Share on Facebook

Main News Page

ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਵਿੱਚ ਪੰਥਕ ਜਥੇਬੰਦੀਆਂ ਦੀ ਮੀਟਿੰਗ ਨੇ ਭਾਈ ਗੁਰਬਖਸ਼ ਸਿੰਘ 'ਤੇ ਲਾਏ ਗੰਭੀਰ ਦੋਸ਼

* ਸਿੱਖ ਮਸਲਿਆਂ ਦੇ ਪੱਕੇ ਹੱਲ ਵਾਸਤੇ ਅਗਲੀ ਮੀਟਿੰਗ 21 ਨੂੰ

ਚੰਡੀਗੜ 12 ਜਨਵਰੀ (ਗੁਰਿੰਦਰਪਾਲ ਸਿੰਘ ਧਨੌਲਾ): ਪੰਜਾਬ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਦੀ ਮੀਟਿੰਗ ਚੰਡੀਗੜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਹਾਲ ਵਿੱਚ ਹੋਈ, ਜਿਥੇ ਪੰਥਕ ਵਿਚਾਰਾਂ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਕੌਮੀ ਮਸਲੇ ਵਜੋਂ ਉਭਾਰਨ ਵਾਸਤੇ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਹਮਾਇਤ ਨਾਲ ਇੱਕ ਵੱਡਾ ਸੰਘਰਸ਼ ਕਰਨ ਦੀ ਲੋੜ ਤੇ ਜੋਰ ਦਿੱਤਾ ਗਿਆ।

ਹਰਿਆਣਾ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੀ ਪ੍ਰਧਾਨਗੀ ਥੱਲੇ ਹੋਈ ਇਸ ਮੀਟਿੰਗ ਵਾਸਤੇ ਪਹਿਲਾਂ ਗੁਰਦਵਾਰਾ ਅੰਬ ਸਾਹਿਬ ਮੋਹਾਲੀ ਦਾ ਸਥਾਨ ਨੀਅਤ ਕੀਤਾ ਗਿਆ ਸੀ, ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਐਨ ਅਖੀਰਲੇ ਮੌਕੇ ਮੀਟਿੰਗ ਵਾਸਤੇ ਜਗਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਇਹ ਮੀਟਿੰਗ ਬਿਨਾਂ ਅਗਾਉਂ ਮੰਨਜ਼ੁਰੀ ਤੋਂ ਕੇਦਰੀ ਸਿੰਘ ਸਭਾ ਵਿਖੇ ਕੀਤੀ ਗਈ। ਲੇਕਿਨ ਉਥੋਂ ਦੇ ਪ੍ਰਬੰਧਕਾਂ ਨੇ ਵੀ ਪ੍ਰਵਾਨਗੀ ਬਿਨਾ ਮੀਟਿੰਗ 'ਤੇ ਇਤਰਾਜ਼ ਕੀਤਾ ਅਤੇ ਮੀਟਿੰਗ ਖਤਮ ਹੋਣ ਤੋਂ ਕੁੱਝ ਮਿੰਟ ਪਹਿਲਾਂ ਸਾਰੇ ਆਗੂਆਂ ਨੂੰ ਉਥੋਂ ਉੱਠਣ ਵਾਸਤੇ ਵੀ ਆਖਿਆ।

ਅੱਜ ਦੀ ਮੀਟਿੰਗ ਵਿੱਚ ਜਿਥੇ ਕੌਮ ਨੂੰ ਦਰਪੇਸ਼ ਚੁਨੌਤੀਆਂ ਦਾ ਟਕਰਾ ਕਰਨ ਵਾਸਤੇ ਪੰਥਕ ਏਕੇ ਦੀ ਅਪੀਲ ਕੀਤੀ, ਨਿੱਕੀ ਮੋਟੀ ਨੋਕ ਝੋਕ ਹੋਣ ਦੇ ਬਾਵਜੂਦ ਸਾਰੇ ਬੁਲਾਰੇ ਇੱਕ ਗੱਲ ਉੱਤੇ ਇਕ ਮੱਤ ਸਨ ਕਿ ਹਰ ਹੀਲੇ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਭਾਈ ਗੁਰਬਖਸ਼ ਸਿੰਘ ਦੀ ਨੀਤੀ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਗੁਰਬਖਸ਼ ਸਿੰਘ ਦੇ ਨਾਲ ਚੱਲਕੇ ਜਿੱਤ ਦੇ ਮੁਕਾਮ 'ਤੇ ਨਹੀਂ ਪਹੁੰਚਿਆ ਜਾ ਸਕਦਾ। ਜਥੇਦਾਰ ਝੀਂਡਾ ਨੇ ਦੋਸ਼ ਲਾਇਆ ਕਿ ਭਾਈ ਗੁਰਬਖਸ਼ ਸਿੰਘ ਨੇ ਐਸ .ਜੀ.ਪੀ.ਸੀ. ਪ੍ਰਧਾਨ ਜਥੇਦਾਰ ਮੱਕੜ ਤੋਂ ਮੋਟੀ ਰਕਮ ਦੀ ਮੰਗ ਕੀਤੀ ਸੀ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬੇਸ਼ੱਕ ਗੁਰਬਖਸ਼ ਸਿੰਘ ਭੁੱਖ ਹੜਤਾਲ ਖਤਮ ਕਰ ਚੁੱਕਿਆ ਹੈ, ਪਰ ਉਸ ਵੱਲੋਂ ਉਠਾਇਆ ਮੁੱਦਾ ਬੜਾ ਵਾਜਿਬ ਹੈ ਅਤੇ ਹੁਣ ਜਿਹੜੀ ਲਹਿਰ ਸਿੱਖ ਨੌਜਵਾਨੀ ਵਿਚ ਪੈਦਾ ਹੋ ਚੁੱਕੀ ਹੈ, ਉਸ ਨੂੰ ਸੰਭਾਲਣਾ ਚਾਹੀਦਾ ਹੈ, ਕਿਤੇ ਬੀ.ਜੀ.ਪੀ.,ਕਾਂਗਰਸ ਜਾਂ ਬਾਦਲ ਦਲੀਏ ਉਸਦਾ ਲਾਹਾ ਨਾ ਲੈ ਜਾਣ। ਅਕਾਲੀ ਦਲ ਅਮ੍ਰਿਤਸਰ ਦੇ ਸਕੱਤਰ ਜਰਨਲ ਸ. ਜਸਵੰਤ ਸਿੰਘ ਮਾਨ ਨੇ ਕਿਹਾ ਕਿ ਲੜਾਈ ਖਤਮ ਹੋ ਚੁੱਕੀ ਹੈ, ਗੁਰਬਖਸ਼ ਸਿੰਘ ਦਾ ਮੁੱਦਾ ਛੱਡੋ ਅਤੇ ਪੰਜ ਮੈਂਬਰੀ ਕਮੇਟੀ ਬਣਾਕੇ ਕੋਈ ਠੋਸ ਫੈਸਲੇ ਲਏ ਜਾਣ।

ਪ੍ਰੋ. ਆਫ਼ ਸਿੱਖ ਇਜਮ ਸ. ਗੁਰਤੇਜ਼ ਸਿੰਘ ਆਈ.ਏ.ਐਸ. ਨੇ ਸਿੱਖਾਂ ਦੀ ਸੁਸਤ ਰਫਤਾਰ ਅਤੇ ਅਵੇਸਲੇਪਨ 'ਤੇ ਗਿਲਾ ਕਰਦਿਆਂ ਕਿਹਾ ਕਿ ਜਦੋਂ ਤੋਂ ਮੈਂ ਦੇਖਦਾ ਹਾਂ ਸਿੱਖ ਕਿਸੇ ਕਿਨਾਰੇ ਨਹੀਂ ਲੱਗੇ ਅਤੇ ਏਕਤਾ ਬਿਨਾ ਕੁੱਝ ਵੀ ਸੰਭਵ ਨਹੀਂ ਹੈ।

ਇਸ ਤਰ੍ਹਾਂ ਹੀ ਉਘੇ ਸਿੱਖ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੇ ਹੁਣ ਵੀ ਸਿੱਖਾਂ ਨੇ ਅਕਲਮੰਦੀ ਤੋਂ ਕੰਮ ਨਾ ਲਿਆ ਤਾਂ ਪੰਥ ਵਾਸਤੇ ਚੰਗੇ ਦਿਨਾਂ ਦੀ ਆਸ ਕਰਨੀ ਮੁਸ਼ਕਿਲ ਨਹੀਂ ਨਾਮੁੰਮਕਿਨ ਜਾਪਦੀ ਹੈ।

