰਨਾਂ ਲਿਖ ਦਿੱਤਾ ਸੀ। ਅੱਜ ਉਸ ਘੱਲੂਘਾਰੇ ਦੀ ਯਾਦ ਵਿੱਚ ਬੇਸ਼ੱਕ ਵੱਡਾ ਸਾਰਾ ਇੱਕ ਇਸ਼ਤਿਹਾਰ ਹਰ ਸਾਲ ਦੀ ਤਰਨ੍ਹਾਂ ਛਾਪਿਆ ਜਾਂਦਾ ਹੈ, ਜਿਸ ਉੱਤੇ ਲਿਖਿਆ ਹੁੰਦਾ ਹੈ ਅਤਿ ਵੱਡਾ ਘੱਲੂਘਾਰਾ ਅਤੇ ਪਿੰਡ ਕੁਤਬਾ ਬਾਹਮਣੀਆਂ ਦੇ ਗੁਰਦਵਾਰਾ ਸਾਹਿਬ ਵਿੱਚ ਲੋਕਲ ਕਮੇਟੀ ਅਤੇ ਪਿੰਡ ਦੇ ਲੋਕ ਇੱਕ ਸ਼ਹੀਦੀ ਸਮਾਗਮ ਵੀ ਕਰਵਾਉਂਦੇ ਹਨ। ਤਿੰਨ ਦਿਨ ਅਖੰਡ ਪਾਠ ਹੁੰਦੇ ਹਨ, ਢਾਡੀ ਕਵੀਸ਼ਰ ਇਤਿਹਾਸਿਕ ਵਾਰਾਂ ਵੀ ਗਾਉਂਦੇ ਹਨ, ਪਰ ਉਥੇ ਸੰਗਤ ਦੀ ਗਿਣਤੀ ਕਦੇ ਹਜ਼ਾਰ ਤੋਂ ਨਹੀਂ ਵਧੀ? ਜਿਸ ਤੋਂ ਪਤਾ ਲੱਗਦਾ ਹੈ ਕਿ ਮੇਰੀ ਕੌਮ ਕਿੰਨੀ ਅਵੇਸਲੀ ਹੈ।

ਇੱਕ ਵਾਰ ਦਾਸ ਨੇ ਕੁੱਝ ਸਿੱਖ ਨੌਜਵਾਨਾ ਦਾ ਇੱਕ ਜਥਾ ਬਣਾ ਕੇ ਮੀਰੀ ਪੀਰੀ ਸੇਵਾ ਦਲ ਦੇ ਬੈਨਰ ਹੇਠ ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਉਹਨਾਂ ਦੇ ਨਾਨਕੇ ਪਿੰਡ ਬੁਡਰੁੱਖਾਂ ਵਿੱਚ ਮਨਾਉਣ ਦਾ ਉਦਮ ਕੀਤਾ ਤਾਂ ਪਿੰਡ ਦੇ ਕੁੱਝ ਲੋਕਾਂ ਨੇ ਬੇ ਮਤਲਬ ਹੀ ਵਿਰੋਧ ਕੀਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਪਰਿਵਾਰ ਨੂੰ ਇਥੋਂ ਤੱਕ ਗੁੰਮਰਾਹ ਕਰਕੇ ਭੜਕਾ ਦਿੱਤਾ ਕਿ ਜੇ ਤੁਸੀਂ ਇਹਨਾਂ ਨੂੰ ਜਨਮ ਦਿਨ ਸਮਾਗਮ ਆਪਣੇ ਕਿਲੇ ਵਿੱਚ ਕਰਵਾ ਦਿੱਤਾ, ਤਾਂ ਇਹ ਤੁਹਾਡਾ ਕਿਲਾ ਸਰਕਾਰ ਦੇ ਕਬਜੇ ਵਿੱਚ ਚਲਾ ਜਾਵੇਗਾ। ਉਸ ਪਰਿਵਾਰ ਨੇ ਵੀ ਖਾਹ ਮਖਾਹ ਹੀ ਵਿਰੋਧਤਾ ਕੀਤੀ। ਇਸ ਤੋਂ ਬਾਅਦ ਅਸੀਂ ਸਾਰੇ ਨੌਜਵਾਨਾ ਨੇ ਕੁੱਪ ਰੋਹੀੜੇ ਤੋਂ ਗਹਿਲਾਂ ਤੱਕ ਇੱਕ ਸ਼ਹੀਦੀ ਮਾਰਚ ਅਤੇ ਤਿੰਨ ਦਿਨਾ ਸ਼ਹੀਦੀ ਸਮਾਗਮ ਦਾ ਪ੍ਰੋਗ੍ਰਾਮ ਉਲੀਕਿਆ ਤਾਂ ਲੋਕਲ ਸਿਆਸਤ ਨੇ ਪਹਿਲਾਂ ਤਾਂ ਰੋਹੀੜੇ ਦੇ ਮੁਸਲਿਮ ਲੋਕਾਂ ਤੋਂ ਵਿਰੋਧ ਕਰਵਾਇਆ ਗੱਲ ਐਸ.ਐਸ.ਪੀ. ਤੱਕ ਵੀ ਪਹੁੰਚੀ, ਅਸੀਂ ਭਰੋਸਾ ਦਿੱਤਾ ਕਿ ਸਾਡਾ ਮਕਸਦ ਸਿਰਫ ਸ਼ਹੀਦਾਂ ਨੂੰ ਯਾਦ ਕਰਨਾ ਹੈ, ਪਰ ਲੋਕਾਂ ਦੇ ਦਿਲ ਵਿੱਚ ਇਹ ਵਹਿਮ ਪਾ ਦਿੱਤਾ ਗਿਆ ਕਿ ਤੁਹਾਡੀਆਂ ਜਮੀਨਾਂ ਦੱਬ ਲੈਣਗੇ। ਉਹਨਾਂ ਲੋਕਾਂ ਨੇ ਸ਼ਹੀਦੀ ਮਾਰਚ ਆਰੰਭ ਹੋਣ ਤੋਂ ਇੱਕ ਰਾਤ ਪਹਿਲਾਂ ਲਾਗਲੇ ਸਾਰੇ ਖੇਤ ਪਾਣੀ ਨਾਲ ਭਰ ਦਿੱਤੇ ਅਤੇ ਸਾਨੂੰ ਉਥੇ ਜਾਣ ਵਾਸਤੇ ਕੋਈ ਰਸਤਾ ਹੀ ਨਾ ਰਿਹਾ।

ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਦੇ ਇਲਾਕਾ ਮੈਂਬਰ ਅਤੇ ਅਕਾਲੀ ਸਿਆਸਤ ਨੇ ਐਨ ਮੌਕੇ ਤੇ ਸਾਨੂੰ ਪਾਲਕੀ ਦੇਣ ਤੋਂ ਵੀ ਨਾਂਹ ਕਰ ਦਿੱਤੀ, ਪਰ ਜਦੋਂ ਸੰਗਤੀ ਉਤਸ਼ਾਹ ਵੇਖਿਆ ਤਾਂ ਫਿਰ ਸ਼ਰਮੋ ਕੁ ਸ਼ਰਮੀ ਸਾਰੇ ਸ਼ਹੀਦੀ ਮਾਰਚ ਵਿੱਚ ਸ਼ਾਮਲ ਵੀ ਹੋਏ ਲੇਕਿਨ ਸ਼ਹੀਦੀ ਸਮਾਗਮ ਦਾ ਸਵਾਦ ਕਿਰਕਿਰਾ ਜਰੂਰ ਕਰ ਦਿੱਤਾ। ਉਸ ਸਮੇਂ ਇਹ ਸਮਝ ਨਹੀਂ ਆ ਰਹੀ ਸੀ ਕਿ ਇਹ ਵਿਰੋਧ ਕਿਉਂ ਹੋ ਰਿਹਾ ਹੈ। ਪਰ ਹੁਣ ਸਮਝ ਆ ਰਹੀ ਹੈ ਕਿ ਇਹਨਾਂ ਸਮਾਗਮਾਂ ਨੂੰ ਭਾਰਤੀ ਨਿਜ਼ਾਮ ਸਿਖਾਂ ਦੇ ਦਿਲੋਂ ਭੁਲਾਉਣਾ ਚਾਹੁੰਦਾ ਹੈ ਕਿਉਂਕਿ ਕਿ ਇਸ ਵਿੱਚ ਇੱਕ ਵੱਡਾ ਸੁਨੇਹਾ ਹੈ ਕਿ ਸਿੱਖ ਅੱਧੀ ਕੌਮ ਸ਼ਹੀਦ ਹੋਣ ਉੱਤੇ ਵੀ ਹੌਂਸਲੇ ਨਹੀਂ ਸੁੱਟਦੇ, ਸਗੋਂ ਸ਼ਹਾਦਤਾਂ ਦੇ ਰੰਗ ਨਾਲ ਸਿੱਖੀ ਹੋਰ ਚਮਕਦੀ ਹੈ ਅਤੇ ਅਜਿਹੇ ਘੱਲਘਾਰੇ ਤੋਂ ਬਾਅਦ ਸਿੱਖ ਰਾਜ ਵੀ ਕਾਇਮ ਕਰਨ ਦੀ ਸ਼ਕਤੀ ਰਖਦੇ ਹਨ।

ਪਰ ਅਫਸੋਸ ਇਹ ਹੈ ਕਿ ਵੱਡੇ ਛੋਟੇ ਘੱਲੂਘਾਰਿਆਂ ਤੋਂ ਬਾਅਦ ਕੋਈ ਨਾ ਕੋਈ ਉੱਪਲੱਭਦੀ ਹੁੰਦੀ ਰਹੀ ਹੈ, ਪਰ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੇ ਪੱਲੇ ਉਹ ਅਕਾਲੀ ਪੈ ਗਏ, ਜਿਨਨ੍ਹਾਂ ਦੇ ਪੱਲੇ ਅਕਾਲੀਅਤ ਨਹੀਂ ਹੈ ਅਤੇ ਰਤਾ ਜਿੰਨੀ ਵੀ ਕੌਮ ਪ੍ਰਸਤੀ ਹੈ। ਅਜੋਕੀ ਅਕਾਲੀ ਸਰਕਾਰ ਨੂੰ ਤਾਂ ਪਰਿਵਾਰਕ ਸਿਆਸਤ ਵਿੱਚੋਂ ਵੇਲ੍ਹ ਹੀ ਨਹੀਂ, ਇਹਨਾਂ ਨੂੰ ਇਤਿਹਾਸਕ ਦਿਹਾੜਿਆਂ ਦੀ ਜਾਣਕਾਰੀ ਵੀ ਨਹੀਂ ਜੇ ਹੈ ਵੀ ਤਾਂ ਉਥੇ ਮਚਲਾਪਣ ਹੈ। ਇਹਨਾਂ ਅਕਾਲੀਆਂ ਨੂੰ ਇਹ ਪਤਾ ਹੈ ਕਿਸ ਰੇਤੇ ਦੇ ਘਾਟ ਤੋਂ ਰਾਤ ਨੂੰ ਕਿੰਨੇ ਟਰੱਕ ਨਜਾਇਜ ਭਰਵਾਉਣੇ ਹਨ, ਕਿਹੜੇ ਸਿਆਸੀ ਵਿਰੋਧੀ ਉੱਤੇ ਕਿਹੜਾ ਝੂਠਾ ਪਰਚਾ ਦੇਣਾ ਹੈ ਜਾਂ ਫਿਰ ਹਿੰਦੁਤਵ ਦੀ ਸੇਵਾ ਕਿਵੇ ਕਰਨੀ ਹੈ, ਪਰ ਸਿੱਖੀ ਦੀ ਸੇਵਾ ਇਹਨਾਂ ਦੇ ਹਿੱਸੇ ਨਹੀਂ ਆਈ।

