Share on Facebook

Main News Page

ਜੇ ਕੌਮ ਇਸ ਤਰ੍ਹਾਂ ਹੀ ਆਰ.ਐਸ.ਐਸ. ਦੀਆਂ ਚਾਲਾਂ ਵਿੱਚ ਫਸਦੀ ਜਾਂ ਅਵੇਸਲੀ ਰਹੀ, ਤਾਂ ਇੱਕ ਦਿਨ ਪੈਰਾਂ ਥੱਲੇ ਜ਼ਮੀਨ ਨਜ਼ਰ ਨਹੀਂ ਆਏਗੀ
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਅੱਜ ਹਿੰਦੁਤਵ ਬੜਾ ਸ਼ਕਤੀਸ਼ਾਲੀ ਹੋਕੇ ਸਰਕਾਰ ਅਤੇ ਪਿਆਰ, ਦੋਹੇ ਹਥਿਆਰ ਲੈਕੇ ਸਿੱਖ ਪੰਥ ਨੂੰ ਘੇਰ ਚੁੱਕਿਆ ਹੈ। ਲੇਕਿਨ ਸਿੱਖ ਹਾਲੇ ਅਵੇਸਲੇ ਹੀ ਬੈਠੇ ਨਜਰ ਆ ਰਹੇ ਹਨ। ਕੱਟੜਵਾਦੀ ਹਿੰਦੂਤਵੀ ਜਮਾਤ ਆਰ.ਐਸ.ਐਸ. ਨੇ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ 'ਤੇ ਆਪਣਾ ਸਿੱਧਾ ਕੰਟ੍ਰੋਲ ਕਰ ਲਿਆ ਹੈ। ਅਕਾਲੀ ਦਲ ਬਾਦਲ ਤਾਂ ਇੱਕ ਤਰਾਂ ਨਾਲ ਆਰ.ਐਸ.ਐਸ. ਦਾ ਵਿੰਗ ਹੀ ਬਣਕੇ ਰਹਿ ਗਿਆ ਹੈ। ਬੀ.ਜੇ.ਪੀ. ਸਰਕਾਰ ਨਾਲ ਅਕਾਲੀ ਦਲ ਦੀ ਸਾਂਝੇਦਾਰੀ ਕਰਕੇ ਇਸ ਦਾ ਫਾਇਦਾ ਆਰ.ਐਸ.ਐਸ. ਵੱਡੇ ਪੱਧਰ ਉੱਤੇ ਉਠਾ ਰਹੀ ਹੈ। ਇਸ ਨਾਲ ਇੱਕ ਤਾਂ ਅਫਸਰਸ਼ਾਹੀ ਨੂੰ ਇਹ ਪ੍ਰਭਾਵ ਜਾ ਰਿਹਾ ਹੈ ਕਿ ਜੇ ਉਹਨਾਂ ਨੇ ਆਪਣੀ ਕੁਰਸੀ ਸਲਾਮਤ ਰੱਖਣੀ ਹੈ, ਤਾਂ ਉਹਨਾਂ ਨੂੰ ਆਰ.ਐਸ.ਐਸ. ਅਤੇ ਬੀ.ਜੇ.ਪੀ ਦੇ ਆਗੂਆਂ ਦੀ ਗੱਲ ਮੰਨਣੀ ਹੀ ਪਵੇਗੀ। ਬੇਸ਼ੱਕ ਅਫਸਰ ਸਿੱਖ ਵੀ ਕਿਉਂ ਨਾ ਹੋਣ, ਪਰ ਹਾਲਾਤਾਂ ਵੱਸ ਸਾਰੇ ਹੀ ਭਾਣਾ ਮੰਨ ਵਾਸਤੇ ਮਜਬੂਰ ਹਨ।

ਬਹੁਤ ਸਾਰੇ ਪਿੰਡਾਂ ਵਿੱਚ ਭੋਲੇ ਭਾਲੇ ਸਿੱਖਾਂ ਨੂੰ ਸਬਜਬਾਗ ਵਿਖਾਕੇ ਬੀ.ਜੇ.ਪੀ. ਨਾਲ ਜੁੜਣ ਵਾਸਤੇ ਪ੍ਰੇਰਤ ਕੀਤਾ ਜਾ ਰਿਹਾ ਹੈ। ਆਮ ਲੋਕਾਂ ਨੂੰ ਥਾਣੇ ਅਤੇ ਤਹਿਸੀਲ ਤੱਕ ਮਤਲਬ ਹੁੰਦਾ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇ ਬੀ.ਜੇ.ਪੀ. ਨਾਲ ਜੁੜੋਗੇ ਤਾਂ ਅਫਸਰ ਕੰਮ ਵੀ ਕਰਨਗੇ ਅਤੇ ਹਰ ਦਫਤਰ ਵਿੱਚ ਇੱਜ਼ਤ ਵੀ ਮਿਲੇਗੀ, ਚੌਧਰ ਦੀ ਭੁੱਖ ਹਰ ਕਿਸੇ ਨੂੰ ਹੈ, ਹੁਣ ਜਦੋਂ ਜਣਾ ਖਣਾ ਹੀ ਸਰਕਾਰ ਚਲਾਉਂਦੀ ਪਾਰਟੀ ਨਾਲ ਰਲਕੇ ਕੋਈ ਨਿੱਕੀ ਮੋਟੀ ਅਹੁਦੇਦਾਰੀ ਲੈ ਲੈਂਦਾ ਹੈ ਤਾਂ ਰੀਸ ਦੂਜਿਆਂ ਨੂੰ ਵੀ ਆਉਣੀ ਕੁਦਰਤੀ ਹੈ। ਵੇਖੋ ਵੇਖੀ ਸਾਰੇ ਬੀ.ਜੇ.ਪੀ ਦੇ ਵਰਕਰ ਬਣਦੇ ਜਾ ਰਹੇ ਹਨ। ਇਹ ਪਹਿਲਾ ਮੌਕਾ ਹੈ ਕਿ ਸਿੱਖ ਵੱਸੋਂ ਵਾਲੇ ਪਿੰਡਾਂ ਵਿੱਚ ਆਰ.ਐਸ.ਐਸ. ਆਪਣੀਆਂ ਯੁਨਿਟਾਂ ਬਣਾ ਰਹੀ ਹੈ, ਪਰ ਪੰਥ ਸੁੱਤਾ ਪਿਆ ਹੈ

ਪਹਿਲਾਂ ਇਹ ਪ੍ਰਭਾਵ ਸੀ ਕਿ ਪੰਜਾਬ ਤੋਂ ਬਾਹਰਲੇ ਦੋ ਤਖਤ ਸਾਹਿਬਾਨਾਂ ਦੇ ਜਥੇਦਾਰ ਆਰ.ਐਸ.ਐਸ. ਦੇ ਗਲਬੇ ਹੇਠ ਹਨ, ਲੇਕਿਨ ਹੁਣ ਕਿਸੇ ਨੂੰ ਭੁਲੇਖਾ ਨਹੀਂ ਰਿਹਾ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਸੰਤ ਸਮਾਜ਼ ਸਿੱਧਾ ਹੀ ਆਰ.ਐਸ.