ਉਘੇ ਕਾਨੂੰਨਦਾਨ ਅਤੇ ਬੰਦੀ ਸਿੰਘਾਂ ਦੇ ਕੇਸ ਲੜਣ ਵਾਲੇ ਸ. ਅਮਰ ਸਿੰਘ ਚਹਿਲ ਐਡਵੋਕੇਟ ਨੇ ਕਿਹਾ ਕਿ ਭੁੱਖ ਹੜਤਾਲ ਵਾਸਤੇ ਜਗਾਹ ਦੀ ਚੋਣ ਠੀਕ ਢੰਗ ਨਾਲ ਹੋਣੀ ਚਾਹੀਦੀ ਸੀ, ਉਹਨਾਂ ਕਿਹਾ ਕਿ ਸੰਘਰਸ਼ ਦੇ ਨਾਲ ਕਾਨੂੰਨੀ ਲੜਾਈ ਵੀ ਜਾਰੀ ਰੱਖਣੀ ਪਵੇਗੀ।

ਗੁਰਬਖਸ਼ ਸਿੰਘ ਦੀ ਪਹਿਲੀ ਭੁੱਖ ਹੜਤਾਲ ਨਾਲ ਜੁੜੀ ਰਹੀ ਸੰਘਰਸ਼ ਕਮੇਟੀ ਦੇ ਆਗੂਆਂ ਸ. ਗੁਰਨਾਮ ਸਿੰਘ ਸਿੱਧੁ ਚੰਡੀਗੜ ਨੇ ਕਿਹਾ ਕਿ ਗੁਰਬਖਸ਼ ਸਿੰਘ ਦਾ ਕੋਈ ਭੇਦ ਨਹੀਂ ਬਹੁਤ ਹੰਕਾਰੀ ਬੰਦਾ ਹੈ।

ਅਖੰਡ ਕੀਰਨਤੀ ਜਥੇ ਦੇ ਆਗੂ ਆਰ.ਪੀ.ਸਿੰਘ ਮੋਹਾਲੀ ਨੇ ਕਿਹਾ ਕਿ ਹੁਣ ਲੋਕਾਂ ਨੂੰ ਗੁਰਬਖਸ਼ ਸਿੰਘ ਦੀ ਅਸਲੀਅਤ ਦਾ ਪਤਾ ਲੱਗ ਜਾਣਾ ਚਾਹੀਦਾ ਹੈ, ਪਹਿਲਾਂ ਵੀ ਮਾਇਆ ਇਕੱਠੀ ਕੀਤੀ ਅਤੇ ਹੁਣ ਵੀ ਇਹ ਹੀ ਕੁੱਝ ਕਰਕੇ ਕੌਮ ਨਾਲ ਧੋਖਾ ਕੀਤਾ ਜਾ ਰਿਹਾ ਹੈ, ਉਹਨਾਂ ਕਿਹਾ ਕਿ ਪਹਿਲੇ ਮਰਨ ਵਰਤ ਦੀ ਸਮਾਪਤੀ ਵੇਲੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਗੁਰਬਖਸ਼ ਸਿੰਘ ਨੇ ਆਪ ਸੁਨੇਹੇ ਭੇਜ ਕੇ ਬੁਲਾਇਆ ਸੀ।

ਅੰਬ ਸਾਹਿਬ ਵਿਖੇ ਗੁਰਬਖਸ਼ ਸਿੰਘ ਦੀ ਮਾਤਾ ਬਣੀ ਬੀਬੀ ਕਸ਼ਮੀਰ ਕੌਰ (ਸਾਡਾ ਹੱਕ ਫਿਲਮ ਦੇ ਨਿਰਮਾਤਾ ਦੀ ਮਾਂ) ਨੇ ਕਿਹਾ ਕਿ ਗੁਰਬਖਸ਼ ਸਿੰਘ ਨੇ ਪੈਸੇ ਖਾਤਿਰ ਸਿੱਖ ਮਰਿਯਾਦਾ ਨੂੰ ਢਾਹ ਲਾਈ ਹੈ।

ਸੰਘਰਸ਼ ਕਮੇਟੀ ਵਿਚਲੇ ਦਲ ਖਾਲਸਾ ਨਾਲ ਸਬੰਧਤ ਇੱਕ ਹੋਰ ਆਗੂ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਹੁਣ ਕੋਈ ਭੁੱਖ ਹੜਤਾਲ ਨਹੀਂ, ਖਾਲਸੇ ਦੀ ਗੱਲ ਛੱਡੋ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੀਆਂ ਧਿਰਾਂ ਦੀ ਮੀਟਿੰਗ ਸੱਦਕੇ, ਪੰਜਾਬ ਸਰਕਾਰ ਦੀ ਥਾਂ ਕੇਂਦਰ ਦੀ ਸਰਕਾਰ ਨਾਲ ਟੱਕਰ ਲਈ ਜਾਵੇ।

