Share on Facebook

Main News Page

ਜਥੇਦਾਰ ਨੰਦਗੜ੍ਹ ਦੀ ਧਰਮ ਪਤਨੀ ਉੱਪਰ ਦਰਜ਼ ਮਾਮਲੇ ਨਾਲ, ਸਿੱਖ ਪੰਥ ਦੀ ਨੀਂਦ ਖੁੱਲ੍ਹ ਜਾਣੀ ਚਾਹੀਦੀ ਹੈ...
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਪ੍ਰਕਾਸ਼ ਸਿੰਘ ਬਾਦਲ ਹੀ ਹੁਕਮ ਅਦੂਲੀ ਕਰਨ ਦੀ ਕੀਮਤ ਆਪਣੀ ਘਰਵਾਲੀ ਉੱਤੇ ਧੋਖਾਧੜੀ ਦਾ ਕੇਸ ਦਰਜ਼ ਕਰਵਾਕੇ ਅਤੇ ਆਪਣੇ ਜੇਲ੍ਹ ਅਧਿਕਾਰੀ ਪੁੱਤਰ ਦੀ ਗੁਰਦਾਸਪੁਰ ਦੀ ਬਦਲੀ ਕਰਵਾਕੇ ਚੁਕਾਉਣੀ ਪਈ ਹੈ। ਇਹ ਕਿਉਂ ਹੋਇਆ ਕਿਸ ਦੇ ਕਹਿਣ ਉੱਤੇ ਹੋਇਆ, ਇਹਨਾਂ ਸਾਰੇ ਸਵਾਲਾਂ ਦੇ ਜਵਾਬ ਵਿੱਚ ਸਿੱਖਾਂ ਦੇ ਭਵਿਖ ਦੇ ਰਹੱਸ ਛੁਪੇ ਹੋਏ ਹਨ। ਕੋਈ ਕਿਸੇ ਨਾਲ ਧੋਖਾ ਕਰੇ ਜਾਂ ਠੱਗੀ ਕਰੇ, ਉਸ ਉੱਤੇ ਕੇਸ ਦਰਜ਼ ਹੋਣਾ ਚਾਹੀਦਾ ਹੈ ਅਤੇ ਸਜ਼ਾ ਵੀ ਮਿਲਣੀ ਚਾਹੀਦੀ ਹੈ, ਪਰ ਜੋ ਕੁੱਝ ਜਥੇਦਾਰ ਨੰਦਗੜ੍ਹ ਨਾਲ ਵਾਪਰਿਆ ਹੈ, ਉਸ ਦੇ ਪਿਛੇ ਛੁਪੇ ਤੱਥ ਕੁੱਝ ਹੋਰ ਵੀ ਬਿਆਨਦੇ ਹਨ।

ਜੇ ਕਰ ਜਥੇਦਾਰ ਨੰਦਗੜ੍ਹ ਨਾਨਕਸ਼ਾਹੀ ਕੈਲੰਡਰ ਨੂੰ ਹਲਾਲ ਕਰਨ ਵਾਲੀ ਛੁਰੀ ਨੂੰ ਫੜ ਲੈਂਦੇ, ਤਾਂ ਫਿਰ ਭਾਵੇਂ ਜੋ ਮਰਜ਼ੀ ਕਰੀ ਜਾਂਦੇ, ਕਿਸੇ ਸਰਕਾਰ ਦੀ ਜਾਂ ਕਿਸੇ ਹੋਰ ਸ਼ਕਤੀ ਦੀ ਕੀਹ ਮਜਾਲ ਸੀ ਕਿ ਜਥੇਦਾਰ ਨੰਦਗੜ੍ਹ ਦੀ ਹਵਾ ਵੱਲ ਵੀ ਵੇਖ ਜਾਂਦਾ। ਪਰ ਹੁਣ ਜਦੋਂ ਜਥੇਦਾਰ ਨੇ ਫਖਰ-ਏ-ਕੌਮ ਅਤੇ ਪਦਮ ਵਿਭੂਸ਼ਣ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਦੀ ਤਮੀਲ ਨਹੀਂ ਕੀਤੀ, ਫਿਰ ਹੁਣ ਇਸ ਵਿੱਚ ਬਾਦਲ ਸਾਬ੍ਹ ਦੀ ਵੀ ਤੌਹੀਨ ਸੀ ਕਿ ਉਹਨਾਂ ਦੇ ਸਾਹਮਣੇ ਕੋਈ ਆਕੀ ਹੋ ਜਾਵੇ ਤੇ ਫਿਰ ਉਹ ਚੁੱਪ ਕਰ ਜਾਣ।

