Share on Facebook

Main News Page

ਮਰੇ ਹੋਏ ਸਾਧਾਂ ਦੀਆਂ ਲਾਸ਼ਾਂ ਨੂੰ ਪਾਣੀ ਵਿਚ ਰੋੜ੍ਹਨਾ, ਪ੍ਰਕਿਰਤੀ ਨਾਲ ਖਿਲਵਾੜ ਹੈ
-: ਦਲਜੀਤ ਸਿੰਘ ਇੰਡਿਆਨਾ

ਸਿੱਖ ਧਰਮ ਵਿੱਚ ਮੁਰਦੇ ਦਾ ਸੰਸਕਾਰ ਕਰਨ ਦੀ ਪਰੰਪਰਾ ਹੈ, ਇਸ ਪਿਛੇ ਇਕ ਇਹ ਵੀ ਕਾਰਨ ਹੈ ਜਦੋਂ ਪ੍ਰਾਨੀ ਸਰੀਰ ਤਿਆਗ ਦੇਵੇ, ਤਾਂ ਉਸ ਦਾ ਸੰਸਕਾਰ ਕਰ ਦੇਣਾ ਚਾਹਿਦਾ ਹੈ, ਤਾਂ ਕਿ ਮੁਰਦੇ ਸਰੀਰ ਦੀ ਬੁਦਬੂ ਜਾਂ ਹੋਰ ਕਿਸੇ ਕਾਰਨ ਵਾਤਾਵਰਨ ਵੀ ਗੰਦਾ ਨਾ ਹੋਵੇ ਤੇ ਮਿਰਤਕ ਸਰੀਰ ਦੀ ਕੋਈ ਹੋਂਦ ਨਾ ਰਹੇ ਅਤੇ ਇਸ ਨੂੰ ਕੋਈ ਪੂਜਣ ਨਾ ਲੱਗ ਜਾਵੇ, ਪਰ ਅਫਸੋਸ ਅਜ ਦਾ ਸਿੱਖ ਇਨ੍ਹਾਂ ਦੋਨਾਂ ਗੱਲਾਂ ਤੋਂ ਮੁਨਕਰ ਹੈ, ਜਿਥੇ ਉਹ ਸੰਸਕਾਰ ਦੀ ਜਗਾਹ ਮਰੇ ਪ੍ਰਾਣੀਆਂ ਦੀਆਂ ਲਾਸ਼ਾਂ ਪਾਣੀ ਵਿਚ ਰੋੜ੍ਹ ਕੇ, ਪਾਣੀ ਨੂੰ ਗੰਦਾ ਕਰ ਰਿਹਾ ਹੈ, ਜਿਸ ਪਾਣੀ ਨੂੰ ਗੁਰੂ ਸਾਹਿਬ ਨੇ ਗੁਰਬਾਨੀ ਵਿੱਚ ਪਿਤਾ ਦਾ ਦਰਜਾ ਦਿੱਤਾ ਹੈ, ਜਿਵੇਂ,

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ। ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ।

ਪਰ ਅਜ ਅਸੀਂ ਗੁਰੂ ਦੇ ਹੁਕਮਾਂ ਤੋਂ ਮੁਨਕਰ ਹੋ ਗਏ ਹਾਂ, ਤੇ ਮਰੇ ਹੋਏ ਬੰਦਿਆਂ ਨੂੰ ਪਾਣੀ ਵਿਚ ਰੋੜ੍ਹ ਕੇ ਦੁਨੀਆਂ ਨੂੰ ਕੁਝ ਅਲੱਗ ਦਿਖਾਉਣ ਦੀ ਕੋਸ਼ਿਸ ਵਿਚ ਹਾਂ। ਪਿਛਲੇ ਕੁੱਝ ਸਮੇਂ ਤੋਂ ਇਕ ਰੁਝਾਨ ਜਾ ਚੱਲਿਆ ਹੋਇਆ ਹੈ, ਕਿ ਸਾਧਾਂ ਦੀਆਂ ਲਾਸ਼ਾਂ ਨੂੰ ਪਾਣੀ ਵਿੱਚ ਰੋੜ੍ਹਿਆ ਜਾ ਰਿਹਾ ਹੈ, ਜਿਥੇ ਇਹ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਹੈ, ਉਥੇ ਪ੍ਰਕਿਰਤੀ ਨਾਲ ਵੀ ਖਿਲਵਾੜ ਹੈ। ਇਹ ਲੋਕ ਪਿਤਾ ਰੂਪੀ ਪਾਣੀ ਨੂੰ ਗੰਦਾ ਕਰ ਰਹੇ ਹਨ। ਬਹੁਤੇ ਅੰਧਵਿਸਵਾਸੀ ਲੋਕ ਧਰਮ ਦੇ ਨਾਮ 'ਤੇ ਇਹੋ ਜਿਹੇ ਕਰਮਕਾਂਡ ਕਰਕੇ ਆਪਣੇ ਆਪ ਵਿਚ ਬੜਾ ਫਖਰ ਮਹਿਸੂਸ ਕਰਦੇ ਹਨ। ਇਹ ਲਾਸ਼ਾਂ ਨੂੰ ਪਾਣੀ ਵਿੱਚ ਰੋੜ੍ਹਨ ਦੀ ਰੀਤ ਹਿੰਦੂ ਰੀਤ ਹੈ। ਬਹੁਤੇ ਹਿੰਦੂ ਵੀਰ ਇਹ ਸੋਚਦੇ ਹਨ ਕਿ ਸਾਡਾ ਸੰਸਕਾਰ ਗੰਗਾ ਕਿਨਾਰੇ ਹੋਵੇਗਾ, ਤਾਂ ਅਸੀਂ ਸਿੱਧੇ ਸਵਰਗਾਂ ਵਿੱਚ ਜਾਵਾਂਗੇ, ਇਸ ਕਰਕੇ ਬਿਹਾਰ ਅਤੇ ਉਤਰ ਪਰਦੇਸ ਅਤੇ ਹੋਰ ਸੂਬਿਆਂ ਦੇ ਲੋਕ ਮਰੇ ਪਰਾਣੀਆਂ ਦੀਆਂ ਲਾਸ਼ਾਂ ਬਨਾਰਸ ਲੈਕੇ ਆਉਂਦੇ ਹਨ ਅਤੇ ਪੰਡਿਤ ਤੋਂ ਸੰਸਕਾਰ ਕਰਵਾਉਂਦੇ ਹਨ। ਉਹ ਅਧ ਸੜੀ ਲਾਸ਼ ਨੂੰ ਪਾਣੀ ਵਿੱਚ ਰੋੜ ਦਿੰਦੇ ਹਨ।

ਤੁਹਾਨੂੰ ਯਾਦ ਹੋਵੇਗਾ ਪਿਛਲੇ ਦਿਨੀਂ ਗੰਗਾ ਕਿਨਾਰੇ ਕਿਨੀਆਂ ਲਾਸ਼ਾਂ ਮਿਲੀਆਂ ਸਨ। ਬਿਹਾਰ ਦੇ ਕਈ ਲੋਕ ਲਾਸ਼ ਨੂੰ ਗੰਗਾ ਵਿਚ ਰੋੜ ਦਿੰਦੇ ਹਨ। ਪਿਛਲੇ ਦਿਨਾਂ ਵਿਚ ਰਾੜੇ ਵਾਲਾ ਤੇਜਾ ਸਿਓ ਤੇ ਹੰਸਾਲੀ ਵਾਲਾ ਅਜੀਤ ਸਿੰਘ ਮਰ ਗਏ ਸਨ, ਜਿਹਨਾ ਦੀਆਂ ਲਾਸ਼ਾਂ ਪਾਣੀ ਵਿਚ ਰੋੜ ਕੇ ਇਹਨਾ ਸਾਧਾਂ ਦੇ ਚੇਲੇ ਆਪਣੇ ਆਪ ਵਿਚ ਬੜਾ ਫਖਰ ਮਹਿਸੂਸ ਕਰ ਰਹੇ ਸਨ। ਪਰ ਇਹਨਾ ਮੂਰਖਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਹ ਕਰਮਕਾਂਡ ਕਰਕੇ ਇਹ ਗੁਰੂ ਦੇ ਬਚਨਾਂ ਦੇ ਉਲਟ ਕੰਮ ਕਰ ਰਹੇ ਹਨ। ਜਦੋਂ ਸਾਰੇ ਗੁਰੂ ਸਾਹਿਬਾਨ ਦੇ ਸੰਸਕਾਰ ਹੋਏ ਸਨ, ਫੇਰ ਇਹਨਾਂ ਆਪਣੇ ਆਪ ਨੂੰ ਬ੍ਰਹਮਗਿਆਨੀ ਅਖਵਾਉਣ ਵਾਲਿਆਂ ਦੇ ਸੰਸਕਾਰ ਕਿਉਂ ਨਹੀਂ ਕੀਤੇ, ਕੀ ਇਹ ਗੁਰੂ ਸਾਹਿਬ ਨਾਲੋਂ ਜਿਆਦਾ ਸਿਆਣੇ ਹਨ ???