ਪੰਚ ਪ੍ਰਧਾਨੀ ਦੇ ਆਗੂਆਂ ਭਾਈ ਬਲਦੇਵ ਸਿੰਘ ਸਰਸਾ ਨੇ ਕਿਹਾ ਕਿ ਇਕ ਪਾਸੇ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਸ. ਬਾਦਲ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਗੱਲਾਂ ਕਰਦੇ ਹਨ, ਪਰ ਅੱਜ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਕਰਨ ਲਈ ਅੰਬ ਸਾਹਿਬ ਵਿਖੇ ਮੀਟਿੰਗ ਕਰਨ ਦੀ ਇਜਾਜ਼ਤ ਦੇਣ ਦੀ ਥਾਂ ਪੁਲਿਸ ਅਤੇ ਟਾਸਕ ਫੋਰਸ ਲਾ ਕੇ ਆਪਣਾ ਦੋਗਲਾ ਕਿਰਦਾਰ ਨੰਗਾ ਕਰ ਦਿੱਤਾ ਹੈ।

ਸ. ਹਰਪਾਲ ਸਿੰਘ ਚੀਮਾਂ ਨੇ ਆਖਿਆ ਕਿ ਹਿੰਦੁਤਵ ਸਾਨੂੰ ਨਿਗਲ ਜਾਣ ਵਾਸਤੇ ਤਿਆਰ ਬੈਠਾ ਹੈ, ਹੁਣ ਸਰਕਾਰ ਦੀਆਂ ਮਿਨਤਾਂ ਕਰਨ ਦੀ ਨੀਤੀ ਖਤਮ ਕਰੋ ਅਤੇ ਪੁਰਾਣੇ ਮੁੱਦੇ ਪਾਸੇ ਰੱਖਕੇ ਨਵੇਂ ਅਤੇ ਸਾਂਝੇ ਮੁੱਦੇ ਤੇ ਲੜਾਈ ਆਰੰਭ ਕਰਨ ਲਈ ਇੱਕੀ ਮੈਂਬਰੀ ਕਮੇਟੀ ਦਾ ਗਠਨ ਕਰੋ।

ਭਾਈ ਕਮਿਕਰ ਸਿੰਘ ਨੇ ਕਿਹਾ ਕਿ ਪਿੱਛੇ ਹੋਈਆਂ ਕੁਰਬਾਨੀਆਂ ਨੂੰ ਸਨਮੁੱਖ ਹੋਕੇ ਸੰਘਰਸ਼ ਕਰਨਾ ਵਾਜਿਬ ਹੋਵੇਗਾ।

ਯੂਨਾਈਟਿਦ ਅਕਾਲੀ ਦਲ ਦੇ ਆਗੂ ਸ. ਜਸਵਿੰਦਰ ਸਿੰਘ ਨੇ ਆਖਿਆ ਕਿ ਪਹਿਲੀਆਂ ਕਮੇਟੀਆਂ ਨੇ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ, ਇਸ ਵਾਸਤੇ ਹੁਣ ਸਰਬੱਤ ਖਾਲਸਾ ਸੱਦਕੇ ਇਕ ਤੀਜੀ ਧਿਰ ਨੂੰ ਹੋਂਦ ਵਿਚ ਲਿਆਉਣ ਚਾਹੀਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਮਨਵਿੰਦਰ ਸਿੰਘ ਗਿਆਸਪੁਰਾ, ਮਨਜੀਤ ਸਿੰਘ ਮੱਲਾ, ਵਿਧਾਤਾ ਸਿੰਘ ਗਿੱਲ , ਜਸਕਰਨ ਸਿੰਘ , ਕਹਨ ਸਿੰਘ ਅਤੇ ਕੁਲਦੀਪ ਸਿੰਘ ਭਾਗੋਵਾਲ ਹਾਜ਼ਿਰ ਸਨ ਅੱਜ ਦੀ ਮੀਟਿੰਗ ਵਿਚ 21 ਜਨਵਰੀ ਨੂੰ ਇੱਕ ਵਿਸ਼ਾਲ ਮੀਟਿੰਗ ਕਰਨ ਦਾ ਫੈਸਲਾ ਵੀ ਲਿਆ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top