ਅਕਾਲੀਆਂ ਦੀ ਗੱਲ ਵੀ ਛੱਡੋ ਪੰਥਕ ਅਖਵਾਉਣ ਵਾਲੇ ਵੀ ਸਾਧਾਂ ਦੀਆਂ ਬਰਸੀਆਂ ਉੱਤੇ ਜਾ ਜਾਕੇ ਝੂਠੀਆਂ ਸਿਫਤਾਂ ਕਰ ਕਰਕੇ ਸਿਰਪਾਓ ਤਾਂ ਜਰੁਰ ਲੈਂਦੇ ਹਨ, ਪਰ ਸ਼ਹੀਦਾਂ ਦੇ ਸਮਾਗਮ ਭੁੱਲ ਚੁੱਕੇ ਹਨ। ਸਿੱਖਾਂ ਦੀਆਂ ਸਭ ਤੋਂ ਵੱਡੀ ਗਿਣਤੀ ਸ਼ਹੀਦੀਆਂ, ਪਰ ਸਮਾਗਮ ਦਾ ਇਕੱਠ, ਕਦੇ ਇੱਕ ਸਾਧ ਦੀ ਬਰਸੀ ਜਿੰਨਾ ਵੀ ਨਹੀਂ ਹੋਇਆ। ਸਿੱਖ ਗੁਰਦਵਾਰੇ ਬਹੁਤ ਬਣਾਉਂਦੇ ਹਨ, ਅਖੌਤੀ ਸੰਤਾਂ ਦੇ ਦੀਵਾਨ ਲੱਖਾਂ ਰੁਪਈਏ ਖਰਚ ਕੇ ਲਗਵਾਉਂਦੇ ਹਨ। ਜਿਥੋਂ ਕੁੱਝ ਘੰਟਿਆਂ ਦੀ ਚਿਮਟਿਆਂ ਦੀ ਗੂੰਜ ਤੋਂ ਬਿਨ੍ਹਾਂ ਕਦੇ ਕੁੱਝ ਪੱਲੇ ਨਹੀਂ ਪੈਂਦਾ। ਪਰ ਕਦੇ ਆਪਣੇ ਸ਼ਹੀਦਾਂ ਦੇ ਸਮਾਗਮ ਉੱਤੇ ਖਰਚਾ ਕਰਨ ਨੂੰ ਤਿਆਰ ਨਹੀਂ। ਭਾਰਤੀ ਨਿਜ਼ਾਮ ਵੀ ਇਹੀ ਚਾਹੁੰਦਾ ਹੈ ਕਿ ਸਿੱਖ ਆਪਣੇ ਵਿਰਸੇ ਨੂੰ ਭੁੱਲ ਜਾਣ। ਹਕੂਮਤ ਜਾਂ ਨਿਜ਼ਾਮ ਨੂੰ ਸਿੱਖਾਂ ਦੇ ਗੁਰਵਾਰਿਆਂ ਦੀ ਹੋਂਦ ਜਾਂ ਧਾਰਮਿਕ ਦੀਵਾਨਾਂ ਉੱਤੇ ਕੋਈ ਇਤਰਾਜ਼ ਨਹੀਂ, ਤੁਸੀਂ ਬੇਸ਼ਕ ਸਾਰੀ ਰਾਤ ਰੈਣ ਸਬਾਈ ਕੀਰਤਨ ਕਰੋ, ਹਜ਼ਾਰ ਫੁੱਟ ਉਚੇ ਨਿਸ਼ਾਨ ਸਾਹਿਬ ਝੁਲਾਓ, ਬਹੁਮੰਜ਼ਿਲੇ ਗੁਰਦਵਾਰੇ ਬਣਾਓ, ਪਰ ਉਥੇ ਇਤਿਹਾਸਿਕ ਦਿਹਾੜੇ ਨਾ ਮਨਾਓ ਅਤੇ ਰਾਜ ਦੀ ਗੱਲ ਨਾ ਕਰੋ। ਅੱਜ ਕੱਲ੍ਹ ਜਿਵੇ ਡੇਰੇਦਾਰ ਕਰ ਰਹੇ ਹਨ।

ਅੱਜ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ, ਪਰ ਬਹੁਤ ਥੋੜੀਆਂ ਰੂਹਾਂ ਹੋਣਗੀਆਂ, ਜਿਹੜੀਆਂ ਆਪਣੇ ਵਿਰਸੇ ਨਾਲ ਜੁੜੀਆਂ ਬਾਕੀ ਰਹਿ ਗਈਆਂ ਹਨ। ਆਮ ਸਿੱਖਾਂ ਕੋਲ ਕੌਮ ਨਾਲ ਗਦਾਰੀਆਂ ਕਰਕੇ ਭਾਰਤੀ ਨਿਜ਼ਾਮ ਦੇ ਪਿਥੁ ਬਣੇ ਕੁੱਝ ਕੁ ਅਖੌਤੀ ਆਗੂਆਂ ਅਤੇ ਪੰਥ ਦੇ ਨਾਮ ਤੇ ਸਿੱਖਾਂ ਦਾ ਸੋਸ਼ਣ ਕਰ ਰਹੀਆਂ ਪਾਰਟੀਆਂ ਦੇ ਇਕਠ ਉੱਤੇ ਜਾਕੇ ਗੱਪਾਂ ਸੁਨਣ ਦਾ ਸਮਾਂ ਤਾਂ ਜਰੂਰ ਹੈ। ਲੇਕਿਨ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਹੋਣ ਵਾਲੇ ਸਮਾਗਮਾਂ ਵੇਲੇ ਕਿਸੇ ਕੋਲ ਫੁਰਸ਼ਤ ਨਹੀਂ ਹੈ। ਇਸ ਵਾਸਤੇ ਜੇ ਕੌਮ ਇੰਜ ਹੀ ਅਵੇਸਲੀ ਰਹੀ ਜਾਂ ਆਪਣੇ ਕੌਮੀ ਫਰਜਾਂ ਉੱਤੇ ਪੂਰੀ ਨਾ ਉੱਤਰੀ ਤਾਂ ਫਿਰ ਹਿੰਦੂਤਵ ਜਾਂ ਭਾਰਤੀ ਨਿਜ਼ਾਮ ਨੂੰ ਸਿੱਖੀ ਨੂੰ ਮਿਟਾਉਣ ਵਾਸਤੇ ਕੋਈ ਯਤਨ ਕਰਨ ਦੀ ਬਹੁਤੀ ਲੋੜ ਨਹੀਂ ਰਹੇਗੀ, ਸਿੱਖ ਖੁਦ ਹੀ ਉਹਨਾਂ ਦਾ ਕੰਮ ਕਰ ਰਹੇ ਹੋਣਗੇ। ਇਸ ਵਾਸਤੇ ਸਾਨੂੰ ਆਪਣੇ ਸ਼ਹੀਦਾਂ ਅਤੇ ਗੁਰੂ ਸਹਿਬਾਨ ਦੇ ਦਿਹਾੜੇ ਬੜੀ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ, ਜਿਸ ਨਾਲ ਆਉਣ ਵਾਲੀਆਂ ਨਸਲਾਂ ਵਿੱਚ ਧਰਮ ਅਤੇ ਕੌਮ ਪ੍ਰਤੀ ਇੱਕ ਵਿਸ਼ਵਾਸ਼ ਅਤੇ ਭਰੋਸਾ ਬਣਿਆ ਰਹੇ। ਪ੍ਰਨਾਮ ਸ਼ਹੀਦਾਂ ਨੂੰ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top