ਨਾਲੇ ਕੱਲਾ ਬਾਦਲ ਹੋਵੇ ਫਿਰ ਵੀ ਸਰ ਜਾਂਦਾ, ਲੇਕਿਨ ਸੁਰਜੀਤ ਬਿੰਦ ਰੱਖੀਏ ਦੇ ਗੀਤ ਵਾਂਗੂੰ ਤੂੰ ਨਹੀਂ ਬੋਲਦੀ ਰਕਾਨੇ, ਤੇਰੇ ਚ ਤੇਰਾ ਯਾਰ ਬੋਲਦਾ, ਵਾਲੇ ਬੋਲਾਂ ਅਨੁਸਾਰ ਸ. ਬਾਦਲ ਦੇ ਵਿੱਚ ਆਰ.ਐਸ.ਐਸ. ਬੋਲਦੀ ਹੈ। ਫਿਰ ਸਿੱਖੀ ਸੋਚ ਵਾਲੇ ਕਿਵੇ ਸਿਰ ਚੁੱਕ ਲੈਣ। ਸਰਸੇ ਵਾਲਾ ਆਸ਼ੁਤੋਸ਼ ਭਨਿਆਰਾਂ ਵਾਲਾ ਜਾਂ ਕੋਈ ਹੋਰ ਡੇਰੇਦਾਰ ਬੇਸ਼ੱਕ ਖਰੂਦ ਪਾਉਂਦਾ ਫਿਰੇ, ਸਿੱਖਾਂ ਦੇ ਸਿਰ ਵਿੱਚ ਮੋਰੀਆਂ ਕਰੀ ਜਾਵੇ ,ਉਸ ਬਾਰੇ ਸ. ਬਾਦਲ ਨੂੰ ਕਦੇ ਪਤਾ ਨਹੀਂ ਲੱਗਦਾ।

ਇੱਕ ਹੋਰ ਵੀ ਕੌੜਾ ਸੱਚ ਹੈ ਕਿ ਮੁਕਤਸਰ ਦਾ ਇੱਕ ਗਰੀਬ ਬੜੇ ਚਿਰ ਤੋਂ ਜਥੇਦਾਰ ਗੁਰਬਚਨ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਬਾਰੇ ਰੌਲਾ ਪਾਉਂਦਾ ਆ ਰਿਹਾ ਹੈ ਕਿ ਮੇਰੀ ਜਾਇਦਾਦ ਉੱਤੇ ਜਥੇਦਾਰ ਜੀ ਜਬਰੀ ਕਬਜਾ ਕਰੀ ਜਾ ਰਹੇ ਹਨ, ਪਰ ਉਹਨਾਂ ਖਿਲਾਫ਼ ਕੋਈ ਐਕਸ਼ਨ ਨਹੀਂ ਹੋਇਆ, ਕਿਉਂਕਿ ਉਹ ਸ. ਪ੍ਰਕਾਸ਼ ਸਿੰਘ ਬਾਦਲ ਦੀ ਹੁਕਮ ਅਦੂਲੀ ਨਹੀਂ ਕਰਦੇ ਅਤੇ ਹਮੇਸ਼ਾ ਅਜਿਹੇ ਕਾਰਜ਼ ਕਰਦੇ ਹਨ, ਕਿ ਧੁਰ ਨਾਗਪੁਰੋਂ ਵੀ ਠੰਡੀ ਹਵਾ ਹੀ ਆਉਂਦੀ ਰਹਿੰਦੀ ਹੈ, ਸਾਧ ਯੂਨੀਅਨ ਵੀ ਹਰ ਵੇਲੇ ਨਾਲ ਖੜੀ ਹੈ। ਫਿਰ ਅੱਜਕੱਲ ਤਾਂ ਰੱਬ ਨੇੜੇ ਕਿ ਘਸੁੰਨ ਵਾਲੇ ਸਿਧਾਂਤ ਹੀ ਅਪਣਾਏ ਜਾ ਰਹੇ ਹਨ। ਬਾਦਲਾਂ ਜਾਂ ਆਰ.