Share on Facebook

Main News Page

ਬਾਦਲ ਨੂੰ ਪਦਮ ਵਿਭੂਸ਼ਣ ਕਿਉਂ…?
-: ਜਸਪਾਲ ਸਿੰਘ ਹੇਰਾਂ

ਦੇਸ਼ ਦੀ ਭਗਵਾਂ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦਾ ਸਭ ਤੋਂ ਵੱਡਾ ਦੂਜਾ ਸਨਮਾਨ ਦੇ ਕੇ ਸਾਫ਼ ਕਰ ਦਿੱਤਾ ਹੈ ਕਿ ਭਗਵਾਂ ਬਿ੍ਰਗੇਡ ਲਈ ਪ੍ਰਕਾਸ਼ ਸਿੰਘ ਬਾਦਲ, ਅੱਜ ਵੀ ਉਨੇ ਹੀ ਲੋੜੀਂਦੇ ਹਨ, ਜਿੰਨੇ 1996 ’ਚ ਭਾਜਪਾ ਦੀ ਪਹਿਲੀ ਵਾਜਪਾਈ ਸਰਕਾਰ ਬਣਨ ਸਮੇਂ ਦੇਸ਼ ਦੀਆਂ ਘੱਟਗਿਣਤੀਆਂ ਦੀ ਦੁਸ਼ਮਣ ਭਾਜਪਾ ਨੂੰ ਬਿਨਾਂ ਸ਼ਰਤ ਦਿੱਤੇ ਗਏ ਸਮਰੱਥ ਸਮੇਂ ਸਨ।

ਦੂਜਾ ਬਾਦਲ ਦੀ ਚੋਣ ਭਾਜਪਾ ਦੇ ਉਸ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਲ-ਨਾਲ ਕੀਤੀ ਗਈ ਹੈ, ਜਿਹੜਾ ਦੇਸ਼ ’ਚ ਫਿਰਕੂ ਨਫ਼ਰਤ ਦੇ ਬੀਜ ਬੀਜਣ ਦਾ ਮਾਹਿਰ ਮੰਨਿਆ ਜਾਂਦਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦੀ ਸਰਕਾਰ ਵੱਲੋਂ ‘ਪਦਮ ਵਿਭੂਸ਼ਣ’ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੇ ਸਾਨੂੰ ਕੋਈ ਦੁੱਖ ਜਾਂ ਈਰਖਾ ਨਹੀਂ। ਪ੍ਰੰਤੂ ਅਸੀਂ ਕੌਮ ਸਾਹਮਣੇ ਇਸ ਸਨਮਾਨ ਤੋਂ ਬਾਅਦ ਜਿਹੜੇ ਪ੍ਰਸ਼ਨ ਆ ਖੜੇ ਹਨ, ਉਨਾਂ ਨੂੰ ਜ਼ਰੂਰ ਸਾਂਝਾ ਕਰਨਾ ਚਾਹੁੰਦੇ ਹਾਂ। ਇਸੇ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਰਤਨ ਤੇ ਫਖ਼ਰ-ਏ-ਕੌਮ ਦਾ ਐਵਾਰਡ ਵੀ ਦਿੱਤਾ ਗਿਆ ਹੋਇਆ ਹੈ। ਇਹ ਸੱਚ ਕੱਲ ਵੀ ਸੀ, ਅੱਜ ਵੀ ਹੈ ਅਤੇ ਕੱਲ ਨੂੰ ਵੀ ਰਹੇਗਾ, ਕਿ ਦਿੱਲੀ ਤਖ਼ਤ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਿਚਾਰਧਾਰਾ ਕਦੇ ਮੇਲ ਨਹੀਂ ਖਾ ਸਕਦੀ।

ਫਿਰ ਬਾਦਲ ਸਾਬ ਦੇ ਸਨਮਾਨ ਦੇ ਮਾਮਲੇ ਤੇ ਜੇ ਇਹ ਹੋਇਆ ਹੈ ਤਾਂ ਇਸ ਪਿੱਛੇ ਜਿਹੜੇ ਕਾਰਣ ਹਨ? ਉਨਾਂ ਨੂੰ ਅੱਜ ਸਾਫ਼ ਜ਼ਰੂਰ ਕਰਨਾ ਹੋਵੇਗਾ ਤਾਂ ਕਿ ਕੱਲ ਦਾ ਇਤਿਹਾਸ ਇਸ ਮੁੱਦੇ ਤੇ ਕੌਮ ਨੂੰ ਕਟਿਹਰੇ ’ਚ ਖੜਾ ਨਾ ਕਰ ਸਕੇ। ਦਿੱਲੀ ਤਖ਼ਤ ਜ਼ੋਰ-ਜਬਰ ਦਾ ਪ੍ਰਤੀਕ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਰੂਹਾਨੀ ਬੀਰਤਾ ਦਾ ਪ੍ਰਤੀਕ ਹੈ, ਜਿਹੜਾ ਇਸ ਧਰਤੀ ਤੋਂ ਜ਼ੋਰ-ਜਬਰ ਦੇ ਖ਼ਾਤਮੇ ਤੇ ਹਲੇਮੀ ਰਾਜ ਦਾ ਮਾਰਗ ਦਰਸ਼ਕ ਹੈ।

ਜਿਹੜਾ ਰਾਜ, ਸਿੱਖ ਕੌਮ ਨੂੰ ਕੌਮ ਪ੍ਰਵਾਨ ਕਰਨ ਲਈ ਤਿਆਰ ਨਹੀਂ, ਜਿਹੜਾ ਰਾਜ, ਸਿੱਖਾਂ ਨੂੰ ਆਪਣੇ ਬਰਾਬਰ ਦੇ ਸ਼ਹਿਰੀ ਮੰਨਣ ਲਈ ਤਿਆਰ ਨਹੀਂ, ਜਿਹੜਾ ਰਾਜ ਸਿਖਾਂ ਨੂੰ ਇਨਸਾਫ਼ ਦੇਣ ਤੋਂ ਮੁਨਕਰ ਹੈ। ਫਿਰ ਉਸ ਤਖ਼ਤ ਦੀ ਸੋਚ ਸਰਬੱਤ ਦਾ ਭਲਾ ਮੰਗਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕਿਵੇਂ ਮੇਲੇ ਖਾ ਸਕਦੀ ਹੈ? ਜਿਸ ਤਖ਼ਤ ਨੇ ਸਿੱਖਾਂ ਦਾ ਸ਼ਰੇਆਮ ਭਿਆਨਕ ਕਤਲੇਆਮ ਕਰਕੇ, ਉਨਾਂ ਦੀ ਨਸਲਕੁਸ਼ੀ ਕੀਤੀ ਹੋਵੇ, ਜਿਹੜੇ ਤਖ਼ਤ ਨੇ ਸਿੱਖਾਂ ਦੇ ਭਗਤੀ ਦੇ ਕੇਂਦਰ ਤੇ ਫੌਜਾਂ ਚੜਾਈਆਂ ਹੋਣ, ਉਸ ਤਖ਼ਤ ਤੋਂ ਕੋਈ ਸੱਚਾ ਸਿੱਖ, ਉਹ ਵੀ ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਰਤਨ ਤੇ ਫਖ਼ਰ-ਏ-ਕੌਮ ਦਾ ਐਵਾਰਡ ਦਿੱਤਾ ਗਿਆ ਹੋਵੇ, ਉਹ ਕਿਹੜੇ ਮੂੰਹ ਨਾਲ ਉਸ ਤਖ਼ਤ ਦਾ ਸਨਮਾਨ ਹਾਸਲ ਕਰ ਸਕਦਾ ਹੈ? ਜਿਸ ਤਖ਼ਤ ਨੇ 30 ਸਾਲ ਲੰਘ ਜਾਣ ਤੇ ਵੀ ਸਿੱਖ ਕਤਲੇਆਮ ਦਾ ਇਨਸਾਫ਼ ਨਾ ਦਿੱਤਾ ਹੋਵੇ, ਜਿਹੜਾ ਸਿੱਖ ਸੰਘਰਸ਼ ਦੇ ਸੂਰਮਿਆਂ ਨੂੰ ਉਨਾਂ ਦੀ ਸਜ਼ਾ ਪੂਰੀ ਹੋਣ ਤੇ ਵੀ ਜੇਲਾਂ ’ਚੋਂ ਰਿਹਾਅ ਨਾ ਕਰ ਰਿਹਾ ਹੋਵੇ, ਉਹ ਤਖ਼ਤ ਸਿੱਖਾਂ ਦਾ ਸ਼ੁਭਚਿੰਤਕ ਭਲਾ ਕਿਵੇਂ ਹੋ ਸਕਦਾ ਹੈ?

