Share on Facebook

Main News Page

ਗੁਰਬਖਸ਼ ਸਿੰਘ ਦੀ ਭੁੱਖ-ਹੜਤਾਲ ? - ਇੱਕ ਨਜ਼ਰੀਆ
-: ਤਰਲੋਕ ਸਿੰਘ ਹੁੰਦਲ, ਬਰੈਂਮਟਨ, ਕਨੇਡਾ

ਕੋਈ ਸਾਲ ਕੁ ਦੇ ਅਰਸੇ ਅੰਦਰ ਹੀ ਭਾਈ ਗੁਰਬਖਸ਼ ਸਿੰਘ ‘ਖਾਲਸਾ’ ਨੇ ਕਥਿਤ ਤੌਰ 'ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੇ ਮਿਸ਼ਨ ਦੀ ਸਫ਼ਲਤਾ ਤਕ ‘ਗੁਰੂ ਹਜੂਰ ਅਰਦਾਸ’ ਕਰਕੇ ਦੂਸਰੀ ਵਾਰ ਭੁੱਖ ਹੜਤਾਲ ਇਸੇ 15 ਜਨਵਰੀ ਨੂੰ ਖ਼ਤਮ ਕਰ ਦਿੱਤੀ ਹੈ। ਦੂਸਰੀ ਵਾਰ ਦੀ ਭੁੱਖ ਹੜਤਾਲ ਹਰਿਆਣਾ ਸਥਿਤ ਗੁਰਦੁਆਰਾ ਲਖਨੌਰ ਸਾਹਿਬ ਵਿੱਚ ਕੋਈ 62 ਕੁ ਦਿਨ ਚਲੀ, ਪਰ ਕਿਸੇ ਮਿਸ਼ਨ ਦੀ ਪੂਰਤੀ ਤੋਂ ਪਹਿਲਾਂ ਹੀ ਭਾਈ ਸਾਹਿਬ, ਹੜਤਾਲ ਛੱਡ ਕੇ ਆਪਣੇ ਪਿੰਡ ਠਸਕਾ ਅਲ਼ੀ ਚਲੇ ਗਏ ਹਨ। ਪ੍ਰਾਪਤੀ ਕੋਈ ਨਹੀਂ।

ਪਹਿਲੀ ਵਾਰੀ ਭੁੱਖ ਹੜਤਾਲ ਨੂੰ ਖਤਮ ਕਰਵਾਉਂਣ ਵਿੱਚ ਗਿਆਨੀ ਗੁਰਬਚਨ ਸਿੰਘ, ਜਥੇਦਾਰ ਸ੍ਰੀ ਅਕਾਲ ਤਖਤ, ਅੰਮ੍ਰਿਤਸਰ ਨੇ ਮੋਹਰੀ ਭੁਮਿਕਾ ਨਿਭਾਈ ਸੀ ਅਤੇ ਇਸ ਵਾਰ ਦਿੱਲ਼ੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ‘ਚਿੱਠੀਆਂ ਦੀ ਘਤੂਤੀ ਖੇਡ, ਖੇਡ ਕੇ ਸ਼ਤਰੰਜ ਦੀ ਬਾਜੀ ਜਿੱਤੀ ਹੈਸਰਕਾਰੀ ਦਬਾਅ ਅਤੇ ਭਾਰਤੀਯ ਸੂਹੀਆ ਏਜੰਸੀਆਂ ਨੇ ਵੀ ਆਪਣੇ ਜੌਹਰ ਦਿਖਾਏ ਹਨ। ਨਤੀਜਤਨ, ਪੰਥਕ ਦ੍ਰਿਸ਼ਟੀਕੋਣ ਤੋਂ ਸਿੱਖ ਦੀ ਇਸ ਕਾਰਗੁਜਾਰੀ ਦਾ ਨਾ ਕੋਈ ਬਹੁਤਾ ਚੰਗਾ ਪ੍ਰਭਾਵ ਹੀ ਪਿਆ ਅਤੇ ਨਾ ਹੀ ਕੋਈ ਅਸਰ ਪ੍ਰਕਾਸ਼ਮਾਨ ਹੋਇਆ ਹੈ। ਲੈ ਦੇ ਕੇ ਸਿੱਖ ਭਾਈਚਾਰਾ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ। ਗੁਰ ਫੁਰਮਾਨ ਹੈ: ‘ਬਚਨੁ ਕਰੇ ਤੈ ਖਿਸਕਿ ਜਾਇ ਬੋਲੈ ਸਭੁ ਕਚਾ॥’ (ਅੰਕ-1099)