ਐਸ. ਦੇ ਏਜੰਡੇ ਨੂੰ ਲਾਗੂ ਕਰ ਰਿਹਾ ਹੈ। ਅਕਾਲੀ ਦਲ ਪਹਿਲਾਂ ਹੀ ਉਨ੍ਹਾਂ ਦੇ ਘੜੇ ਦੀ ਮੱਛੀ ਬਣ ਚੁੱਕਿਆ ਹੈ। ਸਿੱਖਾਂ ਵਾਸਤੇ ਹਰ ਨਵਾਂ ਸੂਰਜ਼ ਕਿਸੇ ਇਕ ਨਵੀਂ ਮੁਸੀਬਤ ਨੂੰ ਲੈਕੇ ਆ ਰਿਹਾ ਹੈ। ਇੱਕ ਪਾਸੇ ਸਰਕਾਰੀ ਤੰਤਰਰਾਹੀ ਸਿੱਖਾਂ ਨੂੰ ਦਬਾਇਆ ਅਤੇ ਭਰਮਾਇਆ ਜਾ ਰਿਹਾ ਹੈ, ਦੂਸਰੇ ਪਾਸੇ ਸਿੱਖਾਂ ਦੇ ਕੁੱਝ ਮਸਲਿਆਂ ਨੂੰ ਸੁਲਝਾਉਣ ਦੀ ਗੱਲ ਕਰਕੇ, ਉਹਨਾਂ ਨੂੰ ਪਿਆਰ ਦੇ ਕਲਾਵੇ ਵਿੱਚ ਲੈਕੇ ਮਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਹਾਲਤ ਇਹ ਬਣ ਚੁੱਕੀ ਕਿ ਸਿੱਖਾਂ ਨੂੰ ਸਾਰੇ ਪਾਸੇ ਮਾਰ ਪੈ ਰਹੀ ਹੈ। ਦੁਸ਼ਮਨੀ ਅਤੇ ਦੋਸਤੀ ਦੋਹੇਂ ਰਾਸ ਨਹੀਂ ਆ ਰਹੀਆਂ ।

ਅਜਿਹੇ ਹਲਾਤਾਂ ਵਿੱਚ ਆਮ ਸਿੱਖਾਂ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਨਜਰ ਆ ਰਹੀ ਹੈ। ਕਦੇ ਕਿਸੇ ਪਾਸਿਓ ਆਵਾਜ਼ ਆਉਂਦੀ ਹੈ, ਕਦੇ ਕਿਸੇ ਪਾਸਿਓ ਆਉਂਦੀ ਹੈ, ਸਿੱਖ ਭੱਜਦੇ ਹਨ ਕਿ ਸ਼ਾਇਦ ਕੋਈ ਨਖ਼ਲਿਸਤਾਨ ਲੱਭ ਪਵੇ। ਪਰ ਸਾਰੇ ਪਾਸੇ ਮਿਰਗ ਤ੍ਰਿਸ਼ਨਾਂ ਦੀ ਚਮਕ ਤੋਂ ਸਿਵਾ ਕੁੱਝ ਨਹੀਂ। ਅਖੀਰ ਨਿਰਾਸਤਾ ਲੈਕੇ ਵਾਪਿਸ ਮੁੜਨਾ ਪੈਂਦਾ ਹੈ। ਅੱਜ ਜਿਹੜੀਆਂ ਜਥੇਬੰਦੀਆਂ ਪੰਥਕ ਅਖਵਾਉਂਦੀਆਂ ਹਨ, ਉਹ ਵੀ ਸਿਰਫ ਇਸ ਵਾਸਤੇ ਹੀ ਥੋੜਾ ਬਹੁਤ ਰੌਲਾ ਰੱਪਾ ਪਾਉਂਦੀਆਂ ਹਨ ਕਿ ਉਹਨਾਂ ਦੀ ਹੋਂਦ ਕਾਇਮ ਰਹਿ ਸਕੇ, ਸੁਹਿਰਦਾ ਕਿਤੇ ਵੀ ਨਜਰ ਨਹੀਂ ਆਉਂਦੀ। ਇਹਨਾਂ ਵਿੱਚੋਂ ਵੀ ਬਹੁਤ ਸਾਰੇ ਅਜਿਹੇ ਹਨ, ਜਿਹਨਾਂ ਦਾ ਹੱਥ ਨਹੀਂ ਪੈ ਰਿਹਾ ਨਹੀਂ ਤਾਂ ਕਦੋਂ ਦੇ ਮੁੱਖਧਾਰਾ ਵਿੱਚ ਆ ਜਾਂਦੇ । ਜਿਹੜੇ ਥੋੜੀ ਬਹੁਤੀ ਸੁਹਿਰਦਤਾ ਰਖਦੇ ਹਨ, ਉਹ ਆਲੇ ਦੁਆਲੇ ਦੇ ਸਤਾਏ ਹੋਏ, ਇੱਕ ਅਲੱਗ ਹੀ ਤਰਾਂ ਦੇ ਇਨਸਾਨ ਬਣ ਚੁੱਕੇ ਹਨ, ਉਹਨਾਂ ਨੂੰ ਹਰ ਕਿਸੇ ਤੇ ਸ਼ੱਕ ਹੈ ਕਿ ਸ਼ਾਇਦ ਇਹ ਬੰਦਾ ਕਿਸੇ ਏਜੰਸੀ ਨੇ ਨਾ ਭੇਜਿਆ ਹੋਵੇ।

ਕੁੱਝ ਸਿੱਖ ਆਗੂਆਂ ਨੂੰ ਇਹ ਭੁਲੇਖਾ ਹੋ ਗਿਆ ਹੈ ਕਿ ਉਹ ਬਹੁਤ ਸਿਆਣੇ ਹੋ ਗਏ ਹਨ। ਉਹਨਾਂ ਤੋਂ ਬਿਨਾਂ ਹੋਰ ਕਿਸੇ ਨੂੰ ਪਤਾ ਹੀ ਨਹੀਂ ਕਿ ਸਿੱਖਾਂ ਦੀ ਕਿਸਮਤ ਦਾ ਇਲਾਜ਼ ਕੀਹ ਹੈ । ਇਸ ਤਰ੍ਹਾਂ ਇਹ ਵੀ ਸਾਰੇ ਇੱਕ ਦੂਜੇ ਨਾਲ ਮਿਲ ਬੈਠਣ ਦੀ ਥਾਂ ਆਪਣੀ ਆਪਣੀ ਸਰਦਾਰੀ ਦੂਜਿਆਂ ਨੂੰ ਮਨਵਾਉਣੀ ਚਾਹੁੰਦੇ ਹਨ। ਪਰ ਸਾਰੇ ਪੰਥਕ ਜੁਗਤ ਵਿਚ ਬੈਠਕੇ ਕੋਈ ਸਾਂਝਾ ਉਪਰਾਲਾ ਕਰਨ ਵੱਲ ਕਦੇ ਨਹੀਂ ਤੁਰਦੇ। ਜਿਸ ਕਰਕੇ ਸਿੱਖਾਂ ਵਿੱਚ ਕੋਈ ਭਰੋਸਾ ਨਹੀਂ ਬਣ ਰਿਹਾ ਕਿ ਉਹ ਕਿਸਦੇ ਮਗਰ ਤੁਰਨ ਅਤੇ ਕੌਮ ਪੰਥ ਦੀ, ਮੰਝਧਾਰ ਵਿੱਚ ਫਸੀ ਬੇਦੀ ਨੂੰ ਕਿਨਾਰੇ ਲਾਉਣ ਦੀ ਹਿੰਮਤ ਅਤੇ ਸਮਰਥਾ ਰੱਖਦਾ ਹੋਵੇ।

