Share on Facebook

Main News Page

ਨਾਨਕਸ਼ਾਹੀ ਕੈਲੰਡਰ ਦੇ ਵਿਸ਼ੇ 'ਤੇ ਪੁੱਛੇ ਗਏ ਜੀਵਨ ਚਹਿਲ ਜੀ ਦੇ ਸੁਝਾਵਾਂ ਦੇ ਜਵਾਬ
-: ਕਿਰਪਾਲ ਸਿੰਘ ਬਠਿੰਡਾ

21 ਜਨਵਰੀ ਨੂੰ ਮੇਰੇ ਵਲੋਂ ਪਾਏ ਗਏ ਸਵਾਲ ਜੋ ਕਿ "ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਸੱਜਣ ਕੀ ਇਨ੍ਹਾਂ ਚਾਰ ਸਵਾਲਾਂ ਦਾ ਸੁਹਿਰਦਤਾ ਨਾਲ ਜਵਾਬ ਦੇ ਸਕਦੇ ਹਨ?" ਸਿਰਲੇਖ ਹੇਠ ਲਿਖੇ ਗਏ ਸਨ, ਉਸ ਦੇ ਥੱਲੇ ਜੀਵਨ ਚਹਿਲ ਜੀ ਵਲੋਂ ਕੁੱਝ ਸੁਝਾਓ ਦਿੱਤੇ ਗਏ ਸਨ, ਉਨ੍ਹਾਂ ਦੇ ਜਵਾਬ ਇਸ ਤਰ੍ਹਾਂ ਹਨ:

ਸ: ਜੀਵਨ ਚਹਿਲ ਜੀ ਤੁਹਾਡਾ ਪਹਿਲਾ ਸੁਝਾਉ ਹੈ ਸਿੱਖ ਕੌਮ ਨੂੰ ਕੋਈ ਨਵਾਂ ਕੈਲੰਡਰ ਬਣਾਉਣ ਦੀ ਲੋੜ ਨਹੀਂ ਹੈ। ਤੁਹਾਡਾ ਇਹ ਸੁਝਾਉ ਕੋਈ ਨਵਾਂ ਨਹੀਂ ਹੈ। ਡਾ: ਹਰਜਿੰਦਰ ਸਿੰਘ ਦਿਲਗੀਰ ਅਤੇ ਸ: ਗੁਰਮੀਤ ਸਿੰਘ ਸਿਡਨੀ (ਆਸਟ੍ਰੇਲੀਆ) ਪਿਛਲੇ ੧੫ ਸਾਲਾਂ ਤੋਂ ਇਹੀ ਦਲੀਲ ਦਿੰਦੇ ਆ ਰਹੇ ਹਨ ਜਿਹੜੀ ਕਿ ਵੱਡੀ ਗਿਣਤੀ ਪੰਥਕ ਵਿਦਵਾਨਾਂ ਨੇ ਰੱਦ ਕਰਦਿਆਂ ਸਿੱਖ ਕੌਮ ਲਈ ਵੱਖਰੇ ਨਾਨਕਸ਼ਾਹੀ ਕੈਲੰਡਰ ਦੀ ਲੋੜ ਨਾਲ ਸਹਿਮਤੀ ਵਿਖਾਈ ਸੀ ਅਤੇ ਵੱਖਰਾ ਕੈਲੰਡਰ ਬਣਾਉਣ ਲਈ ਮਤਾ ਵੀ ਪਾਸ ਹੋ ਚੁੱਕਿਆ ਹੈ।

ਦਿਲਗੀਰ ਜੀ ਅਤੇ ਗੁਰਮੀਤ ਸਿੰਘ ਸਮੇਤ ਤੁਹਾਡੇ ਵੱਲੋਂ ਨਾਨਕਸ਼ਹੀ ਕੈਲੰਡਰ ਦਾ ਸਿਰਫ ਇਸ ਕਾਰਣ ਵਿਰੋਧ ਕਰਨਾ ਬਿਲਕੁਲ ਜਾਇਜ਼ ਨਹੀਂ ਹੈ ਕਿ ਤੁਹਾਡੀ ਰਾਇ ਕਿਉਂ ਨਹੀਂ ਮੰਨੀ ਗਈ? ਇਹ ਕਦੀ ਵੀ ਨਹੀਂ ਹੋਇਆ ਕਿ ਕਿਸੇ ਕੌਮ ਦੇ ਇੱਕ ਵਿਦਵਾਨ ਵੱਲੋਂ ਦਿੱਤੇ ਗਏ ਸੁਝਾਵਾਂ ਨਾਲ ਉਸ ਕੌਮ ਦੇ ੧੦੦ ਫੀ ਸਦੀ ਲੋਕ ਸਹਿਮਤ ਹੋਣ। ਇਸ ਲਈ ਸਾਨੂੰ ਬਹੁਗਿਣਤੀ ਰਾਇ ਨਾਲ ਪਾਸ ਹੋਏ ਮਤੇ ਦਾ ਸਨਮਾਨ ਕਰਨਾ ਚਾਹੀਦਾ ਹੈ। ਨਾਨਕਸ਼ਹੀ ਕੈਲੰਡਰ ਨੂੰ ਤਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਅਤੇ ਜਨਰਲ ਹਾਊਸ ਵਿੱਚ ਵਿਰੋਧੀ ਧਿਰ ਅਤੇ ਸਤਾਧਾਰੀ ਪਾਰਟੀ ਦੇ ਸਾਰੇ ਹੀ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ ਫਿਰ ਇਸ ਦਾ ਤੁਹਾਡੇ ਵਰਗੇ ਜਾਗਰੂਕ ਸਿੱਖਾਂ ਵੱਲੋਂ ਵਿਰੋਧ ਕਿਉਂ
?

ਆਪ ਜੀ ਨੇ ਦੂਸਰਾ ਸੁਝਾਉ ਇਹ ਦਿੱਤਾ ਹੈ ਕਿ “ਇਸ ਦਾ ਸੌਖਾ ਹੱਲ ਇਹ ਹੈ ਕਿ ਪੰਥਕ ਤੌਰ ਤੇ ਮਨਾਏ ਜਾਣ ਵਾਲੇ ਅਹਿਮ 10-12 ਦਿਨ ਸਾਂਝੇ ਕੈਲੰਡਰ ਅਨੁਸਾਰ ਤਹਿ ਕਰ ਲਏ ਜਾਣ ਅਤੇ ਬਾਕੀ ਸਭ ਕੁੱਝ ਸਥਾਨਕ ਲੋਕਾਂ ਉੱਪਰ ਛੱਡ ਦਿੱਤਾ ਜਾਏ। ਕਿਸੇ ਪੋਹ, ਚੇਤ, ਵੈਸਾਖ ਦੇ ਚੱਕਰ ਵਿੱਚ ਨਾਂ ਪਿਆ ਜਾਏ ।ਵੀਰ ਜੀ ਸਿਰਫ ੧੦-੧੨ ਦਿਨ ਹੀ ਨਹੀਂ ਨਾਨਕਸ਼ਾਹੀ ਕੈਲੰਡਰ ਵਿੱਚ ਕੇਵਲ ਤਿੰਨ ਦਿਹਾੜਿਆਂ ਨੂੰ ਛੱਡ ਕੇ ਬਾਕੀ ਦੇ ਸਾਰੇ ਹੀ ਦਿਹਾੜੇ ਪੱਕੇ ਤੌਰ ’ਤੇ ਤਹਿ ਕੀਤੇ ਜਾ ਚੁੱਕੇ ਹਨ ਜਿਹੜੇ ਕਿ ਸਾਂਝੇ ਕੈਲੰਡਰ ਵਿੱਚ ਵੀ ਹਮੇਸ਼ਾਂ ਲਈ ਸਥਿਰ ਤਰੀਖਾਂ ਨੂੰ ਆਉਣਗੇ ਤਾਂ ਇਸ ਵਿੱਚ ਤੁਹਾਨੂੰ ਇਤਰਾਜ ਕੀ ਹੈ?

ਆਪ ਜੀ ਦਾ ਤੀਸਰਾ ਸੁਝਾਉ ਹੈ ਕਿਸਿੱਖ ਇਤਿਹਾਸ ਦੀਆਂ ਤਾਰੀਖਾਂ ਸਾਂਝੇ ਕੈਲੰਡਰ ਵਿੱਚ ਲੱਭੀਆਂ ਜਾ ਚੁੱਕੀਆਂ ਹਨ। ਲੋੜ ਇਨ੍ਹਾਂ ਅਨੁਸਾਰ ਦਿਨ ਮਨਾਉਣ ਦਾ ਹੌਸਲਾ ਕਰਨ ਦੀ ਸੀ ਪਰ ਅਸੀ ਕੈਲੰਡਰ ਵਿਗਿਆਨ ਦੀ ਗੱਡੀ ਚੜ੍ਹ ਕੇ ਕਿਤੇ ਹੋਰ ਹੀ ਪਹੁੰਚ ਗਏ।ਵੀਰ ਜੀ ਈਸਵੀ ਸੰਨ ਦੀਆਂ ਇਹ ਤਰੀਖਾਂ ਕਿਸੇ ਮੂਲ ਸਰੋਤ ਵਿੱਚੋਂ ਲੱਭੀਆਂ ਨਹੀਂ ਗਈਆਂ ਬਲਕਿ ਕੈਲਕੂਲੇਟਿਡ ਹਨ। ਮਿਸਾਲ ਦੇ ਤੌਰ ’ਤੇ ਖ਼ਾਲਸਾ ਪ੍ਰਗਟ ਕਰਨ ਦੀ ਘਟਨਾ ਮੂਲ ਸ੍ਰੋਤਾਂ ਅਨੁਸਾਰ ੧ ਵੈਸਾਖ ਬਿਕ੍ਰਮੀ ਸੰਮਤ ੧੭੫੬ ਹੈ। ਕੁਝ ਵਿਦਵਾਨਾਂ ਨੇ ਕੈਲਕੂਲੇਟ ਕਰਕੇ ਦੱਸਿਆ ਕਿ ਉਸ ਦਿਨ ਈਸਵੀ ਸੰਨ ੧੬੯੯ ਦੀ ੩੦ ਮਾਰਚ ਸੀ ਪਰ ਸ: ਪਾਲ ਸਿੰਘ ਪੁਰੇਵਾਲ ਨੇ ਕੈਲਕੂਲੇਟ ਕਰਕੇ ਦੱਸਿਆ ਕ ਉਸ ਦਿਨ ੩੦ ਨਹੀਂ ਬਲਕਿ ੨੯ ਮਾਰਚ ਸੀ। ਇਸੇ ਤਰ੍ਹਾਂ ਹੋਰ ਤਰੀਖਾਂ ਵਿੱਚ ਵੀ ਇੱਕ ਅੱਧ ਦਿਨ ਦਾ ਫਰਕ ਪੈ ਸਕਦਾ ਹੈ। ਹੁਣ ਜੇ ਤੁਸੀਂ ੨੯ ਜਾਂ ੩੦ ਮਾਰਚ ਵਿੱਚੋਂ ਕੋਈ ਇੱਕ ਤਰੀਖ ਨਾਲ ਸਹਿਮਤ ਹੋ ਸਕਦੇ ਹੋ ਤਾਂ ਤੁਹਾਨੂੰ ੧੪ ਅਪ੍ਰੈਲ ਮੰਨਣ ਵਿੱਚ ਕੀ ਤਕਲੀਫ ਹੈ? ੧੪ ਅਪ੍ਰੈਲ ਨੂੰ ਨਾਨਕਾਸ਼ਾਹੀ ਕੈਲੰਡਰ ਦੇ ਵੈਸਾਖ ਦੀ ਵੀ ਹਮੇਸ਼ਾਂ ਲਈ ਪਹਿਲੀ ਤਰੀਖ ਹੋਇਆ ਕਰੇਗੀ ਅਤੇ ਮੌਜੂਦਾ ਸਮੇਂ ਵੀ ਵੈਸਾਖੀ ੧੪ ਅਪ੍ਰੈਲ ਨੂੰ ਹੀ ਆ ਰਹੀ ਹੈ ਇਸ ਲਈ ਆਮ ਲੋਕਾਂ ਨੂੰ ਬਿਕ੍ਰਮੀ ਕੈਲੰਡਰ ਦਾ ਤਿਆਗ ਕਰਕੇ ਨਾਨਕਸ਼ਾਹੀ ਕੈਲੰਡਰ ਅਪਨਾਉਣ ਲਈ ਸਹਿਮਤ ਕਰਨਾ ਜਿਆਦਾ ਸੌਖਾ ਹੈ।

