Share on Facebook

Main News Page

ਭਾਰਤ ਨੂੰ ਹਿੰਦੂ ਦੇਸ਼ ਕਹਿੰਦਿਆਂ ਸ਼ਿਵ ਸੈਨਾ ਨੇ ਸੰਵਿਧਾਨ ‘ਚੋਂ ‘ਧਰਮ ਨਿਰਪੱਖ’ ਸ਼ਬਦ ਹਟਾਉਣ ਦੀ ਕੀਤੀ ਮੰਗ

ਮੁੰਬਈ, 28 ਜਨਵਰੀ: ਗਣਤੰਤਰ ਦਿਵਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ਼ਤਿਹਾਰ ਕਾਰਨ ਪੈਦਾ ਹੋਏ ਵਿਵਾਦ ਵਿਚਕਾਰ ਸ਼ਿਵ ਸੈਨਾ ਨੇ ਅੱਜ ਸੰਵਿਧਾਨ ‘ਚੋਂ ‘ਧਰਮ ਨਿਰਪੱਖ’ ਅਤੇ ‘ਸਮਾਜਵਾਦੀ’ ਸ਼ਬਦਾਂ ਨੂੰ ਪੱਕੇ ਤੌਰ ‘ਤੇ ਹਟਾਉਣ ਦੀ ਮੰਗ ਕੀਤੀ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਜਾਰੀ ਇਸ਼ਤਿਹਾਰ ਦੇ ਮੁੱਦੇ ‘ਤੇ ਕਲ ਸਿਆਸੀ ਪਾਰਟੀਆਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ। ਇਸ ਇਸ਼ਤਿਹਾਰ ‘ਚ ਸੰਵਿਧਾਨ ਦੇ ਪੰਨਿਆਂ ਦੀਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ ਸਨ ਜੋ 42ਵੀਂ ਸੋਧ ਤੋਂ ਪਹਿਲਾਂ ਦੀਆਂ ਸਨ ਅਤੇ ਜਿਨ੍ਹਾਂ ‘ਚ ‘ਧਰਮ ਨਿਰਪੱਖ’ ਅਤੇ ‘ਸਮਾਜਵਾਦੀ’ ਸ਼ਬਦ ਨਹੀਂ ਸਨ।

ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ, "ਅਸੀਂ ਗਣਤੰਤਰ ਦਿਵਸ ਨਾਲ ਜੁੜੇ ਇਸ਼ਤਿਹਾਰ ‘ਚੋਂ ਸ਼ਬਦਾਂ (ਧਰਮ ਨਿਰਪੱਖ ਅਤੇ ਸਮਾਜਵਾਦੀ) ਨੂੰ ਹਟਾਉਣ ਦਾ ਸਵਾਗਤ ਕਰਦੇ ਹਾਂ। ਇਹ ਅਨਜਾਣਪੁਣੇ ‘ਚ ਕੀਤਾ ਗਿਆ ਹੋਵੇਗਾ, ਪਰ ਇਹ ਭਾਰਤ ਦੇ ਲੋਕਾਂ ਦੀ ਭਾਵਨਾ ਦਾ ਮਾਣ ਕਰਨ ਵਰਗਾ ਹੈ। ਜੇਕਰ ਇਨ੍ਹਾਂ ਸ਼ਬਦਾਂ ਨੂੰ ਇਸ ਵਾਰੀ ਗ਼ਲਤੀ ਨਾਲ ਹਟਾਇਆ ਗਿਆ ਹੈ ਤਾਂ ਇਨ੍ਹਾਂ ਸ਼ਬਦਾਂ ਨੂੰ ਸੰਵਿਧਾਨ ‘ਚੋਂ ਪੱਕੇ ਤੌਰ ‘ਤੇ ਹਟਾਇਆ ਜਾਵੇ।"

