Share on Facebook

Main News Page

ਸਿਧਾਂਤਾਂ ਨੂੰ ਤਿਲਾਂਜਲੀ ਦੇ ਚੁੱਕੇ ਬਾਦਲ ਦਲ ਮੁਕਾਬਲੇ ਤਰੁੰਤ ਇੱਕ ਨਵੇਂ ਅਕਾਲੀ ਦਲ ਦੀ ਲੋੜ...!
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਵਾਹਿਦ ਰਾਜਸੀ ਨੁਮਾਇੰਦਾ ਜਥੇਬੰਦੀ ਹੈ। ਬੇਸ਼ੱਕ ਇਸ ਨੂੰ ਗੁਰਦਵਾਰਿਆਂ ਦੀ ਰਾਖੀ ਵਾਸਤੇ ਇੱਕ ਗੁਰਦਵਾਰਾ ਸੇਵਾ ਦਲ ਵਜੋਂ ਹੋਂਦ ਵਿੱਚ ਲਿਆਂਦਾ ਗਿਆ ਸੀ। ਪਰ ਸਮੇਂ ਦੇ ਲਿਹਾਜ਼ ਨਾਲ ਜਿਵੇ ਲੋਕਤੰਤਰ ਜਾਂ ਵੋਟ ਤੰਤਰ ਅਮਲ ਆਰੰਭ ਹੋਇਆ ਤਾਂ ਸਿੱਖਾਂ ਨੂੰ ਵੀ ਆਪਣੀ ਸਿਆਸੀ ਰਹਿਨੁਮਾਈ ਦੀ ਜਰੂਰਤ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਸਿਆਸੀ ਅਗਵਾਈ ਕਰਨ ਦਾ ਕਮਰਕੱਸਾ ਕੀਤਾ, ਬਹੁਤ ਸਾਰੇ ਉਚੇ ਨੀਵੇਂ ਸਫਰ ਕਰਦਾ ਅੱਜ ਅਕਾਲੀ ਦਲ ਇੱਕ ਦਲ ਦਲ ਦਾ ਰੂਪ ਧਾਰਨ ਕਰ ਗਿਆ ਹੈ। ਜਿਸ ਵਿਚ ਸਿੱਖ ਕੌਮ ਅਜਿਹੀ ਫਸੀ ਹੈ ਕਿ ਸਾਰਾ ਕੁੱਝ ਲੁਟਾਉਣ ਤੋਂ ਬਾਅਦ ਅੱਜ ਆਪਣੀ ਹੋਂਦ ਬਚਾਉਣ ਦੀ ਵੀ ਕੋਈ ਤਰਕੀਬ ਸਮਝ ਨਹੀਂ ਆ ਰਹੀ ਅਤੇ ਸਿੱਖਾਂ ਅੰਦਰ ਅਕਾਲੀ ਸ਼ਬਦ ਪ੍ਰਤੀ ਇੱਕ ਨਫਰਤ ਪੈਦਾ ਹੋ ਗਈ ਹੈ, ਜਿਹੜੀ ਸਿੱਖ ਕੌਮ ਦੇ ਭਵਿਖ ਵਾਸਤੇ ਅਤਿ ਖਤਰਨਾਕ ਹੈ।

ਸਿੱਖਾਂ ਦੀ ਬਦਕਿਸਮਤੀ ਹੈ ਕਿ ਸਿੱਖਾਂ ਨੇ ਅਕਾਲੀਆਂ ਉੱਤੇ ਰੱਬ ਜਿੱਡਾ ਵਿਸ਼ਵਾਸ਼ ਕੀਤਾ ਕਿਉਂਕਿ ਅਕਾਲੀ ਦਲ ਨੇ ਹਮੇਸ਼ਾ ਆਪਣੇ ਆਪ ਨੂੰ ਪੰਥਕ ਪਾਰਟੀ ਹੀ ਆਖਿਆ ਅਤੇ ਬਹੁਤ ਸਮਾਂ ਵਾਕਿਆ ਹੀ ਇਸ ਦੀ ਦਿੱਖ ਪੰਥਕ ਰਹੀ। ਅਕਾਲੀ ਜਥੇਦਾਰ ਆਪਣੀ ਸ਼ਾਨ ਆਪ ਹੀ ਹੁੰਦੇ ਸਨ, ਨੀਲੀ ਪੱਗ ਇਮਾਨਦਾਰੀ ਦਾ ਇੱਕ ਚਿੰਨ ਹੁੰਦੀ ਸੀ ਅਤੇ ਹਰ ਕੋਈ ਭਰੋਸਾ ਕਰਦਾ ਸੀ ਕਿ ਇਹਨਾਂ ਲੋਕਾਂ ਕੋਲ ਸਾਡੇ ਹੱਕ ਮਹਿਫੂਜ਼ ਰਹਿ ਸਕਦੇ ਹਨ। ਇਸ ਕਰਕੇ ਹੀ ਅਕਾਲੀਆਂ ਨੂੰ ਬਹੁਤ ਵਾਰੀ ਸਿੱਖਾਂ ਅਤੇ ਪੰਜਾਬੀਆਂ ਨੇ ਵੱਡੀ ਕਾਮਯਾਬੀ ਝੋਲੀ ਪਾਈ। ਇਹ ਵੱਖਰੀ ਗੱਲ ਹੈ ਕਿ ਅਕਾਲੀ ਦਲ ਦੇ ਨੁਮਾਇੰਦੇ ਸਿੱਖਾਂ ਦੇ ਜਜਬਾਤਾਂ ਦੀ ਉਸ ਤਰਾਂ ਨਾਲ ਤਰਜਮਾਨੀ ਨਾ ਕਰ ਸਕੇ, ਜਿਹੋ ਜਿਹੀ ਸਿੱਖਾਂ ਨੇ ਵੋਟ ਵੇਲੇ ਆਪਣੇ ਅੰਦਰ ਕਲਪਨਾ ਕੀਤੀ ਸੀ। ਇੰਜ ਹੌਲੀ ਹੌਲੀ ਲੋਕਾਂ ਦਾ ਵਿਸ਼ਵਾਸ਼ ਆਕਲੀ ਦਲ ਨਾਲੋਂ ਟੁੱਟਦਾ ਗਿਆ, ਦਰਅਸਲ ਲੋਕਾਂ ਦਾ ਅਕਾਲੀ ਦਲ ਉੱਤੇ ਤਾਂ ਕੋਈ ਗਿਲਾ ਨਹੀਂ ਸੀ ਅਤੇ ਨਾ ਹੀ ਅੱਜ ਹੈ, ਲੇਕਿਨ ਅਕਾਲੀ ਦਲ ਦੇ ਸੰਚਾਲਕਾਂ, ਜਿਹੜੇ ਪੰਥਕ ਰਸਤਾ ਛੱਡਕੇ ਬਿਪਰਵਾਦੀ ਪਗਡੰਡੀ ਦੇ ਪਾਂਧੀ ਬਣ ਗਏ ਉਪਰ ਭਾਰਾ ਰੋਸ ਹੈ।