ਆਪ ਜੀ ਦਾ ਚੌਥਾ ਸੁਝਾਉ ਹੈ ਅਸਲ ਮਸਲਾ ਕੈਲੰਡਰ ਬਣਾਉਣਾ ਹੈ ਹੀ ਨਹੀਂ। ਅਸਲ ਮਸਲਾ ਸੰਗਰਾਂਦਾਂ, ਪੂਰਨਮਾਸ਼ੀਆਂ ਆਦਿ ਨੂੰ ਛੱਡਣ ਦਾ ਹੌਸਲਾ ਕਰਨ ਦਾ ਹੈ।ਵੀਰ ਜੀ ਇਹ ਗੱਲ ਸਮਝਣ ਦਾ ਯਤਨ ਕਰੋ ਕਿ ਨਾਨਕਸ਼ਾਹੀ ਕੈਲੰਡਰ ਦਾ ਅਧਾਰ ਸੰਗ੍ਰਾਂਦਾਂ, ਮੱਸਿਆ, ਪੂਰਨਮਾਸ਼ੀਆਂ ਨਹੀਂ, ਬਲਕਿ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਹੈ। ਸਾਲ ਦੇ ਪਹਿਲੇ ਪੰਜ ਮਹੀਨੇ – ਚੇਤ, ਵੈਸਾਖ, ਜੇਠ, ਹਾੜ, ਸਾਵਣ ੩੧-੩੧ ਦਿਨਾਂ ਦੇ ਅਤੇ ਪਿਛਲੇ ੭ ਮਹੀਨੇ ਭਾਦਉਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ ੩੦-੩੦ ਦਿਨਾਂ ਦੇ ਰੱਖੇ ਗਏ ਹਨ। ਜਿਹੜਾ ਸਾਲ ਲੀਪ ਦਾ ਹੋਵੇਗਾ ਉਸ ਸਾਲ ਦਾ ਮਗਰਲਾ ਮਹੀਨਾ ਫੱਗਣ ੩੧ ਦਿਨਾਂ ਦਾ ਹੋਵੇਗਾ। ਇਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਦਿਨ ਅਤੇ ਤਰੀਖਾਂ ਯਾਦ ਰੱਖਣੀਆਂ ਈਸਵੀ ਕੈਲੰਡਰ ਨਾਲੋਂ ਵੀ ਸੌਖੀਆਂ ਹਨ, ਕਿਉਂਕਿ ਉਸ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਕੋਈ ਤਰਤੀਬ ਨਹੀਂ ਹੈ ਅਤੇ ਇਹ ੨੯ ਤੋਂ ੩੧ ਦਿਨਾਂ ਤੱਕ ਵਧਦੀ ਘਟਦੀ ਰਹਿੰਦੀ ਹੈ। ਸਿਰਫ ਇਸੇ ਕਾਰਨ ਕਿ ਚੇਤ ਵੈਸਾਖ ਮਹੀਨੇ ਬਿਕ੍ਰਮੀ ਕੈਲੰਡਰ ਵਿੱਚ ਵਰਤੇ ਗਏ ਹਨ, ਇਸ ਲਈ ਅਸੀਂ ਨਹੀਂ ਵਰਤਣੇ? ਤੁਹਾਡਾ ਮਤਲਬ ਸਿਰਫ ਅੰਗਰੇਜੀ ਸਾਲ ਦੀਆਂ ਤਰੀਖਾਂ ਨਿਸਚਤ ਕਰਨ ਦਾ ਹੈ ਉਹ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਿਸਚਿਤ ਹੋ ਹੀ ਗਈਆਂ ਹਨ ਫਿਰ ਤੁਹਾਡਾ ਇਤਰਾਜ ਕਿਸ ਗੱਲ ਦਾ ਹੈ?

ਤੁਹਾਡਾ ਪੰਜਵਾਂ ਸੁਝਾਉ ਹੈਜੇ ਕੈਲੰਡਰ ਵਾਲਾ ਮਸਲਾ ਸਦਾ ਲਈ ਹੱਲ ਕਰਨਾ ਹੈ ਅਤੇ ਵੱਖਰੀ ਪਛਾਣ ਵਾਲੀ ਰੜਕ ਵੀ ਰੱਖਣੀ ਹੈ ਤਾਂ ਨਵਾਂ ਕੈਲੰਡਰ ਘੜ੍ਹਨ ਦੀ ਥਾਂ ਈਸਵੀ ਕੈਲੰਡਰ ਮੁਤਾਬਕ 10-12 ਦਿਨ ਪੱਕੇ ਕਰਕੇ ਇਹ ਚਾਰ ਫੈਸਲੇ ਕਰਨ ਦਾ ਹੌਸਲਾ ਕਰਨਾ ਪਏਗਾ।

1. ਦਰਬਾਰ ਸਾਹਿਬ ਅੰਦਰ ਦੀਵਾਲੀ ਮਨਾਉਣੀ ਬੰਦ ਕਰਨੀ।
2. ਗੁਰੂ ਨਾਨਕ ਦਾ ਜਨਮ ਦਿਨ ਪੂਰਨਮਾਸ਼ੀ ਨਾਲੋਂ ਤੋੜਨਾ।
3. ਖਾਲਸੇ ਦਾ ਸਾਜਨਾ ਦਿਵਸ ਵੈਸਾਖੀ ਨਾਲੋਂ ਤੋੜਨਾ।
4. ਹੋਲੇ ਮੁਹ੍ਹੱਲੇ ਦਾ ਦਿਨ ਨੀਯਤ ਕਰਨਾ।
ਜੇ ਇਹ ਚਾਰ ਫੈਸਲੇ ਨਹੀਂ ਹੋ ਸਕਦੇ ਤਾਂ ਕੈਲੰਡਰ ਵਿਗਿਆਨ ਦੀਆਂ ਗੱਲਾਂ ਕੋਈ ਮਸਲਾ ਹੱਲ ਨਹੀਂ ਕਰ ਸਕਦੀਆਂ।


