Share on Facebook

Main News Page

ਮੱਕੜ ਨੂੰ ਮੰਗ ਪੱਤਰ ਦੇਣ ਵਾਲੇ ਮੈਂਬਰਾਂ ਨੂੰ ਕੋਈ ਵੀ ਸੰਵਿਧਾਨਕ ਮਾਨਤਾ ਹਾਸਲ ਨਹੀਂ
-: ਸ੍ਰ. ਹਰਵਿੰਦਰ ਸਿੰਘ ਸਰਨਾ

ਨਵੀਂ ਦਿੱਲੀ 16 ਜਨਵਰੀ 2015: ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕੇਅਰ ਟੇਕਰ ਬਨਾਮ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੋਮਣੀ ਕਮੇਟੀ ਦੇ 150 ਮੈਂਬਰਾਂ ਦੇ ਦਸਤਖਤਾਂ ਵਾਲਾ ਮੰਗ ਪੱਤਰ ਸੌਂਪਣ ਦੀ ਨਿੰਦਾ ਕਰਦਿਆਂ ਕਿਹਾ ਕਿ ਪਹਿਲਾਂ ਇਹ ਸਪੱਸ਼ਟ ਕੀਤਾ ਜਾਵੇ, ਕਿ ਉਹ ਕਿਹੜੇ ਮੈਂਬਰਾਂ ਦੀ ਗੱਲ ਕਰ ਰਿਹਾ ਹੈ, ਕਿਉਂਕਿ 2011 ਵਿੱਚ ਚੁਣੇ ਗਏ ਮੈਂਬਰਾਂ ਨੂੰ ਹਾਲੇ ਤੱਕ ਮੈਂਬਰ ਹੋਣ ਦੀ ਸੰਵਿਧਾਨਕ ਪ੍ਰਵਾਨਗੀ ਹੀ ਨਹੀਂ ਮਿਲੀ ਤੇ ਫਿਰ ਉਹਨਾਂ ਨੂੰ ਮੈਂਬਰ ਕਹਿ ਕੇ ਸ਼੍ਰੋਮਣੀ ਕਮੇਟੀ ਦੇ ਹਾਊਸ ਦੀ ਤੌਹੀਨ ਕਿਉਂ ਕੀਤੀ ਜਾ ਰਹੀ ਹੈ?

ਜਾਰੀ ਇੱਕ ਬਿਆਨ ਰਾਹੀ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜਥੇਦਾਰ ਨੰਦਗੜ੍ਹ ਨਾਨਕਸ਼ਾਹੀ ਕੈਲੰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਕੇ ਕੌਮ ਵੱਲੋ ਸੌਂਪੀ ਜਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਪੰਥ ਦਾ ਅਨਮੋਲ ਦਸਤਾਵੇਜ ਹੈ, ਜਿਸ ਦੀ ਰਾਖੀ ਲਈ ਹਰ ਸਿੱਖ ਨੂੰ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਇਹ ਕੈਲੰਡਰ ਜਿਥੇ ਕਰੀਬ ਇੱਕ ਦਹਾਕੇ ਦੀ ਕੜੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ, ਉਥੇ ਸਿੱਖ ਪੰਥ ਦੀ ਅੱਡਰੀ ਕੌਮ ਹੋਣ ਦੀ ਪਛਾਣ ਦਾ ਵੀ ਪ੍ਰਤੀਕ ਹੈ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੱਰਪਿੱਤ ਦੁਨੀਆ ਭਰ ਦੇ ਸਿੱਖਾਂ ਨੇ ਕਬੂਲ ਕਰਕੇ ਇਸ ਅਨੁਸਾਰ ਹੀ ਦਿਹਾੜੇ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਜਿਹੜਾ ਸਾਧ ਲਾਣਾ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰ ਰਿਹਾ ਹੈ, ਉਹਨਾਂ ਨੇ ਆਪਣੇ ਡੇਰਿਆਂ ਵਿੱਚ ਕਦੇ ਵੀ ਗੁਰੂ ਸਾਹਿਬਾਨ ਦੇ ਗੁਰਪੁਰਬ ਨਹੀਂ ਮਨਾਉਂਦੇ, ਸਗੋਂ ਆਪਣੇ ਚੜਾਈ ਕਰ ਚੁੱਕੇ ਸਾਧਾਂ ਦੀਆਂ ਬਰਸੀਆਂ ਹੀ ਮਨਾਉਂਦੇ ਹਨ।

ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਵੀ ਇੱਕ ਕੌਮੀ ਮਸਲਾ ਹੈ ਤੇ ਜਥੇਦਾਰ ਨੰਦਗੜ੍ਹ ਜੇਕਰ ਆਵਾਜ਼ ਬੁਲੰਦ ਕਰ ਰਹੇ ਹਨ, ਤਾਂ ਉਹ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਦੁਨੀਆ ਦਾ ਕੋਈ ਵੀ ਕਾਨੂੰਨ ਇਜ਼ਾਜਤ ਨਹੀਂ ਦਿੰਦਾ, ਕਿ ਜਿਹੜਾ ਵਿਅਕਤੀ ਆਪਣੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਪੂਰੀ ਕਰ ਚੁੱਕਾ ਹੈ, ਉਸ ਨੂੰ ਜੇਲ੍ਹ ਵਿੱਚ ਬੰਦੀ ਬਣਾ ਕੇ ਰੱਖਿਆ ਜਾਵੇ ਅਤੇ ਭਾਰਤ ਵਰਗੇ ਲੋਕਤਾਂਤਰਿਕ ਦੇਸ਼ ਵਿੱਚ ਤਾਂ ਅਜਿਹਾ ਕਰਨਾ ਅਪਰਾਧ ਤੋਂ ਕੁੱਝ ਵੀ ਘੱਟ ਨਹੀਂ ਹੈ।