ਅਕਾਲੀ ਦਲ ਪੰਥਕ ਪਾਰਟੀ ਹੋਣ ਕਰਕੇ ਸਿੱਖਾਂ ਦੇ ਮਨ ਅੰਦਰ ਅਕਾਲੀ ਦਲ ਪਰਤੀ ਇੱਕ ਧਾਰਮਿਕ ਭੈਅ ਅਤੇ ਭਾਵਨਾ ਵੀ ਜੁੜੀ ਹੋਈ ਸੀ। ਤਿੰਨ ਦਹਾਕੇ ਪਹਿਲਾਂ ਜੇ ਕੋਈ ਅਕਾਲੀ ਦਲ ਦੇ ਖਿਲਾਫ਼ ਬੋਲਦਾ ਸੀ ਤਾਂ ਸਿੱਖ ਉਸਦਾ ਗਲ ਲਾਹੁਣ ਤੱਕ ਜਾਂਦੇ ਸਨ ਅਤੇ ਝੱਟ ਫਤਵਾ ਦੇ ਦਿੰਦੇ ਸਨ ਕਿ ਇਹ ਪੰਥ ਧ੍ਰੋਹੀ ਬੰਦਾ ਹੈ ਅਤੇ ਅਜਿਹਾ ਵਿਅਕਤੀ ਹਮੇਸ਼ਾਂ ਅਕਾਲੀ ਵਰਕਰਾਂ ਦੀ ਅੱਖ ਵਿਚ ਰੜਕਦਾ ਰਹਿੰਦਾ ਸੀ। ਇਸ ਕਰਕੇ ਸਿੱਖਾਂ ਨੇ ਹਮੇਸ਼ਾ ਇੱਕ ਹੀ ਅਕਾਲੀ ਦਲ ਨੂੰ ਪ੍ਰਵਾਨਿਆ ਅਤੇ ਉਸ ਉੱਤੇ ਉਦੋਂ ਤੱਕ ਭਰੋਸਾ ਕਰਦੇ ਰਹੇ, ਜਦੋਂ ਤੀਕ ਪਾਣੀ ਕੰਨਾਂ ਤੱਕ ਨਾ ਆ ਜਾਵੇ ਅਤੇ ਇਹ ਵੀ ਧਾਰਨਾ ਰਹੀ ਕਿ ਅਸਲੀ ਅਕਾਲੀ ਦਲ ਉਹ ਹੀ ਹੁੰਦਾ ਹੈ ਜਿਸਦੇ ਕੋਲ ਸ਼੍ਰੋਮਣੀ ਕਮੇਟੀ ਦਾ ਕਬਜਾ ਹੋਵੇ। ਪਰ ਅਜੋਕੇ ਸਮੇਂ ਵਿਚ ਜੋ ਕੁੱਝ ਹੋ ਰਿਹਾ ਹੈ, ਇਸ ਨੂੰ ਵੇਖ ਕੇ ਹੁਣ ਸਿੱਖਾਂ ਦੀਆਂ ਅੱਖਾਂ ਖੁੱਲੀਆਂ ਹਨ ਕਿ ਜਿਸ ਨੂੰ ਅਸੀਂ ਗੁਰੂ ਪੰਥ ਸਮਝਦੇ ਰਹੇ ਅਸਲ ਵਿੱਚ ਉਹ ਤਾਂ ਨਾਗਪੁਰ ਵਾਲਿਆਂ ਦਾ ਇੱਕ ਵਿੰਗ ਹੈ।

ਬੇਸ਼ੱਕ ਅਕਾਲੀ ਦਲ ਦੇ ਮੁਕਾਬਲੇ ਦੂਜਾ ਅਕਾਲੀ ਦਲ ਬਣਾਉਣ ਨੂੰ ਹੁਣ ਤੱਕ ਇਹ ਹੀ ਆਖਿਆ ਜਾਂਦਾ ਸੀ ਕਿ ਇਹ ਬਾਗੀ ਅਕਾਲੀ ਹਨ। ਪਰ ਸਿੱਖ ਵਿਚਾਰਧਾਰਾ ਕਿਸੇ ਸਰੀਰ ਦੀ ਪੁਜਾਰੀ ਨਹੀਂ, ਸਿੱਖਾਂ ਨੇ ਹਮੇਸ਼ਾ ਸਿਧਾਂਤਕ ਪਰਿਪੇਖ ਵਿਚੋਂ ਹੀ ਆਪਣੇ ਆਗੂਆਂ ਦੀ ਚੋਣ ਕੀਤੀ ਹੈ। ਇਹ ਵੱਖਰੀ ਗੱਲ ਹੈ ਕਿ ਕੋਈ ਆਗੂ ਪੰਥਕ ਕਸਵੱਟੀ ਉੱਤੇ ਪੂਰਾ ਨਾ ਉੱਤਰ ਸਕਿਆ ਹੋਵੇ, ਪਰ ਜਦੋਂ ਵੀ ਕੋਈ ਗੱਲ ਪੰਥਕ ਲੀਹ ਤੋਂ ਲਹਿੰਦੀ ਨਜਰ ਆਈ ਤਾਂ ਸਿੱਖਾਂ ਨੇ ਪੰਥਕ ਜੁਗਤ ਵਿੱਚ ਉਸਦਾ ਬਦਲ ਲੱਭਣ ਦਾ ਯਤਨ ਕੀਤਾ। ਉਸ ਵਿੱਚ ਕਾਮਯਾਬ ਹੋ ਜਾਣਾ ਜਾਂ ਅਸਫਲ ਹੋਣ ਪਿੱਛੇ ਹਲਾਤਾਂ ਅਤੇ ਸਮੇਂ ਦੀ ਗਰਮੀ ਸਰਦੀ ਦਾ ਅਸਰ ਵੀ ਹੁੰਦਾ ਸੀ ਅਤੇ ਅੱਜ ਵੀ ਸਾਫ਼ ਵਿਖਾਈ ਦਿੰਦਾ ਹੈ।

