Share on Facebook

Main News Page

ਸਿੱਖਾਂ ਨੂੰ ਮੂਰਖ ਬਣਾਉਣਾ ਆਸਾਨ ਨਹੀਂ, ਬਲਕਿ ਬਹੁਤ ਹੀ ਆਸਾਨ ਹੈ
-: ਨਿਰਮਲ ਸਿੰਘ

ਭਾਈ ਗੁਰਬਖਸ਼ ਸਿੰਘ ਦਾ ਸੰਘਰਸ਼ ਬੇਸ਼ੱਕ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਿਆ ਹੈ, ਪਰ ਜੇ ਅਸੀਂ ਸਿਖਣਾ ਚਾਹੀਏ ਤੇ ਇਸ ਤੋਂ ਬਹੁਤ ਕੁੱਝ ਸਿੱਖ ਸਕਦੇ ਹਾਂ। ਇਹ 'ਤੇ ਸਰਾਸਰ ਜ਼ਾਹਿਰ ਹੀ ਹੈ ਕਿ ਸਿੱਖੀ ਸਿਧਾਂਤਾਂ ਦਾ ਘਾਂਣ ਕਰਨ ਵਿਚ ਭਾਈ ਸਾਹਿਬ ਦਾ ਜ਼ਰੂਰ ਕੋਈ ਆਪਣਾ ਸੁਆਰਥ ਸੀ। ਬੇਸ਼ੱਕ ਉਹ ਮਸ਼ਹੂਰ ਹੋਣਾ ਹੀ ਕਿਉਂ ਨਾ ਹੋਵੇ, ਤਾਂ ਕਿ ਆਉਣ ਵਾਲੀਆਂ ਚੋਣਾਂ ਵਿੱਚ ਵੰਡ ਹੋਣ ਵਾਲੇ ਕੇਕ ਦਾ ਇਕ ਅੱਧਾ ਪੀਸ ਭਾਈ ਸਾਹਿਬ ਨੂੰ ਵੀ ਮਿਲ ਜਾਵੇ। ਭਾਈ ਸਾਹਿਬ ਦੀ ਬੁਰਾਈ ਜਾ ਪ੍ਰਸੰਸਾ ਕਰਨ ਨਾਲ ਹੁਣ ਕੋਈ ਫਰਕ ਨਹੀਂ ਪੈਣਾ, ਲੰਘੇ ਹੋਏ ਸੱਪ ਦੀ ਲਕੀਰ ਕੁਟਣ ਦੇ ਬਰਾਬਰ ਹੈ।

ਫਿਰ ਵੀ ਹਰ ਅੰਦੋਲਨ ਦੀ ਅਸਫਲਤਾ ਸਾਨੂੰ ਆਉਣ ਵਾਲੇ ਭਵਿਖ ਦੇ ਹੋਣ ਵਾਲੇ ਅੰਦੋਲਨ ਦੀ ਪਰਫੈਕਸ਼ਨ ਵਲ ਜਰੂਰ ਲੈ ਜਾਂਦੀ ਹੈ। ਮੇਰੇ ਖਿਆਲ ਮੁਤਾਬਕ ਇਸ ਤੋਂ ਕੁਝ ਹੇਠ ਲਿਖੀਆਂ ਗੱਲਾਂ ਉਭਰ ਕਿ ਆਈਆਂ ਹੱਨ ਜਿਨਾਂ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ।

  1. ਸਿੱਖਾਂ ਨੂੰ ਮੂਰਖ ਬਣਾਉਣਾ ਆਸਾਨ ਨਹੀਂ, ਬਲਕਿ ਬਹੁਤ ਹੀ ਆਸਾਨ ਹੈ, ਕੋਈ ਵੀ ਸਾਨੂੰ ਸਿੱਖੀ ਜਾ ਸ਼ਹੀਦਾਂ ਦਾ ਵਾਸਤਾ ਪਾ ਕੇ ਗੁੰਮਰਾਹ ਕਰ ਸਕਦਾ ਹੈ। ਉਸ ਤੋਂ ਬਾਅਦ ਅਸੀਂ ਡਾਰਾਂ ਬੰਨ੍ਹ ਬੰਨ੍ਹ ਕੇ ਅਗਲੇ ਦੇ ਮਗਰ ਤੁਰ ਪੈਂਦੇ ਹਾਂ, ਇਹ ਹੀ ਵਾਸਤਾ ਸਾਨੂੰ ਕਈ ਵਾਰ ਲੌਂਗੋਵਾਲ, ਟੌਹੜਾ, ਬਰਨਾਲਾ, ਬਾਦਲ ਤੇ ਹੋਰ ਪਤਾ ਨਹੀਂ ਕਿਸ ਕਿਸ ਨੇ ਪਾਇਆ ਤੇ ਸਾਡੀ ਨਾਸਮਝੀ ਦਾ ਪੂਰਾ ਫਾਇਦਾ ਉਠਾਇਆ।

