Share on Facebook

Main News Page

ਯਾਰੀ ਲੱਗੀ ਤਾਂ ਲਵਾਤੇ ਤਖਤੇ, ਟੁੱਟੀ ਤੋਂ...
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਦੁਨੀਆਂ ਵਿੱਚ ਤਿੜਕਦੇ ਰਿਸ਼ਤਿਆਂ ਦੀ ਦਾਸਤਾਨ ਬਹੁਤ ਲੰਬੀ ਹੈ। ਪਰ ਸਿੱਖ ਫਲਸਫੇ ਜਾਂ ਬਾਣੀ ਵਿੱਚ ਆਦੇਸ਼ ਹੈ ਕਿ ਸੱਜਣ ਛੱਡੀਐ ਰੰਗ ਸਿਉਂ ਫੇਰ ਵੀ ਆਵੈ ਕੰਮ, ਸਿੱਖੀ ਵਿੱਚ ਰਿਸ਼ਤਿਆਂ ਨੂੰ ਤੋੜ ਨਿਭਾਉਣ ਦਾ ਇੱਕ ਵਾਅਦਾ ਹੈ, ਲੇਕਿਨ ਜਿੱਥੇ ਧਰਮ ਨੂੰ ਹਾਨੀ ਹੁੰਦੀ ਹੋਵੇ, ਉੱਥੇ ਸਿੱਖ ਰਿਸ਼ਤੇ ਤਾਂ ਕੀਹ ਆਪਣੀ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਨਹੀਂ ਘਬਰਾਉਂਦਾ।

ਪਿਛਲੇ ਦਿਨੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਇੱਕ ਸਾਂਝ, ਜਿਹੜੀ ਪਿਛਲੇ ਕਾਫੀ ਅਰਸੇ ਤੋਂ ਬਣੀ ਆਉਂਦੀ ਸੀ, ਕੌਮ ਦੇ ਹਿੱਤਾਂ ਨੂੰ ਦਾਅ ਉੱਪਰ ਲੱਗਦਿਆਂ ਵੇਖਕੇ ਸ਼ੀਸ਼ੇ ਵਾਂਗੂੰ ਤਿੜਕ ਗਈ। ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜਿਹਨਾਂ ਨੂੰ ਪਹਿਲਾਂ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਇੱਕ ਵਫ਼ਾਦਾਰ ਸਾਥੀ ਸਮਝਦਿਆਂ ਅਤੇ ਜਥੇਦਾਰ ਨੰਦਗੜ੍ਹ ਦੇ ਦਾਦਾ ਜੀ ਸ. ਮਿੱਤ ਸਿੰਘ ਦੀ ਕੁਰਬਾਨੀ ਨੂੰ ਵੇਖਦਿਆਂ, ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਅਤੇ ਫਿਰ ਆਪਣੀ ਮਰਜ਼ੀ ਚਲਾਉਣ ਵਾਸਤੇ ਜਥੇਦਾਰਾਂ ਦੀਆਂ ਅਦਲਾ ਬਦਲੀਆਂ ਕਰਨ ਵੇਲੇਂ, ਜਥੇਦਾਰ ਨੰਦਗੜ੍ਹ ਨੂੰ ਆਪਣੇ ਵਿਸ਼ਵਾਸ਼ ਪਾਤਰ ਸਮਝਦਿਆਂ, ਤਖਤ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕਰਵਾ ਦਿੱਤਾ।