ਸ਼੍ਰੋਮਣੀ ਅਕਾਲੀ ਦਲ ਵੀ ਆਖਿਰ ਇੱਕ ਸਿਆਸੀ ਪਾਰਟੀ ਹੀ ਹੈ, ਲੇਕਿਨ ਸਿੱਖਾਂ ਵਿਚ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਧਰਮ ਅਤੇ ਰਾਜਨੀਤੀ ਦੀ ਸੁਮੇਲਤਾ ਕਰਕੇ ਅਕਾਲੀ ਦਲ ਸਿਆਸੀ ਪਾਰਟੀ ਹੈ, ਪਰ ਨਾਲ ਨਾਲ ਗੁਰਦਵਾਰਿਆਂ ਦੇ ਪ੍ਰਬੰਧ ਵਾਸਤੇ ਬਣੀ ਇੱਕ ਸੰਵਿਧਾਨਿਕ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਵੀ ਚਲਾਉਂਦਾ ਆ ਰਿਹਾ ਹੈ, ਜਿਸ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਜਾਮਨੀ ਵੀ ਅਕਾਲੀ ਦਲ ਦੇ ਜਿੰਮੇ ਹੀ ਰਹਿ ਜਾਂਦੀ ਹੈ, ਪਰ ਆਗੂ ਤਾਂ ਬੰਦੇ ਹੀ ਸਨ ਜਿੰਨਾਂ ਚਿਰ ਗੁਰੂ ਦੀ ਵਿਚਾਰਧਾਰਾ ਨੂੰ ਸਮਰਪਿਤ ਰਹੇ, ਉੰਨਾਂ ਚਿਰ ਕੋਈ ਉਂਗਲੀ ਨਹੀਂ ਉਠੀ, ਪਰ ਜਦੋਂ ਕਦੇ ਪਦਾਰਥਵਾਦੀ ਵਹਿਣ ਵਿੱਚ ਵਹਿ ਗਏ ਜਾਂ ਸਿਆਸੀ ਲਾਲਸਾ ਵਿੱਚ ਡੁੱਬ ਗਏ ਤਾਂ ਕੌਮ ਨੂੰ ਨਮੋਸ਼ੀ ਝੱਲਣੀ ਪਈ। ਇਸ ਕਰਕੇ ਫਿਰ ਕੋਈ ਨਾ ਕੋਈ ਆਗੂ ਕੌਮ ਦੀ ਅਣਖ ਦਾ ਵਾਸਤੇ ਪਾ ਕੇ ਸਿੱਖ ਸਿਆਸਤ ਨੂੰ ਪੰਥਕ ਰਾਹ ਤੇ ਤੋਰਨ ਦਾ ਉਪਰਾਲਾ ਕਰਦਾ ਰਿਹਾ। ਜਿਸ ਨੂੰ ਸਥਾਪਤ ਧੜੇ ਅਤੇ ਸਿੱਖਾਂ ਵਿੱਚ ਪਾਟਕ ਪਾਉਣ ਵਾਲੀਆਂ ਧਿਰਾਂ ਨੇ ਬਾਗੀ ਅਕਾਲੀਆਂ ਦਾ ਨਾਮ ਦਿੱਤਾ।

ਅਜਿਹੀ ਜੋਰ ਅਜਮਾਈ ਅਕਾਲੀ ਦਲ ਦੇ ਗਭਰੂ ਹੋਣ ਵੇਲੇ ਹੀ ਆਰੰਭ ਹੋ ਗਈ ਸੀ, ਬੇਸ਼ਕ ਕੁਝ ਸਾਲ ਅਕਾਲੀ ਦਲ ਇਕ ਪ੍ਰਧਾਨ, ਇੱਕ ਵਿਧਾਨ, ਇੱਕ ਨਿਸ਼ਾਨ ਅਧੀਨ ਚੱਲਿਆ, ਲੇਕਿਨ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਸ ਦੇਸ਼ ਦੇ ਕੂਟਨੀਤਿਕਾਂ ਨੇ ਸਿੱਖ ਵੱਖਰੀ ਕੌਮ ਦੇ ਸੰਕਲਪ ਨੂੰ ਖਤਮ ਕਰਨ ਲਈ ਸਿੱਖ ਸਿਆਸਤ ਨੂੰ ਕੁਰਾਹੇ ਪਾਉਣ ਵਾਸਤੇ ਸਿੱਖ ਜਾਂ ਅਕਾਲੀ ਆਗੂਆਂ ਨਾਲ ਵਾਹਦੇ ਕਰਕੇ, ਫਿਰ ਮੁਕਰ ਜਾਣ ਦੀ ਇਲਤ ਨਾਲ ਸਿੱਖਾਂ ਦੇ ਮਨਾਂ ਵਿਚ ਆਪਣੇ ਹੀ ਆਗੂਆਂ ਖਿਲਾਫ਼ ਇੱਕ ਨਫਰਤ ਦਾ ਬੀਜ਼ ਬੀਜ ਦਿੱਤਾ। ਅੱਗ ਲਾਈ ਡੱਬੂ ਕੰਧ ਤੇ ਦੀ ਕਹਾਵਤ ਵਾਂਗੂੰ ਲੂੰਬੜ ਬਿਰਤੀ ਸਿਆਸਤਦਾਨ ਥੋੜੀ ਜਿਹੀ ਸ਼ਰਾਰਤ ਕਰਨ ਉਪਰੰਤ ਆਪ ਲਾਂਭੇ ਹੋ ਕੇ ਸਿੱਖਾਂ ਵਿਚ ਫੁੱਟ ਪਾਉਣ ਵਿਚ ਕਾਮਯਾਬ ਹੁੰਦੇ ਰਹੇ ਅਤੇ ਸਿੱਖ ਅਸਲੀ ਦੁਸ਼ਮਨ ਨੂੰ ਭੁੱਲਕੇ ਆਪਸੀ ਖਾਨਾ ਜੰਗੀ ਵਿਚ ਉਲਝਦੇ ਰਹੇ।