  2. ਸਿੱਖਾਂ ਦੀ ਆਪਸੀ ਫੁੱਟ ਸਾਡੀ ਨਾਕਾਮਯਾਬੀ ਦਾ ਇਕ ਇਤਿਹਾਸਕ ਕਾਰਨ ਰਿਹਾ ਹੈ। ਹੁਣ ਵੀ ਇਸ ਸੰਘਰਸ਼ ਨੂੰ ਫੇਲ ਕਰਨ ਵਿਚ ਇਸ ਫੁੱਟ ਦਾ ਇਕ ਵੱਡਾ ਹੱਥ ਸੀ।

  3. ਸਿੱਖਾਂ ਵਿਚ ਬਹੁਤ ਵੱਡੀ ਗਿਣਤੀ ਵਿਚ ਭੇਖੀ ਸਿੱਖ ਦਾਖਲ ਹੋ ਚੁਕੇ ਹਨ, ਜੋ ਦੇਖਣ ਨੂੰ ਤਾਂ ਸਿੱਖ ਲਗਦੇ ਹਨ, ਪਰ ਸਿੱਖੀ ਤੋਂ ਕੋਹਾਂ ਦੂਰ ਹਨ। ਗੁਰੂਆਂ ਵਾਲੀ ਸਿੱਖੀ ਤਾਂ ਇੱਕ ਸੁਪਨਾ ਹੀ ਹੈ। ਸ਼ਾਇਦ ਸਾਨੂੰ ਹੁਣ ਆਪਣੇ ਆਪ ਨੂੰ ਪਹਿਚਾਨ ਲੈਣਾ ਚਾਹੀਦਾ ਹੈ, ਕਿ ਅਸੀਂ ਹੁਣ ਕੁੱਝ ਵੀ ਕਰਨ ਜੋਗੇ ਨਹੀਂ ਹਾਂ। ਸਿਰਫ ਸੱਪ ਵਾਲਾ ਫਰਾਟਾ ਹੀ ਹੈ। ਪੰਜਾਬ ਦੇ ਤੇ ਸੈਂਟਰ ਦੇ ਗੁਲਾਮ ਹੋ ਕੇ ਹੀ ਜੀਣਾ ਪਵੇਗਾ।

  4. 22,000 ਹਜ਼ਾਰ ਦੇ ਕਰੀਬ ਡੇਰਾ ਹੈ ਪੰਜਾਬ ਵਿਚ, ਜੋ ਸਾਧ ਰੋਜ਼ਾਨਾ ਸਪੀਕਰਾਂ ਵਿਚ ਸੰਘ ਪਾੜ ਪਾੜ ਕੇ ਧਾਰਨਾਵਾਂ ਗਾਉਂਦੇ ਹਨ, ਇਹ ਸਾਬਤ ਕਰਨ ਵਾਸਤੇ ਕਿ ਉਹ ਸਿੱਖ ਹਨ ਤੇ ਗੁਰੂ ਦੇ ਕਰੀਬ ਹਨ, ਪਰ ਉਹ ਸਾਰਾ ਕੁਝ ਗਲਤ ਸਾਬਤ ਹੋ ਗਿਆ ਹੈ। ਇਨਾ ਵਿਚ ਇਕ ਵੀ ਸਿੱਖ ਨਹੀਂ ਹੈ, ਸਿਰਫ “ਰੋਟੀਆ ਕਾਰਣਿ ਪੂਰਹਿ ਤਾਲ ॥” ਵਾਲੇ ਹੀ ਹਨ। ਕਿਥੇ ਗਏ ਉਹ ਸੰਗਮਰਮਰ ਨਾਲ ਜੜੇ ਹੋਏ ਚਿਟੇ ਚਿਟੇ ਗੁਰਦੁਆਰੇ ਜਿਨ੍ਹਾਂ ਵਿੱਚ ਮੋਟੇ ਮੋਟੇ ਢਿਡਾਂ ਵਾਲੇ ਬਲਾਤਕਾਰੀ ਆਪਣਾ ਇਕ ਵੱਖਰਾ ਰਾਜ ਪਾਟ ਬਣਾ ਕੇ ਬੈਠੇ ਹਨ, ਨਾ ਕੋਈ ਟਕਸਾਲੀ ਬੋਲਿਆ, ਨਾ ਕੋਈ ਨਾਨਕਸਰੀ, ਰਾੜੇ ਵਾਲਾ, ਨਾ ਹੰਸਾਲੀ ਵਾਲਾ ਨਵਾਂ ਬਣਿਆ ਬਾਬਾ। ਕੀ ਇਹ ਸਿਰਫ ਚੜ੍ਹਾਵਿਆਂ ਦੇ ਹੀ ਹੱਕਦਾਰ ਹਨ? ਇਹ ਖਿਆਲ ਰੱਖੋ ਕਿ ਭਵਿੱਖ ਵਿੱਚ ਜੇ ਤੁਹਾਨੂੰ ਇਹੋ ਜਿਹੇ ਕਿਸੇ ਅੰਦੋਲਨ ਲਈ ਕਿਸੇ ਗੁਰਦੁਆਰੇ ਦੀ ਜ਼ਰੂਰਤ ਵੀ ਹੋਈ ਤੇ ਨਹੀਂ ਮਿਲੇਗਾ, ਪਹਿਲਾਂ ਸਰਕਾਰ ਨਾਲ ਸੰਪਰਕ ਕਰਨਾ ਪਵੇਗਾ, ਕਿਉਂ ਕਿ ਸਾਰੇ ਗੁਰਦੁਆਰੇ ਤਾਂ ਬਾਦਲ ਦੀ ਜਗੀਰ ਹਨ।

