Share on Facebook

Main News Page

ਜੇ ਪੰਥਕ ਜਥੇਬੰਦੀਆਂ ਜਥੇਦਾਰ ਨੰਦਗੜ੍ਹ ਦੀ ਵਿਦਾਇਗੀ ਸਮੇਂ ਗੁਰੂ ਦੀ ਹਾਜਰੀ ਵਿੱਚ ਕੀਤੇ ਭਾਸ਼ਨਾਂ 'ਤੇ ਪਹਿਰਾ ਦੇਣਗੀਆਂ, ਤਾਂ ਪੰਥ ਦਾ ਭਵਿੱਖ ਉੱਜਲ ਹੋ ਸਕਦਾ ਹੈ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਮੇਂ ਸਮੇਂ ਕੁੱਝ ਅਜਿਹੇ ਘਟਨਾ ਕਰਮ ਹੁੰਦੇ ਰਹਿੰਦੇ ਹਨ, ਜਿਸ ਨਾਲ ਕੌਮ ਕਰਵਟ ਲੈਂਦੀ ਹੈ, ਲੇਕਿਨ ਅਜਿਹੇ ਮੌਕੇ ਜਦੋਂ ਕੌਮ ਮੋੜ ਕੱਟਦੀ ਹੈ ਤਾਂ ਉਸ ਵੇਲੇ ਆਗੂ ਸਾਵਧਾਨੀ ਅਤੇ ਸੂਝ ਬੂਝ ਨਾਲ ਕੌਮ ਦੀ ਅਗਵਾਈ ਕਰਨ ਤਾਂ ਮੰਜਿਲ ਕਰੀਬ ਆ ਜਾਂਦੀ ਹੈ, ਪਰ ਜੇ ਲੀਡਰਸ਼ਿਪ ਬੇਈਮਾਨ, ਨਾ ਅਹਿਲ ਜਾਂ ਅਵੇਸਲੀ ਹੋਵੇ ਤਾਂ ਕੌਮ ਕਿਸੇ ਡੂੰਘੇ ਖੱਡੇ ਵਿੱਚ ਜਾ ਡਿਗਦੀ ਹੈ। ਅਜਿਹਾ ਮੌਕਾ ਮੇਲ ਬਨਣ ਵਾਸਤੇ ਕਿਸੇ ਦੀ ਕੁਰਬਾਨੀ ਜਰੂਰ ਹੁੰਦੀ ਹੈ ਜੇ ਤਾਂ ਕੌਮ ਕੁੱਝ ਪ੍ਰਾਪਤ ਕਰ ਜਾਵੇ ਤਾਂ ਕੁਰਬਾਨੀ, ਸ਼ਹਾਦਤ ਬਣ ਜਾਂਦੀ ਹੈ, ਨਹੀਂ ਤਾਂ ਫਿਰ ਬਲੀ ਹੀ ਬਣਕੇ ਰਹਿ ਜਾਂਦੀ ਹੈ।

ਪਿਛਲੇ ਕੁੱਝ ਸਮੇਂ ਤੋਂ ਸਿੱਖ ਕੌਮ ਬੜੀਆਂ ਨਿਵਾਣਾਂ ਦੇ ਸਫਰ ਨੂੰ ਤੁਰੀ ਹੋਈ ਹੈ। ਇਹ ਇੱਕ ਸਿਧਾਂਤ ਹੈ ਕਿ ਜਦੋਂ ਬੁਲੰਦੀ ਵੱਲ ਨੂੰ ਜਾਣਾ ਹੋਵੇ ਤਾਂ ਰਫਤਾਰ ਬੜੀ ਧੀਮੀ ਹੁੰਦੀ ਹੈ, ਲੇਕਿਨ ਨਿਵਾਣਾ ਵੱਲ ਜਾਂਦਿਆਂ ਸਭ ਕੁੱਝ ਬੇਕਾਬੂ ਹੋ ਜਾਂਦਾ ਹੈ ਅਤੇ ਤਵਾਜਨ ਵਿਗੜ ਜਾਣ ਕਰਕੇ ਖਤਨਕ ਹਾਦਸੇ ਵਾਪਰਦੇ ਹਨ। ਅਜਿਹਾ ਕੁੱਝ ਅੱਜ ਕੱਲ ਹੋ ਰਿਹਾ ਹੈ ਕਿ ਸਿੱਖ ਕੌਮ ਦੀ ਗੱਡੀ ਬਿਨਾ ਬਰੇਕਾਂ ਤੋਂ ਅਤੇ ਬਗੈਰ ਕਿਸੇ ਯੋਗ ਡ੍ਰਾਈਵਰ ਤੋਂ ਆਪ ਮੁਹਾਰੇ ਚੱਲ ਹੀ ਰਹੀ ਹੈ। ਹਲਾਤਾਂ ਦੀ ਹਵਾ ਅਤੇ ਭਵਿੱਖ ਦੇ ਰਾਹ ਵਿਚਲੇ ਰੋੜੇ ਇਸਨੂੰ ਔਝੜ ਪਾਈ ਜਾ ਰਹੇ ਹਨ। ਕਦੇ ਕੋਈ ਆਖਦਾ ਹੈ ਕਿ ਮੈਂ ਬੜਾ ਹੀ ਮਾਹਿਰ ਮਲਾਹ ਹਾ ਮੇਰਾ ਸਾਥ ਦਿਓ। ਮੈਂ ਬੇੜੀ ਬੰਨੇ ਲਾਉਣ ਜਾਣਦਾ ਹਾ। ਪਰ ਪਤਾ ਉਸ ਵੇਲੇ ਲਗਦਾ ਹੈ ਜਦੋਂ ਬੇੜੀ ਕਿਸੇ ਹੋਰ ਦੇ ਪੱਤਣ ਉੱਤੇ ਜਾ ਰੁਕਦੀ ਹੈ ਅਤੇ ਕੌਮ ਵਿੱਚ ਦੁਬਿਧਾ ਪੈਦਾ ਹੋ ਜਾਂਦੀ ਹੈ ਕਿ ਹੁਣ ਜੇ ਉਤਰੇ ਤਾਂ ਸਾਡੀ ਹੋਂਦ ਨਹੀਂ ਬਚਣੀ ਕਿਉਂਕਿ ਜਿੱਥੇ ਉਤਾਰਿਆ ਜਾ ਰਿਹਾ ਹੈ,ਉਹ ਮੇਰੀ ਕੌਮ ਦੀ ਮੰਜਿਲ ਨਹੀਂ। ਇਥੇ ਮੇਰੀ ਪਹਿਚਾਨ ਰਲਗੱਡ ਹੋ ਜਾਵੇਗੀ। ਜੇ ਪਿੱਛੇ ਮੁੜਦੇ ਹਾ ਤਾਂ ਪਛਤਾਵਿਆਂ ਦੇ ਸਾਗਰ ਵਿੱਚ ਗੋਤੇ ਲਾਉਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਦਿਸਦਾ।

ਅਜਿਹੀ ਹਾਲਤ ਵਿੱਚ ਜਦੋਂ ਵੱਡੇ ਬੇੜੇ ਦੇ ਮਲਾਹ ਕਿਸੇ ਬੇਗਾਨੇ ਕਿਨਾਰੇ ਵੱਲ ਨੂੰ ਮੁੰਹ ਕਰ ਲੈਂਦੇ ਹਨ ਤਾਂ ਸੰਭਾਵੀ ਖਤਰਿਆਂ ਨੂੰ ਸਮਝਣ ਵਾਲੇ ਅਤੇ ਚਿੰਤਕ ਲੋਕ ਕੌਮ ਨੂੰ ਸੇਧ ਦੇਣ ਵਾਸਤੇ ਕੋਈ ਵਖਰਾ ਤੁਲਹਾ ਬਣਾਕੇ ਬਚਾਉਣ ਦਾ ਯਤਨ ਕਰਦੇ ਹਨ। ਪਰ ਜਲਦੀ ਹੀ ਆਲੇ ਦੁਆਲੇ ਦੀ ਗਰਮੀ ਅਤੇ ਬੇਇੰਸਾਫੀਆਂ ਅਤੇ ਆਪਣਿਆਂ ਦੀਆਂ ਨਾ ਸਮਝੀਆਂ ਕਰਕੇ ਨਿਰਾਸਤਾ ਦੇ ਆਲਮ ਵਿੱਚ ਚਲੇ ਜਾਂਦੇ ਹਨ ਅਤੇ ਆਪਣੇ ਆਪ ਨੂੰ ਕੋਸਦੇ ਕੋਸਦੇ ਈਰਖਾ ਦੇ ਸਾਗਰ ਵਿੱਚ ਡੁੱਬਕੇ ਰਹਿ ਜਾਂਦੇ ਹਨ। ਬੇਸ਼ੱਕ ਸਭ ਦਾ ਕਾਰਜ਼ ਕੌਮ ਦੇ ਭਵਿੱਖ ਨੂੰ ਬਚਾਉਣ ਅਤੇ ਸਿੱਖ ਸਿਧਾਂਤਾਂ ਦੀ ਰਾਖੀ ਹੀ ਹੈ, ਪਰ ਉਹਨਾਂ ਨੂੰ ਇੱਕ ਦੂਜੇ ਦੀ ਕਾਰਗੁਜ਼ਾਰੀ ਉੱਤੇ ਅਜੀਬ ਕਿਸਮ ਦਾ ਗਿਲਾ ਹੋਣ ਲੱਗ ਪੈਂਦਾ ਹੈ। ਹਰ ਕਿਸੇ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਕੌਮੀ ਘੋੜੀ ਦੀ ਲਗਾਮ ਮੇਰੇ ਹੱਥ ਕਿਵੇ ਆਵੇ ਤਾਂ ਕਿ ਕੌਮੀ ਸ਼ਾਹ ਸਵਾਰ ਦਾ ਦਰਜਾ ਮੈਨੂੰ ਹੀ ਮਿਲੇ । ਫਿਰ ਸਭ ਕੁੱਝ ਪਤਾ ਹੁੰਦੇ ਹੋਏ ਵੀ ਅਤੇ ਨਿਜ਼ਾਮ ਦੀਆਂ ਜੁੱਤੀਆਂ ਖਾਂਦੇ ਖਾਂਦੇ ਵੀ ਆਪਸੀ ਖਹਿਬਾਜ਼ੀ ਵਿੱਚੋਂ ਨਹੀਂ ਨਿਕਲ ਸਕਦੇ।

ਸਿਆਣੇ ਆਖਦੇ ਹਨ ਕਿ ਮੱਛੀ ਪੱਥਰ ਚੱਟਕੇ ਮੁੜ੍ਹ ਆਉਂਦੀ ਹੈ, ਪਰ ਆਗੂ ਅਜਿਹੀ ਮਿੱਟੀ ਦੇ ਬਣੇ ਹੋਏ ਹੁੰਦੇ ਹਨ ਕਿ ਪੱਥਰ ਵਿੱਚ ਟੱਕਰਾਂ ਮਾਰ ਮਾਰ ਕੇ ਬੇਸ਼ਕ ਰੋਜ਼ ਸਿਰ ਪੜਵਾ ਲੈਣ, ਲੇਕਿਨ ਮੱਥੇ ਦਾ ਖੂਨ ਪੂੰਝ ਕੇ ਫਿਰ ਆਖਦੇ ਹਨ, ਮੈਂ ਹੀ ਸਹੀ ਹਾ। ਸਬਕ ਕਦੇ ਨਹੀਂ ਲੈਂਦੇ ਬਹੁਤ ਸਾਰੇ ਆਗੂ ਅਜਿਹੀ ਕਵਾਇਦ ਕਰਦੇ ਕਰਦੇ ਸ਼ਮਸ਼ਾਨ ਤੱਕ ਆਪਣੀ ਈਰਖਾ ਦੀ ਅੱਗ ਵਿੱਚ ਸੜ੍ਹ ਕੇ ਚਲੇ ਗਏ। ਬਾਕੀਆਂ ਨੂੰ ਵੀ ਕਬਰਾਂ ਉਡੀਕ ਰਹੀਆਂ ਹਨ,ਪਰ ਸਿੱਖਦਾ ਕੋਈ ਵੀ ਕੁਝ ਨਹੀਂ । ਹੁਣੇ ਹੁਣ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਨੇ ਕੌਮ ਨੂੰ ਇੱਕ ਜਾਗ ਲਾਈ ਹੈ ਅਤੇ ਸੰਘਰਸ਼ ਵਿਚਲੀ ਖੜੋਤ ਟੁੱਟੀ ਹੈ। ਕੌਮ ਨੇ ਫਿਰ ਆਪਣੇ ਵਜਨ ਨੂੰ ਤੋਲਿਆ ਹੈ, ਕੈਲੰਡਰ ਦੇ ਮਾਮਲੇ ਵਿੱਚ ਜਥੇਦਾਰ ਨੰਦਗੜ੍ਹ ਦੇ ਸਟੈਂਡ ਨੇ ਕੌਮ ਨੂੰ ਬਹੁਤ ਸਾਰੇ ਪਾਸਿਆਂ ਤੋਂ ਜਗਾਇਆ ਹੈ, ਜਿਸ ਨਾਲ ਇੱਕ ਜਾਗ੍ਰਿਤੀ ਪੈਦਾ ਹੋਈ ਹੈ ਅਤੇ ਕੌਮ ਨੂੰ ਕੋਈ ਆਸ ਦੀ ਕਿਰਨ ਵਿਖਾਈ ਦੇਣ ਲਗੀ ਹੈ।

ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਗੈਰ ਸਿਧਾਂਤਕ ਬਰਤਰਫੀ ਨੇ ਸਿੱਖਾਂ ਨੂੰ ਝੰਜੋੜਿਆ ਹੈ, ਇਸ ਵਿੱਚ ਸਿਰਫ ਇਹ ਨਹੀਂ ਕਿ ਇੱਕ ਜਥੇਦਾਰ ਨੂੰ ਕਿਉਂ ਹਟਾ ਦਿੱਤਾ ਹੈ, ਸਗੋਂ ਸਿੱਖਾਂ ਨੂੰ ਆਪਣੇ ਨਾਲ ਹੋ ਰਹੀਆਂ ਬੇਇੰਸਾਫੀਆਂ ਦਾ ਇਲਮ ਹੋ ਗਿਆ ਹੈ। ਹੁਣ ਸਿੱਖ ਸਮਝ ਗਏ ਹਨ ਕਿ ਇੱਕ ਇੱਕ ਕਰਕੇ ਸਾਡਾ ਸਭ ਕੁੱਝ ਖੋਹਣ ਦੀ ਕੋਸ਼ਿਸ਼ ਚੱਲ ਰਹੀ ਹੈ, ਜਿਹੜਾ ਵੀ ਕੋਈ ਸੱਚ ਬੋਲੇਗਾ ਉਸ ਨਾਲ ਅਜਿਹਾ ਜੀ ਹੋਵੇਗਾ ਜੋ ਜਥੇਦਾਰ ਨੰਦਗੜ੍ਹ ਨਾਲ ਵਾਪਰਿਆ ਹੈ। ਪਿੱਛੇ ਵੀ ਜਥੇਦਾਰਾਂ ਨਾਲ ਅਜਿਹਾ ਹੋਇਆ, ਪ੍ਰੋਫੈਸਰ ਦਰਸ਼ਨ ਸਿੰਘ ਅਤੇ ਭਾਈ ਰਣਜੀਤ ਸਿੰਘ ਦੀ ਬਰਤਰਫੀ ਉੱਪਰ ਸਿੱਖ ਦੁਬਿਧਾ ਵਿੱਚ ਸਨ, ਕਿ ਸ਼ਾਇਦ ਇਹ ਬਾਦਲ ਅਤੇ ਟੌਹੜੇ ਧੜਿਆਂ ਦਾ ਆਪਸੀ ਰੌਲਾ ਹੈ। ਪਰ ਅੱਜ ਜਦੋਂ ਬਾਦਲ ਨੇ ਆਪਣੇ ਨੇੜਲੇ ਇੱਕ ਸਾਥੀ ਨੂੰ ਜਥੇਦਾਰ ਬਣਾਇਆ ਅਤੇ ਫਿਰ ਉਸ ਤੋਂ ਕੌਮ ਦੇ ਹਿੱਤਾਂ ਤੋਂ ਉਲਟ ਨਾਗਪੁਰੀ ਸਹਿਮਤਨਾਮੇ ਉੱਪਰ ਦਸਤਖਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਕਲਾ ਵਾਹਿਗੁਰੂ ਦੀ ਵਰਤ ਗਈ, ਬਾਦਲ ਦਾ ਸੁਪਨਾ ਚਕਨਾਚੂਰ ਹੋ ਗਿਆ, ਤਾਂ ਜਥੇਦਾਰ ਨੰਦਗੜ੍ਹ ਨੂੰ ਕੌਮ ਦੇ ਹਿੱਤ ਵਿੱਚ ਖੜੇ ਹੋਣ ਦੀ ਸਜ਼ਾ ਅਹੁਦਾ ਖੋਹਕੇ ਦਿੱਤੀ ਗਈ, ਫਿਰ ਉਸ ਵੇਲੇ ਸਿੱਖਾਂ ਦੀਆਂ ਅੱਖਾਂ ਖੁੱਲੀਆਂ ਕਿ ਇਹ ਧੜਿਆਂ ਦੀ ਲੜਾਈ ਨਹੀਂ, ਇਹ ਤਾਂ ਕੌਮ ਪ੍ਰਸਤਾਂ ਅਤੇ ਕੌਮ ਘਾਤੀਆਂ ਦੀ ਲੜਾਈ ਹੈ।

ਇਸ ਕਾਰਨ ਹੀ ਸਿੱਖ ਸੱਚ ਨੂੰ ਵੇਖਦਿਆਂ, ਜਥੇਦਾਰ ਨੰਦਗੜ੍ਹ ਵੱਲੋਂ ਨਿਭਾਈ ਪਹਿਰੇਦਾਰੀ ਨੂੰ ਸਮਝਦਿਆਂ ਅਤੇ ਸਿੱਖ ਵਿਰੋਧੀਆਂ ਦੇ ਏਜੰਡੇ ਨੂੰ ਕੁੱਝ ਆਪਣਿਆਂ ਵੱਲੋਂ ਚੁੱਪ ਚਪੀਤੇ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਜਾਣਦਿਆਂ, ਕਮਰਕੱਸੇ ਕਰਨ ਦਾ ਫੈਸਲਾ ਕੀਤਾ ਹੈ। ਇਹ ਸਿੱਖ ਇਤਿਹਾਸ ਵਿੱਚ ਪਹਿਲਾ ਮੌਕਾ ਹੈ ਕਿ ਇੰਜ ਸ਼੍ਰੋਮਣੀ ਕਮੇਟੀ ਵੱਲੋਂ ਹਟਾਏ ਕਿਸੇ ਜਥੇਦਾਰ ਨੂੰ ਕੌਮ ਨੇ ਵੱਡਾ ਸਾਥ ਦਿੱਤਾ ਹੋਵੇ ਅਤੇ ਉਸਨੂੰ ਬੜੇ ਹੀ ਸਤਿਕਾਰ ਨਾਲ ਵਿਦਾਇਗੀ ਦਿੱਤੀ ਹੋਵੇ।

ਨਹੀਂ ਤਾਂ ਕਹਾਵਤ ਹੈ ਕਿ ਸਿੱਖ ਜਿਸ ਨੂੰ ਲਿਆਉਂਦੇ ਹਨ ਹਾਥੀ ਉੱਤੇ ਚਾੜਕੇ, ਪਰ ਜਦੋਂ ਕੱਢਦੇ ਹਨ ਧੱਕੇ ਮਾਰ ਮਾਰ ਕੇ ,ਪੈਰੀ ਜੁੱਤੀ ਵੀ ਨਹੀਂ ਪਾਉਣ ਦਿੰਦੇ, ਜਦੋਂ ਕਿਸੇ ਜਥੇਦਾਰ ਦੀ ਤਾਜ਼ਪੋਸ਼ੀ ਹੁੰਦੀ ਹੈ ਦਸਤਾਰਾਂ ਅਤੇ ਸਿਰੋਪੇ ਦੇਣ ਵਾਲਿਆਂ ਦੀ ਵਾਰੀ ਨਹੀਂ ਆਉਂਦੀ, ਪਰ ਜਦੋਂ ਜਥੇਦਾਰ ਘਰ ਨੂੰ ਜਾਂਦਾ ਹੈ ਤਾਂ ਕੋਈ ਬੈਗ ਚੁੱਕਣ ਵਾਲਾ ਵੀ ਨਾਲ ਨਹੀਂ ਹੁੰਦਾ। ਲੇਕਿਨ ਜਥੇਦਾਰ ਨੰਦਗੜ੍ਹ ਦੀ ਵਿਦਾਇਗੀ ਇੱਕ ਇਤਿਹਾਸ ਬਣ ਚੁੱਕੀ ਹੈ, ਜਿੱਥੇ ਨਿਯੁਕਤੀ ਨਾਲੋ ਵੀ ਵਧੇਰੇ ਸਿਰਪਾਓ ਅਤੇ ਸਨਮਾਨ ਸਨ ਉਥੇ ਹਰ ਪੰਥਕ ਜਥੇਬੰਦੀ ਦੇ ਨੁਮਾਇੰਦੇ ਨੇ ਜਥੇਦਾਰ ਦੀ ਪ੍ਰਸੰਸਾ ਕਰਦਿਆਂ ਕੌਮੀ ਏਕੇ ਦੀ ਲੋੜ ਉੱਤੇ ਜੋਰ ਦਿੱਤਾ ਅਤੇ ਗੱਡੀਆਂ ਦੇ ਵੱਡੇ ਕਾਫ਼ਲੇ ਨਾਲ ਘਰ ਛੱਡਕੇ ਆਏ ਹੋਣ।

ਇਸ ਨਾਲ ਉਥੇ ਜੁੜੀ ਸੰਗਤ ਅਤੇ ਦੇਸ਼ ਵਿਦੇਸ਼ ਵਿੱਚ ਮੀਡੀਆ ਰਾਹੀ ਇਸ ਸਮਾਗਮ ਨੂੰ ਵੇਖਣ ਵਾਲੇ ਸਿੱਖਾਂ ਨੇ ਫਿਰ ਇੱਕ ਆਸ ਕੀਤੀ ਹੈ ਕਿ ਕੌਮ ਸ਼ਾਇਦ ਹੁਣ ਇੱਕ ਹੋ ਜਾਵੇਗੀ ਅਤੇ ਕੌਮ ਦੀ ਵਿਗੜੀ ਸੰਵਰ ਜਾਵੇਗੀ। ਆਮ ਤੌਰ 'ਤੇ ਅਜਿਹੇ ਸਮਾਗਮ ਵਿੱਚ ਮੇਲਾ ਲੁੱਟਣ ਦੀ ਕੋਸ਼ਿਸ਼ ਹੁੰਦੀ ਹੈ। ਇੱਕ ਤੋਂ ਵਧ ਕੇ ਇੱਕ ਆਪਣੇ ਭਾਸ਼ਣ ਵਿੱਚ ਵੱਡੀ ਪੰਥ ਪ੍ਰਸਤੀ ਦੀ ਭਾਵਨਾ ਵਿਖਾਉਂਦਾ ਹੈ ਅਤੇ ਜਜ਼ਬਾਤੀ ਹੋ ਕੇ ਕੁੱਝ ਅਜਿਹਾ ਵੀ ਕਹਿ ਬੈਠਦਾ ਹੈ, ਜਿਸ ਬਾਰੇ ਬਾਅਦ ਵਿੱਚ ਉਹ ਆਪ ਵੀ ਸੋਚ ਕੇ ਸ਼ਰਮਿੰਦਾ ਹੁੰਦਾ ਹੈ, ਜਦੋਂ ਆਖੇ ਬਚਨਾ ਉੱਪਰ ਪੂਰਾ ਨਾ ਉੱਤਰ ਸਕੇ।

ਦਮਦਮਾ ਸਾਹਿਬ ਵਿੱਚ ਜਥੇਦਾਰ ਨੰਦਗੜ੍ਹ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾਂ ਅਤੇ ਭੁੱਲਾਂ ਦੀ ਖਿਮਾ ਜਾਚਨਾਂ ਕਰਨ ਵਾਸਤੇ ਕਰਵਾਏ ਸਹਿਜ ਪਾਠ ਦੇ ਭੋਗ ਉਪਰੰਤ ਵੀ ਸਾਰੀਆਂ ਧਿਰਾਂ ਨੇ ਜਥੇਦਾਰ ਨੰਦਗੜ੍ਹ ਨੂੰ ਅੱਗੇ ਤੁਰਨ ਦੀਆਂ ਬੇਨਤੀਆਂ ਕੀਤੀਆਂ ਅਤੇ ਆਪਣੇ ਸਮਕਾਲੀ ਸਾਥੀਆਂ ਨੂੰ ਵਖਰੇਵੇਂ ਤਿਆਗਕੇ ਪੰਥਕ ਜੁਗਤ ਵਿੱਚ ਇੱਕ ਮਿੱਕ ਹੋਣ ਦੀਆਂ ਅਪੀਲਾਂ ਵੀ ਕੀਤੀਆਂ, ਕੁੱਝ ਇੱਕ ਜਥੇਬੰਦੀਆਂ ਨੇ ਜਥੇਦਾਰ ਨੰਦਗੜ੍ਹ ਨੂੰ ਸਨਮਾਨ ਕਰਨ ਵਾਸਤੇ ਸੱਦਾ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਥੇਦਾਰ ਨੰਦਗੜ੍ਹ ਨੇ ਆਪਣੇ ਸੰਖੇਪ ਜਿਹੇ ਸੰਬੋਧਨ ਵਿੱਚ ਕਿਹਾ ਕਿ ਮੈਂ ਕਿਸੇ ਧੜੇ ਦਾ ਨਹੀਂ। ਮੈਂ ਜੋ ਕੀਤਾ ਹੈ, ਪੰਥ ਵਾਸਤੇ, ਕੌਮ ਵਾਸਤੇ, ਗੁਰੂ ਨੇ ਮੇਰੇ ਤੋਂ ਕਰਵਾਇਆ ਹੈ। ਇਸ ਲਈ ਮੇਰੀ ਜੇ ਕੋਈ ਸੇਵਾ ਲੈਣੀ ਚਾਹੁੰਦੇ ਹੋ ਤਾਂ ਇੱਕ ਹੋ ਜਾਉ, ਮੈਂ ਕਿਸੇ ਇੱਕ ਦੀ ਸਟੇਜ ਉੱਤੇ ਜਾ ਕੇ ਧੜੇਬੰਦੀ ਨੂੰ ਬੜਾਵਾ ਨਹੀਂ ਦੇਣਾ, ਕਿਉਂਕਿ ਮੇਰੀ ਕੋਈ ਧਿਰ ਨਹੀਂ। ਮੈਂ ਪੰਥ ਨੂੰ ਸਮਰਪਿਤ ਹਾਂ।

ਹੁਣ ਜੋ ਕੁੱਝ ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਥੇ ਬੋਲਿਆ ਗਿਆ ਜਾਂ ਜੋ ਉਤਸ਼ਾਹ ਸਿੱਖ ਸੰਗਤ ਵਿੱਚ ਇਸ ਵੇਲੇ ਬਣਿਆ ਹੋਇਆ ਹੈ, ਉਸ ਨਾਲ ਕੌਮ ਦੇ ਭਵਿੱਖ ਵਿੱਚ ਕੁੱਝ ਚੰਗਾ ਹੋਣ ਦਾ ਇੱਕ ਸੁਨੇਹਾ ਹਰ ਸਿੱਖ ਹਿਰਦੇ ਤੱਕ ਪਹੁੰਚਿਆ ਹੈ। ਸਿੱਖ ਅਰਦਾਸਾਂ ਕਰ ਰਹੇ ਹਨ ਕਿ ਸ਼ੁਕਰ ਹੈ ਕੋਈ ਫਿਰ ਬਾਬਾ ਦੀਪ ਸਿੰਘ ਵਾਂਗੂੰ ਕੌਮੀ ਸੰਤਾਪ ਨੂੰ ਸਮਝਕੇ ਲਕੀਰ ਖਿੱਚਣ ਵਾਸਤੇ ਤਿਆਰ ਹੋਇਆ ਹੈ। ਪਰ ਅਜਿਹੇ ਮੌਕੇ ਬਹੁਤ ਵਾਰ ਆਏ ਹਨ, ਕੌਮ ਕੁੱਝ ਰਾਹਤ ਮਹਿਸੂਸ ਕਰਨ ਹੀ ਲੱਗਦੀ ਹੈ ਕਿ ਕੋਈ ਨਾ ਕੋਈ ਏਕਤਾ ਦੀ ਰਿਝਦੀ ਖ਼ੀਰ ਵਿੱਚ ਸਵਾਹ ਦੀ ਮੁੱਠ ਧੂੜ ਕੇ ਕੌਮ ਦੇ ਸੁਪਨੇ ਚਕਨਾਚੂਰ ਕਰਕੇ ਰੱਖ ਦਿੰਦਾ ਹੈ। ਫਿਰ ਓਹ ਹੀ ਦੂਸ਼ਨਬਾਜ਼ੀਆਂ ਕਿ ਫਲਾਨਾ ਫਲਾਣੀ ਏਜੰਸੀ ਦਾ ਬੰਦਾ ਹੈ, ਉਹ ਏਕਤਾ ਨਹੀਂ ਹੋਣ ਦਿੰਦਾ, ਪਰ ਆਪਣੀ ਪੀੜੀ ਥੱਲੇ ਸੋਟਾ ਕੋਈ ਨਹੀਂ ਫੇਰਦਾ।

ਅੱਜ ਵੀ ਇੱਕ ਮੌਕਾ ਬਣਿਆ ਹੈ, ਗੁਰੂ ਕਿਰਪਾ ਕਰੇ ਜੇ ਪਰਸੋਂ ਜਥੇਦਾਰ ਨੰਦਗੜ੍ਹ ਵੱਲੋਂ ਸੱਦੇ ਗਏ ਸ਼ੁਕਰਾਨਾ ਸਮਾਗਮ ਵਿਚਲੇ ਸਾਰੇ ਬੁਲਾਰੇ ਆਪਣੀਆਂ ਜਥੇਬੰਧਕ ਕੰਧਾਂ ਤੋਂ ਉੱਪਰ ਸਿਰ ਕੱਢਕੇ ਕੌਮ ਦੀ ਹਾਲਤ ਨੂੰ ਵੇਖਣ ਅਤੇ ਫਿਰ ਗਲਵਕੜੀਆਂ ਪਾ ਕੇ ਔਰੰਗਜ਼ੇਬ ਅਤੇ ਬਾਈ ਧਾਰਾਂ ਦੇ ਰਾਜਿਆਂ ਖਿਲਾਫ਼ ਇੱਕ ਧਰਮਯੁੱਧ ਦਾ ਐਲਾਨ ਕਰਨ ਤਾਂ ਮੇਰੀ ਕੌਮ ਕੋਲ ਭਾਈ ਬਚਿੱਤਰ ਸਿੰਘਾਂ ਦਾ ਘਾਟਾ ਨਹੀਂ, ਜਿਹੜੇ ਬਿਪਰਵਾਦ ਅਤੇ ਨਿਜ਼ਾਮ ਦੇ ਖੂੰਨੀ ਹਾਥੀ ਦਾ ਟਕਰਾ ਕਰਨ ਦੇ ਸਮਰਥ ਹਨ। ਬੱਸ ਲੋੜ ਪੰਥਕ ਏਕੇ ਦੀ ਹੈ, ਜਿਥੋਂ ਕਲਗੀਧਰ ਦੇ ਪ੍ਰਾਣ ਪ੍ਰਗਟ ਹੋਣੇ ਹਨ, ਜਿਹਨਾਂ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦੇਣਾ ਹੈ। ਇਸ ਵਾਸਤੇ ਜੇ ਇਹ ਸਾਰੀਆਂ ਧਿਰਾਂ ਅਤੇ ਬੁਲਾਰੇ ਗੁਰੂ ਦੀ ਹਾਜਰੀ ਵਿੱਚ ਬੋਲੇ ਆਪਣੇ ਬਚਨਾਂ ਉੱਤੇ ਤਨਦੇਹੀ ਨਾ ਪਹਿਰਾ ਦੇ ਦੇਣ ਤਾਂ ਕੌਮ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ ਹੈ ...। ਗੁਰੂ ਰਾਖਾ !!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top