ਲੇਕਿਨ ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਸਿੱਖਾਂ ਦੀ ਇੱਕ ਸਿਆਸੀ ਧਿਰ ਜਦੋਂ ਵੀ ਕਦੇ ਹਕੂਮਤ ਪ੍ਰਸਤ ਬਣਕੇ ਸਿੱਖੀ ਸਿਧਾਂਤਾਂ ਨੂੰ ਤਿਲਾਂਜਲੀ ਦਿੰਦੀ ਰਹੀ ਹੈ ਤਾਂ ਪੰਥਕ ਜਜਬੇ ਵਾਲੇ ਸਿੱਖ ਫਿਰ ਅਜਿਹੇ ਆਗੂਆਂ ਨੂੰ ਵੰਗਾਰਦੇ ਵੀ ਰਹੇ ਹਨ। ਕੁਝ ਇੱਕ ਥਾਂ ਤੋਂ ਅਜਿਹਾ ਵੀ ਪ੍ਰਤੀਤ ਹੁੰਦਾ ਹੈ ਕਈ ਵਾਰੀ ਇੱਕ ਮਜਬੂਤ ਪੰਥਕ ਧਿਰ ਜਾਂ ਸਿੱਖ ਪੰਥ ਦੀ ਚੜ੍ਹਦੀਕਲਾ ਵਾਸਤੇ ਕੰਮ ਕਰਦੀ ਧਿਰ ਨੂੰ ਥਿੜਕਾਉਣ ਵਾਸਤੇ ਹਕੂਮਤਾਂ ਨੇ ਆਪਣੇ ਗੁਰਗਿਆਂ ਨੂੰ ਵੱਡੇ ਪੰਥਕ ਬਣਾਕੇ ਪੇਸ਼ ਕੀਤਾ ਹੈ ਅਤੇ ਪੰਥ ਪ੍ਰਸਤਾਂ ਦਾ ਵੱਡੇ ਪਧਰ ਉੱਤੇ ਵਿਰੋਧ ਵੀ ਕਰਵਾਇਆ। ਕੁਝ ਅਜਿਹੇ ਵੀ ਪ੍ਰਮਾਣ ਮਿਲਦੇ ਹਨ ਕਿ ਸਿੱਖਾਂ ਵੱਲੋਂ ਦਿੱਤੀ ਸਰਦਾਰੀ ਨੂੰ ਬਹੁਤੇ ਆਗੂ ਸੰਭਾਲ ਹੀ ਨਹੀਂ ਸਕੇ। ਭਾਰਤ ਦੀ ਆਜ਼ਾਦੀ ਤੋਂ ਬਾਅਦ ਮਾਸਟਰ ਤਾਰਾ ਸਿੰਘ ਇੱਕ ਵੱਡੇ ਸਿੱਖ ਆਗੂ ਸਨ ਅਤੇ ਉਹਨਾਂ ਦੀਆਂ ਨੀਤੀਆਂ ਦੇ ਕੁੱਝ ਸਿੱਖ ਹਮਾਇਤੀ ਸਨ ਅਤੇ ਕੁੱਝ ਵਿਰੋਧੀ ਰਹੇ, ਲੇਕਿਨ ਇੱਕ ਸਮਾਂ ਅਜਿਹਾ ਆਇਆ ਜਦੋਂ ਸੰਤ ਫਤਹਿ ਸਿੰਘ ਨੇ ਮਾਸਟਰ ਤਾਰਾ ਸਿੰਘ ਦੀਆਂ ਨੀਤੀਆਂ ਨੂੰ ਭੰਡ ਕੇ ਸਿੱਖਾਂ ਦੀ ਸਿਆਸੀ ਸਰਦਾਰੀ ਦਾ ਤਾਜ਼ ਆਪਣੇ ਸਿਰ ਰੱਖ ਲਿਆ ਅਤੇ ਬਹੁਤ ਸਮਾਂ ਮਾਸਟਰ ਦਲ ਅਤੇ ਸੰਤ ਦਲ ਸਿਆਸੀ ਕੁਸ਼ਤੀ ਲੜਦੇ ਹੇਠਾਂ ਉੱਤੇ ਹੁੰਦੇ ਰਹੇ।

ਇਸ ਤੋਂ ਬਾਅਦ ਫਿਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚ ਵੀ ਕਾਫੀ ਸਮਾਂ ਸਿਆਸੀ ਰੱਸਾਕਸ਼ੀ ਚੱਲੀ, ਪਰ ਧਰਮਯੁੱਧ ਮੋਰਚੇ ਦੀ ਆਰੰਭਤਾ ਨੇ ਸੰਤ ਲੌਂਗੋਵਾਲ ਨੂੰ ਸਿੱਖ ਸਿਆਸਤ ਦਾ ਰੁਸਤਮ ਬਣਾ ਦਿੱਤਾ ਅਤੇ ਜਥੇਦਾਰ ਤਲਵੰਡੀ ਨੂੰ ਭਾਣਾ ਮੰਨ ਕੇ ਅਕਾਲੀ ਦਲ ਦੇ ਮੋਰਚੇ ਵਿਚ ਹੀ ਮਰਜ਼ ਹੋਣਾ ਪੈ ਗਿਆ। ਅਚਾਨਕ ਹਿੰਦ ਹਕੂਮਤ ਦੀ ਨੀਅਤ ਵਿੱਚ ਪੈਦਾ ਹੋਏ ਖੋਟ ਨੇ ਦਰਬਾਰ ਸਾਹਿਬ ਉੱਤੇ ਹਮਲੇ ਨੂੰ ਅੰਜਾਮ ਦੇ ਦਿੱਤਾ, ਜਿਸ ਨਾਲ ਸਿੱਖਾਂ ਦੀਆਂ ਆਸਾਂ ਅਨੁਸਾਰ ਪੈਦਾ ਹੋ ਰਹੇ ਇੱਕ ਸੰਤ ਸਿਪਾਹੀ ਬਿਰਤੀ ਵਾਲੇ ਆਗੂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਤਾਂ ਹਕੂਮਤ ਨੇ ਟਿਕਾਣੇ ਲਗਾ ਦਿੱਤਾ, ਪਰ ਸਿੱਖਾਂ ਦੇ ਰੋਹ ਨੇ ਸੰਤ ਲੌਂਗੋਵਾਲ ਦਾ ਵੀ ਅੰਤ ਕਰ ਦਿੱਤਾ ਤਾਂ ਹਾਲਾਤਾਂ ਨੇ ਅਚਾਨਕ ਸੁਰਜੀਤ ਸਿੰਘ ਬਰਨਾਲਾ ਨੂੰ ਅਕਾਲੀ ਦਲ ਦੇ ਆਗੂ ਵਜੋਂ ਅੱਗੇ ਲੈ ਆਂਦਾ। ਬਾਦਲ ਟੌਹੜਾ ਨੂੰ ਨਾ ਚਾਹੁੰਦੇ ਹੋਏ ਵੀ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਕਬੂਲਣ ਵਾਸਤੇ ਮਜਬੂਰ ਹੋਣਾ ਪਿਆ।
ਪਰ ਉਸ ਵੇਲੇ ਵੀ ਸਿੱਖਾਂ ਨੇ ਸੁਰਜੀਤ ਸਿੰਘ ਬਰਨਾਲਾ ਦੀ ਲੀਡਰਸ਼ਿਪ ਨੂੰ ਚੈਲਿੰਜ ਕਰਨ ਵਾਸਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਰੋਡੇ ਦੀ ਅਗਵਾਈ ਵਿੱਚ ਬਾਬਾ ਦਲ ਕਾਇਮ ਕਰ ਲਿਆ। ਜਿਸ ਵਿਚ ਬਹੁਤ ਸਾਰੇ ਨਰਾਜ਼ ਅਕਾਲੀ ਵੀ ਸ਼ਾਮਲ ਹੋ ਗਏ। ਸ. ਬਰਨਾਲਾ ਵੀ ਸਿੱਖਾਂ ਦੇ ਸਰਬ ਪ੍ਰਵਾਨਿਤ ਲੀਡਰ ਨਾ ਬਣ ਸਕੇ। ਸਗੋਂ ਉਹਨਾਂ ਦੇ ਰਾਜ ਵਿਚ ਦਰਬਾਰ ਸਾਹਿਬ ਅੰਦਰ ਪੁਲਿਸ ਭੇਜੇ ਜਾਣ ਅਤੇ ਰਿਬੇਰੋ ਨੂੰ ਡੀ.ਜੀ.ਪੀ. ਲਾਉਣ ਦੇ ਮਾਮਲੇ ਨੇ ਸ. ਬਰਨਾਲਾ ਨੂੰ ਸਿੱਖ ਸਿਆਸਤ ਵਿਚ ਅਲੱਗ ਥਲੱਗ ਕਰਕੇ ਰੱਖ ਦਿੱਤਾ ਅਤੇ ਸ. ਬਰਨਾਲਾ ਦੇ ਆਪਣੇ ਧੜੇ ਵਿਚੋਂ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਤੌਰ 'ਤੇ ਪੈਰ ਜਮਾਉਣੇ ਆਰੰਭ ਦਿਤੇ। ਪਰ ਲੋਕ ਸਭਾ ਚੋਣ ਵਿਚ ਲੋਕ ਰੋਹ ਨੇ ਬਾਬਾ ਅਕਾਲੀ ਦਲ ਜਾਂ ਅਜੋਕੇ ਸ. ਸਿਮਰਨਜੀਤ ਸਿੰਘ ਮਾਨ ਵਾਲੇ ਦਲ ਨੂੰ ਵੱਡੀ ਮਾਨਤਾ ਦੇ ਦਿੱਤੀ।

ਸ. ਬਰਨਾਲਾ ਤਾਂ ਗਵਰਨਰੀ ਲੈਕੇ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਗਏ। ਪਰ ਸ. ਬਾਦਲ ਨੇ ਸਿੱਖਾਂ ਦੀ ਸਿਆਸਤ ਦਾ ਕਬਜਾ ਲੈਣ ਵਾਸਤੇ ਲੱਕ ਬੰਨਵੀਂ ਮਿਹਨਤ ਆਰੰਭ ਦਿੱਤੀ ਅਤੇ ਇਕ ਦਿਨ ਅਜਿਹਾ ਆਇਆ ਕਿ ਬਾਦਲ ਤੋਂ ਬਿਨਾਂ ਬਾਕੀ ਸਾਰੇ ਅਕਾਲੀਆਂ ਨੇ ਅਕਾਲ ਤਖਤ ਸਾਹਿਬ ਉੱਪਰ ਇਕਠੇ ਹੋ ਕੇ ਅਕਾਲੀ ਦਲ ਅੰਮ੍ਰਿਤਸਰ ਵੀ ਬਣਾਇਆ। ਪਰ ਇੱਕ ਇੱਕ ਕਰਕੇ ਸਭ ਬਾਦਲ ਦੀ ਸ਼ਰਨ ਵਿਚ ਚਲੇ ਗਏ ਤੇ ਸਿਰਫ ਸ. ਮਾਨ ਹੀ ਅੱਜ ਤੱਕ ਉਸ ਅਕਾਲੀ ਦਲ ਨੂੰ ਲੈਕੇ ਵਿਚਰ ਰਹੇ ਹਨ । ਸ. ਬਾਦਲ ਨੂੰ ਬੇਸ਼ੱਕ ਸਾਰੇ ਅਕਾਲੀ ਦਲ ਦੇ ਆਗੂ ਸਮੇਂ ਸਮੇਂ ਲੀਡਰ ਵੀ ਮਨਦੇ ਰਹੇ, ਪਰ ਅੰਦਰੋ ਅੰਦਰੀ ਵਿਰੋਧਾਭਾਸ ਵੀ ਜਾਰੀ ਰਿਹਾ। ਲੇਕਿਨ ਕਈ ਵਾਰੀ ਤਾਂ ਟਿਕਟਾਂ ਦੀ ਵੰਡ ਵੀ ਤੋੜ ਵਿਛੋੜੇ ਜਾਂ ਮੇਲ ਮਿਲਾਪ ਦੀ ਕਾਰਨ ਬਣੀ। ਪਰ 1999 ਦੀ ਵਿਸਾਖੀ ਨੂੰ ਖਾਲਸੇ ਦੇ ਤਿੰਨ ਸੌ ਸਾਲਾ ਸਮਾਗਮਾਂ ਉੱਪਰ ਹਿੰਦੁਤਵ ਨੇ ਵੱਡਾ ਹੰਬਲਾ ਮਾਰਿਆ ਅਤੇ ਪੰਥਕ ਦਿੱਖ ਵਾਲੇ ਸਿੱਖ ਆਗੂਆਂ ਨੂੰ ਲਾਂਭੇ ਕਰਕੇ ਹੀ ਸਾਹ ਲਿਆ। ਜਿਸ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਹੋ ਗਈ। ਪਰ ਬਾਦਲ ਨੂੰ ਬਿਪ੍ਰਵਾਦੀਆਂ ਨੇ ਉਸ ਦਿਨ ਤੋਂ ਪੱਕੇ ਤੌਰ 'ਤੇ ਹੀ ਗੋਦ ਲੈ ਲਿਆ।