ਐਸ.ਐਸ. ਜਾਂ ਫਿਰ ਸਾਧ ਯੂਨੀਅਨ ਦੀ ਸ਼ਾਨੀ ਭਰੋਂ ਤੇ ਮੌਜਾਂ ਲੁੱਟੋ, ਰੱਬ ਜਦੋਂ ਲੇਖਾ ਮੰਗੇਗਾ ਉਦੋਂ ਵੇਖੀ ਜਾਵੇਗੀ, ਅੱਜ ਧਰਤੀ ਉਤਲੇ ਰੱਬਾਂ ਦੀ ਮੇਹਰ ਤਾਂ ਬਰਕਰਾਰ ਹੈ।
ਫਿਰ ਵੀ ਕੋਈ ਅਸੂਲ ਹੁੰਦੇ ਹਨ, ਜੇ ਉਹਨਾਂ ਨੂੰ ਬਿੱਲਕੁੱਲ ਹੀ ਤੋੜ ਦਿੱਤਾ ਜਾਵੇ ਤਾਂ ਬੰਦੇ ਗਿਣਤੀ ਇਨਸਾਨਾਂ ਵਿਚ ਨਹੀਂ ਹੁੰਦੀ, ਇਤਿਹਾਸ ਉਸ ਨੂੰ ਹੈਵਾਨ ਵਜੋਂ ਦਰਜ਼ ਕਰਦਾ ਹੈ। ਬੇਸ਼ੱਕ ਅੱਜ ਸ. ਪ੍ਰਕਾਸ਼ ਸਿੰਘ ਬਾਦਲ ਇਹ ਆਖਕੇ ਸੁਥਰਾ ਭਲਾਮਾਨਸ ਬਨਣ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ ਕਿ ਇਸ ਵਿਚ ਸਾਡਾ ਕੀਹ ਕਸੂਰ ਹੈ ਜਾਂ ਮੈਂ ਤਾ ਕਿਸੇ ਅਧਿਕਾਰੀ ਨੂੰ ਨਹੀਂ ਕਿਹਾ ਕਿ ਜਥੇਦਾਰ ਨੰਦਗੜ੍ਹ ਦੀ ਘਰਵਾਲੀ ਉੱਤੇ ਕੇਸ ਦਰਜ਼ ਕੀਤਾ ਜਾਵੇ, ਇਹ ਤਾਂ ਅਦਾਲਤ ਦੇ ਹੁਕਮ ਹਨ।

ਪਰ ਸਿੱਖਾਂ ਨੂੰ ਹੁਣ ਕੋਈ ਭੁਲੇਖਾ ਨਹੀਂ ਕਿ ਇਹ ਸਭ ਕੁੱਝ ਕਿਵੇ ਕੀਤਾ ਜਾਂਦਾ ਹੈ। ਇਹ ਸ. ਬਾਦਲ ਦੀ ਪੁਲਿਸ ਅਤੇ ਸ. ਬਾਦਲ ਦੀ ਸਰਕਾਰ ਦੇ ਸਰਕਾਰੀ ਵਕੀਲਾਂ ਦੇ ਹੱਥਾਂ ਵਿਚੋਂ ਦੀ ਹੋ ਕੇ ਹੀ ਸਭ ਕੁੱਝ ਅਦਾਲਤ ਨੂੰ ਜਾਂਦਾ ਹੈ। ਜੇ ਅਜਿਹਾ ਨਾ ਹੁੰਦਾ ਤਾਂ ਸੌਦਾ ਸਾਧ ਦੇ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵਰਗੀ ਪੁਸ਼ਾਕ ਪਾਉਣ ਉਪਰੰਤ, ਸਿੱਖ ਧਰਮ ਨਾਲ ਖਿਲਵਾੜ ਕਰਨ ਦਾ ਦਰਜ਼ ਹੋਇਆ ਪਰਚਾ, ਬਾਦਲੀ ਪੁਲਿਸ ਨੇ ਕਿਵੇ ਰੱਦ ਕਰਵਾ ਦਿੱਤਾ ਕਿ ਅਜਿਹਾ ਕਰਨ ਨਾਲ ਸਿੱਖਾਂ ਦੀਆਂ ਭਾਵਨਾਂਵਾਂ ਨੂੰ ਕੋਈ ਠੇਸ ਨਹੀਂ ਪੁੱਜੀ। ਸਰਕਾਰ ਨੂੰ ਸਭ ਕੁੱਝ ਪਤਾ ਹੁੰਦਾ ਹੈ, ਜੇ ਅਜਿਹਾ ਨਾ ਹੁੰਦਾ ਤਾਂ ਬਿਕਰਮਜੀਤ ਮਜੀਠੀਏ ਨੂੰ ਹੁਣ ਤੱਕ ਫੜਕੇ ਕਿਸੇ ਸੀ.ਆਈ.ਏ. ਵਿੱਚ ਘੋਟੇ ਲਾ ਕੇ ਪੁਛਿਆ ਜਾਣਾ ਸੀ ਕਿ ਦੱਸ ਸਮੈਕ ਦੇ ਸੁਦਾਗਰਾਂ ਨਾਲ ਜਾਂ ਹੈਰੋਇਨ ਦੇ ਸਮਗਲਰਾਂ ਨਾਲ ਕੀਹ ਸਬੰਧ ਹਨ। ਫਿਰ ਰਾਤ ਨੂੰ ਦਰਿਆਵਾਂ ਵਿੱਚੋਂ ਸੈਕੜੇਂ ਟਿੱਪਰ ਰੇਤੇ ਦੇ ਭਰ ਭਰ ਕੇ ਪੁਲਿਸ ਨਾਕਿਆਂ ਤੋਂ ਬਿਨਾਂ ਚੈਕ ਕੀਤੇ ਨਾ ਨਿਕਲਦੇ।

ਜਥੇਦਾਰ ਨੰਦਗੜ੍ਹ ਉੱਪਰ ਕੇਸ ਦਰਜ਼ ਕਰਨ ਤੋਂ ਪਹਿਲਾਂ ਸ. ਬਾਦਲ ਨੂੰ ਇੱਕ ਚੇਤਾ ਜਰੁਰ ਰੱਖਣਾ ਚਾਹੀਦਾ ਸੀ, ਕਿ ਜਿਸ ਸਮੇਂ ਕੈਪਟਨ ਸਰਕਾਰ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਿਰੁੱਧ ਰਿਸ਼ਵਤਖੋਰੀ ਦੇ ਕੇਸ ਬਣੇ ਸਨ ਤਾਂ ਬੀਬੀ ਸੁਰਿੰਦਰ ਕੌਰ ਦਾ ਨਾਮ ਵੀ ਵਿੱਚ ਸ਼ਾਮਲ ਸੀ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀਆਂ ਦੇ ਦਬਾਓ, ਕਿ ਬੀਬੀ ਸੁਰਿੰਦਰ ਕੌਰ ਨੂੰ ਵੀ ਅੰਦਰ ਦਿੱਤਾ ਜਾਵੇ, ਦੀ ਪ੍ਰਵਾਹ ਨਾ ਕਰਦਿਆਂ ਇਹ ਹੀ ਕਿਹਾ ਕਿ ਅਜਿਹਾ ਕਰਨਾ ਹੋਸ਼ਾਪਣ ਤਾਂ ਹੋ ਸਕਦਾ ਹੈ, ਪਰ ਮਰਦਾਂ ਵਾਲੀ ਕਾਰਵਾਈ ਨਹੀਂ ਆਖੀ ਜਾ ਸਕਦੀ ਅਤੇ ਇਹ ਵੀ ਸਾਰਿਆਂ ਪਾਠਕਾਂ ਨੂੰ ਯਾਦ ਹੋਵੇਗਾ ਕਿ ਉਸ ਵੇਲੇ ਬਾਦਲ ਸਾਬ ਹਰ ਸਟੇਜ਼ ਤੋਂ ਕੂਕਦੇ ਰਹੇ ਹਨ, ਕਿ ਵੇਖੋ ਜੀ ਮਹਾਰਾਜਾ ਕਿੱਥੇ ਤੱਕ ਪਹੁੰਚ ਗਿਆ ਹੈ, ਜੇ ਸਿਆਸੀ ਕਿੜ੍ਹ ਹੀ ਕੱਢਣੀ ਸੀ ਮੇਰੇ ਨਾਲ ਜਾਂ ਸੁਖਬੀਰ ਨਾਲ ਕੱਢ ਲੈਂਦਾ। ਇਹ ਤਾਂ ਜੀ ਬੀਬੀਆਂ ਦੀ ਵੀ ਸ਼ਰਮ ਨਹੀਂ ਕਰਦਾ, ਕਿੱਡਾ ਮਾੜਾ ਆਦਮੀ ਹੈ। ਕੈਪਟਨ ਅਮਰਿੰਦਰ ਸਿੰਘ ਜਿਸ ਨੇ ਸਾਰੇ ਅਸੂਲ ਤੋੜ ਕੇ ਰਾਜਨੀਤੀ ਵਿੱਚ ਨਵੀਂ ਪਿਰਤ ਪਾ ਦਿੱਤੀ ਹੈ। ਪਰ ਅੱਜ ਸ ਬਾਦਲ ਨੂੰ ਖੁਦ ਅਜਿਹਾ ਕਰਦਿਆਂ ਜਾਂ ਹੁੰਦਾ ਵੇਖ ਕੇ ਥੋੜਾ ਜਿਹਾ ਤਾਂ ਆਪਣੇ ਨਾਲ ਵਾਪਰੀਆਂ ਨੂੰ ਚੇਤੇ ਰੱਖ ਲੈਣਾ ਚਾਹੀਦਾ ਸੀ।

ਕੋਈ ਗੱਲ ਨਹੀਂ ਅਜਿਹੇ ਕੇਸ ਕੌਮ ਵਾਸਤੇ ਕੰਮ ਕਰਨ ਵਾਲਿਆਂ ਦੇ ਖਿਲਾਫ਼ ਪਹਿਲਾਂ ਵੀ ਦਰਜ਼ ਹੁੰਦੇ ਆਏ ਹਨ ਅਤੇ ਸੱਚ ਨੂੰ ਫਾਂਸੀ ਵੀ ਇਸ ਦੁਨੀਆ ਦਾ ਦਸਤੂਰ ਰਿਹਾ ਹੈ, ਜੋ ਅੱਜ ਵੀ ਬਰਕਰਾਰ ਹੈ। ਪਰ ਸਿੱਖਾਂ ਨੂੰ ਸੱਚ ਦੀ ਸਮਝ ਆਉਣ ਲੱਗ ਪਈ ਹੈ ਅਤੇ ਇਹ ਜੋ ਕੁੱਝ ਵਾਪਰ ਰਿਹਾ ਹੈ ਇਸ ਨਾਲ ਸਿੱਖਾਂ ਨੂੰ ਇੱਕ ਅਹਿਸਾਸ ਹੋ ਰਿਹਾ ਹੈ ਕਿ ਜਿਹੜਾ ਵੀ ਆਰ.ਐਸ.ਐਸ. ਦੇ ਏਜੰਡੇ ਤੋਂ ਮੁਨਕਰ ਹੈ ਜਾਂ ਭਵਿੱਖ ਵਿੱਚ ਹੋਵੇਗਾ ਉਸਦੇ ਖਿਲਾਫ਼ ਅਜਿਹੇ ਮਾਮਲੇ ਦਰਜ਼ ਹੋ ਸਕਦੇ ਹਨ। ਪਰ ਹੁਣ ਸਿੱਖ ਅਜਿਹੇ ਦਰਜ਼ ਮਾਮਲਿਆਂ ਨੂੰ ਲੈਕੇ ਪੰਥ ਵਾਸਤੇ ਸੁਹਿਰਦ ਆਗੂਆਂ ਪ੍ਰਤੀ ਆਪਣੇ ਵਿਚਾਰ ਕਦੇ ਨਹੀਂ ਬਦਲਣਗੇ, ਇੱਕ ਦਿਨ ਅਜਿਹਾ ਆਵੇਗਾ ਕਿ ਸ. ਬਾਦਲ ਦੇ ਆਪਣਿਆਂ ਨੇ ਵੀ ਸਾਥ ਛੱਡ ਜਾਣਾ ਹੈ। ਜਿਹੜੇ ਲੋਕ ਲਾਲਚਾਂ ਕਰਕੇ ਇੱਕਠੇ ਹੁੰਦੇ ਹਨ, ਮਤਲਬ ਨਿਕਲਣ ਤੇ ਕਦੇ ਮੁੜ੍ਹਕੇ ਪਿੱਛੇ ਨਹੀਂ ਵੇਖਦੇ। ਜਥੇਦਾਰ ਨੰਦਗੜ੍ਹ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਨਾਲ ਸ਼ਾਇਦ ਬਾਦਲ ਦਾ ਨੁਕਸਾਨ ਨਾ ਮਾਤਰ ਹੀ ਹੋਇਆ ਹੋਵੇਗਾ, ਪਰ ਹੁਣ ਜਥੇਦਾਰ ਦੀ ਪਤਨੀ ਉੱਪਰ ਦਰਜ਼ ਮਾਮਲੇ ਨੇ ਬਾਦਲ ਦੇ ਆਪਣੇ ਘਰ ਭਾਵ ਬਠਿੰਡਾ ਹਲਕੇ ਵਿੱਚ ਵੀ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਅੱਜ ਰਾਜਭਾਗ ਦੇ ਜੋਰ ਕਰਕੇ ਬੇਸ਼ੱਕ ਲੋਕ ਨਾ ਬੋਲਣ, ਪਰ ਜਦੋਂ ਕੋਈ ਵੋਟਾਂ ਵਾਲਾ ਸਮਾਂ ਆਵੇਗਾ ਤਾਂ ਪਾਪਾਂ ਦਾ ਢਿੱਡ ਇੰਨਾਂ ਵੱਡਾ ਹੋ ਜਾਵੇਗਾ ਬਾਦਲ ਪਰਿਵਾਰ ਨੂੰ ਆਪਣੇ ਪੈਰ ਵੀ ਨਜਰ ਨਹੀਂ ਆਉਣਗੇ ਅਤੇ ਫਿਰ ਆਪਣੀਆਂ ਕੀਤੀਆਂ ਦਾ ਪਛਤਾਵਾ ਹੋਵੇਗਾ। ਲੇਕਿਨ ਉਸ ਸਮੇਂ ਕੋਈ ਉਪਾਅ ਕੰਮ ਨਹੀਂ ਆਵੇਗਾ।

ਉਪਰੋਕਤ ਸਾਰੇ ਮਾਮਲੇ ਨੇ ਜਿਨਨ੍ਹਾਂ ਸਵਾਲਾਂ ਨੂੰ ਜਨਮ ਦਿੱਤਾ ਹੈ, ਉਸਦੇ ਜਵਾਬ ਵਿੱਚ ਸਿੱਖਾਂ ਦੇ ਭਵਿੱਖ ਦਾ ਰਹੱਸ ਹੈ।

- ਇੱਕ ਗੱਲ ਇਹ ਸਾਫ਼ ਹੋ ਗਈ ਕਿ ਬਾਦਲ ਦੀ ਸਿਆਸੀ ਦੁਸ਼ਮਨੀ ਮੜ੍ਹੀਆਂ ਤੱਕ ਵੀ ਖਤਮ ਨਹੀਂ ਹੁੰਦੀ ਅਤੇ
- ਦੂਸਰਾ ਇਹ ਕਿ
ਬਾਦਲ ਦੇ ਕੋਲ ਰਾਜ ਪ੍ਰਬੰਧ ਹੁੰਦਿਆਂ ਸੱਚ ਬੋਲਣ ਵਾਲੇ ਸੂਲੀ ਤੇ ਟੰਗੇ ਜਾਂਦੇ ਰਹਿਣਗੇ।
- ਤੀਸਰਾ ਇਹ ਕ