ਉਹਨਾਂ ਕਿਹਾ ਕਿ ਜੇਕਰ ਪੰਜ ਪਿਆਰਿਆਂ ਨੂੰ ਸਿਰੋਪਾ ਨਾ ਦੇਣ ਦੀ ਗੱਲ ਕੀਤੀ ਜਾਵੇ, ਤਾਂ ਅਮਰਜੀਤ ਸਿੰਘ ਚਾਵਲਾ ਸਮੇਤ ਮੰਗ ਪੱਤਰ 'ਤੇ ਦਸਤਖਤ ਕਰਨ ਵਾਲੇ ਵਿਅਕਤੀ ਪਹਿਲਾਂ ਇਹ ਤਾਂ ਸਪੱਸ਼ਟ ਕਰਨ ਕਿ ਜਦੋਂ 2005 ਵਿੱਚ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ 1947 ਤੋਂ ਬਾਅਦ ਪਹਿਲੀ ਵਾਰੀ ਪਾਕਿਸਤਾਨ ਸਥਿਤ ਗੁਰੂਦੁਆਰਾ ਨਨਕਾਣਾ ਸਾਹਿਬ ਵਿਖੇ ਨਗਰ ਕੀਤਰਨ ਦੇ ਰੂਪ ਵਿੱਚ ਪਾਲਕੀ ਸਾਹਿਬ ਲੈ ਕੇ ਗਈ ਸੀ, ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਗੁਰੂ ਸਾਹਿਬ ਦੀ ਪਾਲਕੀ ਤੇ ਨਗਰ ਕੀਤਰਨ ਦਾ ਬਾਈਕਾਟ ਕੀਤਾ ਸੀ। ਮੱਕੜ ਨੇ ਤਾਂ ਇਥੋ ਤੱਕ ਗੈਰ ਜਿੰਮੇਵਾਰਨਾ ਹਰਕਤ ਕੀਤੀ ਸੀ, ਕਿ ਜਦੋਂ ਰਸਤੇ ਵਿੱਚ ਗੁਰੂ ਸਾਹਿਬ ਦੀ ਸਵਾਰੀ ਜਾ ਰਹੀ ਸੀ, ਤਾਂ ਮੱਕੜ ਆਪਣਾ ਗੱਡੀਆਂ ਦਾ ਕਾਫਲਾ ਧਾੜਵੀਆਂ ਦੀ ਤਰ੍ਹਾਂ ਲੈ ਕੇ ਕੋਲੋਂ ਦੀ ਲੰਘ ਗਿਆ ਸੀ, ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁੱਕ ਕੇ ਨਮਸਕਾਰ ਕਰਨ ਦੀ ਜ਼ਹਿਮਤ ਨਹੀਂ ਕੀਤੀ ਸੀ, ਉਸ ਸਮੇਂ ਇਹ ਚਾਵਲਾ ਤੇ ਦਸਤਖਤ ਕਰਨ ਵਾਲੇ ਵਿਅਕਤੀ ਕਿਥੇ ਸਨ? ਕੀ ਉਸ ਬਾਰੇ ਇਹਨਾਂ ਕੋਲ ਕੋਈ ਜਵਾਬ ਹੈ?

ਉਹਨਾਂ ਕਿਹਾ ਕਿ ਉਹ ਕਿਸੇ ਵੀ ਧਰਮ ਦੀ ਵਿਰੋਧਤਾ ਨਹੀਂ ਕਰਦੇ, ਪਰ ਚਾਵਲਾ ਇਹ ਵੀ ਸਪੱਸ਼ਟ ਕਰੇ ਕਿ ਕੀ ਮੰਦਰਾਂ ਵਿੱਚ ਜਾ ਕੇ ਸਿਰ ਤੋਂ ਚੁੰਨੀਆਂ ਲੈ ਕੇ ਮਾਤਾ ਦੀਆਂ ਭੇਟਾਂ ਗਾਉਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਖਵਾਉਣ ਦੇ ਕਾਬਲ ਹੋ ਸਕਦੇ ਹਨ? ਉਹਨਾਂ ਕਿਹਾ ਕਿ ਕੀ ਕਦੇ ਇਹਨਾਂ ਵਿਅਕਤੀਆਂ ਨੇ ਪੰਜਾਬ ਦੀ ਬਰਬਾਦ ਹੋ ਰਹੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੀ ਕਦੇ ਕੋਈ ਮੰਗ ਪੱਤਰ ਦਿੱਤਾ ਹੈ? ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕੌਮ ਦੀ ਗੱਲ ਕਰਨ ਵਾਲੇ ਜਥੇਦਾਰ ਨੰਦਗੜ੍ਹ ਨੂੰ ਜੇਕਰ ਜਥੇਦਾਰੀ ਤੋਂ ਹਟਾਉਣ ਦੀ ਬੱਜਰ ਗਲਤੀ ਕੀਤੀ ਗਈ, ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸੁਪਰੀਮ ਕੋਰਟ ਦਾ ਦਰਵਾਜਾ ਖੜਕਾ ਕੇ ਕੰਮ ਚਲਾਊ ਕਮੇਟੀ ਵੱਲੋਂ ਕੀਤੀਆਂ ਗਈਆਂ ਆਪ ਹੁਦਰੀਆਂ ਦਾ ਚਿੱਠਾ ਸੁਪਰੀਮ ਕੋਰਟ ਵਿੱਚ ਰੱਖੇਗਾ ਤੇ ਜਥੇਦਾਰ ਨੰਦਗੜ੍ਹ ਦੀ ਬਜਾਏ ਮੱਕੜ ਦੀ ਬਰਖਾਸਤਗੀ ਦੀ ਮੰਗ ਕਰੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top