ਭਾਰਤ ਵਿਚਲਾ ਕੱਟੜਵਾਦੀ ਹਿੰਦੁਤਵ ਜੋ ਕੁੱਝ ਅੱਜ ਸ.ਬਾਦਲ ਤੋਂ ਕਰਵਾ ਰਿਹਾ ਹੈ ਅਜਿਹਾ ਕੁੱਝ ਜਥੇਦਾਰ ਟੌਹੜਾ ਦੇ ਅਕਾਲੀ ਦਲ ਵਿੱਚ ਹੁੰਦਿਆਂ ਜਾਂ ਭਾਈ ਰਣਜੀਤ ਸਿੰਘ ਦੇ ਜਥੇਦਾਰ ਹੁੰਦਿਆਂ ਸੰਭਵ ਨਹੀਂ ਸੀ, ਇਸ ਕਰਕੇ ਉਹਨਾਂ ਨੇ ਸ. ਬਾਦਲ ਦੀ ਹਰ ਪਖੋਂ ਸਹਾਇਤਾ ਕਰਕੇ ਅਕਾਲੀ ਸਿਆਸਤੇ ਉੱਤੇ ਪੱਕਾ ਕਬਜਾ ਕਰਵਾ ਦਿੱਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਕਦੇ ਅਕਾਲੀ ਦਲ ਨੂੰ ਤੋੜਦਾ ਨਹੀਂ ਸੀ, ਉਹਨਾਂ ਦਾ ਇੱਕੋ ਇੱਕ ਮਕਸਦ ਸੀ ਕਿ ਅਕਾਲੀ ਦਲ ਕਿਰਤੀ ਸਿੱਖਾਂ ਦੇ ਹੱਥ ਵਿੱਚ ਰਹੇ ਅਤੇ ਕਿਸੇ ਤਰੀਕੇ ਰਜਵਾੜਿਆਂ ਤੋਂ ਅਕਾਲੀ ਦਲ ਦਾ ਖਹਿੜਾ ਛੁੱਟ ਜਾਵੇ। ਲੇਕਿਨ ਪੰਥ ਵਿਰੋਧੀਆਂ ਨੇ ਹਮੇਸ਼ਾ ਹੀ ਅਜਿਹੀਆਂ ਅਫਵਾਹਾਂ ਫੈਲਾਈਆਂ ਕਿ ਸਿੱਖ ਬਾਦਲ ਦੀ ਵਿਰੋਧਤਾ ਕਰਨ ਦੀ ਥਾਂ ਜਥੇਦਾਰ ਟੌਹੜਾ ਨੂੰ ਹੀ ਕੋਸਦੇ ਰਹੇ। ਜਥੇਦਾਰ ਟੌਹੜਾ ਨੇ ਜਦੋਂ ਵੀ ਕਦੇ ਹੰਬਲਾ ਮਾਰਿਆ ਤਾਂ ਬਾਦਲ ਸਤਾ ਤੋਂ ਬਾਹਰ ਹੋਇਆ ਅਤੇ ਸ. ਬਾਦਲ ਨੂੰ ਅਜਿਹੇ ਸਮੇਂ ਵਿਚ ਰਿਸ਼ਵਤਖੋਰੀ ਵਰਗੇ ਕੇਸਾਂ ਵਿਚ ਜੇਲ੍ਹ ਯਾਤਰਾ ਵੀ ਕਰਨੀ ਪਈ। ਇਸ ਕਰਕੇ ਹੀ ਸ. ਬਾਦਲ ਨੇ ਜਥੇਦਾਰ ਟੌਹੜਾ ਨੂੰ ਮਿੰਨਤਾਂ ਕਰਕੇ ਅਖੀਰਲੇ ਸਮੇਂ ਆਪਣੇ ਅਕਾਲੀ ਦਲ ਵਿਚ ਲੈ ਆਂਦਾ ਸੀ।

ਇਥੇ ਇਹਨਾਂ ਹਾਲਾਤਾਂ ਦਾ ਜ਼ਿਕਰ ਕਰਨਾਂ ਸਿਰਫ ਅਕਾਲੀ ਦਲ ਦੇ ਮੁਕਾਬਲੇ ਅਕਾਲੀ ਦਲ ਬਣਾਉਣ ਜਾਂ ਰਲੇਵੇ ਨੂੰ ਚੇਤੇ ਕਰਨਾ ਹੀ ਹੈ, ਕਿਸੇ ਧਿਰ ਨੂੰ ਕਲੀਨ ਚਿੱਟ ਦੇਣਾ ਕਦਾਚਿਤ ਨਹੀਂ, ਸਿਰਫ ਤੇ ਸਿਰਫ ਪਾਠਕਾਂ ਨੂੰ ਇਹ ਦਰਸਾਉਣਾ ਜਰੂਰੀ ਸੀ ਕਿ ਬਹੁਤ ਵਾਰ ਅਕਾਲੀ ਦਲ ਦੇ ਮੁਕਾਬਲੇ ਅਕਾਲੀ ਦਲ ਬਣੇ ਹਨ, ਇਸ ਜੋੜ ਤੋੜ ਪਿਛੇ ਭਾਵਨਾਵਾਂ ਕੀਹ ਸਨ, ਪਾਠਕ ਸਹਿਜੇ ਅੰਦਾਜ਼ਾ ਲਗਾ ਸਕਦੇ ਹਨ। ਪਰ ਅੱਜ ਦੇ ਇਸ ਲੇਖ ਨੂੰ ਲਿਖਣ ਦਾ ਮਕਸਦ ਕੇਵਲ ਇਹ ਹੀ ਹੈ ਕਿ ਅਕਾਲੀ ਦਲ ਦੇ ਮੁਕਾਬਲੇ ਅਕਾਲੀ ਬਣਾਉਣਾ ਗੁਨਾਹ ਵੀ ਨਹੀਂ ਅਤੇ ਕੋਈ ਪੰਥਕ ਦੋਸ਼ ਵੀ ਨਹੀਂ ਹੈ।

