Share on Facebook

Main News Page

ਅਮਰੀਕਾ ’ਚ ਨੈਸ਼ਨਲ ਸਿੱਖ ਕੌਂਸਲ ਵੱਲੋਂ ਕਰਵਾਏ ਸਰਵੇਖਣ ਨੇ ਸਿੱਖਾਂ ਦੀ ਚਿੰਤਾ ਵਧਾਈ

ਅੰਮ੍ਰਿਤਸਰ, 30 ਜਨਵਰੀ – ਅਮਰੀਕਾ ਵਿੱਚ ਨੈਸ਼ਨਲ ਸਿੱਖ ਕੰਪੇਨ ਵੱਲੋਂ ਕਰਵਾਏ ਗਏ ਸਰਵੇਖਣ ਦੀ ਰਿਪੋਰਟ ਤੋਂ ਬਾਅਦ ਸਮੁੱਚਾ ਸਿੱਖ ਭਾਈਚਾਰਾ ਚਿੰਤਾ ਵਿੱਚ ਹੈ ਕਿ ਵਿਦੇਸ਼ਾਂ ਵਿੱਚ ਸਿੱਖ ਪਛਾਣ ਨੂੰ ਮਕਬੂਲ ਕਰਨ ਲਈ ਵਧੇਰੇ ਯਤਨ ਹੋਣੇ ਚਾਹੀਦੇ ਹਨ।

ਦੱਸਣਯੋਗ ਹੈ ਕਿ ਨੈਸ਼ਨਲ ਸਿੱਖ ਕੰਪੇਨ ਵਲੋਂ ਅਮਰੀਕਾ ਵਿਚ ਕਰਵਾਏ ਗਏ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਮੂਲ ਵਾਸੀਆਂ ਨੂੰ ਸਿੱਖਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਜਦੋਂਕਿ ਸਿੱਖ ਭਾਈਚਾਰਾ ਇਸ ਮੁਲਕ ਵਿਚ ਲਗਪਗ ਇਕ ਸਦੀ ਤੋਂ ਵੱਸਿਆ ਹੋਇਆ ਹੈ ਅਤੇ ਇਸ ਵੇਲੇ ਸਿੱਖ ਕਈ ਅਹਿਮ ਸਰਕਾਰੀ ਅਹੁਦਿਆਂ ’ਤੇ ਵੀ ਹਨ ਤੇ ਕਈ ਧਨਾਢ ਸਿੱਖ ਸ਼ਖਸੀਅਤਾਂ ਵੀ ਉਥੇ ਵਸਦੀਆਂ ਹਨ।

ਇਸ ਸਬੰਧੀ ਗੱਲ ਕਰਦਿਆਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਮੁੱਦੇ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਵੱਖ ਵੱਖ ਸੂਬਿਆਂ ਵਿਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਸੈਮੀਨਾਰ ਕਰਾਏ ਜਾਣੇ ਚਾਹੀਦੇ ਹਨ, ਜਿਸ ਵਿਚ ਅਮਰੀਕਾ ਵਾਸੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸੇ ਤਰ੍ਹਾਂ ਵਿਸਾਖੀ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਨਗਰ ਕੀਰਤਨ ਸਜਾਏ ਜਾਣੇ ਚਾਹੀਦੇ ਹਨ ਅਤੇ ਗੁਰਪੁਰਬ ਮਨਾਏ ਜਾਣੇ ਚਾਹੀਦੇ ਹਨ। ਇਸ ਸਬੰਧ ਵਿੱਚ ਅਮਰੀਕਾ ਵਿਚਲੇ ਇਲੈਕਟੌ੍ਰਨਿਕ ਅਤੇ ਪ੍ਰਿੰਟ ਮੀਡੀਆ ਦੀ ਵੀ ਮਦਦ ਲੈਣੀ ਚਾਹੀਦੀ ਹੈ। ਅਜਿਹੇ ਮੌਕੇ ਸਿੱਖ ਧਰਮ ਸਬੰਧੀ ਵਿਸ਼ੇਸ਼ ਲੇਖ ਅਤੇ ਪ੍ਰੋਗਰਾਮਾਂ ਦਾ ਪ੍ਰਸਾਰਨ ਹੋਵੇ। ਇਸ ਤੋਂ ਇਲਾਵਾ ਮੀਡੀਆ ਵਿਚ ਸਿੱਖ ਧਰਮ ਬਾਰੇ ਇਸ਼ਤਿਹਾਰ ਵੀ ਦਿੱਤੇ ਜਾਣ ਤਾਂ ਜੋ ਉਥੋਂ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਵਿਸ਼ਵ ਧਰਮ ਸੰਮੇਲਨ ਵਰਗੇ ਸਮਾਗਮ ਕਰਾਏ ਜਾਣੇ ਚਾਹੀਦੇ ਹਨ, ਜਿਸ ਵਿਚ ਅਮਰੀਕਾ ਵਿਚਲੀਆਂ ਧਾਰਮਿਕ ਜਮਾਤਾਂ ਅਤੇ ਵਿਦਵਾਨ ਸ਼ਖਸੀਅਤਾਂ ਨੂੰ ਸੱਦਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਰਿਪੋਰਟ ਮੁਤਾਬਕ ਜਿਨ੍ਹਾਂ ਇਲਾਕਿਆਂ ਵਿਚ ਸਿੱਖ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ, ਨੂੰ ਵਧੇਰੇ ਪ੍ਰਚਾਰ ਵਾਸਤੇ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਮਾਮਲੇ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਵੀ ਆਖਿਆ ਸੀ ਕਿ ਸ਼੍ਰੋਮਣੀ ਕਮੇਟੀ ਵਲੋਂ ਉਥੇ ਜਲਦੀ ਹੀ ਗਲੋਬਲ ਸਿੱਖ ਕੇਂਦਰ ਸਥਾਪਤ ਕਰ ਦਿੱਤਾ ਜਾਵੇਗਾ, ਜਿਸ ਦਾ ਨੀਂਹ ਪੱਥਰ ਕੁਝ ਸਮਾਂ ਪਹਿਲਾਂ ਰੱਖਿਆ ਗਿਆ ਸੀ। ਇਸ ਕੇਂਦਰ ਰਾਹੀਂ ਵੀ ਸਿੱਖ ਪਛਾਣ ਦਾ ਘੇਰਾ ਵਧਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਅਮਰੀਕਾ ਵਿਚਲੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਤੌਰ ’ਤੇ ਵੀ ਸਿੱਖ ਪਛਾਣ ਨੂੰ ਮਕਬੂਲ ਬਣਾਉਣ ਲਈ ਯਤਨਸ਼ੀਲ ਹੋਣ। ਇਸ ਵੇਲੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਲਗਪਗ ਸੌ ਗੁਰਦੁਆਰੇ ਹਨ, ਜਿਨ੍ਹਾਂ ਵਿਚੋਂ 70 ਤੋਂ ਵੱਧ ਗੁਰਦੁਆਰੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਹਨ। ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਆਖਿਆ ਕਿ ਸਿੱਖ ਪਛਾਣ ਦੇ ਘੇਰੇ ਨੂੰ ਵਧਾਉਣ ਲਈ ਸਿੱਖ ਜਥੇਬੰਦੀਆਂ ਯਤਨਸ਼ੀਲ ਹਨ ਅਤੇ ਖਾਸ ਕਰਕੇ 9/11 ਦੇ ਹਮਲੇ ਤੋਂ ਬਾਅਦ ਇਸ ਵਿਸ਼ੇ ’ਤੇ ਵਧੇਰੇ ਕੰਮ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਹੌਲੀ ਹੌਲੀ ਵਧਾਉਣ ਦੇ ਯਤਨ ਜਾਰੀ ਹਨ।

ਇਸੇ ਦੌਰਾਨ ਨੈਸ਼ਨਲ ਸਿੱਖ ਕੰਪੇਨ ਦੇ ਆਗੂ ਰਾਜਵੰਤ ਸਿੰਘ ਨੇ ਆਖਿਆ ਕਿ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਰਵੇਖਣ ਦੀ ਰਿਪੋਰਟ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਰ ਇਹ ਸਥਿਤੀ ਸੁਚੇਤ ਕਰਨ ਵਾਲੀ ਵੀ ਹੈ, ਜਿਸ ਲਈ ਸਿੱਖ ਜਥੇਬੰਦੀਆਂ ਹੋਰ ਵਧੇਰੇ ਯਤਨਸ਼ੀਲ ਹੋਣਗੀਆਂ।

ਸਿੱਖ ਭਾਈਚਾਰੇ ਨੂੰ ਆਪਣੀ ਮੂਲ ਦਿੱਖ ਕਾਇਮ ਰੱਖਣ ਦੀ ਅਪੀਲ ਅਮਰੀਕਾ ਦੇ ਹੀ ਗਲੋਬਲ ਸਿੱਖ ਕੌਂਸਲ ਦੇ ਨੁਮਾਇੰਦੇ ਕਿਰਪਾਲ ਸਿੰਘ ਨੇ ਆਖਿਆ ਕਿ ਅਮਰੀਕਾ ਵਰਗੇ ਵੱਡੇ ਮੁਲਕ ਵਿਚ ਸਿੱਖਾਂ ਦੀ ਗਿਣਤੀ ਨਾਂਮਾਤਰ ਹੈ ਅਤੇ ਅਜਿਹੀ ਸਥਿਤੀ ਵਿਚ ਸਿੱਖਾਂ ਨੂੰ ਆਪਣੀ ਪਛਾਣ ਸਥਾਪਤ ਕਰਨ ਲਈ ਜੱਦੋ ਜਹਿਦ ਕਰਨੀ ਪਵੇਗੀ। ਉਨ੍ਹਾਂ ਆਖਿਆ ਕਿ ਅਮਰੀਕਾ ਦੇ ਮੂਲ ਵਾਸੀਆਂ ਨੂੰ ਸਿੱਖਾਂ ਨੂੰ ਖੁਦ ਆਪਣੀ ਪਛਾਣ ਤੋਂ ਜਾਣੂੰ ਕਰਾਉਣਾ ਪਵੇਗਾ। ਉਨ੍ਹਾਂ ਆਖਿਆ ਕਿ ਅਮਰੀਕਾ ਵਿਚ ਇਸ ਵੇਲੇ ਜੋ ਸਿੱਖ ਵੱਸ ਰਹੇ ਹਨ, ਵਿਚੋਂ ਵੱਡੀ ਗਿਣਤੀ ਵਿਚ ਅਜਿਹੇ ਸਿੱਖ ਹਨ, ਜਿਨ੍ਹਾਂ ਨੇ ਆਪਣੀ ਪਛਾਣ ਨੂੰ ਗੁੰਮ ਕੀਤਾ ਹੋਇਆ ਹੈ। ਅਜਿਹੇ ਸਿੱਖ ਦਸਤਾਰਧਾਰੀ ਨਹੀਂ ਹਨ ਅਤੇ ਉਨ੍ਹਾਂ ਨੇ ਕੇਸ ਨਹੀਂ ਰੱਖੇ ਹਨ। ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਆਪਣੀ ਦਿੱਖ ਨੂੰ ਠੀਕ ਕੀਤਾ ਜਾਵੇ ਅਤੇ ਆਪਣੀ ਮੂਲ ਦਿੱਖ ਨੂੰ ਦਰਸਾਇਆ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਦਸਤਾਰਧਾਰੀ ਸਿੱਖ ਦਿਖਾਈ ਹੀ ਨਹੀਂ ਦੇਣਗੇ ਤਾਂ ਅਮਰੀਕਾ ਵਾਸੀ ਸਿੱਖਾਂ ਬਾਰੇ ਕਿਵੇਂ ਜਾਣ ਸਕਦੇ ਹਨ। ਉਨ੍ਹਾਂ ਆਖਿਆ ਕਿ ਅਮਰੀਕਾ ਵਿਚਲੇ ਗੁਰਦੁਆਰਿਆਂ ਵਿਚ ਵੀ ਸਿੱਖ ਧਰਮ ਅਤੇ ਸਿੱਖ ਪਛਾਣ ਬਾਰੇ ਵਧੇਰੇ ਪ੍ਰਚਾਰ ਕਰਨ ਦੀ ਲੋੜ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top