ਸ. ਪ੍ਰਕਾਸ਼ ਸਿੰਘ ਦੀ ਚੋਣ ਵਧੀਆ ਰਹੀ। ਪਰ ਇਹ ਚੇਤਾ ਨਾ ਰਿਹਾ ਕਿ ਜਿਸ ਪਦਵੀ ਉੱਪਰ, ਮੈਂ ਆਪਣੇ ਇੱਕ ਵਫ਼ਾਦਾਰ ਸਾਥੀ, ਇਨਸਾਨ ਨੂੰ ਬਿਠਾ ਰਿਹਾ ਹਾ, ਉਹ ਹਮੇਸ਼ਾ ਉਸ ਪਦਵੀ ਅਤੇ ਫਰਜਾਂ ਪ੍ਰਤੀ ਵੀ ਵਫ਼ਾਦਾਰ ਰਹੇਗਾ। ਜਿਸ ਪਦਵੀ ਵਾਸਤੇ ਚੁਣੇ ਗਏ ਸੀ, ਜਥੇਦਾਰ ਨੰਦਗੜ੍ਹ ਨੇ ਵੀ ਆਪਣੇ ਅੰਦਰ ਪੂਰੀ ਵਫਾਦਾਰੀ ਕਾਇਮ ਰੱਖੀ, ਲੇਕਿਨ ਜਿਸ ਵੇਲੇ ਇਕ ਆਗੂ ਅਤੇ ਕੌਮ ਦੇ ਹਿੱਤ ਆਹਮੋ ਸਾਹਮਣੇ ਹੋਏ ਤਾਂ ਜਥੇਦਾਰ ਨੰਦਗੜ੍ਹ ਜੀ ਨੇ ਆਪਣੇ ਰੁਤਬੇ ਦੀ ਪਵਿਤ੍ਰਤਾ ਅਤੇ ਪੰਥਕ ਵਫਾਦਾਰੀ ਨੂੰ ਵੇਖਦਿਆਂ, ਦੁਨਿਆਵੀ ਰਿਸ਼ਤਿਆਂ ਨੂੰ ਲੱਤ ਮਾਰਕੇ, ਗੁਰੂ ਪੰਥ ਨਾਲ ਨਿਭਾਉਣ ਦਾ ਰਸਤਾ ਚੁਣ ਲਿਆ ਅਤੇ ਨਾਨਕਸ਼ਾਹੀ ਕੈਲੰਡਰ ਦੀ ਪਹਿਰੇਦਾਰੀ ਕਰਦਿਆਂ ਸਰਕਾਰੀ ਜਾਂ ਸਿਆਸੀ ਪ੍ਰਭਾਵ ਨੂੰ ਨੇੜੇ ਨਹੀਂ ਲੱਗਣ ਦਿੱਤਾ। ਬੇਸ਼ੱਕ ਕੁੱਝ ਲੋਕ ਸਮਝਦੇ ਹੋਣਗੇ ਕਿ ਜਥੇਦਾਰ ਨੰਦਗੜ੍ਹ ਨੂੰ ਦੁਨਿਆਵੀ ਤੌਰ ਕੋਈ ਨੁਕਸਾਨ ਹੋਇਆ ਹੈ। ਪਰ ਜੋ ਕੁੱਝ ਜਥੇਦਾਰ ਨੰਦਗੜ੍ਹ ਨੇ ਇਤਿਹਾਸਕ ਤੌਰ 'ਤੇ ਕੀਤਾ ਹੈ, ਉਹ ਹਮੇਸ਼ਾ ਯਾਦ ਕੀਤਾ ਜਾਵੇਗਾ।

ਲੇਕਿਨ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਇੱਕ ਸਾਥੀ ਜਥੇਦਾਰ ਨੰਦਗੜ੍ਹ ਵੱਲੋਂ, ਗੁਰੂ ਪੰਥ ਜਾਂ ਕੌਮ ਨਾਲ ਨਿਭਾਈ ਵਫਾਦਾਰੀ ਦਾ ਸਿਲਾ ਇਹ ਦਿੱਤਾ ਕਿ ਉਹਨਾਂ ਨੂੰ ਗੈਰ ਕਾਨੂੰਨੀ ,ਗੈਰ ਸਿਧਾਂਤਿਕ ਅਤੇ ਅਸੂਲਾਂ ਤੋਂ ਗਿਰੇ ਹੋਏ ਢੰਗ ਨਾਲ ਅਹੁਦੇ ਤੋਂ ਲਾਹ ਦਿੱਤਾ। ਇਥੇ ਹੀ ਬੱਸ ਨਹੀਂ, ਹਾਲੇ ਅਹੁਦਿਓ ਲਹਿਣ ਦਾ ਕੋਈ ਚਿਠੀ ਪੱਤਰ ਵੀ ਜਥੇਦਾਰ ਨੰਦਗੜ੍ਹ ਕੋਲ ਨਹੀਂ ਪਹੁੰਚਿਆ ਸੀ, ਪਰ ਜ਼ੁਬਾਨੀ ਹੁਕਮ ਭੇਜ ਦਿੱਤੇ ਗਏ ਕਿ ਹੁਣੇ ਸਟਾਫ਼ ਅਤੇ ਗੱਡੀਆਂ ਵਾਪਸੀ ਕਰੋ। ਕੁੱਝ ਪਲਾਂ ਵਿੱਚ ਸਭ ਕੁੱਝ ਖੁਰ ਗਿਆ, ਭਾਵੇਂ ਕਿ ਜਥੇਦਾਰ ਨੰਦਗੜ੍ਹ ਇੱਕ ਦਿਨ ਪਹਿਲਾਂ ਹੀ ਪਹਿਰੇਦਾਰ ਵੈਬ ਟੀ.ਵੀ. ਚੈਨਲ ਰਾਹੀ ਆਪਣੇ ਸੰਦੇਸ਼ ਵਿੱਚ ਆਖ ਚੁੱਕੇ ਸਨ ਕਿ ਬਤੌਰ ਤਖਤ ਸਾਹਿਬ ਦੇ ਜਥੇਦਾਰ ਇਹ ਮੇਰਾ ਆਖਰੀ ਸੰਦੇਸ਼ ਹੈ ਅਤੇ ਉਹਨਾਂ ਨੇ ਆਪਣੇ ਨਿੱਕੇ ਮੋਟੇ ਸਮਾਨ ਦੀ ਗੱਠੜੀ ਪਹਿਲਾਂ ਹੀ ਬੰਨ ਰੱਖੀ ਸੀ। ਪਰ ਅੱਜ ਜਦੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਲਿਖਤੀ ਹੁਕਮ ਲੈਕੇ ਆਏ ਕਿ ਤੁਸੀਂ ਹੁਣ ਜਥੇਦਾਰ ਨਹੀਂ ਰਹੇ ਅਤੇ ਸਭ ਕੁੱਝ ਤਰੁੰਤ ਸਾਡੇ ਹਵਾਲੇ ਕਰ ਦਿਓ ਤਾਂ ਜਥੇਦਾਰ ਨੰਦਗੜ੍ਹ ਨੂੰ ਇੱਕ ਦਮ ਖਿਆਲ ਆਇਆ ਕਿ ਪਤਾ ਨਹੀਂ ਮੁੜਕੇ ਕਦੇ ਤਖਤ ਸਾਹਿਬ ਉੱਪਰ ਇਹਨਾਂ ਨਰੈਣੂ ਦੇ ਵਾਰਸਾਂ ਨੇ ਮੱਥਾ ਵੀ ਟੇਕਣ ਦੇਣਾ ਹੈ ਜਾਂ ਨਹੀਂ। ਕਿਉਂ ਨਾ ਅੱਜ ਹੀ ਇੱਕ ਸਹਿਜ ਪਾਠ ਕਰਕੇ, ਜਿਸ ਗੁਰੂ ਦੇ ਚਰਨਾਂ ਵਿੱਚ ਸੇਵਾ ਕੀਤੀ ਹੈ, ਉਸਦਾ ਸ਼ੁਕਰਾਨਾ ਅਤੇ ਭੁੱਲਾਂ ਦੀ ਖਿਮਾ ਜਾਚਨਾ ਕਰ ਲਈ ਜਾਵੇ।