ਹੁਣ ਆਪਾਂ ਅਸਲੀ ਮੁੱਦੇ ਵੱਲ ਪਰਤੀਏ ਅਤੇ ਅੱਜ ਦੇ ਸਮੇਂ ਵਿਚ ਹਕੂਮਤ ਕਰਦੇ ਅਕਾਲੀ ਦਲ, ਜਿਸ ਦੀ ਅਗਵਾਈ ਸ.ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਹਨ, ਦੀ ਕਾਰਗੁਜ਼ਾਰੀ ਨੂੰ ਸਾਰੇ ਪਾਠਕ ਚੰਗੀ ਤਰਾਂ ਜਾਣਦੇ ਅਤੇ ਸਮਝਦੇ ਵੀ ਹਨ ਕਿ ਕਿਸੇ ਵੇਲੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਅਤੇ ਪੰਜਾਬੀਆਂ ਨੂੰ ਹਿੱਕ ਥਾਪੜਕੇ ਕਿਹਾ ਸੀ ਕਿ ਮੈਨੂੰ ਤਾਕਤ ਦਿਓ, ਮੈਂ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਜਿੰਮੇਵਾਰੀ ਲੈਂਦਾ ਹਾਂ? ਲੇਕਿਨ ਅੱਜ ਪੰਜਾਬ ਅਤੇ ਪੰਥ ਦੋਹੇ ਕਿਤੇ ਨਜਰ ਹੀ ਨਹੀਂ ਆ ਰਹੇ ਸਿਰਫ ਬਾਦਲ ਦਲ, ਔਰਬਿਟ ਬੱਸਾਂ, ਸਮੈਕ ਅਤੇ ਮਾਰੂ ਨਸ਼ਿਆਂ ਤੋਂ ਇਲਾਵਾ ਬੇਰੁਜਗਾਰੀ, ਲੁੱਟਮਾਰ ਅਤੇ ਲੋਕਾਂ ਨਾਲ ਵਧੀਕੀਆਂ ਹੀ ਨਜਰ ਆਉਂਦੀਆਂ ਹਨ। ਪੰਜਾਬ ਦੇ ਕਾਰਖਾਨੇਦਰ ਬਾਹਰ ਭੱਜ ਰਹੇ ਹਨ, ਪੰਥ ਦਾ ਤਾਂ ਖਾਨਾ ਹੀ ਖਰਾਬ ਕਰਕੇ ਰੱਖ ਦਿੱਤਾ ਹੈ, ਹੁਣ ਥੋੜੀ ਕਸਰ ਹੈ ਸਿੱਖ ਭਗਵੀ ਵਿਚਾਰਧਾਰਾ ਦੇ ਧਾਰਨੀ ਬਣਾ ਦਿੱਤੇ ਜਾਣਗੇ।

ਫਿਰ ਕਿਸੇ ਨਾ ਕਿਸੇ ਨੂੰ ਤਾਂ ਹੁਣ ਬਾਗੀ ਅਖਵਾਉਣ ਹੀ ਪਵੇਗਾ। ਕਦੇ ਲੁਟੇਰਾ ਬਿਰਤੀ ਦੇ ਲੋਕਾਂ ਤੋਂ ਵੰਡ ਛਕਣ ਦੀ ਆਸ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਇਮਾਨਦਾਰੀ ਅਤੇ ਭਰੋਸਾ ਉਪਜਣ ਦੀ ਕੋਈ ਉਮੀਦ ਹੋ ਸਕਦੀ ਹੈ। ਕਦੇ ਮਲਕ ਭਾਗੋ ਦੇ ਰਾਹਾਂ ਦੇ ਪਾਂਧੀ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਵਾਰਿਸ ਨਹੀਂ ਬਣ ਸਕਦੇ, ਇਹ ਤਾਂ ਭਾਈ ਲਾਲੋ ਨੂੰ ਸਮਝਣ ਵਾਲੇ ਹੀ ਗੁਰੂ ਦੇ ਵਿਖਾਏ ਰਾਹ ਤੇ ਚੱਲ ਸਕਦੇ ਹਨ। ਅਕਾਲੀ ਦਲ ਸਿੱਖਾਂ ਦੀ ਪੰਥਕ ਸਿਆਸੀ ਪਾਰਟੀ ਹੈ, ਇਸ ਵਿਚ ਕਿਰਤੀ ਲੋਕਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਨਾ ਕਿ ਰਜਵਾੜਾ ਬਿਰਤੀ ਵਾਲੇ ਇਸ ਸੋਚ ਨੂੰ ਲੈਕੇ ਤੁਰ ਸਕਦੇ ਹਨ। ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਅਕਾਲੀ ਸੋਚ ਨੂੰ ਪ੍ਰਣਾਏ ਹੋਏ ਹਨ ਜਾਂ ਅਕਾਲੀ ਸਿਧਾਂਤਾਂ ਨੂੰ ਸਮਝਦੇ ਹਨ। ਪਰ ਹਾਲਾਤਾਂ ਦੇ ਵੱਸ ਜਾਂ ਸਿਆਸੀ ਹਵਾਵਾਂ ਦੇ ਵੇਗ ਵਿਚ ਪੰਥਕ ਸਿਆਸਤ ਤੋਂ ਕੁਝ ਦੂਰੀ ਉੱਤੇ ਖੜੇ ਹਨ, ਪਰ ਮਨ ਅੰਦਰ ਉਹੀ ਕੁੱਝ ਕਰਨ ਦੀ ਕਲਪਨਾ ਹੈ ਜੋ ਅਕਾਲੀ ਸਿਆਸਤ ਦਾ ਏਜੰਡਾ ਹੈ। ਇਹਨਾਂ ਵਿਚ ਭਾਈ ਰਣਜੀਤ ਸਿੰਘ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਸ. ਜਗਮੀਤ ਸਿੰਘ ਬਰਾੜ, ਸ. ਮਨਪ੍ਰੀਤ ਸਿੰਘ ਬਾਦਲ, ਸ.ਮਨਜੀਤ ਸਿੰਘ ਕਲਕੱਤਾ, ਸ.ਰਵਿੰਦਰ ਸਿੰਘ, ਸ.ਸੁਖਦੇਵ ਸਿੰਘ ਭੌਰ, ਸ.ਕਰਨੈਲ ਸਿੰਘ ਪੰਜੋਲੀ ਅਤੇ ਟੌਹੜਾ ਪਰਿਵਾਰ ਦੇ ਸਿਆਸੀ ਤੌਰ ਉੱਤੇ ਨੁਕਰੇ ਲੱਗੇ, ਕਿੰਨੇ ਸਾਰੇ ਲੋਕ ਬਾਦਲਗਰਦੀ ਦਾ ਸ਼ਿਕਾਰ ਹੋ ਸਹਿਕਦੇ, ਦਿਨ ਕਟੀ ਕਰ ਰਹੇ ਹਨ ਅਤੇ ਪੰਥ ਦੀ ਬਰਬਾਦੀ ਨੂੰ ਅੱਖੀ ਵੇਖ ਰਹੇ ਹਨ, ਬਹੁਤ ਸਾਰੇ ਵਿਦਵਾਨ ਸ. ਗੁਰਤੇਜ ਸਿੰਘ ਆਈ.ਏ.ਐਸ., ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਅਤੇ ਹੋਰ ਬੁਧੀਜੀਵੀ ਸੱਜਣ ਵੀ ਅਜਿਹੇ ਮੌਕੇ ਸਿੱਖ ਰਾਜਨੀਤੀ ਨੂੰ ਇਕ ਵੱਡਾ ਮੋੜ ਦੇ ਸਕਦੇ ਹਨ। ਸ. ਸਿਮਰਨਜੀਤ ਸਿੰਘ ਮਾਨ ਵੀ ਸਿੱਖਾਂ ਦੀ ਆਜ਼ਾਦੀ ਦਾ ਮੁੱਦਾ ਲੈਕੇ ਬੇਸ਼ੱਕ ਜਖਮੀ ਹੋਏ ਤੁਰਦੇ ਜਾ ਰਹੇ ਹਨ, ਪਰ ਸਿੱਖਾਂ ਅੰਦਰ ਆਜ਼ਾਦੀ ਦੀ ਉਹ ਭਾਵਨਾ ਹੀ ਉਜਾਗਰ ਨਹੀਂ ਹੋ ਰਹੀ, ਇਸ ਵਾਸਤੇ ਸ.ਮਾਨ ਨੂੰ ਤਾਂ ਸਿੱਖਾਂ ਦਾ ਨੈਲਸਨ ਮੰਡੇਲਾ ਬਣਕੇ ਆਪਣੀ ਗੱਲ ਉੱਤੇ ਪਹਿਰਾ ਦਿੰਦੇ ਰਹਿਣਾ ਚਾਹੀਦਾ ਹੈ, ਪਰ ਆਪਣੀ ਪਾਰਟੀ ਵਿਚਲੇ ਲੋਕਾਂ ਨੂੰ ਕਿਸੇ ਸਿਆਸੀ ਧਿਰ ਦੀ ਭਾਈਵਾਲੀ ਨਾਲ ਰਾਜਨੀਤੀ ਵਿਚ ਵੀ ਕੋਈ ਸਿਆਸੀ ਮੀਲ ਪੱਥਰ ਗੱਡਣਾ ਚਾਹੀਦਾ ਹੈ, ਤਾਂ ਕਿ ਕੱਲ੍ਹ ਨੂੰ ਸ.ਮਾਨ ਵੱਲੋਂ ਸਿੱਖਾਂ ਦੀ ਆਜ਼ਾਦੀ ਦੇ ਮੁੱਦੇ ਉਪਰ ਉਠਾਈ ਆਵਾਜ਼ ਭਾਰਤ ਦੀ ਲੋਕਸਭਾ ਜਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਗੂੰਜੇ।