ਨਹੀਂ ਇਹ ਸਿਆਣੇ ਨਹੀਂ, ਇਹ ਸਿੱਖੀ ਸਿੱਧਾਤਾਂ ਨੂੰ ਖਾ ਰਹੀ ਚਿੱਟੀ ਸਿਉਂਕ ਹੈ। ਜਿਹੜੀ ਆਹ ਚਿੱਟੀ ਸਿਉਂਕ ਦਾ ਪੂਰਾ ਜੋਰ ਲੱਗਿਆ ਹੋਇਆ ਹੈ, ਸਾਨੂੰ ਹਿੰਦੂ ਸਾਬਿਤ ਕਰਨ ਵਿਚ।

ਆਹ ਹੰਸਾਲੀ ਵਾਲੇ ਅਜੀਤ ਸਿੰਘ ਦੀ ਲਾਸ਼ ਇਸ ਕਰਕੇ ਪਾਣੀ ਵਿੱਚ ਰੋੜ ਦਿੱਤੀ ਤੇ ਤਰਕ ਦਿੱਤਾ ਕਿ ਬਾਬਾ ਜੀ ਕਹਿੰਦੇ ਸੀ ਮੇਰਾ ਸ਼ਰੀਰ ਵੀ ਮੱਛੀਆਂ ਦੇ ਕੰਮ ਆਵੇ। ਇਨ੍ਹਾਂ ਨੂੰ ਕੋਈ ਪੁਛੇ ਕੀ ਮੱਛੀਆਂ ਦੀ ਖੁਰਾਕ ਮਰੇ ਹੋਏ ਬੰਦਿਆਂ ਦੇ ਸ਼ਰੀਰ ਹਨ ?? ਇਕ ਬਿਮਾਰੀ ਵਾਲੇ ਸ਼ਰੀਰ ਦਾ ਮਾਸ ਖਾ ਕੇ, ਕੀ ਪਾਣੀ ਵਿਚ ਰਹਿਣ ਵਾਲੇ ਜੀਵ ਬੀਮਾਰ ਨਹੀਂ ਹੋਣਗੇ ?? ਡਾਕਟਰੀ ਰਾਇ ਮੁਤਾਬਕ ਜੇਕਰ ਕੋਈ ਪ੍ਰਾਣੀ ਕਿਸੇ ਬੀਮਾਰ ਜੀਵ ਦਾ ਮਾਸ ਖਾ ਲਵੇ, ਤਾਂ ਉਸਨੂੰ ਬਹੁਤ ਜਲਦੀ ਬਿਮਾਰੀ ਲੱਗਦੀ ਹੈ। ਦੂਜਾ ਇਹਨਾ ਨੇ ਇਸ ਸਾਧ ਦੀ ਲਾਸ਼ ਇਕ ਅਲੁਮੀਨਿਅਮ ਦੇ ਡੱਬੇ ਵਿਚ ਪਾਕੇ ਸੁੱਟੀ ਹੈ, ਜਿਸ ਨੇ ਕਦੇ ਪਾਣੀ ਵਿੱਚ ਗਲਣਾ ਨਹੀਂ। ਪਰ ਧਰਮ ਦੇ ਨਾਮ ਥੱਲੇ ਪ੍ਰਕਿਰਤੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਹੜਾ ਸਮਝਾਵੇ?

ਸਿੱਖੋ ਗੁਰਬਾਣੀ ਨਾਲ ਜੁੜੋ... ਮਰਨ ਜੰਮਣ ਵਾਲੇ ਪ੍ਰਾਣੀਆਂ ਨਾਲ ਨਹੀਂ... ਸਿੱਖ ਫਲਸਫਾ ਅਪਣਾਓ... ਕਰਮਕਾਂਡ ਨਹੀਂ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top