ਦੇਸ਼ ਦੇ ਚਲਾਕ, ਮਕਾਰ, ਸ਼ੈਤਾਨ ਤੇ ਸਿੱਖ ਦੁਸ਼ਮਣ ਹਾਕਮ, ਆਪਣੀਆਂ ਮੱਕਾਰ ਚਾਲਾਂ ਨਾਲ ਸਿੱਖਾਂ ਦੀ ‘‘ਸਾਡੇ ਨਾਲ ਇਸ ਦੇਸ਼ ’ਚ ਜ਼ੁਲਮ ਹੁੰਦਾ ਹੈ, ਵਿਤਕਰਾ ਹੁੰਦਾ ਹੈ, ਸਾਨੂੰ ਦੋ ਨੰਬਰ ਦੇ ਸ਼ਹਿਰੀ ਮੰਨਿਆ ਜਾਂਦਾ ਹੈ, ਨੂੰ ਬੇਅਸਰ ਤੇ ਮਹੱਤਵਹੀਣ ਬਣਾਉਣ ਲਈ ਸਿੱਖਾਂ ਨੂੰ ਮਾਣ ਦੇਣ ਦਾ ਝੂਠਾ ਵਿਖਾਵਾ ਅਕਸਰ ਕਰਕੇ ਰਹਿੰਦੇ ਹਨ। ਇਕ ਪਾਸੇ ਬਾਬਰੀ ਮਸਜਿਦ ਨੂੰ ਢਾਹੁੰਣ ਦੇ ਨਾਲ-ਨਾਲ, ਸਿੱਖਾਂ ਦੇ ਭਗਤੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਉਕਸਾਉਣ ਵਾਲੇ ਅਡਵਾਨੀ ਨੂੰ ਇਹ ਸਨਮਾਨ ਦਿੱਤਾ ਗਿਆ ਹੈ, ਦੂਜੇ ਪਾਸੇ ਸਿੱਖੀ ਤੇ ਸਿੱਖਾਂ ਨਾਲ ਧੋਖਾ ਕਰਕੇ ਸਿੱਖੀ ਨੂੰ ਭਗਵਿਆਂ ਅੱਗੇ ਗਹਿਣੇ ਪਾਉਣ ਵਾਲੇ ਬਾਦਲ ਨੂੰ ਉਹੋ ਸਨਮਾਨ ਦਿੱਤਾ ਜਾਣਾ, ਦੇਸ਼ ਤੇ ਭਾਰੂ ਹੋਈ ਹਿੰਦੂਵਾਦੀ ਸੋਚ ਦਾ ਸਿੱਟਾ ਹੈ। ਮਨੁੱਖਤਾ ਲਈ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਸਿੱਖਾਂ ਦੀ ਸੂਚੀ ਛੋਟੀ ਨਹੀਂ, ਪ੍ਰੰਤੂ ਸਿੱਖਾਂ ’ਚ ਸਿਰਫ਼ ਬਾਦਲ ਨੂੰ ਇਸ ਸਨਮਾਨ ਲਈ ਚੁਣਿਆ ਜਾਣਾ, ਸਾਫ਼ ਕਰਦਾ ਹੈ ਕਿ ਭਗਵਾਂ ਬਿ੍ਰਗੇਡ ਲਈ ਬਾਦਲ ਅੱਜ ਵੀ ਵੱਡਾ ਤੇ ਕਾਰਗਾਰ ਹਥਿਆਰ ਹੈ, ਜਿਸ ਤੋਂ ਭਗਵਾਂ ਬਿ੍ਰਗੇਡ ਨੇ ਹਾਲੇਂ ਸਿੱਖੀ ਦੀਆਂ ਜੜਾਂ ਤੇ ਪਤਾ ਨਹੀਂ ਕਿਹੜੇ-ਕਿਹੜੇ ਵਾਰ ਕਰਵਾਉਣੇ ਹਨ।