ਵੀਰ ਜੀ ਆਪ ਜੀ ਦੇ ਨੁਕਤਾ ਨੰ: ੩ ਦਾ ਉੱਤਰ ਤਾਂ ਆਪ ਜੀ ਦੇ ਤੀਸਰੇ ਸੁਝਾਉ ਦੇ ਜਵਾਬ ਵਿੱਚ ਦਿੱਤਾ ਜਾ ਚੁੱਕਿਆ ਹੈ। ਬਾਕੀ ਦੇ ਤਿੰਨ ਨੁਕਤੇ (ਨੰ: ੧,੨,੪) ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ੧੯੯੯ ਵਿੱਚ ਲਾਗੂ ਹੋਣ ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਵਿੱਚ ਇਹ ਤਿੰਨੇ ਦਿਹਾੜੇ ਪੱਕੇ ਤੌਰ ’ਤੇ ਨਿਸਚਤ ਕੀਤੇ ਗਏ ਸਨ, ਪਰ ਸਾਧ ਲਾਣੇ ਨੇ ਗਿਆਨੀ ਪੂਰਨ ਸਿੰਘ ਨੂੰ ਵਰਤ ਕੇ ਉਸ ਕੈਲੰਡਰ ਨੂੰ ਲਾਗੂ ਹੋਣ ਤੋਂ ਰੋਕਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਸੀ। ਅਖੀਰ ਸਮਝੌਤਾਵਾਦੀ ਨੀਤੀ ਹੇਠ ਇਹ ਤਿੰਨੇ ਦਿਹਾੜੇ ਪ੍ਰਚਲਤ ਰੀਤੀ ਅਨੁਸਾਰ ਮਨਾਉਣ ਲਈ ਸਹਿਮਤ ਹੋਣਾ ਪਿਆ ਤਾ ਕਿ ਇੱਕ ਵਾਰ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਗਿਆ ਤਾਂ ਇਸ ਦੀ ਸਹੂਲਤ ਵੇਖ ਕੇ ਇਹ ਤਿੰਨ ਦਿਹਾੜੇ ਵੀ ਬਦਲੇ ਜਾਣ ਲਈ ਸਹਿਮਤ ਕੀਤਾ ਜਾ ਸਕਦਾ ਹੈ। ਪਰ ਤੁਹਾਡੇ ਵਰਗੇ ਸਮਝਦਾਰ ਸਿੱਖਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਮੁੱਢੋਂ ਰੱਦ ਕਰਕੇ ਬਿਕ੍ਰਮੀ ਕੈਲੰਡਰ ਦੇ ਹਮਾਇਤੀਆਂ ਨੂੰ ਅਸਿੱਧੇ ਤੌਰ ’ਤੇ ਤਾਕਤ ਪ੍ਰਦਾਨ ਕੀਤੀ ਜਾ ਰਹੀ ਹੈ। ਜੇ ਕਰ ਤੁਸੀਂ ਬਿਕ੍ਰਮੀ ਕੈਲੰਡਰ ਦੇ ਹਮਾਇਤੀਆਂ ਨੂੰ ਆਪਣੇ ਸੁਝਾਵਾਂ ਨਾਲ ਸਹਿਮਤ ਕਰ ਸਕਦੇ ਹੋ ਤਾਂ ਸਾਨੂੰ ਈਸਵੀ ਸਾਲ ਮੁਤਾਬਿਕ ਨਿਸਚਤ ਕੀਤੀਆਂ ਤਰੀਖਾਂ ਵੀ ਮਨਜੂਰ ਹੋ ਸਕਦੀਆਂ ਹਨ। ਪਰ ਉਨ੍ਹਾਂ ਨੂੰ ਸਹਿਮਤ ਕੀਤੇ ਬਿਨਾਂ ਕੈਲੰਡਰ ਦੇ ਮਸਲੇ ਦਾ ਤੁਹਾਡੇ ਵੱਲੋਂ ਕਿਆਸਿਆ ਗਿਆ ਹੱਲ ਕਿਵੇਂ ਸੰਭਵ ਹੈ? ਇਸ ਦੇ ਬਾਵਯੂਦ ਤੁਹਾਡੇ ਵੱਲੋਂ ਉਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਲਈ ਅਸਿੱਧੇ ਤੌਰ ’ਤੇ ਸਮਰਥਨ ਦੇਣਾ ਸਾਡੀ ਸਮਝ ਤੋਂ ਬਾਹਰ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top