ਪਰ ਜਦੋਂ ਪਾਠ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਖਤ ਸਾਹਿਬ ਤੋਂ ਆਪਣੀ ਰਹਾਇਸ਼ ਤੇ ਲਿਆਉਣ ਲਈ ਗਏ ਤਾਂ ਬਾਦਲ ਗਰਦੀ ਦੇ ਦਬਾਅ ਹੇਠ ਗੁਰੂ ਸਾਹਿਬ ਦੇ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ। ਜਿਵੇ ਕੋਈ ਸਰਸੇ ਵਾਲਾ ਸਰੂਪ ਲੈਣ ਆਇਆ ਹੋਵੇ। ਜਿਹੜੇ ਰਿਸ਼ਤੇ ਕੌਮੀ ਅਤੇ ਪੰਥਕ ਸੇਵਾ ਕਰਦਿਆਂ ਤਿੜਕੇ ਸਨ, ਅੱਜ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਇਸ ਜੱਗੋਂ ਤੇਰਵੀ, ਕਿ ਇੱਕ ਤਖਤ ਸਾਹਿਬ ਦੇ ਜਥੇਦਾਰ ਨੂੰ ਸਹਿਜ ਪਾਠ ਕਰਨ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣ ਤੋਂ ਵੀ ਵਰਜ਼ ਦਿੱਤਾ ਜਾਵੇ, ਨਾਲ ਤੀਲਾ ਤੀਲਾ ਹੋ ਗਏ, ਜਦੋਂ ਜਥੇਦਾਰ ਨੰਦਗੜ੍ਹ ਬਾਦਲ ਦੇ ਆਖੇ ਲੱਗਦੇ ਸਨ ਉਦੋਂ ਤਾਂ ਤਖਤ ਦੀ ਜਥੇਦਾਰੀ ਵੀ ਦੇ ਦਿੱਤੀ। ਅੱਜ ਜਦੋਂ ਬਾਦਲ ਦੀ ਮਰਜ਼ੀ ਦੇ ਉਲਟ ਜਥੇਦਾਰ ਨੰਦਗੜ੍ਹ ਕੌਮ ਜਾਂ ਪੰਥ ਦੇ ਆਖੇ ਲੱਗ ਗਏ ਤਾਂ ਉਸ ਹੀ ਤਖਤ ਉੱਤੇ ਪਾਠ ਕਰਨ ਅਤੇ ਗੁਰੂ ਸਾਹਿਬ ਦਾ ਸਰੂਪ ਦੇਣ ਤੋਂ ਵੀ ਇਨਕਾਰ। ਕਿਸੇ ਨੇ ਖੂਬ ਲਿਖਿਆ ਹੈ ‘ਯਾਰੀ ਲੱਗੀ ਤਾਂ ਲਵਾਤੇ ਤਖਤੇ ਟੁੱਟੀ ਤੋਂ ਚੁਗਾਠ ਪੱਟ ਲਈ’।