ਪੰਥਕ ਧਿਰਾਂ, ਜਿਹੜੀਆਂ ਸਿੱਖੀ ਦੀ ਹੋਂਦ ਨੂੰ ਲੈ ਕੇ ਚਿੰਤਤ ਹਨ, ਫ਼ਿਕਰਮੰਦ ਹਨ, ਉਨਾਂ ਨੂੰ ਇਸ ਬਾਦਲ ਸਨਮਾਨ ਤੋਂ ਬਾਅਦ, ਭਵਿੱਖ ਦੀ ਰਾਜਨੀਤੀ ਦੇ ਹਾਵ-ਭਾਵ ਦਾ ਅੰਦਾਜ਼ਾ ਲਾ ਕੇ, ਸਿੱਖਾਂ ਲਈ ਭਵਿੱਖ ’ਚ ਉੱਠਣ ਵਾਲੀਆਂ ਖ਼ਤਰਨਾਕ ਚੁਣੌਤੀਆਂ ਦਾ ਅਗਾਊਂ ਵਿਸਲੇਸ਼ਣ ਕਰਕੇ, ਨਵੇਂ ਸਿਰੇ ਤੋਂ ਰਣਨੀਤੀ ਘੜਨੀ ਚਾਹੀਦੀ ਹੈ ਤਾਂ ਕਿ ਭਗਵਾਂ ਬਿ੍ਰਗੇਡ ਵੱਲੋਂ ਆਪਣੇ ਬਾਦਲ ਹਥਿਆਰ ਰਾਂਹੀ ਜਿਹੜਾ ਵਾਰ ਸਿੱਖੀ ਦੀਆਂ ਜੜਾਂ ਤੇ ਕੀਤਾ ਜਾਣਾ ਹੈ, ਉਸ ਦੀ ਵੀ ਅਗਾਊਂ ਤਿਆਰੀ ਤੇ ਯੋਜਨਾਬੰਦੀ ਕੀਤੀ ਜਾ ਸਕੇ। ਬਾਦਲ ਦਾ ਸਨਮਾਨ, ਭਗਵਾਂ ਬਿ੍ਰਗੇਡ ਦੀ ਭਵਿੱਖ ਰਣਨੀਤੀ, ਜਿਹੜੀ ਸਿੱਖੀ ਨੂੰ ਹੜੱਪਣ ਲਈ ਘੜੀ ਜਾ ਚੁੱਕੀ ਹੈ, ਉਸਦਾ ਹਿੱਸਾ ਹੈ, ਲੋੜ ਸਿਰਫ਼ ਉਸ ਦਾ ਸਹੀ-ਸਹੀ ਅੰਦਾਜ਼ਾ ਲਾ ਕੇ, ਕੌਮ ਨੂੰ ਅਗਾਊਂ ਜਗਾਉਣ ਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top