ਭਾਈ ਗੁਰਬਖਸ਼ ਸਿੰਘ ਬਹੁਤੇ ਪੜ੍ਹੇ-ਲਿਖੇ ਨਹੀਂ ਹਨ ਅਤੇ ਉਨ੍ਹਾਂ ਕੋਲ ਦੂਰਅੰਦੇਸ਼ੀ ਸਲਾਹਕਾਰਾਂ ਦੀ ਵੱਡੀ ਘਾਟ ਰੜਕ ਰਹੀ ਸੀ। ਸਿੱਖ ਵਿਜ਼ਨ ਦੀ ਭਾਰੀ ਥੁੜ ਸੀ। ਦੋਵੇਂ ਵਾਰੀ, ਇਸ ਮੋਰਚੇ ਦੀ ਠੋਸ ਯੋਜਨਾ-ਬੰਦੀ ਨਹੀਂ ਸੀ ਹੋਈ ਥੋੜੇ ਜਹੇ ਸ਼ਬਦਾਂ ਵਿੱਚ, ਇਸ ਲਹਿਰ ਨੂੰ ਨਿਰੋਲ ਜਜ਼ਬਾਤੀ ਵਹਿਣ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਦੋ ਕੁ ਮਹੀਨੇ ਚਲੀ ਇਸ ਵਾਰ ਦੀ ਭੁੱਖ ਹੜਤਾਲ ‘ਪਰਚੀ-ਪੁਣੇ ਦੀ ਭੇਂਟ’ ਚੜ੍ਹਦੀ ਰਹੀ ਹੈ। ਹੋਰ ਤਾਂ ਹੋਰ, ਪ੍ਰਣ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਭਾਈ ਸਾਹਿਬ ਰਵਾਨਾ ਹੋਏ ਕਾਫ਼ਲੇ ਦੀ ਵੀ ਪਰਚੀ ਸਿਸਟਮ ਨੇ ‘ਕੁਰਬਾਨੀ’ ਲੈ ਲਈ ਸੀ।

ਸਿੱਖ ਪੰਥ ਨਾਲ ਇਹ ਧੋਖਾ ਕੋਈ ਪਹਿਲੀ ਵਾਰ ਨਹੀਂ ਹੋਇਆ। ਸ੍ਵ: ਪਰਤਾਪ ਸਿੰਘ ‘ਕੈਰੋ’, ਪੰਜਾਬ ਦੇ ਮੁੱਖ ਮੰਤਰੀ ਸਨ। ਉਨ੍ਹਾਂ ਵੇਲਿਆਂ ਵਿੱਚ ਸਿਖਾਂ ਦੇ ਸਿਰਮੌਰ ਲੀਡਰ ਨੇ ਵੀ ਭੁੱਖ-ਹੜਤਾਲ ਰੱਖੀ ਸੀ ਅਤੇ ਆਪਣੀ ਦੇਖ-ਰੇਖ ਦੀ ਸਾਰੀ ਜੁੰਮੇਵਾਰੀ ਆਪਣੀ ਧੀ ਨੂੰ ਦੇ ਦਿੱਤੀ ਹੋਈ ਸੀ। ਫਿਰ ਢੱਕਣ ਥੱਲੇ ਕੀ ਰਿੱਝਦਾ ਰਿਹਾ,ਕਿਸੇ ਨੂੰ ਨਹੀਂ ਪਤਾ। ਇਥੇ ਵੀ ‘ਭੁੱਖ-ਹੜਤਾਲ ਦੌਰਾਨ ਭਾਈ ਸਾਹਿਬ ਦਾ ਪ੍ਰਵਾਰ ਹੀ ਭਾਰੂ ਰਿਹਾ। ਜਿਵੇਂ ਕਿ ਮੀਡੀਆ’ਚ ਖਬਰ ਹੈ ਕਿ ਹੋਰ ਨਿਗੂਣੇ ਤੇ ਨਿਕੰਮੇ ਕਾਰਨਾਂ ਨੂੰ ਜੋੜ ਕੇ ਵੇਖੀਏ ਤਾਂ ਨਜ਼ਰੀ ਇਹੋ ਪੈਂਦਾ ਹੈ ਕਿ ‘ਭੁੱਖ ਹੜਤਾਲ’ ਲੰਮੇਰੀ ਹੋ ਜਾਣ ਕਾਰਨ ਭਾਈ ਸਾਹਿਬ ਦੀ ਸਿਹਤ ਕਾਫੀ ਵਿਗੜ ਗਈ ਸੀ। ਭਲਿਆ! ‘ਜੇ ਸਿਹਤ ਦਾ ਹੀ ਖਿਆਲ ਸੀ, ਤਾਂ ਫਿਰ ਗੁਰੂ ਸਿਧਾਤਾਂ ਦਾ ਮਾਖੌਲ ਕਿਉਂ ਉਡਾਉਣਾ ਸੀ? ਗੁਰ ਫੁਰਮਾਨ ਹੈ:

ਮਰਣੁ ਮੁਣਸਾ ਸੂਰਿਆ ਹਕੁ ਹੈ ਜੇ ਹੋਇ ਮਰਨਿ ਪਰਵਾਣੋ
ਸੂਰੇ ਸੇਈ ਆਗੈ ਆਖੀਅਹਿ ਦਰਗਹਿ ਪਾਵਹਿ ਸਾਚੀ ਮਾਣੋ॥ (ਅੰਕ 579)

ਪਿਛਲੀ ਸਦੀ ਦੇ 60ਵਿਆਂ ਦੀ ਸਿੱਖ ਲੀਡਰਸ਼ਿਪ ਨਾਲ ਸਬੰਧਤ ਇੱਕ ਘਟਨਾਂ ਵਿਸ਼ੇਸ਼ ਹੈ। ਸਿੱਖਾਂ ਵਿੱਚ ਮਸ਼ਹੂਰ ਦੋ ਸੰਤ ਬਾਬੇ ‘ਅਰਦਾਸੇ’ ਸੋਧ ਕੇ, ਸ੍ਰੀ ਅਕਾਲ ਤਖਤ ਸਾਹਿਬ ਦੇ ਸਿਖਰ ਛੱਤ ਉੱਤੇ ‘ਹਵਨ-ਕੁੰਡ’ ਬਣਾ ਕੇ ਬੈਠ ਗਏ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਹਵਨ-ਕੁੰਡਾਂ ਵਿੱਚ ਸੜ੍ਹ ਮਰਨਾ ਹੈ। ਉਨ੍ਹਾਂ ਦਿਨ੍ਹਾਂ’ਚ ਹੀ ਸਿੱਖਾਂ ਦੇ ਧਾਰਮਿਕ ਘੱਟ ਤੇ ਰਾਜਸੀ ਵੱਧ ਲੋਕਾਂ ਨੇ ਵੀ ਬਰਾਬਰ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਤਲੀ ਮੰਜਲ ਤੇ ਆਪਣੇ ਹਵਨ-ਕੁੰਡ ਵੱਖਰੇ ਧਰ ਲਏ, ਕਿ ਅਸੀਂ ਵੀ ਸੜ੍ਹ ਕੇ ਮਰ ਜਾਣਾ ਹੈ। ‘ਅਰਦਾਸਾ’ ਇਨ੍ਹਾਂ ਲੋਕਾਂ ਨੇ ਵੀ ਸੋਧਿਆ, ਪਰ ਮਰਿਆ/ਸੜ੍ਹਿਆ ਕੋਈ ਵੀ ਨਹੀਂ।