ਉਨ੍ਹਾਂ ਕਿਹਾ, ”ਜਦ ਤੋਂ ਇਨ੍ਹਾਂ ਸ਼ਬਦਾਂ ਨੂੰ ਸੰਵਿਧਾਨ ‘ਚ ਸ਼ਾਮਲ ਕੀਤਾ ਗਿਆ, ਇਹ ਕਿਹਾ ਜਾ ਰਿਹਾ ਹੈ ਕਿ ਇਹ ਦੇਸ਼ ਕਦੀ ਧਰਮ ਨਿਰਪੱਖ ਨਹੀਂ ਹੋ ਸਕਦਾ। ਬਾਲਾ ਸਾਹਿਬ ਠਾਕਰੇ ਅਤੇ ਉਨ੍ਹਾਂ ਤੋਂ ਪਹਿਲਾਂ ਵੀਰ ਸਾਵਰਕਰ ਨੇ ਕਿਹਾ ਸੀ ਕਿ ਭਾਰਤ ਨੂੰ ਧਰਮ ਦੇ ਆਧਾਰ ‘ਤੇ ਵੰਡਿਆ ਗਿਆ। ਪਾਕਿਸਤਾਨ ਮੁਸਲਮਾਨਾਂ ਲਈ ਬਣਾਇਆ ਗਿਆ ਅਤੇ ਜੋ ਬਚਿਆ, ਉਹ ਹਿੰਦੂ ਦੇਸ਼ ਹੈ।” ਰਾਊਤ ਨੇ ਦੋਸ਼ ਲਾਇਆ ਕਿ ਘੱਟ- ਗਿਣਤੀਆਂ ਨੂੰ ਹਮੇਸ਼ਾ ਸਿਆਸੀ ਫ਼ਾਇਦੇ ਲਈ ਵਰਤਿਆ ਜਾਂਦਾ ਰਿਹਾ ਹੈ ਜਦਕਿ ਹਿੰਦੂਆਂ ਦਾ ਲਗਾਤਾਰ ਨਿਰਾਦਰ ਕੀਤਾ ਜਾਂਦਾ ਰਿਹਾ ਹੈ।

ਉਨ੍ਹਾਂ ਕਿਹਾ, "ਸੰਵਿਧਾਨ ‘ਚ ਇਹ ਕਿਤੇ ਵੀ ਨਹੀਂ ਲਿਖਿਆ ਕਿ ਹਿੰਦੂਆਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਵੇ ਅਤੇ ਮੁਸਲਮਾਨਾਂ ਨੂੰ ਵੋਟ ਲਈ ਵਰਤਿਆ ਜਾਵੇ।"

ਸ਼ਿਵ ਸੈਨਾ ਆਗੂ ਨੇ ਕਿਹਾ, "ਸਰਕਾਰ ਵਲੋਂ ਇਹ ਗ਼ਲਤੀ ਇਸ ਲਈ ਹੋਈ ਕਿਉਂਕਿ ਹੋਣੀ ਅਜਿਹਾ ਚਾਹੁੰਦੀ ਸੀ। ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਹਨ ਅਤੇ ਹਿੰਦੂਤਵ ‘ਤੇ ਉਨ੍ਹਾਂ ਦੇ ਵਿਚਾਰ ਮਜ਼ਬੂਤ ਹਨ।"

ਕਲ ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਇਸ ਮੁੱਦੇ ‘ਤੇ ਕੇਂਦਰ ‘ਤੇ ਨਿਸ਼ਾਨਾ ਲਾਉਂਦਿਆਂ ਦਾਅਵਾ ਕੀਤਾ ਸੀ ਕਿ ਸਰਕਾਰ ਦੇ ਇਸ਼ਤਿਹਾਰਾਂ ‘ਚੋਂ ਦੋ ਸ਼ਬਦਾਂ ਨੂੰ ਹਟਾਉਣਾ ਉਨ੍ਹਾਂ ਦੀ ਫ਼ਿਰਕੂ ਸੋਚ ਦਰਸਾਉਂਦਾ ਹੈ।

ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਸੀ ਕਿ ਇਸ ‘ਚ ਸਿਰਫ਼ ਮੂਲ ਸੰਵਿਧਾਨ ਦੀਆਂ ਤਸਵੀਰਾਂ ਨੂੰ ਲਿਆ ਗਿਆ ਜੋ ਸੋਧ ਤੋਂ ਪਹਿਲਾਂ ਦੀਆਂ ਸਨ ਅਤੇ ਇਹ ਪਹਿਲੇ ਸੰਵਿਧਾਨ ਦਾ ਮਾਣ ਕਰਨ ਵਰਗਾ ਹੈ। ਕੇਂਦਰੀ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਸੂਚਨਾ ਪ੍ਰਸਾਰਣ ਮੰਤਰਾਲਾ ਨੇ ਅਪ੍ਰੈਲ, 2014 ਦੇ ਇਕ ਇਸ਼ਤਿਹਾਰ ‘ਚ ਇਸੇ ਤਸਵੀਰ ਦਾ ਪ੍ਰਯੋਗ ਕੀਤਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top