ਅਜਿਹੀ ਹਾਲਤ ਦੁਸ਼ਮਨ ਵਾਸਤੇ ਬੜੀ ਢੁੱਕਵੀਂ ਅਤੇ ਲਾਹੇਵੰਦੀ ਹੁੰਦੀ ਹੈ। ਉਸਨੂੰ ਕੰਮ ਕਰਨਾ ਬੜਾ ਅਸਾਨ ਹੋ ਜਾਂਦਾ ਹੈ ਸਿੱਖਾਂ ਨੇ ਹਕੂਮਤੀ ਜਬਰ ਬਹੁਤ ਵੱਡੇ ਵੱਡੇ ਵੇਖੇ ਹਨ। ਮੀਰ ਮੰਨੂ, ਜਕਰੀਆ ਖਾਨ, ਮੱਸਾ ਰੰਘੜ ਅਤੇ ਅਬਦਾਲੀ ਵੱਲੋਂ ਵਰਤੇ ਘੱਲੂਘਰੇ ਸਿੱਖਾਂ ਦੇ ਹੌਂਸਲੇ ਨਹੀਂ ਤੋੜ ਸਕੇ। ਅਜੋਕੇ ਸਮੇਂ ਵਿੱਚ ਵੀ ਦਰਬਾਰ ਸਾਹਿਬ ਦਾ ਫੌਜੀ ਹਮਲਾ, ਦਿੱਲੀ ਸਮੇਤ ਸਿੱਖਾਂ ਦਾ ਸਮੂੰਹਕ ਕਤਲੇਆਮ, ਡੇਢ ਦਹਾਕਾ ਸ਼ਰੇਆਮ ਪੰਜਾਬ ਵਿਚ ਬੇ ਗੁਨਾਹ ਸਿਖ ਨੌਜਵਾਨਾ ਨੂੰ ਪੁਲਿਸ ਵੱਲੋਂ ਚਿੱਟੇ ਦਿਨ ਗੋਲੀਆਂ ਮਾਰਕੇ, ਝੂਠੇ ਪੁਲਿਸ ਮੁਕਾਬਲਿਆਂ ਦਾ ਨਾਮ ਦਿੱਤੇ ਜਾਣ ਤੋਂ ਬਾਅਦ ਵੀ ਕਦੇ ਸਿੱਖ ਡੋਲੇ ਨਹੀਂ। ਹਰ ਹਮਲੇ ਤੋਂ ਬਾਅਦ ਹੋਰ ਤਕੜੇ ਹੋ ਕੇ ਨਿਕਲਦੇ ਰਹੇ ਹਨ ਅਤੇ ਜਖਮਾਂ ਤੇ ਖਰੀਂਢ ਆਉਣ ਤੋਂ ਪਹਿਲਾਂ ਦੀ ਅਗਲੇ ਸੰਘਰਸ਼ ਵਾਸਤੇ ਕਮਰਕੱਸਾ ਕਰ ਲੈਂਦੇ ਸਨ। ਲੇਕਿਨ ਅਜੋਕੀ ਅਕਾਲੀ ਅਤੇ ਸਿੱਖ ਸਿਆਸਤ ਦੇ ਨਾਲ ਨਾਲ ਧਾਰਮਿਕ ਆਗੂਆਂ ਦੇ ਵਿਵਹਾਰ ਅਤੇ ਕਾਰਜਸ਼ੈਲੀ ਵਿੱਚ ਆਈ ਗਿਰਾਵਟ ਨੇ ਸਿੱਖਾਂ ਨੂੰ ਘੁੰਮਨਘੇਰੀ ਵਿੱਚ ਫਸਾ ਦਿੱਤਾ ਹੈ।

ਹੁਣ ਸਿੱਖ ਦੋਹੇਂ ਪਾਸਿਓ ਨਿਰਾਸ਼ ਹਨ, ਸਥਾਪਤ ਮੰਜੀਆਂ ਤੋਂ ਵੀ ਅਤੇ ਆਪਣਿਆਂ ਦੀ ਹਕੂਮਤ ਤੋਂ ਵੀ, ਦੋਹੇ ਸਿੱਖਾਂ ਦੀ ਬਰਬਾਦੀ ਵਾਸਤੇ ਜਿੰਮੇਵਾਰ ਹਨ। ਇੱਕ ਤਾਂ ਸਿੱਧੇ ਹਕੂਮਤ ਦੇ ਰੂਪ ਵਿੱਚ ਜਬਰ ਅਤੇ ਸਾਜਿਸ਼ਾਂ ਦੀ ਕੁਹਾੜੀ ਦਾ ਦਸਤਾ ਬਣੇ ਬੈਠੇ ਹਨ, ਪਰ ਦੂਸਰੇ ਸਾਰੇ ਆਪਣੀ ਹਉਮੇਂ ਵਿੱਚ ਗ੍ਰਸਤ ਹੋਕੇ ਮੂਕ ਦਰਸ਼ਕ ਬਣ ਬੈਠੇ ਹਨ, ਕੌਮ ਬਾਰੇ ਕਿਸੇ ਨੂੰ ਫਿਕਰ ਨਹੀਂ। ਅਜਿਹੇ ਹਾਲਤ ਜਿਸ ਸਮੇਂ ਪੈਦਾ ਹੋ ਜਾਂਦੇ ਹਨ ਤਾਂ ਫਿਰ ਹਰ ਸਿੱਖ ਨੂੰ ਸਿਪਾਹੀ ਬਣਕੇ ਲੜਣ ਦੀ ਤਿਆਰੀ ਕਰਨੀ ਪੈਂਦੀ ਹੈ। ਲੀਡਰਾਂ ਨੂੰ ਇਸ ਤਰ੍ਹਾਂ ਨਕਾਰ ਦੇਣਾ ਚਾਹੀਦਾ ਹੈ, ਜਿਵੇ ਅਟਕ ਦਰਿਆ ਪਾਰ ਕਰਨ ਲੱਗਿਆਂ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਖ ਦਿੱਤਾ ਸੀ ਕਿ ਹੁਣ ਅਰਦਾਸਾ ਸੋਧਿਆ ਜਾ ਚੁੱਕਿਆ ਹੈ, ਖਾਲਸਾ ਨਹੀਂ ਰੁਕ ਸਕਦਾ। ਹਰ ਸਿੱਖ ਨੂੰ ਆਪਣੇ ਹਿਰਦੇ ਵਿੱਚ ਅਰਦਾਸ ਕਰਕੇ ਇੱਕ ਸੰਕਲਪ ਕਰਨਾ ਚਾਹੀਦਾ ਹੈ ਕਿ ਬੇਈਮਾਨ ਲੀਡਰਸ਼ਿਪ ਅਤੇ ਪੰਥ ਵਿਰੋਧੀਆਂ ਤੋਂ ਗੁਰੂ ਪੰਥ ਨੂੰ ਮੁਕਤ ਕਰਵਾਉਣਾ ਹੈ। ਜੇ ਅਸੀਂ ਹੁਣ ਵੀ ਲੀਡਰਾਂ ਦੇ ਸੋਹਣੇ ਚਿਹਰੇ ਜਾਂ ਲੱਛੇਦਾਰ ਭਾਸ਼ਣਾਂ ਦੇ ਭਰੋਸੇ ਬੈਠੇ ਰਹੇ, ਤਾਂ ਫਿਰ ਇਕ ਦਿਨ ਅਜਿਹਾ ਆਵੇਗਾ, ਜਦੋਂ ਅਸੀਂ ਆਪਣੇ ਅਵੇਸਲੇਪਨ ਉੱਤੇ ਪਛਤਾਵਾ ਵੀ ਕਰਾਂਗੇ ਅਤੇ ਸ਼ਰਮ ਵੀ ਮਹਿਸੂਸ ਹੋਵੇਗੀ, ਪਰ ਪੰਥ ਦਾ ਨਾ ਪੂਰਾ ਹੋਣਯੋਗ ਨੁਕਸਾਨ ਹੋ ਜਾਵੇਗਾ। ਗੁਰੂ ਰਾਖ਼ਾ!!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top