ਸੋ ਅੱਜ ਮੁੱਖ ਲੋੜ ਹੈ ਕਿ ਜਿਹੜੇ ਵੀ ਅਕਾਲੀ ਸੋਚ ਦੇ ਧਾਰਨੀ ਲੋਕ ਬੇਸ਼ੱਕ ਵੱਖ ਵੱਖ ਧੜਿ੍ਹਆਂ ਵਿਚ ਵਿਚਰਦੇ ਹਨ ਜਾਂ ਕਿਸੇ ਹੋਰ ਪਾਰਟੀ ਵਿਚ ਖਵਾਰੀ ਦੀ ਜਿੰਦਗੀ ਜਿਉਂ ਰਹੇ ਹਨ, ਉਹਨਾਂ ਸਾਰਿਆਂ ਨੂੰ ਇੱਕ ਮਜਬੂਤ ਅਕਾਲੀ ਦਲ ਤਰੁੰਤ ਹੋਂਦ ਵਿਚ ਲਿਆਉਣ ਚਾਹੀਦਾ ਹੈ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਘਰੋਗੀ ਦਲ ਅਤੇ ਉਸ ਨਾਲ ਸ਼ਾਮਲ ਕੁੱਝ ਸਵਾਰਥੀ ਤੱਤਾਂ ਨੂੰ ਪੰਥਕ ਰਾਜਨੀਤੀ ਤੋਂ ਵਗਾਹ ਮਾਰਨ ਦੇ ਨਾਲ ਨਾਲ ਪੰਜਾਬ ਦੀ ਰਾਜ ਗੱਦੀ ਤੋਂ ਵੀ ਹਟਾਉਣ ਦੀ ਲੋੜ ਹੈ। ਨਹੀਂ ਤਾਂ ਸਮੇਂ ਨੇ ਹੱਥੋਂ ਨਿਕਲ ਜਾਣਾ ਹੈ ਅਤੇ ਇਤਿਹਾਸ ਨੇ ਸਾਨੂੰ ਸਭ ਨੂੰ ਵੀ ਹੱਥ ਉੱਤੇ ਹੱਥ ਰਖਕੇ ਬੈਠਣ ਵਾਲਿਆਂ ਦੀ ਸੂਚੀ ਵਿੱਚ ਦਰਜ਼ ਕਰ ਕੇ ਅਗਲਾ ਪੰਨਾਂ ਪਰਤ ਲੈਣਾ ਹੈ, ਫਿਰ ਜਦੋਂ ਕੋਈ ਪੜੇਗਾ ਤਾਂ ਜਿਥੇ ਬਾਦਲ ਨੂੰ ਕੋਸੇਗਾ, ਉਥੇ ਸਾਡੀ ਕੀਤੀ ਉੱਤੇ ਵੀ ਹੰਝੂ ਹੀ ਕਰੇਗਾ, ਕੋਈ ਉਤਸ਼ਾਹ ਨਹੀਂ ਲੈ ਸਕੇਗਾ। ਇਸ ਵਾਸਤੇ ਬੇਗਾਨੇ ਦਰਵਾਜਿਆਂ ਉੱਤੇ ਮੰਗਣ ਦੀ ਆਦਤ ਛੱਡਕੇ ਆਓ ਹੁਣ ਇੱਕ ਨਵਾਂ ਉਹ ਅਕਾਲੀ ਦਲ, ਜਿਸ ਦੀ ਰੂਹ ਪੰਥਕ ਹੋਵੇ ਬੇਸ਼ੱਕ ਉਸਦਾ ਨਾਮ ਅਕਾਲੀ ਦਲ ਪੰਜਾਬ ਹੀ ਕਿਉਂ ਨਾ ਹੋਵੇ, ਹੋਂਦ ਵਿੱਚ ਲਿਆਈਏ ਅਤੇ ਪੰਥ ਤੇ ਪੰਜਾਬ ਦੀ ਚੜ੍ਹਦੀਕਲਾ ਕਰੀਏ, ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top