ਹਾਂ! ਮੇਰੇ ਇੱਕ ਵਾਕਿਫ਼ਕਾਰ, ਜੋ ਉਨ੍ਹਾਂ ਦਿਨ੍ਹਾਂ’ਚ ਉੱਥੇ ਸੇਵਾਦਾਰ ਸੀ, ਨੇ ਇੱਕ ਅਜੀਬ ਪਰ ਸੱਚੀ ਹੋਈ-ਬੀਤੀ ਸੁਣਾਈ ਕਿ ਜਿਸ ਦਿਨ ਇਨ੍ਹਾਂ ਨੇ ਆਪੋ-ਆਪਣੀ ਦੇਹ ਨੂੰ ਅਗਨ-ਭੇਂਟ ਕਰਨਾ ਸੀ, ਉਸ ਦਿਨ ਉਨ੍ਹਾਂ’ਚੋ ਇੱਕ ਜਣੇ ਨੇ ਸਵੇਰੇ ਸਪੈਸ਼ਲ ਲਾਂਗਰੀ ਨੂੰ ਬੁਲਾਇਆ ਤੇ ਆਖਿਆ, ‘ਲੈ ਭਈ! ਰਾਤ ਨੂੰ ਵਾਹਵਾ ਮਸਾਲੇਦਾਰ ਭਿੰਡੀਆਂ ਭਰ ਕੇ ਦੇਸੀ ਘਿਓ’ਚ ਤੁੜਕ ਲਵੀ? ‘ਜਥੇਦਾਰ ਜੀ! ਤੁਸਾਂ ਤਾਂ ਅੱਜ ਅਗਨ-ਭੇਂਟ ਹੋ ਜਾਣਾਂ ਹੈ’। ਉਸ ਨੇ ਪੁੱਛ ਲਿਆ। ‘ਜਾਹ! ਮੂਰਖ ਨਾ ਹੋਵੇ ਕਿਸੇ ਥਾਂ ਦਾ, ਇਹੋ ਜਹੀ ਗੱਲ ਨ੍ਹੀਂ ਕਰੀਦੀ’। ਬਸ, ਨੀਵੀਂ ਪਾਈ ਉਹ ਸੇਵਾਦਾਰ ਹਰਿਮੰਦਰ ਸਾਹਿਬ ਵੱਲ ਤੁਰ ਗਿਆ।

ਸਿੱਖਾ! ਜੇ ‘ਅਰਦਾਸ’ ਦਾ ਮੱਹਤਵ ਤੇ ਕੀਮਤ, ਅਦਬ, ਸਤਿਕਾਰ ਪੁੱਛਣਾ ਹੈ, ਤਾਂ ਭਾਈ ਦਰਸ਼ਨ ਸਿੰਘ ਜੀ ‘ਫੇਰੂਮਾਨ’ ਤੋਂ ਪੁੱਛ। ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਵਨ-ਕੁੰਡ ਧਰ ਕੇ ਫਿਰ ਗੁਰੂ ਹਜੂਰ ਅਰਦਾਸਾਂ ਕਰਕੇ ਵਾਰ ਵਾਰ ਮੁੱਕਰਦੇ ਅਤੇ ਬੇ-ਅਦਬੀ ਕਰਦੇ ਸਾਧਾਂ-ਸੰਤਾਂ ਅਤੇ ਲੀਡਰਾਂ ਨੂੰ ਰਾਜਨੀਤੀ ਖੇਡਦੇ ਵੇਖ ਕੇ ਭਾਈ ਫੇਰੂਮਾਨ ਤੜਪ ਉਠਿਆ। ‘ਭਾਈ ਦਰਸ਼ਨ ਸਿੰਘ ‘ਫੇਰੂਮਾਨ’ ਨੇ ਸਿੱਖ ਜਗਤ ਨੂੰ ‘ਸਿੱਖ ਦੀ ਅਰਦਾਸ’ ਦਾ ਭਾਵ-ਅਰਥ ਸਮਝਾਉਂਣ ਹਿਤ ਸਤਿਗੁਰਾਂ ਦੇ ਹਜੂਰ ਅਰਦਾਸ’ਚ ਪ੍ਰਤਿਗਿਆ ਕੀਤੀ ਕਿ ‘ਪਾਤਸ਼ਾਹ! ਸਿੱਖ ਦੀ ਨਿਭ ਆਵੇ’। ਉਪਰੰਤ, 77 ਦਿਨ੍ਹ ਭੁੱਖ ਹੜਤਾਲ 'ਤੇ ਰਹਿ ਕੇ ‘ਸਿੱਖੀ ਸਿਦਕ’ ਨਿਭਾ ਗਏ ਸਨ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ‘ਖੁਦਾ ਮਨਜੂਰ ਕਰਤਾ ਹੈ, ਦੁਆ ਜਬ ਦਿਲ ਸੇ ਹੋਤੀ ਹੈ, ਮਗਰ ਮੁਸ਼ਕਲ ਤੋ ਯੇ ਹੈ, ਕਿ ਯੇ ਮੁਸ਼ਕਲ ਸੇ ਹੋਤੀ ਹੈ’। ਗੱਲ ਕੀ,ਦਿੱਲੀ ਹਿਲ ਗਈ ਸੀ। ਪੰਥ ਦਾ ਸਿਰ ਉੱਚਾ ਹੋਇਆ ਸੀ।