  5. ਹਿੰਦੋਸਤਾਨ ਦੀ ਜ਼ਮੀਨ 'ਤੇ ਸਿੱਖ ਕਦੇ ਵੀ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਰੋਸ ਪ੍ਰਗਟ ਨਹੀਂ ਕਰ ਸਕਦਾ, ਬਲਕਿ ਆਪਣੇ ਹੱਕਾਂ ਦੀ ਗੱਲ ਵੀ ਨਹੀਂ ਕਰ ਸਕਦਾ, ਤੇ ਜੇ ਹਥਿਆਰ ਚੱਕੋਗੇ ਤੇ ਅੱਤਵਾਦੀ ਦਾ ਨਾਮ ਦੇ ਦਿਤਾ ਜਾਵੇਗਾ।

  6. ਭਾਰਤ ਸਰਕਾਰ ਨੇ ਇਨਾਂ ਅਖੌਤੀ ਪੰਥਕ ਸਰਕਾਰਾਂ ਨੂੰ ਸ਼ਰੇਆਮ ਨੰਗਾ ਕਰ ਦਿਤਾ ਹੈ। ਇਨਾਂ ਦੇ ਹੱਥ ਵੱਸ ਕੁੱਝ ਵੀ ਨਹੀਂ ਹੈ। ਸਾਰੀਆਂ ਕਮੇਟੀਆਂ, ਤੇ ਪੰਥਕ ਲੀਡਰਸ਼ਿਪ ਸੈਂਟਰ ਦਾ ਹੱਥਠੋਕਾ ਹਨ, ਇਸ ਤੋਂ ਵੱਧ ਕੁੱਝ ਵੀ ਨਹੀਂ।

  7. ਸਾਰੀਆਂ ਪੰਥਕ ਜਥੇਬੰਦੀਆਂ ਸਿਰਫ ਆਪਣੇ ਸੁਆਰਥਾਂ ਕਾਰਨ ਹੀ ਹੋਂਦ ਵਿਚ ਹਨ, ਫੈਡਰੇਸ਼ਨ, ਦਮਦਮੀ ਟਕਸਾਲ, ਸੰਤ ਸਮਾਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਇਨਾਂ ਵਿਚੋਂ ਕਿਸ ਨੇ ਇਨ੍ਹਾਂ ਬੰਦੀ ਸਿੱਖਾਂ ਦੇ ਸੰਘਰਸ਼ ਵਿੱਚ ਮਦਦ ਕੀਤੀ? ਕੀ ਲਾਭ ਹੋਇਆ ਇਨਾਂ ਸਿੰਘਾਂ ਨੂੰ ਜਿਨਾਂ ਦੀ ਖਾਤਰ ਕੁਰਬਾਨੀਆਂ ਕੀਤੀਆਂ ਸੀ, ਉਹ ਹੀ ਅੱਜ ਇਨਾਂ ਸਿੰਘਾਂ ਦੀ ਮੌਤ ਦਾ ਮੁਲ ਵੱਟ ਰਹੇ ਹਨ। ਪੁਰਾਤਨ ਸਮੇਂ ਵਿੱਚ ਕੀਤੀਆਂ ਕੁਰਬਾਨੀਆਂ ਤੇ ਹੁਣ ਬੱਚਿਆਂ ਨੂੰ ਸੁਣਾਉਣ ਵਾਲੀਆਂ ਕਹਾਣੀਆਂ ਹੀ ਰਹਿ ਗਈਆਂ ਹਨ, ਇਸ ਤੋਂ ਵੱਧ ਕੁਝ ਨਹੀਂ । ਆਉਣ ਵਾਲੇ ਸਮੇਂ ਵਿਚ ਇਹੋ ਜਿਹੀਆਂ ਕੁਰਬਾਨੀਆਂ ਤੁਹਾਨੂੰ ਅਲੋਪ ਹੁੰਦੀਆਂ ਹੀ ਨਜ਼ਰ ਆਉਣਗੀਆਂ।