ਿ ਆਰ.ਐਸ.ਐਸ. ਜਾਂ ਹਿੰਦੁਤਵ ਦੇ ਆਖੇ ਬਾਦਲ ਕਿਸੇ ਵੀ ਗਿਰਾਵਟ ਦੀ ਹਾਲਤ ਤੱਕ ਜਾ ਸਕਦੇ ਹਨ ਆਪਣੇ ਅਤਿ ਨੇੜਲੇ ਸਾਥੀ ਦੀ ਕਿਸੇ ਸਮੇਂ ਵੀ ਬਿਨਨ੍ਹਾਂ ਮਹੂਰਤ ਕਢਵਾਏ ਬਲੀ ਦੇ ਸਕਦੇ ਹਨ। ਜੇ ਕੁਰਸੀ ਜਾਂਦੀ ਦਿਸੇ ਤਾਂ ਪਤਾ ਨਹੀਂ ਬਦਲੇ ਵਿਚ ਕੀਹ ਕੀਹ ਕੁਰਬਾਨ ਕਰ ਸਕਦਾ ਹਨ।

ਹੁਣ ਸਿੱਖਾਂ ਨੂੰ ਜਾਗਣ ਦੀ ਲੋੜ ਹੈ, ਨਹੀਂ ਤਾਂ ਇੱਕ ਇੱਕ ਕਰਕੇ ਕੌਮ ਦੀ ਗੱਲ ਦੀ ਕਰਨ ਵਾਲਿਆਂ ਨੂੰ ਇੰਜ ਹੀ ਮੁਸੀਬਤਾਂ ਵਿੱਚ ਫਸਾ ਕੇ ਘਰ ਬਿਠਾਉਣ ਦੇ ਯਤਨ ਹੁੰਦੇ ਰਹਿਣਗੇ ਜਾਂ ਕੋਈ ਸਮਾਜ ਵਿਰੋਧੀ ਅਪਰਾਧ ਦਾ ਚਿੱਕੜ ਸੁੱਟ ਕੇ ਲਿਬੇੜਣ ਦੀ ਨੀਤੀ ਵੀ ਅਪਣਾਈ ਜਾਵੇਗੀ ਤਾਂ ਕਿ ਲੋਕ ਆਪਣੇ ਪੰਥਕ ਆਗੂਆਂ ਬਾਰੇ ਆਪਣੇ ਮਨਾਂ ਅੰਦਰ ਉਲਟਾ ਬਿੰਬ ਬਣਾਕੇ ਕਿਸੇ ਇੱਕ ਪਲੇਟਫਾਰਮ ਉੱਤੇ ਇਕਠੇ ਨਾ ਹੋ ਸਕਣ। ਇਸ ਵਾਸਤੇ ਸਮੂੰਹ ਪੰਥ ਦਰਦੀਆਂ ਨੂੰ ਹੁਣ ਇੱਕ ਵਾਰ ਅੱਖਾਂ ਖੋਲ੍ਹਕੇ ਵੇਖ ਲੈਣਾ ਚਾਹੀਦਾ ਹੈ ਕਿ ਜੇ ਜਥੇਦਾਰ ਨੰਦਗੜ੍ਹ ਦੇ ਉੱਤੇ ਹੋਏ ਵਾਰ ਨੂੰ ਸਿੱਖ ਜਰ ਗਏ ਤਾਂ ਫਿਰ ਇੱਕ ਇੱਕ ਕਰਕੇ ਵਾਰੀ ਆਉਂਦੀ ਜਾਵੇਗੀ ਅਤੇ ਕੌਮ ਵਾਸਤੇ ਸੋਚਣ ਵਾਲਿਆਂ ਨੂੰ ਝੂਠੀ ਬਦਨਾਮੀ ਦੀ ਸਵਾਹ ਮਲਕੇ ਕਰੂਪ ਕਰ ਦਿੱਤਾ ਜਾਵੇਗਾ। ਇਸ ਗੰਭੀਰ ਮਾਮਲੇ ਨੂੰ ਵਿਚਾਰਨ ਵਾਸਤੇ ਤਰੁੰਤ ਪੰਥ ਦਰਦੀਆਂ ਨੂੰ ਕੋਈ ਵੱਡੀ ਮੀਟਿੰਗ ਕਰਕੇ ਅਜਿਹੀ ਗੰਦੀ ਖੇਡ ਦੀ ਰੋਕਥਾਮ ਵਾਸਤੇ ਨਿਗਰ ਕਦਮ ਚੁੱਕਣੇ ਚਾਹੀਦੇ ਹਨ। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top