ਕਈ ਲੋਕ ਇਹ ਵੀ ਕਹਿੰਦੇ ਸੁਣੇ ਹਨ ਕਿ ‘ਕਦੇ ਭਲਾ ‘ਭੁੱਖ-ਹੜਤਾਲਾਂ’ ਨਾਲ ਵੀ ਫੈਸਲੇ ਹੋਏ ਹਨ’? ਇਸ ਪ੍ਰਸ਼ਨ ਦੇ ਸੰਦਰਭ ਵਿੱਚ ਭਾਰਤ ਦੇ ਇਤਿਹਾਸ ਦੇ ਪੰਨਿਆਂ ਉੱਤੇ ਇੱਕ ਘਟਨਾ ਦਾ ਮਧਮ ਜਿਹਾ ਅਕਸ ਘੁੰਮ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਨੂੰ “ਰਾਜ” ਦਾ ਦਰਜਾ ਦਿਵਾਉਂਣ ਲਈ "ਪੋਟੀ ਸ੍ਰੀਰਾਮੁਲੂ" ਨਾਮ ਦੇ ਇੱਕ ਵਿਅਕਤੀ ਨੇ ‘ਭੁੱਖ ਹੜਤਾਲ’ ਸ਼ੁਰੂ ਕਰ ਦਿੱਤੀ। http://en.wikipedia.org/wiki/Potti_Sreeramulu

ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਸਖ਼ਤ ਤੇ ਸਪਸ਼ਟ ਸ਼ਬਦਾਂ ਵਿੱਚ ਆਖ ਦਿੱਤਾ ਸੀ ਕਿ ‘ਅਜਿਹਾ ਨਹੀਂ ਹੋ ਸਕਤਾ’। ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਦ੍ਰਿੜ ਵਿਸਵਾਸ਼ੀ ਤੇ ਹੱਠੀ ਬੰਦੇ ਦੇ ਇਸੇ ਜਦੋ-ਜਹਿਦ ਵਿੱਚ ਦਿਨ ਪੁੱਗ ਗਏ। ਆਂਧਰਾ ਪ੍ਰਦੇਸ਼ ਵਿੱਚ ਤੂਫਾਨ ਖੜ੍ਹਾ ਹੋ ਗਿਆ। ਸਾੜ੍ਹ-ਫੂਕ,ਭੰਨ-ਤੋੜ ਤੇ ਬੇਸ਼ੁਮਾਰ ਮੁਜਾਹਰੇ ਅਰੰਭ ਹੋ ਗਏ। ਬਸ ਫਿਰ ਕੀ ਸੀ ਕਿ ਪ੍ਰਧਾਨ ਮੰਤਰੀ ਸ੍ਵ: ਪੰਡਿਤ ਜੁਵਾਹਰ ਨਹਿਰੂ ਨੂੰ ਉਸੇ ਵੇਲੇ ਦਿੱਲੀ ਤੋਂ ਹੈਦਰਬਾਦ ਜਾ ਕੇ ‘ਐਲਾਨ’ ਕਰਨਾ ਪਿਆ ਤੇ ਆਂਧਰਾ ਪ੍ਰਦੇਸ਼ ਹੋਂਦ ਵਿੱਚ ਆਇਆ ਸੀ। ਹੁਣ ਭਾਵੇਂ ਉਸ ਵਿੱਚੋਂ ਇੱਕ ਵੱਖਰਾ ਤਿਲੰਗਾਨਾ ਸੂਬਾ ਬਣਾ ਦਿੱਤਾ ਗਿਆ ਹੈ।

ਹੱਕਾਂ ਦੀ ਲੜਾਈ ਲਈ ‘ਭੁੱਖ ਹੜਤਾਲ’ ਵਿੱਚ ਵੀ ਮਾਰਕੇ ਦਾ ਦਮ ਹੈ, ਪਰ ਜੇ ਸਮਝੇ ਕੋਈ? ਅਫਸੋਸ ਇਹ ਹੈ! ਅਸੀਂ ਸਿੱਖ ਤਾਂ “ਅਰਦਾਸ” ਨੂੰ ਵੀ ਟਿੱਚਰ ਕਰ ਜਾਂਦੇ ਹਾਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top