ਭਾਈ ਗੁਰਬਖਸ਼ ਸਿੰਘ ਤਾਂ ਇੱਕ ਬਹਾਨਾ ਸੀ, ਉਸ ਦਾ ਤੇ ਆਪਣਾ ਸੁਆਰਥ ਸੀ ਮਸ਼ਹੂਰ ਹੋਣ ਦਾ, ਲੋਕਾਂ ਨੂੰ ਗੁੰਮਰਾਹ ਕੀਤਾ ਤੇ ਤੁਰਦਾ ਬਣਿਆ, ਸਿੱਖੀ ਸਿਧਾਂਤਾਂ ਦਾ ਘਾਣ ਕਰਨਾ ਵੈਸੇ ਵੀ ਇੰਨਾ ਮੁਸ਼ਕਲ ਨਹੀਂ ਹੈ, ਕੋਈ ਵੀ ਕਰ ਸਕਦਾ ਹੈ। ਵੈਸੇ ਤਾਂ ਪਹਿਲੀ ਵਾਰੀ ਜਦੋਂ ਅਰਦਾਸ ਕਰਕੇ ਜਥੇਦਾਰ ਦੇ ਤਲਵੇ ਚੱਟਣ ਲੱਗ ਪਿਆ ਸੀ, ਉਦੋਂ ਹੀ ਸੰਗਤ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਇਹ ਨਿਕੰਮਾ ਬੰਦਾ ਹੈ। ਪਰ ਸਾਡੀ ਕਮਜ਼ੋਰੀ ਕਾਰਨ ਦੂਸਰੀ ਵਾਰ ਵੀ ਧੋਖਾ ਹੀ ਹੋਇਆ। ਜੋ ਇਨਸਾਨ ਗੁਰੂ ਦੇ ਬਚਨਾਂ ਤੋਂ ਉਪਰ, ਪਰਚੀਆਂ ਪਾ ਕੇ ਕੰਮ ਚਲਾਉਣ ਵਿੱਚ ਵਿਸ਼ਵਾਸ਼ ਰੱਖਦਾ ਹੋਵੇ, ਉਹ ਇਹੋ ਜਿਹੇ ਅੰਦੋਲਨ ਕਿਵੇਂ ਸਿਰੇ ਚਾੜ ਸਕਦਾ ਸੀ। ਮੈਂਨੂੰ ਪਹਿਲਾ ਹੀ ਇਸ ਗੱਲ ਦਾ ਖਦਸ਼ਾ ਸੀ, ਕੇ ਗੁਰਬਖਸ਼ ਸਿੰਘ ਜ਼ਰੂਰ ਕਿਸੇ ਨਾ ਕਿਸੇ ਬਹਾਨੇ ਵਿਚਕਾਰ ਹੀ ਇਸ ਅੰਦੋਲਨ ਨੂੰ ਛੱਡ ਜਾਵੇਗਾ, ਹੋਇਆ ਵੀ ਉਹ ਹੀ।

ਪਰ ਵੀਰੋ ਤਿਆਰ ਰਹੋ, ਅਜੇ ਸਾਡੇ ਪੈਣ ਵਾਲੇ ਛਿੱਤਰਾਂ ਦੇ ਭੰਡਾਰ ਕਾਫੀ ਵੱਡੇ ਹਨ, ਬਹੁਤ ਕੁਝ ਹੋਣ ਵਾਲਾ ਹੈ। ਤੇ ਹੋਣਾ ਵੀ ਇਸੇ ਕਰਕੇ ਹੀ ਹੈ ਕਿ ਸਾਡੀ ਫੁੱਟ ਤੇ ਕਿਸੇ ਵਧੀਆ ਤੇ ਮਜ਼ਬੂਤ ਪਲੈਨਿੰਗ ਦੀ ਘਾਟ ਹੋਣ ਕਰਕੇ। ਡੱਡੂਆਂ ਦੀ ਪੰਸੇਰੀ ਨੂੰ ਕਦੇ ਇਕੱਠ ਨਹੀਂ ਕਿਹਾ ਜਾ ਸਕਦਾ। ਗਲਤੀ ਮੁਆਫ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top