ਟਿੱਪਣੀ:

ਜੋ ਗਿਆਨੀ ਨੰਡਗੜ੍ਹ ਨਾਲ ਹੋਇਆ ਹੈ, ਉਹ ਬਹੁਤ ਗਲਤ ਹੋਇਆ ਹੈ। ਸਿੱਖਾਂ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ, (ਜਿਸ ਦੀ ਆਸ ਬਹੁਤ ਘੱਟ ਹੈ), ਕਿ ਇਹ "ਜਥੇਦਾਰ" ਜਦੋਂ ਤੱਕ ਰਾਜਸੱਤਾ ਨਾਲ ਰਲ਼ ਕੇ ਚੱਲਣਗੇ, ਉਦੋਂ ਤੱਕ ਹੀ ਇਨ੍ਹਾਂ ਦੀ ਤੂਤੀ ਵੱਜੇਗੀ।

ਪਿਛਲੇ ਜਿੰਨੇ ਵੀ ਜੱਥੇਦਾਰ ਰਹੇ ਹਨ, ਚਾਹੇ ਉਹ ਅਕਾਲ ਤਖ਼ਤ ਦੇ ਹੋਣ ਚਾਹੇ ਹੋਰ ਕਿਸੇ ਅਸਥਾਨ ਦੇ, ਉਨ੍ਹਾਂ ਨੂੰ ਬੇਇੱਜ਼ਤ ਕਰਕੇ ਹੀ ਕੱਢਿਆ ਗਿਆ ਹੈ, ਸਿਵਾਏ ਪ੍ਰੋ. ਦਰਸ਼ਨ ਸਿੰਘ ਤੋਂ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਜਥੇਦਾਰੀ ਛੱਡੀ ਸੀ। ਜ਼ਿਆਦਾ ਪਿਛਾਂਹ ਨਾ ਜਾਂਦੇ ਹੋਏ, ਭਾਈ ਰਣਜੀਤ ਸਿੰਘ ਨੂੰ ਖ਼ਾਲਸੇ ਦੇ 300 ਸਾਲ ਸ਼ਤਾਬਦੀ ਤੋਂ ਕੁੱਝ ਦਿਨ ਪਹਿਲਾਂ ਹੀ ਲਾਹ ਦਿੱਤਾ ਗਿਆ, ਉਸ ਤੋਂ ਬਾਅਦ ਕਾਰਜਕਾਰੀ ਜਥੇਦਾਰ ਪ੍ਰੋ. ਮਨਜੀਤ ਸਿੰਘ, ਪੂਰਨ ਸਿੰਘ, ਵੇਦਾਂਤੀ ਨਾਲ ਕੀ ਹੋਇਆ ਇਹ ਕਿਸੇ ਤੋਂ ਲੁਕਿਆ ਨਹੀਂ... ਤੇ ਹਾਲੇ ਵੀ ਸਿੱਖ ਇਨ੍ਹਾਂ ਜਥੇਦਾਰਾਂ ਨੂੰ ਸਰਵੋਤਮ ਮੰਨੀ ਤੁਰੀ ਜਾਂਦੀ ਹੈ। ਇਹ ਉਦੋਂ ਤੱਕ ਹੀ ਜਥੇਦਾਰ ਹਨ, ਜਦੋਂ ਤੱਕ ਰਾਜਸੱਤਾ ਦੇ ਅਧੀਨ ਰਹਿ ਕੇ ਉਨ੍ਹਾਂ ਦੀ ਮਰਜ਼ੀ ਅਨੁਸਾਰ ਕੰਮ ਕਰਦੇ ਰਹਿਣ, ਨਹੀਂ ਤਾਂ ਨਤੀਜ਼ਾ ਤੁਹਾਡੇ ਸਾਹਮਣੇ ਹੈ।

ਪੱਪੂ ਗੁਰਬਖਸ਼ ਸਿੰਘ, ਮੱਕੜ ਵੀ ਉਦੋਂ ਤੱਕ ਹੀ ਹਨ, ਜਦੋਂ ਤੱਕ ਉਹ ਬਾਦਲ ਦੇ ਸੁੱਟੇ ਹੋਏ ਟੁਕੜੇ ਚੱਟੀ ਜਾਂਦੇ ਹਨ, ਨਹੀਂ ਤਾਂ ਇਸ ਤਰ੍ਹਾਂ ਦੇ ਬੇਗੈਰਤਾਂ ਨੂੰ ਕੋਈ ਚਪੜਾਸੀ ਵੀ ਨਾ ਰੱਖੇ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top